More

  ਲਖੀਮਪੁਰ ਖੀਰੀ ਹਿੰਸਾ ਮਾਮਲੇ ਦਾ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਹੋਈ ਗ੍ਰਿਫ਼ਤਾਰੀ

  ਲਖੀਮਪੁਰ, 10 ਅਕਤੂਬਰ (ਬੁਲੰਦ ਆਵਾਜ ਬਿਊਰੋ) – ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਲਗਭਗ ਇੱਕ ਹਫ਼ਤੇ ਬਾਅਦ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ਹੋ ਗਈ ਹੈ। ਸ਼ਨਿੱਚਰਵਾਰ ਨੂੰ ਉਸ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ। ਲਗਭਗ 12 ਘੰਟੇ ਚੱਲੀ ਪੁੱਛਗਿੱਛ ਮਗਰੋਂ ਅੱਧੀ ਰਾਤ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਡੀਆਈਜੀ ਉਪੇਂਦਰ ਅਗਰਵਾਲ ਨੇ ਦੱਸਿਆ ਕਿ ਆਸ਼ੀਸ਼ ਮਿਸ਼ਰਾ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਿਹਾ ਸੀ। ਇਸ ਲਈ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਦੇਰ ਰਾਤ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ।

  ਪੁੱਛਗਿੱਛ ਵਿੱਚ ਸਹਿਯੋਗ ਨਾ ਕਰਨ ’ਤੇ ਪੁਲਿਸ ਨੇ ਉਸ ਦੀ ਹਿਰਾਸਤ ਦੀ ਮੰਗ ਕੀਤੀ ਸੀ, ਪਰ ਆਸ਼ੀਸ਼ ਮਿਸ਼ਰਾ ਦੇ ਵਕੀਲ ਨੇ ਇਸ ਦਾ ਵਿਰੋਧ ਕੀਤਾ। ਉਸ ਨੇ ਕਿਹਾ ਕਿ ਰਿਮਾਂਡ ’ਤੇ ਲੈਣ ਤੋਂ ਪਹਿਲਾਂ ਉਸ ਨੂੰ ਸੁਣਨਾ ਚਾਹੀਦਾ ਹੈ, ਜਿਸ ਤੋਂ ਬਾਅਦ ਕੋਰਟ ਨੇ ਆਸ਼ੀਸ਼ ਮਿਸ਼ਰਾ ਨੂੰ 14 ਦਿਨ ਦੀ ਹਿਰਾਸਤ ਵਿੱਚ ਭੇਜ ਦਿੱਤਾ, ਹਾਲਾਂਕਿ ਸੋਮਵਾਰ ਨੂੰ ਕੋਰਟ ਵਿੱਚ ਫਿਰ ਸੁਣਵਾਈ ਹੋਵੇਗੀ ਅਤੇ ਇਹ ਤੈਅ ਕੀਤਾ ਜਾਵੇਗਾ ਕਿ ਉਸ ਨੂੰ ਪੁਲਿਸ ਹਿਰਾਸਤ ਵਿੱਚ ਭੇਜਿਆ ਜਾਵੇਗਾ ਜਾਂ ਨਹੀਂ। ਸ਼ਨੀਵਾਰ ਰਾਤ ਹੋਈ ਸੁਣਵਾਈ ਮਗਰੋਂ ਆਸ਼ੀਸ਼ ਮਿਸ਼ਰਾ ਦੇ ਵਕੀਲ ਅਵਧੇਸ਼ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਫਿਰ ਸੁਣਵਾਈ ਹੋਵੇਗੀ ਅਤੇ ਉਸ ਵਿੱਚ ਫੈਸਲਾ ਹੋਵੇਗਾ ਕਿ ਆਸ਼ੀਸ਼ ਨੂੰ ਪੁਲਿਸ ਕਸਟੱਡੀ ਵਿੱਚ ਭੇਜਿਆ ਜਾਵੇ ਜਾਂ ਨਹੀਂ। ਆਸ਼ੀਸ਼ ਮਿਸ਼ਰਾ ਵਿਰੁੱਧ ਬਹਿਰਾਈਚ ਦੇ ਜਗਜੀਤ ਸਿੰਘ ਨੇ ਕੇਸ ਦਰਜ ਕਰਵਾਇਆ ਹੈ। ਐਫਆਈਆਰ ਵਿੱਚ ਆਸ਼ੀਸ਼ ਮਿਸ਼ਰਾ ਤੋਂ ਇਲਾਵਾ 15-20 ਅਣਪਛਾਤੇ ਲੋਕਾਂ ’ਤੇ ਦੋਸ਼ ਲਾਉਂਦੇ ਹੋਏ ਉਨ੍ਹਾਂ ਦਾ ਵੀ ਨਾਮ ਲਿਖਿਆ ਗਿਆ ਹੈ। ਇਨ੍ਹਾਂ ਸਾਰਿਆਂ ਵਿਰੁੱਧ ਧਾਰਾ 147, 148, 149 (ਦੰਗਿਆਂ ਨਾਲ ਸਬੰਧਤ), 279 (ਲਾਹਪਰਵਾਹੀ ਨਾਲ ਗੱਡੀ ਚਲਾਉਣਾ), 338 (ਕਿਸੇ ਵਿਅਕਤੀ ਨੂੰ ਸੱਟ ਮਾਰਨਾ, ਜਿਸ ਨਾਲ ਉਸ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਜਾਵੇ), 304 ਏ (ਲਾਹਪਰਵਾਹੀ ਨਾਲ ਮੌਤ), 302 (ਕਤਲ) ਅਤੇ 120ਬੀ (ਅਪਰਾਧਕ ਸਾਜ਼ਿਸ਼ ਰਚਣ) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

  ਦੱਸ ਦੇਈਏ ਕਿ ਲਖੀਮਪੁਰ ਖੀਰੀ ਦੇ ਤਿਕੁਨੀਆ ਇਲਾਕੇ ਵਿੱਚ 3 ਅਕਤੂਬਰ ਨੂੰ ਕਿਸਾਨਾਂ ਨੇ ਭਾਜਪਾ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਵਿਰੁੱਧ ਰੋਸ ਰੈਲੀ ਕੀਤੀ ਸੀ। ਐਫਆਈਆਰ ਦੇ ਮੁਤਾਬਕ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੇ ਪ੍ਰਦਰਸ਼ਨ ਕਰਕੇ ਪਰਤ ਰਹੇ ਕਿਸਾਨਾਂ ’ਤੇ ਪਿੱਛਿਓਂ ਗੱਡੀਆਂ ਚੜ੍ਹਵਾ ਦਿੱਤੀਆਂ ਤੇ ਗੋਲੀਬਾਰੀ ਵੀ ਕੀਤੀ। ਇਸ ਦੌਰਾਨ 4 ਕਿਸਾਨਾਂ ਸਣੇ 8 ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਵਿੱਚ ਇੱਕ ਸੁਤੰਤਰ ਪੱਤਰਕਾਰ ਵੀ ਸ਼ਾਮਲ ਸੀ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img