ਲੰਬੇ ਸਮੇਂ ਮਗਰੋਂ ਪਹਿਲੀ ਵਾਰ ਇੱਕੋ ਮੰਚ ‘ਤੇ ਇਕੱਠੇ ਹੋਏ ਸਿੱਧੂ ਤੇ ਕੈਪਟਨ, ਸਿੱਧੂ ਨੇ ਮਿਲਾਇਆ ਕੈਪਟਨ ਨਾਲ ਹੱਥ

ਲੰਬੇ ਸਮੇਂ ਮਗਰੋਂ ਪਹਿਲੀ ਵਾਰ ਇੱਕੋ ਮੰਚ ‘ਤੇ ਇਕੱਠੇ ਹੋਏ ਸਿੱਧੂ ਤੇ ਕੈਪਟਨ, ਸਿੱਧੂ ਨੇ ਮਿਲਾਇਆ ਕੈਪਟਨ ਨਾਲ ਹੱਥ

ਚੰਡੀਗੜ੍ਹ, 23 ਜੁਲਾਈ (ਬੁਲੰਦ ਆਵਾਜ ਬਿਊਰੋ) –  ਨਵਜੋਤ ਸਿੰਘ ਸਿੱਧੂ ਦੀ ਅੱਜ ਕਾਂਗਰਸ ਪ੍ਰਧਾਨ ਵਜੋਂ ਤਾਜਪੋਸ਼ੀ ਹੋਈ ਹੈ। ਉਹ ਅੱਜ ਸਵੇਰੇ ਆਪਣੀ ਬੇਟੀ ਰਾਬੀਆ ਸਿੱਧੂ ਨਾਲ ਪਟਿਆਲ ਤੋਂ ਚੰਡੀਗੜ੍ਹ ਪਹੁੰਚੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ। ਦੋਵੇਂ ਲੀਡਰ ਲੰਬੇ ਸਮੇਂ ਮਗਰੋਂ ਇਕੱਠੇ ਦਿੱਸੇ ਹਨ। ਸਿੱਧੂ ਨੇ ਪੰਜਾਬ ਭਵਨ ਵਿੱਚ ਕੈਪਟਨ ਨਾਲ ਚਾਹ ਪੀਤੀ ਤੇ ਮਗਰੋਂ ਕੈਪਟਨ ਕਾਂਗਰਸ ਭਵਨ ਵਿੱਚ ਹੋ ਰਹੇ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿੱਚ ਪਹੁੰਚੇ। ਦੱਸ ਦਈਏ ਕਿ ਅੱਜ ਚੰਡੀਗੜ੍ਹ ਦੇ ਕਾਂਗਰਸ ਭਵਨ ’ਚ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ, ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜ਼ੀਆਂ, ਸੁਖਵਿੰਦਰ ਡੈਨੀ ਤੇ ਪਵਨ ਗੋਇਲ ਰਸਮੀ ਤੌਰ ’ਤੇ ਆਪਣਾ ਅਹੁਦਾ ਸੰਭਾਲ ਰਹੇ ਹਨ। ਅੱਜ ਦੇ ਸਮਾਗਮ ਦੀ ਅਹਿਮ ਗੱਲ ਇਹ ਹੈ ਕਿ ਲੰਬੇ ਸਮੇਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਇੱਕ ਮੰਚ ’ਤੇ ਨਜ਼ਰ ਆ ਰਹੇ ਹਨ। ਕੈਪਟਨ ਤੇ ਸਿੱਧੂ ਕਾਫੀ ਸਮੇਂ ਤੋਂ ਆਹਮੋ-ਸਾਹਮਣੇ ਹਨ। ਇਸ ਲਈ ਸਭ ਦੀਆਂ ਨਜ਼ਰਾਂ ਇਸ ਗੱਲ ਉਪਰ ਸੀ ਕਿ ਦੋਵੇਂ ਲੀਡਰ ਇੱਕ-ਦੂਜੇ ਨਾਲ ਅੱਖਾਂ ਮਿਲਾਉਂਦੇ ਹਨ ਜਾਂ ਫਿਰ ਆਪਸੀ ਜੰਗ ਜਾਰੀ ਰਹੇਗੀ।

ਉਂਝ ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋ ਰਹੇ ਹਨ। ਪਹਿਲਾਂ ਚਰਚਾ ਸੀ ਕਿ ਕੈਪਟਨ ਇਸ ਸਮਾਗਮ ਵਿੱਚ ਨਹੀਂ ਆਉਣਗੇ ਪਰ ਹਾਈਕਮਾਨ ਦੇ ਕਹਿਣ ‘ਤੇ ਉਨ੍ਹਾਂ ਸੱਦਾ ਕਬੂਲ ਕਰ ਲਿਆ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦਾ ਫੋਨ ਆਉਣ ਮਗਰੋਂ ਕੈਪਟਨ ਨਰਮ ਪਏ ਹਨ।

ਵੀਰਵਾਰ ਨੂੰ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਤੇ ਸੰਗਤ ਸਿੰਘ ਗਿਲਜੀਆਂ ਨੇ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਹਾਊਸ ’ਤੇ ਪਹੁੰਚ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਸਮੀ ਸੱਦਾ ਪੱਤਰ ਦਿੱਤਾ। ਕੈਪਟਨ ਨੇ ਇਹ ਸੱਦਾ ਸਵੀਕਾਰ ਕਰ ਲਿਆ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਨੂੰ ਲਿਖਿਆ ਸੀ ਕਿ ਉਨ੍ਹਾਂ ਦਾ ਕੋਈ ਨਿੱਜੀ ਏਜੰਡਾ ਨਹੀਂ ਬਲਕਿ ਉਹ ਲੋਕ ਮੁਖੀ ਏਜੰਡਾ ਲੈ ਕੇ ਚੱਲ ਰਹੇ ਹਨ ਤਾਂ ਜੋ ਹਾਈਕਮਾਨ ਤਰਫੋਂ ਦਿੱਤੇ 18 ਨੁਕਾਤੀ ਏਜੰਡੇ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨਿੱਜੀ ਤੌਰ ’ਤੇ ਵੀ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ। ਦੱਸ ਦਈਏ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਪਾਰਟੀ ਦੇ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਸੀਨੀਅਰ ਲੀਡਰਾਂ ਨੂੰ ਅੱਜ ਪੰਜਾਬ ਭਵਨ ’ਚ 10 ਵਜੇ ਰੱਖੀ ਚਾਹ ਪਾਰਟੀ ਲਈ ਸੱਦਾ ਦਿੱਤਾ ਸੀ ਜਿਸ ’ਚ ਸਮੇਤ ਨਵਜੋਤ ਸਿੱਧੂ ਸਾਰੇ ਵਿਧਾਇਕ ਪੁੱਜੇ। ਚਾਹ ਪਾਰਟੀ ਮਗਰੋਂ ਮੁੱਖ ਮੰਤਰੀ ਤੇ ਨਵਜੋਤ ਸਿੱਧੂ ਸਮਾਰੋਹ ’ਚ ਪੁੱਜੇ।

ਸੂਤਰਾਂ ਮੁਤਾਬਕ ਹਾਈਕਮਾਨ ਨੇ ਮੁੱਖ ਮੰਤਰੀ ’ਤੇ ਦਬਾਓ ਬਣਾਇਆ ਕਿ ਸਮਾਗਮਾਂ ਵਿੱਚ ਪਾਰਟੀ ਵਿਚ ਪਾਟੋਧਾੜ ਦਾ ਸੁਨੇਹਾ ਨਹੀਂ ਜਾਣਾ ਚਾਹੀਦਾ। ਦੂਸਰਾ ਨਵਜੋਤ ਸਿੱਧੂ ਨਾਲ ਕਰੀਬ 58 ਵਿਧਾਇਕਾਂ ਦੇ ਡਟ ਜਾਣ ਮਗਰੋਂ ਮੁੱਖ ਮੰਤਰੀ ਨੇ ਹਵਾ ਦਾ ਰੁੱਖ ਭਾਂਪ ਲਿਆ ਤੇ ਸਿਆਸੀ ਸਿਆਣਪ ਦਿਖਾਉਣ ਵਿੱਚ ਭਲਾਈ ਸਮਝੀ। ਚਰਚੇ ਤਾਂ ਇਹ ਵੀ ਹਨ ਕਿ ਹਾਈਕਮਾਨ ਨੇ ਇੱਥੋਂ ਤੱਕ ਸੋਚ ਲਿਆ ਸੀ ਕਿ ਜੇਕਰ ਮੁੱਖ ਮੰਤਰੀ ਕੋਈ ਅੜੀ ਫੜਦੇ ਹਨ ਤਾਂ ਕੋਈ ਸਖ਼ਤ ਫੈਸਲਾ ਲੈ ਲਿਆ ਜਾਵੇਗਾ। ਜੇ ਮੁੱਖ ਮੰਤਰੀ ਰਜ਼ਾਮੰਦ ਨਾ ਹੁੰਦੇ ਤਾਂ ਇਹ ਸੰਕੇਤ ਵੀ ਜਾਣੇ ਸਨ ਕਿ ਅਮਰਿੰਦਰ ਹਾਈਕਮਾਨ ਨੂੰ ਚੁਣੌਤੀ ਦੇ ਰਹੇ ਹਨ।

Bulandh-Awaaz

Website: