ਲੋਕਾਂ ਦੇ 15-15 ਲੱਖ ਕਿੱਥੇ ਗਏ?

62

ਲਲਕਾਰ

Italian Trulli

ਸਵਿੱਸ ਬੈਂਕਾਂ ਬਾਰੇ ਅਸੀਂ ਆਮ ਤੌਰ ’ਤੇ ਅਖ਼ਬਾਰਾਂ ਟੀਵੀ ਚੈਨਲਾਂ ਵਿੱਚ ਖ਼ਬਰਾਂ ਦੇਖਦੇ ਹੀ ਰਹਿੰਦੇ ਹਾਂ। ਸਵਿੱਸ ਬੈਂਕ ਦਾ ਨਾਮ ਸੁਣਦੇ ਹੀ ਦਿਮਾਗ ਵਿੱਚ ਕਾਲ਼ਾ ਧਨ ਆਉਂਦਾ ਹੈ ਤੇ ਇਹ ਕਾਲ਼ਾ ਧਨ ਵੀ ਤਾਂ ਲੋਕਾਂ ਦੀ ਕੀਤੀ ਜਾਂਦੀ ਲੁੱਟ ਹੀ ਹੈ। ਜਿਸਨੂੰ ਸਰਮਾਏਦਾਰ ਆਪਣੀਆਂ ਤਿਜੌਰੀਆਂ ਵਿੱਚ ਜਮ੍ਹਾਂ ਰੱਖਦੇ ਹਨ। ਇਹ ਤਿਜੌਰੀਆਂ ਦੁਨੀਆਂ ਵਿੱਚ ਕਿਤੇ ਵੀ ਹੋ ਸਕਦੀਆਂ ਹਨ। ਜਿਹਨਾਂ ਵਿੱਚੋਂ ਇੱਕ ਸਵਿਟਜ਼ਰਲੈਂਡ ਦੇ ਬੈਂਕ ਹਨ।

ਪਹਿਲਾਂ ਗੱਲ ਕਰਦੇ ਹਾਂ ਕਿ ਇਹ ਸਵਿਸ ਬੈਂਕ ਕੀ ਹਨ?
ਸੰਸਾਰ ਵਿੱਚ ਲਗਭਗ 400 ਤੋਂ ਵੱਧ ਸੰਸਾਰ ਬੈਂਕਾਂ ਹਨ। ਪਰ ਸਵਿਟਜਰਲੈਂਡ ਦੀਆਂ ਬੈਂਕਾਂ ਵਿੱਚ ਸਭ ਤੋਂ ਵੱਧ ਧਨ ਜਮ੍ਹਾਂ ਹੈ। ਇਹਨਾਂ ਬੈਂਕਾਂ ਵਿੱਚ ਵੱਧ ਧਨ ਇਸ ਲਈ ਜਮ੍ਹਾਂ ਹੈ ਕਿਉਂਕਿ ਇਹਨਾਂ ਬੈਂਕਾਂ ਵਿੱਚ ਸਭ ਕੁੱਝ ਲੁਕਵੇਂ ਰੂਪ ਵਿੱਚ ਹੁੰਦਾ ਹੈ ਮਤਲਬ ਕਿ ਖਾਤਾ ਖੁਲਵਾਉਣ ਵਾਲ਼ੇ ਦਾ ਨਾਮ, ਖਾਤਾ ਨੰਬਰ, ਪਤਾ ਆਦਿ ਸਭ ਕੁੱਝ ਕੋਡਿੰਗ ’ਚ ਹੁੰਦਾ ਹੈ। ਇਹ ਖਾਤੇ ਗੁਪਤ ਰੱਖੇ ਜਾਂਦੇ ਹਨ। ਸਵਿੱਸ ਬੈਂਕ ਉਦੋਂ ਤੱਕ ਕਿਸੇ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੰਦਾ ਜਦੋਂ ਤੱਕ ਸਵਿਸ ਅਦਾਲਤ ਵੱਲੋਂ ਹੁਕਮ ਨਹੀਂ ਮਿਲ਼ਦਾ ਤੇ ਉਹ ਵੀ ਇੱਕ ਸ਼ਰਤ ’ਤੇ ਮਿਲ਼ਦਾ ਹੈ ਜੇ ਕਿਸੇ ’ਤੇ ਕੋਈ ਅਪਰਾਧਿਕ ਮਾਮਲਾ ਹੋਵੇ। ਹੁਣ ਸਰਮਾਏਦਾਰਾਂ ’ਤੇ ਕੋਈ ਸਰਕਾਰ ਥੋੜੀ ਕੋਈ ਇਲਜਾਮ ਲੱਗਣ ਦੇਵੇਗੀ। ਇਸ ਤਰ੍ਹਾਂ ਸਰਮਾਏਦਾਰ ਕਾਲ਼ਾ ਧਨ ਜਮ੍ਹਾ ਕਰਨ ਵਿੱਚ ਚੰਗੀ ਤਰ੍ਹਾਂ ਸਫਲ ਹੋ ਜਾਂਦੇ ਹਨ। ਕਈ ਹੋਰ ਬੈਂਕਾਂ ਨੇ ਸਵਿੱਸ ਬੈਕਾਂ ਦਾ ਵਿਰੋਧ ਕੀਤਾ ਕਿ ਉਹ ਇਹ ਗੁਪਤ ਤਰੀਕੇ ਨੂੰ ਬੰਦ ਕਰਨ ਪਰ ਇਹਨਾਂ ਨੇ ਮਨਾਂ ਕਰ ਦਿੱਤਾ। ਸਰਮਾਏਦਾਰ ਸਵਿੱਸ ਬੈਕਾਂ ਵਿੱਚ ਪੈਸਾ ਰੱਖਣਾ ਸੁਰੱਖਿਅਤ ਮੰਨਦੇ ਹਨ ਇਸਦੇ ਦੋ ਕਾਰਨ ਹਨ ਪਹਿਲਾਂ : ਇਹ ਬੈਂਕਾਂ ਕਿਸੇ ਨੂੰ ਕੋਈ ਕਰਜ਼ਾ ਵਗੈਰਾ ਨਹੀਂ ਦਿੰਦੀਆਂ, ਇਸ ਤਰ੍ਹਾਂ ਇਸ ਵਿੱਚ ਪੈਸਾ ਡੁੱਬਣ ਦਾ ਖਤਰਾ ਨਹੀਂ ਹੁੰਦਾ। ਦੂਜਾ : ਸਵਿੱਸ ਫਰੈਂਕ ਕਰੰਸੀ ਕਾਫੀ ਸਥਿਰ ਕਰੰਸੀ ਹੈ ਭਾਵ ਇਹਦੀ ਕੀਮਤ ਜ਼ਿਆਦਾਤਰ ਘਟਦੀ ਵਧਦੀ ਨਹੀਂ। ਇਹ ਹੀ ਆਮ ਤੌਰ ’ਤੇ ਦੋ ਮੁੱਖ ਕਾਰਨ ਹਨ। ਸਵਿੱਸ ਬੈਂਕਾਂ ਵਿੱਚ ਪੈਸੇ ਜਮ੍ਹਾਂ ਕਰਵਾਉਣ ਦੀ ਘੱਟੋ ਘੱਟ ਕਿਸ਼ਤ 50,000 ਡਾਲਰ ਹੈ। ਇਹਦੇ ਤੋਂ ਪਤਾ ਲੱਗਦਾ ਹੈ ਕਿ ਸਰਮਾਏਦਾਰ ਕਿੰਨੀ ਲੋਕਾਂ ਦੀ ਲੁੱਟ ਕਰਦੇ ਹਨ।

ਸਰਮਾਏਦਾਰ ਕਾਲ਼ਾ ਧਨ ਰੱਖਣ ਲਈ ਹੀ ਇਸ ਬੈਂਕ ਵਿੱਚ ਖਾਤਾ ਖੁਲਵਾਉਂਦੇ ਹਨ ਜਾਂ ਫਿਰ ਸਰਮਾਏਦਾਰ ਕਈ ਵਾਰ ਆਪਣੇ ਆਪ ਨੂੰ ਲੁਕਾਉਣ ਲਈ ਅਸਿੱਧੇ ਰੂਪ ਵਿਚ ਖਾਤਾ ਖੁਲਵਾਉਂਦੇ ਹਨ ਜਿਵੇਂ ਇਹ ਕਿਸੇ ਦੇਸ਼ ਵਿੱਚ ਕੋਈ ਨਵੀਂ ਕੰਪਨੀ ਖੋਲਦੇ ਹਨ ਜਿੱਥੇ ਇਹਨਾਂ ਨੂੰ ਟੈਕਸ ਘੱਟ ਦੇਣਾ ਪਵੇ ਤਾਂ ਫਿਰ ਕੰਪਨੀ ਦੇ ਨਾਮ ’ਤੇ ਖਾਤਾ ਖੁਲਵਾਉਂਦੇ ਹਨ ਅਤੇ ਆਪਣਾ ਕਾਲ਼ਾ ਧਨ ਜਮ੍ਹਾਂ ਕਰਦੇ ਹਨ। ਇਸ ਤਰ੍ਹਾਂ ਕਈ ਚੋਰ ਮੋਰੀਆਂ ਰਾਹੀਂ ਇਹ ਆਪਣੇ ਧਨ ਨੂੰ ਸੁਰੱਖਿਅਤ ਰੱਖਦੇ ਹਨ। ਭਾਰਤ ਦੇ ਧਨ ਪਸ਼ੂਆਂ ਨੇ ਪੂਰਨਬੰਦੀ ਦੌਰਾਨ ਲੋਕਾਂ ਨੂੰ, ਦੇਸ਼ ਨੂੰ ਖੂਬ ਲੁੱਟਿਆ ਹੈ ਅਤੇ ਮੋਦੀ ਸਰਕਾਰ ਨੇ ਵੀ ਉਹਨਾਂ ਦੀ ਵਧ ਕੇ ਮਦਦ ਕੀਤੀ ਹੈ। ਸਵਿੱਸ ਬੈਂਕ ਵਿੱਚ 2020 ਤੱਕ ਭਾਰਤ ਦੇ ਸਰਮਾਏਦਾਰਾਂ ਦੇ ਲਗਭਗ 25,000 ਕਰੋੜ ਜਮ੍ਹਾਂ ਹੋ ਚੁੱਕੇ ਹਨ ਜੋ ਕਿ 2019 ਤੱਕ 6,625 ਕਰੋੜ ਸੀ। ਪੂਰਨ ਬੰਦੀ ਲੋਕਾਂ ਲਈ ਭੁੱਖਮਰੀ, ਗਰੀਬੀ, ਬੇਰੁਜ਼ਗਾਰੀ ਲੈ ਕੇ ਆਈ ਪਰ ਸਰਮਾਏਦਾਰਾਂ ਲਈ ਇੱਕ ਮੌਕਾ ਸੀ। ਜਿਸਦਾ ਇਹਨਾਂ ਨੇ ਬਹੁਤ ਫਾਇਦਾ ਉਠਾਇਆ। ਇਹਨਾਂ ਦੋ ਸਾਲਾਂ ਵਿਚ ਭਾਰਤ ਵਿੱਚ 38 ਨਵੇਂ ਅਰਬਪਤੀ ਪੈਦਾ ਹੋਏ ਅਤੇ 13 ਕਰੋੜ ਦੇ ਲਗਭਗ ਲੋਕ ਬੇਰੁਜ਼ਗਾਰ ਹੋਏ। ਸਵਿੱਸ ਨੈਸ਼ਨਲ ਬੈਂਕ ਦਾ ਡਾਟਾ ਦੱਸਦਾ ਹੈ ਕਿ ਇਹ ਵਾਧਾ 2006 ਤੋਂ ਬਾਅਦ ਹੁਣ ਹੋਇਆ ਹੈ ਭਾਵ ਪਿਛਲੇ 13 ਸਾਲਾਂ ’ਚ ਸਭ ਤੋਂ ਜ਼ਿਆਦਾ ਜਮ੍ਹਾਂ ਹੋਇਆ ਹੈ।

ਇਹ ਉਹੀ ਸਰਕਾਰ ਹੈ ਜੋ 2014 ਦੀਆਂ ਵੋਟਾਂ ਸਮੇਂ ਸੱਤ੍ਹਾ ’ਚ ਆਉਣ ਤੋਂ ਪਹਿਲਾਂ ਲੋਕਾਂ ਨੂੰ ਵਾਅਦੇ ਕਰਦੀ ਸੀ ਕਿ ਉਹ ਵਿਦੇਸ਼ੀ ਬੈਂਕਾਂ ਵਿੱਚ ਸਾਰਾ ਕਾਲ਼ਾ ਧਨ ਵਾਪਸ ਲੈ ਕੇ ਆਵੇਗੀ ਅਤੇ ਲੋਕਾਂ ਦੇ ਖਾਤੇ ਵਿੱਚ 15-15 ਲੱਖ ਰੁਪਏ ਪਵੇਗੀ। ਭਾਜਪਾ ਨੇ ਓਦੋਂ ਇਹ ਦਾਅਵਾ ਕੀਤਾ ਸੀ ਕਿ ਭਾਰਤ ਦਾ ਸਵਿੱਸ ਬੈਂਕ ਵਿਚ 17.5 ਲੱਖ ਕਰੋੜ ਰੁਪਇਆ ਪਿਆ ਹੈ ਤੇ ਇਹ ਵਾਪਸ ਲਿਆਂਦਾ ਜਾਵੇਗਾ। ਇਹ ਸਭ ਕੁੱਝ ਤਾਂ ਇਹਨਾਂ ਨੇ ਸੱਤ੍ਹਾ ਵਿੱਚ ਆਉਣ ਲਈ ਝੂਠੇ ਵਾਅਦੇ ਕੀਤੇ ਸੀ ਅਸਲ ਤਾਂ ਇਹ ਹੈ ਕਿ ਇਹ ਸਰਕਾਰਾਂ ਤਾਂ ਹਮੇਸ਼ਾਂ ਤੋਂ ਹੀ ਲੋਕ ਵਿਰੋਧੀ ਤੇ ਸਰਮਾਏਦਾਰ ਪੱਖੀ ਰਹੀਆਂ ਹਨ ਤਾਂ ਫਿਰ ਇਹ ਲੋਕਾਂ ਬਾਰੇ ਕਿਵੇਂ ਸੋਚ ਸਕਦੀਆਂ ਹਨ ਇਹਨਾਂ ਦਾ ਤਾਂ ਹਮੇਸ਼ਾਂ ਤੋਂ ਹੀ ਧਿਆਨ ਸਰਮਾਏਦਾਰਾਂ ਦੀਆਂ ਜੇਬ੍ਹਾਂ ਭਰਨ ਵਾਲ਼ਾ ਹੁੰਦਾ ਹੈ। ਇਹ ਹਮੇਸ਼ਾਂ ਤੋਂ ਹੀ ਲੋਕਾਂ ਦੀ ਲੁੱਟ ਕਰਕੇ, ਲੋਕਾਂ ਦੇ ਹੱਕ ਮਾਰ ਕੇ ਸਾਰਾ ਪੈਸਾ ਸਰਮਾਏਦਾਰਾਂ ਦੀ ਜੇਬ੍ਹ ਵਿੱਚ ਜਾਂਦਾ ਹੈ ਤੇ ਫਿਰ ਇਹ ਧਨ ਵਿਦੇਸ਼ੀ ਬੈਂਕਾਂ ਵਿੱਚ ਜਾਂਦਾ ਹੈ। ਇੱਥੇ ਹੁਣ ਸਾਨੂੰ ਸਮਝਣ ਦੀ ਲੋੜ ਹੈ ਕਿ ਇਹ ਸਰਕਾਰਾਂ ਸਿਰਫ ਸੱਤ੍ਹਾ ’ਚ ਆਉਣ ਲਈ ਝੂਠੇ ਵਾਅਦੇ ਕਰ ਸਕਦੀਆਂ ਹਨ ਅਸਲ ਵਿੱਚ ਤਾਂ ਇਹ ਲੋਕ ਵਿਰੋਧੀ ਹਨ। ਅਸੀਂ ਇਹਨਾਂ ਸਰਕਾਰਾਂ ਦੇ ਇਨ੍ਹਾਂ ਵਾਅਦਿਆਂ ਤੋਂ ਬਾਹਰ ਨਿੱਕਲ਼ੀਏ ਅਤੇ ਆਪਣੀ ਹੁੰਦੀ ਲੁੱਟ ਨੂੰ ਦੇਖੀਏ ਤੇ ਸਮਝੀਏ ਕਿ ਅਸਲ ਆਪਾਂ ਨੂੰ ਆਪਣੇ ਹੱਕਾਂ ਲਈ ਲੜਨ ਦੀ ਲੋੜ ਹੈ ਤੇ ਇੱਕ ਇਨਕਲਾਬੀ ਤਾਕਤ ਖੜ੍ਹੀ ਕਰਨ ਦੀ ਲੋੜ ਤਾਂ ਜੋ ਲੁੱਟ ’ਤੇ ਟਿਕੇ ਇਸ ਢਾਂਚੇ ਨੂੰ ਜੜ੍ਹੋਂ ਪੁੱਟਿਆ ਜਾ ਸਕੇ।

•ਹਰਜਿੰਦਰ ਰਿੰਮੀ