ਅੰਮ੍ਰਿਤਸਰ, 8 ਅਕਤੂਬਰ (ਗਗਨ) – ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਇੰਜੀ: ਗੁਰਬਖਸ਼ ਸਿੰਘ ਸੇਰ ਗਿੱਲ ਨੇ ਇਕ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਲਖੀਮਪੁਰ ਉਤਰ ਪ੍ਰਦੇਸ਼ ਦੀ ਦਰਦਨਾਕ ਘਟਨਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਇਕ ਲਫਜ ਵੀ ਅਫਸੋਸ ਦੇ ਨਾ ਕਹਿਣਾ,ਬੜਾ ਨਿੰਦਣਯੋਗ ਹੈ,ਕਿਉਂਕਿ ਕਿਸਾਨ ਅੰਦੋਲਨ ਵਿੱਚ ਲਗਭਗ 700 ਲੋਕਾਂ ਦੀ ਮੌਤ ਹੋ ਜਾਣਾ,ਹਰਿਆਣੇ ਵਿੱਚ ਕਿਸਾਨਾ ਤੇ ਅੰਨ੍ਹੇਵਾਹ ਲਾਠੀਚਾਰਜ ਬਾਰੇ ਪ੍ਰਧਾਨ ਮੰਤਰੀ ਦਾ ਚੁੱਪ ਰਹਿਣਾ ਲੋਕਤੰਤਰ ਲਈ ਬਹੁਤ ਘਾਤਕ ਹੈ।ਇੰਜੀ: ਸ਼ੇਰਗਿੱਲ ਨੇ ਕਿਹਾ ਕਿ ਸਾਰੇ ਦੇਸ਼ ਵਿੱਚ ਲੋਕ ਸੜਕਾਂ ਤੇ ਹਨ ਪਰ ਦੇਸ਼ ਦੀ ਮੌਜੂਦਾ ਸਰਕਾਰ ਕਾਰਪੋਰੇਟ ਘਰਾਣਿਆ ਨੂੰ ਖੁਸ਼ ਕਰਨ ਦੀ ਪੂਰੀ ਵਾਹ ਲਾ ਰਹੀ ਹੈ।ਪਿਛਲੇ ਸਾਲ ਪਾਸ ਕੀਤੇ ਤਿੰਨੇ ਕਿਸਾਨ ਬਿੱਲ,ਲੇਬਰ ਐਕਟ ,ਬਿਜਲੀ ਐਕਟ,ਐਜੂਕੇਸ਼ਨ ਐਕਟ ,ਸਾਰੇ ਹੀ ਕਾਰਪੋਰੇਟ ਸੈਕਟਰ ਨੂੰ ਫਾਇਦੇ ਪੁਚਾਉਣ ਲਈ ਲਿਆਂਦੇ ਗਏ ਹਨ।
ਜਿੰਨਾ ਦੇਸ਼ਾਂ ਵਿਚ ਇਹ ਕਨੂੰਨ 15 ਸਾਲ ਪਹਿਲਾਂ ਕਾਰਪੋਰੇਟ ਘਰਾਣਿਆ ਦੇ ਦਬਾਅ ਕਾਰਨ ਲਾਗੂ ਕੀਤੇ ਸਨ ਉਥੇ ਲੋਕ ਭੁੱਖਮਰੀ ਦਾ ਸ਼ਿਕਾਰ ਹੋਏ, ਉਥੇ ਦੇ ਦਰਿਆ ਗੰਦੇ ਹੋ ਗਏ ਅਤੇ ਹੁਣ ਉਹ ਦੁਬਾਰਾ ਪਬਲਿਕ ਸੈਕਟਰ ਵੱਲ ਪਰਤ ਰਹੇ ਹਨ। ਪ੍ਰੰਤੂ ਸਾਡੇ ਦੇਸ਼ ਨੇ ਉਨਾ ਤੋਂ ਕੁੱਝ ਸਿੱਖਣ ਦੀ ਬਜਾਏ, ਚੋਣਾ ਵਿੱਚ ਫਾਇਦੇ ਲਈ ਇਨਾ ਸਕੀਮਾਂ ਨੂੰ ਲੁਭਾਉਣੇ ਨਾਮ ਦੇ ਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ। ਆਏ ਦਿਨ ਪੈਟਰੋਲ, ਡੀਜ਼ਲ, ਰਸੋਈ ਗੈਸ ਸਿਲੰਡਰ ਦੀਆ ਕੀਮਤਾਂ ਦਾ ਵਧਣਾ, ਸਰਕਾਰ ਦੀ ਚੁੱਪੀ ਇਹੀ ਸੋਅ ਕਰਦੀ ਹੈ ਕਿ ਸਰਕਾਰ ਕਿਸੇ ਦਬਾਅ ਹੇਠ ਹੈ।ਉਨ੍ਹਾਂ ਕਿਹਾ ਕਿ ਜਮਹੂਰੀਅਤ ਦੀ ਮਜਬੂਤੀ ਲਈ ਪਬਲਿਕ ਸੈਕਟਰ ਨੂੰ ਪ੍ਰਮੋਟ ਕਰਨਾ,ਸਮਾਲ ਇੰਡਸਟ੍ਰੀ ਨੂੰ ਪੈਰਾਂ ਸਿਰ ਕਰਨ ਨਾਲ ਹੀ ਖੁਸ਼ਹਾਲੀ ਆ ਸਕਦੀ ਹੈ। ਜੇਕਰ ਰਹਿੰਦੇ ਸਮੇਂ ਸਰਕਾਰ ਨੇ ਇਸ ਗੱਲ ਵੱਲ ਧਿਆਨ ਨੇ ਦਿਤਾ ਤਾਂ ਆਉਣ ਵਾਲੇ ਸਮੇਂ ਇਸਦੇ ਮਾੜੇ ਪ੍ਰਭਾਵ ਵੇਖਣ ਨੂੰ ਮਿਲ ਸਕਦੇ ਹਨ। ਸਾਡੇ ਲੀਡਰ ਇਹ ਵੀ ਗੱਲ ਯਾਦ ਰੱਖਣ ਕਿ ਅੱਜ ਭੋਲੇ ਭਾਲੇ ਲੋਕਾਂ ਨੂੰ ਜਾਤਾਂ ਪਾਤਾਂ ਵਿੱਚ ਵੰਡਕੇ, ਉਨਾ ਨੂੰ ਧਰਮਾ ਵਿੱਚ ਉਲਝਾਕੇ ਥੋੜੇ ਸਮੇਂ ਲਈ ਰਾਜ ਤਾਂ ਲੈ ਸਕਦੇ ਹਨ ਪਰ ਇਤਿਹਾਸਕਾਰਾਂ ਨੇ ਤੁਹਾਨੂੰ ਅਤੇ ਤੁਹਾਡੀਆ ਪੀੜੀਆਂ ਨੂੰ ਮੁਆਫ ਨਹੀ ਕਰਨਾ।