ਲੋਹੜੀ ਮੌਕੇ ਦੁੱਲੇ ਨੂੰ ਯਾਦ ਕਰਦਿਆਂ : ਹਰਵਿੰਦਰ ਸਿੱਧੂ
26 ਮਾਰਚ 1599 ਨੂੰ ਪੰਜਾਬੀ ਸੂਰੇ ਦੁੱਲਾ ਭੱਟੀ ਨੂੰ ਮੁਗ਼ਲ ਸਾਮਰਾਜ ਨੇ ਲਾਹੌਰ ਵਿੱਚ ਫ਼ਾਂਸੀ ਲਾਕੇ ਸ਼ਹੀਦ ਕੀਤਾ ਸੀ। ਸਮਕਾਲੀ ਨਾਬਰਾਂ ਨੂੰ ਸਬਕ ਸਿਖਾਉਣ ਲਈ ਅਕਬਰ ਬਾਦਸ਼ਾਹ ਨੇ ਲੋਕਾਂ ਦੀ ਭੀੜ ਵਿੱਚ ਦੁੱਲੇ ਨੂੰ ਫ਼ਾਂਸੀ ਦੇਣ ਦਾ ਹੁਕਮ ਦਿੱਤਾ ਸੀ। ਪੰਜਾਬੀ ਕਵੀ ਸ਼ਾਹ ਹੁਸੈਨ ਫ਼ਾਂਸੀ ਦੇ ਸਮੇਂ ਦਾ ਗਵਾਹ ਹੈ। ਉਹ ਦੁੱਲੇ ਦੇ ਆਖਰੀ ਸ਼ਬਦ ਦਰਜ ਕਰਦਾ ਹੈ ਜੋ ਦੁੱਲੇ ਨੇ ਫ਼ਾਂਸੀ ਚੜਨ ਤੋਂ ਪਹਿਲਾਂ ਬੇਖ਼ੌਫ਼ ਕਹੇ ਸੀ, “ਪੰਜਾਬ ਦਾ ਕੋਈ ਅਣਖੀ ਜਣਾ ਕਦੇ ਵੀ ਪੰਜਾਬ ਦੀ ਮਿੱਟੀ ਦਾ ਸੌਦਾ ਨਹੀਂ ਕਰੇਗਾ” ਦੁੱਲੇ ਦੀ ਗਾਥਾ ਪੰਜਾਬ ਦੀ ਨਾਬਰ ਰਵਾਇਤ ਦਾ ਸ਼ਾਨਦਾਰ ਪੰਨਾ ਹੈ। ਉਹ ਸਾਂਝੇ ਪੰਜਾਬ ਦਾ ਅਮਰ ਨਾਇਕ ਹੈ। ਉਹਦੀ ਸ਼ਹੀਦੀ ਹਾਕਮਾਂ ਦੇ ਪਾਏ ਹੱਦਾਂ-ਸਰਹੱਦਾਂ ਦੇ ਝੇੜਿਆਂ ਨੂੰ ਨਕਾਰਦੀ ਹੋਈ ਸਾਂਝੀਵਾਲਤਾ ਦੀ ਬਾਤ ਪਾਉਂਦੀ ਹੈ।