ਰਾਮ ਰਹੀਮ ਨੇ ਲਿਖੀ ਮਾਂ ਅਤੇ ਪ੍ਰੇਮੀਆਂ ਨੂੰ ਦਰਦ ਭਰੀ ਚਿੱਠੀ, ਕਿਹਾ ਰੱਬ ਨੇ ਚਾਹਿਆ ਤਾਂ ਜਲਦ ਆਵਾਂਗਾ ਸਿਰਸਾ ਡੇਰਾ’
ਹਰਿਆਣਾ : ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਇਕ ਵਾਰ ਆਪਣੀ ਮਾਂ ਤੇ ਡੇਰਾ ਪ੍ਰੇਮੀਆਂ ਦੇ ਨਾਂ ਚਿੱਠੀ ਲਿਖੀ ਹੈ। ਪੱਤਰ ‘ਚ ਗੁਰਮੀਤ ਰਾਮ ਰਹੀਮ ਨੇ ਖ਼ੁਦ ਦੇ ਡੇਰਾ ਸੱਚਾ ਸੌਦਾ ਆਉਣ ਦੀ ਉਮੀਦ ਪ੍ਰਗਟਾਈ ਹੈ। ਗੁਰਮੀਤ ਨੇ ਲਿਖਿਆ ਹੈ, ‘ਈਸ਼ਵਰ ਨੇ ਚਾਹਿਆ ਤਾਂ ਜਲਦ ਆ ਕੇ ਮਾਂ ਦਾ ਇਲਾਜ ਕਰਵਾਂਗਾ।’
ਸੋਮਵਾਰ ਨੂੰ ਡੇਰਾ ‘ਚ ਦੂਜੇ ਗੁਰੂ ਸਤਿਨਾਮ ਸਿੰਘ ਦੇ 102ਵੇਂ ਜਨਮਦਿਨ ‘ਤੇ ਕਰਵਾਏ ਸਤਿਸੰਗ ਸਮਾਗਮ ਦੌਰਾਨ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਚਿੱਠੀ ਪੜ੍ਹ ਕੇ ਸੁਣਾਈ ਗਈ। ਡੇਰਾ ਮੁਖੀ ਨੇ ਚਿੱਠੀ ‘ਚ ਲਿਖਿਆ ਹੈ, ‘ਈਸ਼ਵਰ ਨੇ ਚਾਹਿਆ ਤਾਂ ਮੈਂ ਜਲਦ ਹੀ ਆਵਾਂਗਾ ਤੇ ਆਪਣੀ ਮਾਂ ਦਾ ਇਲਾਜ ਕਰਵਾਵਾਂਗਾ। ਡੇਰਾ ਮੁਖੀ ਨੇ ਕਿਹਾ ਕਿ ਜਦੋਂ ਆਪਣੀ ਮਾਂ ਨੂੰ ਹਸਪਤਾਲ ‘ਚ ਮਿਲਣ ਆਇਆ ਸੀ ਤਾਂ ਉਨ੍ਹਾਂ ਦੀ ਤਬੀਅਤ ਗੰਭੀਰ ਸੀ। ਮੈਨੂੰ ਮਿਲਣ ਤੋਂ ਬਾਅਦ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋਇਆ।’
ਡੇਰਾ ਪ੍ਰੇਮੀਆਂ ਨੂੰ ਸੰਦੇਸ਼ ਦਿੰਦਿਆਂ ਡੇਰਾ ਮੁਖੀ ਨੇ ਲਿਖਿਆ ਕਿ ਸਾਲ 2021 ਉਨ੍ਹਾਂ ਲਈ ਖ਼ੁਸ਼ੀਆਂ ਲੈ ਕੇ ਆਵੇ ਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਣ। ਈਸ਼ਵਰ ਪੂਰੇ ਸੰਸਾਰ ਤੇ ਦੇਸ਼ ‘ਤੇ ਕ੍ਰਿਪਾ ਰੱਖਣ। ਡੇਰਾ ਪ੍ਰਬੰਧਨ ਮੁਤਾਬਿਕ ਇਹ ਚਿੱਠੀ 23 ਜਨਵਰੀ ਨੂੰ ਲਿਖੀ ਗਈ ਹੈ।
ਸੋਮਵਾਰ ਨੂੰ ਡੇਰਾ ਸੱਚਾ ਸੌਦਾ ਦੇ ਦੂਜੇ ਗੁਰੂ ਸਤਿਨਾਮ ਸਿੰਘ ਦੇ 102ਵੇਂ ਜਨਮਦਿਨ ‘ਤੇ ਡੇਰੇ ‘ਚ ਦੁਪਹਿਰ 12 ਤੋਂ 2 ਵਜੇ ਤਕ ਨਾਮਚਰਚਾ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ‘ਚ ਵੱਡੀ ਗਿਣਤੀ ‘ਚ ਡੇਰਾ ਪ੍ਰੇਮੀਆਂ ਨੇ ਹਿੱਸਾ ਲਿਆ। ਇਸ ਮੌਕੇ ‘ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਰਿਕਾਰਡਿਡ ਸਤਸੰਗ ਸੁਣਾਇਆ ਗਿਆ। ਬਾਅਦ ‘ਚ ਡੇਰੇ ਦੇ ਸੇਵਾਦਾਰ ਵੱਲੋਂ ਗੁਰਮੀਤ ਰਾਮ ਰਹੀਮ ਵੱਲੋਂ ਡੇਰਾ ਪ੍ਰੇਮੀਆਂ ਤੇ ਆਪਣੀ ਮਾਂ ਦੇ ਨਾਂ ਲਿਖੀ ਚਿੱਠੀ ਪੜ੍ਹ ਕੇ ਸੁਣਾਈ ਗਈ।