More

  ਲੋਕਾਂ ਦਾ ਕਵੀ ਪਾਬਲੋ ਨੇਰੂਦਾ

  ਪਾਬਲੋ ਨੇਰੂਦਾ 20ਵੀਂ ਸਦੀ ਦੇ ਸਭ ਤੋਂ ਮਹਾਨ ਕਵੀਆਂ ਵਿੱਚੋਂ ਇੱਕ ਹੈ। 12 ਜੁਲਾਈ, 1904 ਨੂੰ ਚਿੱਲੀ ਵਿੱਚ ਜਨਮੇ ਇਸ ਕਵੀ ਦੀ ਕਲਮ ਰਾਹੀਂ ਆਪਣੇ ਲੋਕਾਂ ਦੇ ਦਰਦ ਅਤੇ ਬੇਇਨਸਾਫੀ, ਹਕੂਮਤੀ ਜਬਰ, ਲੁੱਟ-ਖਸੁੱਟ ਖਿਲਾਫ਼ ਰੋਹ ਤੇ ਮੁਖਾਲਫ਼ਤ ਉਸ ਦੇ ਮਰਨ ਤੱਕ ਕਾਗਜ਼ਾਂ ‘ਤੇ ਉੱਘੜਦੇ ਰਹੇ। ਉਹ ਛੋਟੀ ਉਮਰੇ ਹੀ ਕਵਿਤਾਵਾਂ ਲਿਖਣ ਲੱਗ ਪਿਆ ਤੇ 1923 ਵਿੱਚ ਉਸ ਦੀ ਪਹਿਲੀ ਕਿਤਾਬ ‘ਸੰਧਿਆ ਦੀ ਲੋਅ’ ਛਪੀ। 1936 ਵਿੱਚ ਉਹ ਆਪਣੇ ਸਾਹਿਤਕ ਸਾਥੀਆਂ ਨਾਲ਼ ਜਨਰਲ ਫਰਾਂਕੋਂ ਦੀ ਫਾਸੀਵਾਦੀ ਸਰਕਾਰ ਖਿਲਾਫ਼ ਚੱਲ ਰਹੀ ਸਪੇਨੀ ਘਰੇਲੂ-ਜੰਗ ਵਿੱਚ ਲੜਨ ਚਲਾ ਗਿਆ। ਇਸੇ ਜੰਗ ਦੌਰਾਨ ਨੇਰੂਦਾ ਦੇ ਦੋਸਤ ਤੇ ਸਪੇਨੀ ਲੋਕ ਕਵੀ ਫੈਦਰੀਕੋ ਗਾਰਸ਼ੀਆ ਲੋਰਕਾ ਦਾ ਫਾਸੀਵਾਦੀਆਂ ਨੇ ਗੋਲੀਆਂ ਮਾਰਕੇ ਕੇ ਕਤਲ ਕਰ ਦਿੱਤਾ। ਦੂਜੀ ਸੰਸਾਰ ਜੰਗ ਦੌਰਾਨ ਨੇਰੂਦਾ ਨੇ ਨਾਜ਼ੀ ਹਿਟਲਰ ਖਿਲਾਫ਼ ਲੜ ਰਹੇ ਸੋਵੀਅਤ ਲੋਕਾਂ ਤੇ ਲਾਲ ਫੌਜ ਦੀ ਡਟ ਕੇ ਹਮਾਇਤ ਕੀਤੀ ਤੇ ਉਸ ਦੀ ਲਿਖੀ ਕਵਿਤਾ ‘ਸਤਾਲਿਨਗਰਾਦ ਦੇ ਨਾਂ ਇੱਕ ਪਿਆਰ ਗੀਤ’ ਦੁਨੀਆਂ ਭਰ ਵਿੱਚ ਮਕਬੂਲ ਹੋਈ। ਉਹ ਚਿੱਲੀ ਦੀ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਗਿਆ ਤੇ ਆਖਰੀ ਸਾਹਾਂ ਤੱਕ ਇਸ ਦਾ ਮੈਂਬਰ ਰਿਹਾ।

  1948 ਵਿੱਚ ਸਰਕਾਰੀ ਜਬਰ ‘ਤੇ ਕਮਿਊਨਿਸਟ ਪਾਰਟੀ ‘ਤੇ ਲੱਗੀ ਪਾਬੰਦੀ ਕਾਰਨ ਉਸ ਨੂੰ ਦੇਸ਼ ਛੱਡਣਾ ਪਿਆ। ਉਹ ਪਹਿਲਾ ਅਰਜਨਟਾਈਨਾ ਤੇ ਫਿਰ ਮੈਕਸੀਕੋ ਰਿਹਾ। ਮੈਕਸੀਕੋ ਵਿੱਚ ਉਸ ਨੇ ਆਪਣੀ ਮਸ਼ਹੂਰ ਕਵਿਤਾ-ਪੁਸਤਕ ‘ਕਾਂਟੋਂ ਜਨਰਲ’ ਲਿਖੀ। 1953 ਵਿੱਚ ਉਸਨੂੰ ‘ਸਤਾਲਿਨ ਸ਼ਾਂਤੀ ਪੁਰਸਕਾਰ’ ਨਾਲ਼ ਸਨਮਾਨਿਤ ਕੀਤਾ ਗਿਆ। ਉਸ ਨੇ ਵੱਖ-ਵੱਖ ਦੇਸ਼ਾਂ ਵਿੱਚ ਹਜ਼ਾਰਾਂ-ਲੱਖਾਂ ਲੋਕਾਂ ਦੇ ਇਕੱਠ ਸਾਹਮਣੇ ਆਪਣੀਆਂ ਕਵਿਤਾਵਾਂ ਸੁਣਾਈਆਂ। ਆਪਣੇ ਦੇਸ਼ ਵਿੱਚ ਉਸ ਨੇ ਮਜ਼ਦੂਰਾਂ ਕਿਸਾਨਾਂ ਦੇ ਸੱਦੇ ‘ਤੇ ਅਨੇਕਾਂ ਥਾਵਾਂ ‘ਤੇ ਕਵਿਤਾ ਪਾਠ ਕੀਤਾ। 1970 ਵਿੱਚ ਉਸ ਨੂੰ ਚਿਲੀ ਦੀ ਕਮਿਊਨਿਸਟ ਪਾਰਟੀ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਚੁਣਿਆ ਪਰ ਉਸ ਨੇ ਆਪਣੇ ਦੋਸਤ ਤੇ ਪਾਰਟੀ ਨੇਤਾ ਸਲਵੇਡੋਰ ਆਲੈਂਡੇ ਦੇ ਹੱਕ ਵਿੱਚ ਇਹ ਉਮੀਦਵਾਰੀ ਛੱਡ ਦਿੱਤੀ। ਆਲੈਂਡੇ ਭਾਰੀ ਬਹੁਮਤ ਨਾਲ਼ ਜਿੱਤਿਆ। ਸੱਤਾ ਸੰਭਾਲਦੇ ਹੀ ਆਲੈਂਡੇ ਸਰਕਾਰ ਨੇ ਚਿੱਲੀ ਦੀਆਂ ਤਾਂਬੇ ਦੀਆਂ ਖਾਣਾਂ ਦਾ ਕੌਮੀਕਰਨ ਕਰ ਦਿੱਤਾ। ਇਸੇ ਦੌਰਾਨ ਨੇਰੂਦਾ ਦੀ ਨਿਯੁਕਤੀ ਫਰਾਂਸ ਵਿੱਚ ਰਾਜਦੂਤ ਵਜੋਂ ਹੋ ਗਈ। 1971 ਵਿੱਚ ਉਸ ਨੂੰ ਬੁੱਧੀਜੀਵੀਆਂ ਦੇ ਬਹੁਤ ਜ਼ਿਆਦਾ ਵਿਰੋਧ ਦੇ ਬਾਵਜੂਦ ਸਾਹਿਤ ਦਾ ਨੋਬਲ ਇਨਾਮ ਦਿੱਤਾ ਗਿਆ। ਉੱਥੇ ਰਹਿੰਦੇ ਕੈਂਸਰ ਦੀ ਬੀਮਾਰੀ ਨਾਲ਼ ਉਸ ਦੀ ਸਿਹਤ ਖਰਾਬ ਹੋ ਗਈ ਤੇ ਢਾਈ ਸਾਲਾਂ ਬਾਅਦ ਹੀ ਉਸ ਨੂੰ ਦੇਸ਼ ਵਾਪਸ ਪਰਤਣਾ ਪਿਆ।

  ਸਤੰਬਰ, 1973 ਵਿੱਚ ਅਮਰੀਕਾ ਖੱਬੇ-ਪੱਖੀ ਫੌਜੀ ਜਨਰਲ ਅਗਸਤੇ ਪਿਨੋਸ਼ੇ ਨੇ ਰਾਜ ਪਲਟਾ ਕਰ ਦਿੱਤਾ ਅਤੇ ਰਾਸ਼ਟਰਪਤੀ ਆਲੈਂਡੇ ਦਾ ਉਸ ਦੇ ਦਫ਼ਤਰ ਵਿੱਚ ਮਸ਼ੀਨਗੰਨਾਂ ਦੀ ਫਾਇਰੰਗ ਨਾਲ਼ ਕਤਲ ਕਰ ਦਿੱਤਾ ਗਿਆ। ਨੇਰੂਦਾ ਉਸ ਸਮੇਂ ਹਸਪਤਾਲ ਵਿੱਚ ਦਾਖਲ ਸੀ। ਉਸ ਕੋਲ਼ ਫੌਜੀ ਆਏ ਤਾਂ ਉਸ ਨੇ ਕਿਹਾ ”ਤੁਹਾਨੂੰ ਮੇਰੇ ਤੋਂ ਇੱਕੋ-ਇੱਕ ਖਤਰਾ ਹੈ, ਮੇਰੀ ਕਵਿਤਾ।” 23 ਸਤੰਬਰ, 1973 ਨੂੰ ਮਿਹਨਤਕਸ਼ ਲੋਕਾਂ ਦਾ ਇਹ ਮਹਾਨ ਕਲਮੀ ਯੋਧਾ ਸਦਾ ਲਈ ਚੁੱਪ ਹੋ ਗਿਆ। 69 ਸਾਲ ਚਾਨਣ ਵੰਡਦੇ ਰਹੇ ਇਸ ਸਰੀਰ ਨੂੰ ਅੰਤਿਮ ਵਿਦਾਇਗੀ ਦੇਣ ਲਈ ਸੈਂਟੀਆਗੋ ਸ਼ਹਿਰ ਵਿੱਚ ਕਰਫਿਊ ਅਤੇ ਇਕੱਠੇ ਨਾ ਹੋਣ ਦੇ ਕਰੜੇ ਫਾਸ਼ੀਵਾਦੀ ਹੁਕਮਾਂ ਦੇ ਬਾਵਜੂਦ ਹਜ਼ਾਰਾਂ ਲੋਕ ਸੜਕਾਂ ‘ਤੇ ਉਤਰੇ। ਨੇਰੂਦਾ ਦੀ ਕਵਿਤਾ ਬੇਇਨਸਾਫ਼ੀ ਤੇ ਲੁੱਟ-ਖਸੁੱਟ ਦੇ ਖਿਲਾਫ਼ ਲੜਨ ਵਾਲ਼ਿਆਂ ਨੂੰ ਪ੍ਰੇਰਨਾ ਦਿੰਦੀ ਰਹੇਗੀ।
  ਉਹਨਾਂ ਦੇ ਜਨਮਦਿਨ ਮੌਕੇ ਪੇਸ਼ ਹੈ ਉਹਨਾਂ ਦੀ ਇਹ ਕਵਿਤਾ-

  #ਜਿੱਤ
  ਮੈਂ ਦਿਲੋਂ ਨਾਲ ਹਾਂ ਲੋਕਾਂ ਦੇ ਜਿਨ੍ਹਾਂ ਦੀ ਜਿੱਤ ਹੋਵੇਗੀ
  ਹਰ ਕਿਸੇ ਦੀ ਜਿੱਤ ਹੋਵੇਗੀ, ਵਾਰੀ ਵਾਰੀ
  ਉਦਾਸੀਆਂ ਭਿੱਜੇ ਰੁਮਾਲਾਂ ਵਾਂਗ ਨਿਚੋੜ ਦਿੱਤੇ ਜਾਣਗੇ
  ਉਹ ਸਾਰੇ ਹੰਝੂ ਜੋ ਕਬਰਾਂ, ਰੇਗਿਸਤਾਨਾਂ, ਬਰਾਂਡਿਆਂ
  ਸ਼ਹਾਦਤਾਂ ਵਿੱਚ ਡੋਲ੍ਹੇ ਗਏ, ਸੁਕਾ ਦਿੱਤੇ ਜਾਣਗੇ
  ਸਮਾਂ ਨੇੜੇ ਹੀ ਹੈ ਪਰ ਹਾਲ ਦੀ ਘੜੀ ਡੂੰਘੀਆਂ ਨਫਰਤਾਂ ਨੂੰ ਪਲਣ ਦਿਉ
  ਤਾਂ ਜੋ ਵੈਰੀਆਂ ਨੂੰ ਸਜ਼ਾਵਾਂ ਦੇਣ ਵੇਲੇ ਕੰਬ ਨਾ ਜਾਣ ਸਾਡੇ ਹੱਥ
  ਸਮੇਂ ਦੀ ਘੜੀ ਨੂੰ ਅਪਣਾ ਕੰਮ ਕਰਨ ਦਿਉ
  ਲੋਕਾਂ ਨੂੰ ਭਰਨ ਦਿਉ ਗਲੀਆਂ ਤੇ ਮੁਹੱਲੇ
  ਮੇਰੇ ਕੋਲ ਝੰਡਾ ਤਾਂ ਨਹੀਂ ਪਰ ਏਦਾਂ ਦੇ ਸਮੇਂ ਲਈ ਥਾਂ ਹੈ ਮੇਰੇ ਦਿਲ ‘ਚ

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img