More

  ਰਾਹੁਲ ਤੇ ਪਿ੍ਯੰਕਾ ਕਾਰਨ ਸਿੱਧੂ ਦਾ ਚਮਕਿਆ ਸਿਤਾਰਾ

  ਸਿਆਸੀ ਮੰਚ

  ਕਾਂਗਰਸ ਅਤੇ ਉਸ ਦੇ ਸਮਰਥਕਾਂ ਦੀ ਅਕਸਰ ਸ਼ਿਕਾਇਤ ਰਹਿੰਦੀ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਉਸ ਦਾ ਪ੍ਰਚਾਰ ਤੰਤਰ ਗਾਂਧੀ ਪਰਿਵਾਰ ਖ਼ਾਸ ਤੌਰ ‘ਤੇ ਰਾਹੁਲ ਗਾਂਧੀ ਦਾ ਅਕਸ ਖ਼ਰਾਬ ਕਰਨ ਦੀ ਮੁਹਿੰਮ ਚਲਾਉਂਦੇ ਰਹਿੰਦੇ ਹਨ। ਰਾਹੁਲ ਗਾਂਧੀ ਨੂੰ ਗ਼ੈਰ-ਗੰਭੀਰ ਹੀ ਨਹੀਂ ਕੁਝ ਘੱਟ ਬੁੱਧੀਮਾਨ ਅਤੇ ‘ਪਾਰਟ-ਟਾਈਮ’ ਰਾਜਨੇਤਾ ਸਾਬਤ ਕਰਨ ਲਈ ਭਾਜਪਾ ਕਈ ਤਰ੍ਹਾਂ ਦੀਆਂ ਤਰਕੀਬਾਂ ਬਣਾਉਂਦੀ ਰਹਿੰਦੀ ਹੈ। ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਉਨ੍ਹਾਂ ਦੇ ਕੱਦ ਨੂੰ ਘਟਾ ਕੇ ਉਸ ਦੇ ਮੁਕਾਬਲੇ ਨਰਿੰਦਰ ਮੋਦੀ ਦੇ ਕੱਦ ਨੂੰ ਵੱਡਾ ਦਿਖਾਏ ਜਾਣ ਲਈ ਹਰ ਤਰੀਕਾ ਅਪਣਾਇਆ ਜਾਂਦਾ ਹੈ। ਮੋਟੇ ਤੌਰ ‘ਤੇ ਕਾਂਗਰਸ ਦੀ ਇਹ ਸ਼ਿਕਾਇਤ ਸਹੀ ਹੈ ਪਰ ਪੰਜਾਬ ਦਾ ਰਾਜਨੀਤਕ ਘਟਨਾਕ੍ਰਮ ਦੱਸਦਾ ਹੈ ਕਿ ਖ਼ੁਦ ਗਾਂਧੀ ਪਰਿਵਾਰ (ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਅਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ) ਭਾਜਪਾ ਵਲੋਂ ਉਨ੍ਹਾਂ ਖ਼ਿਲਾਫ਼ ਕਹੀ ਗਈ ਇਕ-ਇਕ ਗੱਲ ਨੂੰ ਸਹੀ ਸਾਬਤ ਕਰਨ ‘ਚ ਲੱਗਾ ਹੋਇਆ ਹੈ। ਪੰਜਾਬ ਦੀਆਂ ਘਟਨਾਵਾਂ ਬਿਨਾਂ ਕਿਸੇ ਸ਼ੱਕ ਦੇ ਕਹਿ ਰਹੀਆਂ ਹਨ ਕਿ ਰਾਹੁਲ ਅਤੇ ਪ੍ਰਿਅੰਕਾ ਨੂੰ ਰਾਜਨੀਤੀ ‘ਚ ਸਹੀ ਮੋਹਰੇ ਚੁਣਨ, ਸਹੀ ਦਾਅ ਚੱਲਣ ਅਤੇ ਆਪਣੇ ਟੀਚਿਆਂ ਦੀ ਪ੍ਰਾਪਤੀ ਕਰਨ ਲਈ ਰਣਨੀਤੀ ਬਣਾਉਣ ਦਾ ਨਾ ਤਾਂ ਤਜਰਬਾ ਹੈ ਅਤੇ ਨਾ ਹੀ ਉਨ੍ਹਾਂ ਕੋਲ ਅਜਿਹੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਹੀ ਸਲਾਹਕਾਰ ਹਨ। ਜਿੱਥੋਂ ਤੱਕ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਦਾ ਸਵਾਲ ਹੈ, ਉਹ ਤਜਰਬੇਕਾਰ ਹਨ ਅਤੇ ਇਸ ਸਦੀ ਦੇ ਪਹਿਲੇ ਦਹਾਕੇ ‘ਚ ਉਹ ਆਪਣੀ ਰਾਜਨੀਤਕ ਕੁਸ਼ਲਤਾ ਬਾਰੇ ਜਾਣੂੰ ਕਰਵਾ ਚੁੱਕੇ ਹਨ। ਪਰ ਅਜਿਹਾ ਲਗਦਾ ਹੈ ਕਿ ਜਾਂ ਤਾਂ ਰਾਹੁਲ-ਪ੍ਰਿਅੰਕਾ ਉਨ੍ਹਾਂ ਦੀ ਗੱਲ ਮੰਨ ਨਹੀਂ ਰਹੇ ਜਾਂ ਫਿਰ ਖ਼ਰਾਬ ਸਿਹਤ ਅਤੇ ਵਧਦੀ ਉਮਰ ਦੇ ਕਾਰਨ ਉਨ੍ਹਾਂ ਨੇ ਆਪਣੀ ਸੰਤਾਨ ਦੇ ਜ਼ਿੱਦੀ ਰਵੱਈਏ ਸਾਹਮਣੇ ਗੋਡੇ ਟੇਕ ਦਿੱਤੇ ਹਨ।

  ਭਾਰਤੀ ਲੋਕਤੰਤਰ ਦੇ ਇਤਿਹਾਸ ਅਤੇ ਖ਼ਾਸ ਤੌਰ ‘ਤੇ ਕਾਂਗਰਸ ਦੇ ਇਤਿਹਾਸ ‘ਚ ਪੰਜਾਬ ਦੇ ਘਟਨਾਕ੍ਰਮ ਨੂੰ ਸਦਾ ਚੇਤੇ ਰੱਖਿਆ ਜਾਏਗਾ। ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ‘ਚ ਆਉਣ ਨਾਲ ਪਹਿਲਾਂ ਭੂਮਿਕਾ ਅਤੇ ਹੈਸੀਅਤ ਕੀ ਸੀ? ਭਾਜਪਾ ‘ਚ ਉਹ ਅੰਮ੍ਰਿਤਸਰ ਤੋਂ ਜਿੱਤਣ ਵਾਲੇ ਇਕ ਅਜਿਹੇ ਸੰਸਦ ਮੈਂਬਰ ਸਨ, ਜਿਨ੍ਹਾਂ ਦੀ ਪਿੱਠ ‘ਤੇ ਅਰੁਣ ਜੇਤਲੀ ਦਾ ਹੱਥ ਸੀ। ਜਿਓਂ ਹੀ ਜੇਤਲੀ ਨੂੰ 2014 ਦੀਆਂ ਚੋਣਾਂ ਸਮੇਂ ਅੰਮ੍ਰਿਤਸਰ ਤੋਂ ਟਿਕਟ ਮਿਲੀ, ਉਦੋਂ ਹੀ ਸਿੱਧੂ ਉਸ ਇਨਸਾਨ ਦੇ ਖ਼ਿਲਾਫ਼ ਹੋ ਗਏ, ਜਿਸ ਨੂੰ ਉਹ ਆਪਣਾ ਰਾਜਨੀਤਕ ਗੁਰੂ ਕਹਿੰਦੇ ਸਨ। ਉਨ੍ਹਾਂ ਨੇ ਭਾਜਪਾ ਛੱਡੀ ਤੇ ਆਪ ਪਾਰਟੀ ਨਾਲ ਸੌਦੇਬਾਜ਼ੀ ਕਰਨ ਲੱਗੇ। ਉਨ੍ਹਾਂ ਦੀਆਂ ਵਧੀਆਂ ਮੰਗਾਂ ਨਾਲ ਅਰਵਿੰਦ ਕੇਜਰੀਵਾਲ ਨੂੰ ਵੀ ਕੋਈ ਸ਼ੱਕ ਹੋਵੇਗਾ, ਇਸ ਲਈ ਸਿੱਧੂ ਦੀ ਦਾਲ ਉੱਥੇ ਨਹੀਂ ਗਲੀ। ਇਸ ਲਈ ਉਹ ਕਾਂਗਰਸ ‘ਚ ਆ ਗਏ ਅਤੇ ਦੇਖਦੇ-ਦੇਖਦੇ ਕੁਝ ਹੀ ਸਮੇਂ ‘ਚ ਪ੍ਰਿਅੰਕਾ-ਰਾਹੁਲ ਦੀ ਜੋੜੀ ਨੇ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਹੈਸੀਅਤ ਘੱਟ ਕਰਨ ਲਈ ਮੋਹਰੇ ਦੇ ਤੌਰ ‘ਤੇ ਚੁਣ ਲਿਆ। ਸਿੱਧੂ ਪਹਿਲਾਂ ਤੋਂ ਹੀ ਉਤਸ਼ਾਹੀ ਸਨ। ਭੈਣ-ਭਰਾ ਦੀ ਆਪਣੇ ‘ਤੇ ਨਿਰਭਰਤਾ ਨੂੰ ਦੇਖਦਿਆਂ ਉਨ੍ਹਾਂ ਨੇ ਇਨ੍ਹਾਂ ਦੋਵਾਂ ਦੀ ਜੰਮ ਕੇ ਵਰਤੋਂ ਕੀਤੀ।

  ਇੱਥੇ ਪੁੱਛਿਆ ਜਾ ਸਕਦਾ ਹੈ ਕਿ ਪ੍ਰਿਅੰਕਾ-ਰਾਹੁਲ ਸਿੱਧੂ ‘ਤੇ ਨਿਰਭਰ ਕਿਉਂ ਸਨ? ਇਸ ਲਈ ਕਿ ਉਹ ਅਮਰਿੰਦਰ ਸਿੰਘ ਦਾ ਪੰਜਾਬ ਕਾਂਗਰਸ ‘ਚ ਦਬਦਬਾ ਖ਼ਤਮ ਕਰਨਾ ਚਾਹੁੰਦੇ ਸਨ। ਪਹਿਲਾਂ ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪਾਰਟੀ ਪ੍ਰਧਾਨ ਦੇ ਰੂਪ ‘ਚ ਅਜ਼ਮਾ ਕੇ ਇਹੀ ਕੰਮ ਕਰਵਾਉਣਾ ਚਾਹਿਆ ਸੀ, ਪਰ ਅਮਰਿੰਦਰ ਦੇ ਸਾਹਮਣੇ ਬਾਜਵਾ ਦੀ ਇਕ ਨਾ ਚੱਲੀ। ਆਖ਼ਿਰ ਉਨ੍ਹਾਂ ਨੂੰ ਸਿੱਧੂ ਦੀ ਨਾਟਕੀ ਸ਼ਖ਼ਸੀਅਤ ਅਤੇ ਜ਼ਿੱਦੀ ਰਵੱਈਏ ‘ਚ ਅਜਿਹਾ ਵਿਅਕਤੀ ਮਿਲ ਗਿਆ ਜੋ ਅਮਰਿੰਦਰ ਦਾ ਸਿਆਸੀ ਜੀਵਨ ਖ਼ਤਮ ਕਰ ਸਕਦਾ ਸੀ। ਇੱਥੇ ਦੂਜਾ ਸਵਾਲ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਇਹ ਦੋਵੇਂ ਅਮਰਿੰਦਰ ਸਿੰਘ ਨੂੰ ਪਾਸੇ ਕਿਉਂ ਕਰਨਾ ਚਾਹੁੰਦੇ ਸਨ? ਆਖ਼ਿਰਕਾਰ ਅਮਰਿੰਦਰ ਸਿੰਘ ਹਮੇਸ਼ਾ ਸੋਨੀਆ ਗਾਂਧੀ ਦੀ ਗੱਲ ਮੰਨਦੇ ਰਹੇ ਸਨ। 2014 ‘ਚ ਉਹ ਲੋਕ ਸਭਾ ਦੀ ਚੋਣ ਨਹੀਂ ਸਨ ਲੜਨਾ ਚਾਹੁੰਦੇ, ਪਰ ਜਿਵੇਂ ਹੀ ਸੋਨੀਆ ਨੇ ਉਨ੍ਹਾਂ ਨੂੰ ਕਿਹਾ ਤਾਂ ਉਹ ਜੇਤਲੀ ਖ਼ਿਲਾਫ਼ ਟਿਕਟ ਲੈਣ ਲਈ ਤਿਆਰ ਹੋ ਗਏ। ਪਰ ਅਮਰਿੰਦਰ ਨੂੰ ਨਹੀਂ ਸੀ ਪਤਾ ਕਿ ਪ੍ਰਿਅੰਕਾ-ਰਾਹੁਲ ਨੂੰ ਉਨ੍ਹਾਂ ਦੀ ਵਫ਼ਾਦਾਰੀ ਦੀ ਇਹ ਡਿਗਰੀ ਨਾਕਾਫ਼ੀ ਲੱਗ ਰਹੀ ਹੈ। ਪ੍ਰਿਅੰਕਾ-ਰਾਹੁਲ ਇਸ ਗੱਲ ਤੋਂ ਵੀ ਨਾਰਾਜ਼ ਸਨ ਕਿ ਵਿਧਾਨ ਸਭਾ ਚੋਣ ਦੀ ਕਮਾਨ ਆਪਣੇ ਹੱਥ ‘ਚ ਲੈਣ ਅਤੇ ਮੁੱਖ ਮੰਤਰੀ ਦੇ ਚਿਹਰੇ ਦੇ ਰੂਪ ‘ਚ ਆਪਣੇ ਨਾਂਅ ਦੇ ਐਲਾਨ ‘ਚ ਦੇਰੀ ਹੋਣ ਨਾਲ ਨਾਰਾਜ਼ ਹੋ ਕੇ ਅਮਰਿੰਦਰ ਨੇ ਅਲੱਗ ਪਾਰਟੀ ਬਣਾ ਲੈਣ ਦੀ ਧਮਕੀ ਦਿੱਤੀ ਸੀ। ਇਸੇ ਸੰਬੰਧ ‘ਚ ਪਿਛਲੇ ਹਫ਼ਤੇ ਮੈਂ ਲਿਖਿਆ ਸੀ ਕਿ ਅਮਰਿੰਦਰ ਖ਼ੁਦ ਨੂੰ ਕਾਂਗਰਸ ਦੇ ਉਨ੍ਹਾਂ ਖੇਤਰੀ ਲੀਡਰਾਂ ਦੀ ਤਰ੍ਹਾਂ ਦੇਖਦੇ ਸਨ, ਜਿਨ੍ਹਾਂ ਦੀ ਹੈਸੀਅਤ ਨਹਿਰੂ ਦੇ ਜ਼ਮਾਨੇ ‘ਚ ਹਾਈਕਮਾਨ ਤੋਂ ਸੁਤੰਤਰ ਅਤੇ ਵੱਖਰੀ ਸੀ। ਇਸ ਲਈ ਅਮਰਿੰਦਰ ਹਾਈਕਮਾਨ ਦੁਆਰਾ ਦਿੱਲੀ ਤਲਬ ਕੀਤੇ ਜਾਣ ‘ਤੇ ਜਾਣ ਤੋਂ ਇਨਕਾਰ ਕਰਨ ਦੀ ਹਿੰਮਤ ਵੀ ਰੱਖਦੇ ਸਨ। ਲਗਦਾ ਹੈ ਕਿ ਉਨ੍ਹਾਂ ਦੇ ਇਸ ਰਵੱਈਏ ਨੂੰ ਵੀ ਪ੍ਰਿਅੰਕਾ-ਰਾਹੁਲ ਦੇ ਰਾਜਨੀਤਕ ਸ਼ਬਦ-ਕੋਸ਼ ‘ਚ ‘ਨਾਫ਼ਰਮਾਨੀ’ ਮੰਨਿਆ ਗਿਆ।

  ਫ਼ਿਲਹਾਲ ਤੱਥ ਇਹ ਹੈ ਕਿ ਭੈਣ-ਭਰਾ ਦੀ ਜੋੜੀ ਨੇ ਸਿੱਧੂ ਨੂੰ ਚੁਣਿਆ। ਉਨ੍ਹਾਂ ਰਾਹੀਂ ਅਮਰਿੰਦਰ ਸਿੰਘ ਖ਼ਿਲਾਫ਼ ਕਾਂਗਰਸ ਵਿਧਾਇਕ ਦਲ ‘ਚ ਇਕ ‘ਬਾਗ਼ੀ ਧੜਾ’ ਖੜ੍ਹਾ ਕੀਤਾ ਗਿਆ। ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਸ ‘ਚ ਸ਼ਾਮਿਲ ਸਨ। ਫਿਰ ਅਮਰਿੰਦਰ ਸਿੰਘ ਦੀਆਂ ਭਾਵਨਾਵਾਂ, ਰਾਜਨੀਤਕ ਮਾਣ ਅਤੇ ਸੇਵਾਵਾਂ ਦੀ ਕਦਰ ਨਾ ਕਰਦੇ ਹੋਏ ਹਾਈਕਮਾਨ ਵਲੋਂ ਦੋ ਅਜਿਹੇ ਕਦਮ ਚੁੱਕੇ ਗਏ, ਜਿਸ ਨਾਲ ਸਾਫ਼ ਹੋ ਗਿਆ ਕਿ ਮੁੱਖ ਮੰਤਰੀ ਦੇ ਦਿਨ ਹੁਣ ਗਿਣਤੀ ਦੇ ਰਹਿ ਗਏ ਹਨ। ਪਹਿਲਾਂ ਸਿੱਧੂ ਨੂੰ ਜ਼ਬਰਦਸਤੀ ਪੰਜਾਬ ਦੇ ਪ੍ਰਧਾਨ ਦੇ ਅਹੁਦੇ ‘ਤੇ ਬਿਠਾਇਆ ਗਿਆ, ਫਿਰ ਵਿਧਾਇਕ ਦਲ ਦੀ ਬੈਠਕ ਬੁਲਾ ਕੇ ਨਿਰਦੇਸ਼ ਦਿੱਤੇ ਗਏ ਕਿ ਵਿਧਾਇਕ ਸਿੱਧੇ ਕਾਂਗਰਸ ਭਵਨ ਹੀ ਪੁੱਜਣ ਅਤੇ ਅਮਰਿੰਦਰ ਸਿੰਘ ਵਲੋਂ ਆਪਣੇ ਫਾਰਮ ਹਾਊਸ ‘ਤੇ ਬੁਲਾਈ ਗਈ ਬੈਠਕ ‘ਚ ਨਾ ਜਾਣ। ਸੁਨੇਹਾ ਸਾਫ਼ ਸੀ। ਹਾਈਕਮਾਨ ਅਮਰਿੰਦਰ ਸਿੰਘ ਨੂੰ ਆਪਣੇ ਸਮਰਥਨ ‘ਚ ਵਿਧਾਇਕ ਲਾਮਬੰਦ ਕਰਨ ਦਾ ਕੋਈ ਵੀ ਮੌਕਾ ਨਹੀਂ ਸੀ ਦੇਣਾ ਚਾਹੁੰਦੀ। ਨਤੀਜਾ ਇਹ ਹੋਇਆ ਕਿ ਮੁੱਖ ਮੰਤਰੀ ਨੂੰ ਅਸਤੀਫ਼ਾ ਦੇਣਾ ਪਿਆ।

  ਜਦੋਂ ਸਾਰੇ ਲੋਕ ਇਸ ਅਸਤੀਫ਼ੇ ਨੂੰ ਅਮਰਿੰਦਰ ਸਿੰਘ ਦੀ ਹਾਰ ਦੇ ਰੂਪ ‘ਚ ਦੇਖ ਰਹੇ ਸਨ, ਉਦੋਂ ਕੁਝ ਘਟਨਾਵਾਂ ਅਜਿਹੀਆਂ ਵਾਪਰੀਆਂ ਜਿਸ ਨੇ ਬਾਜ਼ੀ ਪਲਟ ਦਿੱਤੀ। ਪ੍ਰਿਅੰਕਾ-ਰਾਹੁਲ ਨੇ ਗ਼ਲਤੀਆਂ ਦਾ ਇਕ ਸਿਲਸਿਲਾ ਸ਼ੁਰੂ ਕਰ ਦਿੱਤਾ। ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ। ਇਹ ਦੇਖ ਕੇ ਅਮਰਿੰਦਰ ਸਿੰਘ ਨੇ ਸਾਫ਼ ਕਰ ਦਿੱਤਾ ਕਿ ਜੇਕਰ ਉਨ੍ਹਾਂ ਦੇ ਧੜੇ ਦਾ ਕੋਈ ਵਿਅਕਤੀ ਮੁੱਖ ਮੰਤਰੀ ਨਹੀਂ ਬਣਿਆ ਤਾਂ ਉਹ ਖੁੱਲ੍ਹਾ ਵਿਰੋਧ ਕਰਨ ਦੀ ਹੱਦ ਤੱਕ ਚੱਲੇ ਜਾਣਗੇ। ਇਸ ਨਾਲ ਭੈਣ-ਭਰਾ ਦੀ ਹਾਈਕਮਾਨ ਦਬਾਅ ‘ਚ ਆ ਗਈ। ਉਨ੍ਹਾਂ ਘਬਰਾ ਕੇ ਅੰਬਿਕਾ ਸੋਨੀ ਨੂੰ ਦਿੱਲੀ ਤੋਂ ਭੇਜ ਕੇ ਸਾਂਝਾ ਮੁੱਖ ਮੰਤਰੀ ਬਣਾਉਣਾ ਚਾਹਿਆ। ਪਰ ਅੰਬਿਕਾ ਸੋਨੀ ਕੰਡਿਆਂ ਦਾ ਇਹ ਤਾਜ ਪਹਿਨਣ ਲਈ ਤਿਆਰ ਨਾ ਹੋਈ। ਉਹ ਦੂਜੀ ਸੁਸ਼ਮਾ ਸਵਰਾਜ ਨਹੀਂ ਸੀ ਬਣਨਾ ਚਾਹੁੰਦੀ। ਦਿੱਲੀ ‘ਚ ਭਾਜਪਾ ਨੇ ਸਾਹਿਬ ਸਿੰਘ ਵਰਮਾ ਨੂੰ ਹਟਾਉਣ ਤੋਂ ਬਾਅਦ ਛੇ ਮਹੀਨੇ ਪਹਿਲਾਂ ਸੁਸ਼ਮਾ ਸਵਰਾਜ ਨੂੰ ਮੁੱਖ ਮੰਤਰੀ ਬਣਾਇਆ ਸੀ। ਚੇਤੇ ਰਹੇ ਕਿ ਉਸ ਤੋਂ ਬਾਅਦ ਭਾਜਪਾ ਦਿੱਲੀ ‘ਚ ਲਗਾਤਾਰ ਛੇ ਚੋਣਾਂ ਹਾਰ ਚੁੱਕੀ ਹੈ। ਫਿਰ ਕਿਸੇ ਹਿੰਦੂ (ਸੁਨੀਲ ਜਾਖੜ) ਨੂੰ ਬਣਾਉਣ ਦੀ ਗੱਲ ਚੱਲੀ। ਉਨ੍ਹਾਂ ਦਾ ਸਿੱਖ ਨੇਤਾਵਾਂ ਵਲੋਂ ਵਿਰੋਧ ਕੀਤਾ ਗਿਆ। ਫਿਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਬਣਾਉਣ ਦੀ ਕੋਸ਼ਿਸ਼ ਹੋਈ। ਉਨ੍ਹਾਂ ਨੂੰ ਸਿੱਧੂ ਨੇ ਨਹੀਂ ਬਣਨ ਦਿੱਤਾ। ਅੰਤ ‘ਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ। ਦਲਿਤ ਹੋਣ ਦੇ ਨਾਂਅ ‘ਤੇ ਸ਼ੁਰੂ ‘ਚ ਕਿਸੇ ਨੇ ਉਨ੍ਹਾਂ ਦਾ ਖੁੱਲ੍ਹ ਕੇ ਵਿਰੋਧ ਨਹੀਂ ਕੀਤਾ। ਇਹ ਵੀ ਕਿਹਾ ਜਾਣ ਲੱਗਾ ਕਿ ‘ਮਾਸਟਰ ਸਟ੍ਰੋਕ’ ਹੈ। ਹੁਣ ਕਾਂਗਰਸ ਨੂੰ ਅੰਦਰੂਨੀ ਕਲੇਸ਼ ਦੇ ਕਾਰਨ ਆਪਣੀ ਗੁਆਚੀ ਜ਼ਮੀਨ ਸਿੱਖ-ਹਿੰਦੂ-ਦਲਿਤ ਵੋਟਾਂ ਦੇ ਸਮੀਕਰਨ ਦੇ ਰੂਪ ‘ਚ ਫਿਰ ਤੋਂ ਮਿਲ ਜਾਵੇਗੀ।ਪਰ ਕਿਸੇ ਨੂੰ ਨਹੀਂ ਸੀ ਅੰਦਾਜ਼ਾ ਕਿ ਸਿੱਧੂ ਫਿਰ ਹਮਲਾ ਕਰਨ ਦੀ ਫ਼ਿਰਾਕ ‘ਚ ਹੈ। ਜਿਸ ਹਾਈਕਮਾਨ ਨੇ ਉਨ੍ਹਾਂ ਨੂੰ ਪ੍ਰਧਾਨ ਦੀ ਹੈਸੀਅਤ ਦਿੱਤੀ ਸੀ, ਸਿੱਧੂ ਨੇ ਉਸੇ ਹੈਸੀਅਤ ਨੂੰ ਘਟਾਉਂਦਿਆਂ ਆਰ-ਪਾਰ ਦੀ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ। ਪਰ ਪ੍ਰਿਅੰਕਾ-ਰਾਹੁਲ ਕੋਲ ਉਨ੍ਹਾਂ ਨੂੰ ਕਾਬੂ ਕਰਨ ਜਾਂ ਆਪਣੀ ਗਤੀ ‘ਤੇ ਪਹੁੰਚਾਉਣ ਦੀ ਸਮਰੱਥਾ ਉਨ੍ਹਾਂ ‘ਚ ਨਹੀਂ ਹੈ। ਇਸ ਲਈ ਹੁਣ ਕਾਂਗਰਸ ਹਾਈਕਮਾਨ ਨੂੰ ਸਿੱਧੂ ਦੇ ਸਾਹਮਣੇ ਝੁਕਣਾ ਪੈ ਰਿਹਾ ਹੈ। ਸਪੱਸ਼ਟ ਹੈ ਕਿ ਪ੍ਰਿਅੰਕਾ-ਰਾਹੁਲ ਦੀ ਮੈਂਬਰੀ ਵਾਲੀ ਹਾਈਕਮਾਨ ਦੀ ਹੁਣ ਕੋਈ ਸਾਖ਼ ਨਹੀਂ ਰਹਿ ਗਈ। ਕਾਂਗਰਸ ਨੇ ਇਸ ਘਟਨਾਕ੍ਰਮ ‘ਚ ਜੋ ਗੁਆਇਆ ਹੈ, ਉਸ ਦਾ ਬਹੁਤ ਵੱਡਾ ਘਾਟਾ ਉਸ ਨੂੰ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਝੱਲਣਾ ਪਵੇਗਾ। ਇਹ ਵਿਧਾਨ ਸਭਾ ਚੋਣਾਂ ਜਿਸ ਨੂੰ ਉਹ ਬਿਨਾਂ ਕਿਸੇ ਮੁਸ਼ਕਿਲ ਦੇ ਜਿੱਤ ਸਕਦੀ ਸੀ। ਪਰ ਹਾਈਕਮਾਨ ਦੀਆਂ ਗ਼ਲਤੀਆਂ ਕਾਰਨ ਉਹੀ ਕਾਂਗਰਸ ਅੱਜ ਪੰਜਾਬ ‘ਚ ਵੰਡੀ ਹੋਈ ਦਿਖਾਈ ਦੇ ਰਹੀ ਹੈ।

  (ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼)

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img