18 C
Amritsar
Wednesday, March 22, 2023

ਰਾਫੇਲ ਜਹਾਜ਼ ਉਡਾਨ ਭਰਨ ਲਈ ਤਿਆਰ ਹੋਏ; ਚੀਨ ਨੇ ਵੀ ਸਰਹੱਦ ਨੇੜੇ ਪਹੁੰਚਾਏ ਆਪਣੇ ਜਹਾਜ਼

Must read

ਫਰਾਂਸ ਤੋਂ ਬੀਤੇ ਦਿਨੀਂ ਭਾਰਤ ਪਹੁੰਚੇ ਪੰਜ ਰਾਫੇਲ ਲੜਾਕੂ ਜਹਾਜ਼ਾਂ ਨੂੰ ਅੱਜ ਅੰਬਾਲਾ ਦੇ ਪਾਲਮ ਫੌਜੀ ਹਵਾਈ ਅੱਡੇ ‘ਤੇ ਅਧਿਕਾਰਤ ਤੌਰ ‘ਤੇ ਭਾਰਤੀ ਹਵਾਈ ਫੌਜ ਦੇ ਜੰਗੀ ਬੇੜੇ ਵਿਚ ਸ਼ਾਮਲ ਕਰ ਲਿਆ ਗਿਆ। ਇਸ ਸਮਾਗਮ ਵਿਚ ਖਾਸ ਤੌਰ ‘ਤੇ ਫਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਨੇ ਸ਼ਮੂਲੀਅਤ ਕੀਤੀ। ਉਹ ਇਕ ਦਿਨਾਂ ਦੌਰੇ ‘ਤੇ ਭਾਰਤ ਆਏ ਹਨ। ਇਸ ਮੌਕੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ ਆਫ ਡਿਫੈਂਸ ਸਟਾਫ ਜਰਨਲ ਬਿਪਿਨ ਰਾਵਤ ਅਤੇ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਵੀ ਮੋਜੂਦ ਸਨ। ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦੀਆਂ ਸਰਹੱਦਾਂ ‘ਤੇ ਚੱਲ ਰਹੇ ਮਾਹੌਲ ਨੂੰ ਦੇਖਦਿਆਂ ਰਾਫੇਲ ਲੜਾਕੂ ਜਹਾਜ਼ਾਂ ਦੀ ਅਹਿਮੀਅਤ ਹੋਰ ਵਧ ਗਈ ਹੈ।

ਰਾਜਨਾਥ ਸਿੰਘ ਨੇ ਰਾਫੇਲ ਦਾ ਇੰਡਕਸ਼ਨ ਸਕਰੋਲ ਗਰੁੱਪ ਕੈਪਟਨ ਹਰਕੀਰਤ ਸਿੰਘ ਕਮਾਂਡਿੰਗ ਅਫਿਸਰ 17 ਸਕੂਅਾਡਰਨ ਗੋਲਡਨ ਐਰੋਸ ਨੂੰ ਸੌਂਪਿਆ ਗਿਆ। ਜ਼ਿਕਰਯੋਗ ਹੈ ਕਿ ਰਾਫੇਲ ਜਹਾਜ਼ ਅੰਬਾਲਾ ਸਥਿਤ ਭਾਰਤੀ ਹਵਾਈ ਫੌਜ ਦੀ 17 ਸਕੂਆਡਰਨ ਨੂੰ ਦਿੱਤੇ ਗਏ ਹਨ ਜਿਸਨੂੰ ਗੋਲਡਨ ਐਰੋ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਫਰਾਂਸ ਦੀ ਰੱਖਿਆ ਮੰਤਰੀ ਨੇ ਕਿਹਾ ਕਿ ਅੱਜ ਦੀ ਦਿਨ ਦੋਵਾਂ ਦੇਸ਼ਾਂ ਲਈ ਬੜਾ ਅਹਿਮ ਹੈ। ਉਹਨਾਂ ਕਿਹਾ ਕਿ ਅੱਜ ਫਰਾਂਸ ਅਤੇ ਭਾਰਤ ਦੇ ਰੱਖਿਆ ਸਮਝੌਤਿਆਂ ਵਿਚ ਨਵਾਂ ਇਤਿਹਾਸ ਲਿਖਿਆ ਗਿਆ ਹੈ।

ਚੀਨ ਨੇ ਵੀ ਭਾਰਤੀ ਹੱਦ ਨੇੜੇ ਜੰਗੀ ਜਹਾਜ਼ ਤੈਨਾਤ ਕੀਤੇ : ਲੱਦਾਖ ਵਿਚ ਭਾਰਤ ਅਤੇ ਚੀਨ ਦਰਮਿਆਨ ਬਣੇ ਤਲਖ ਮਾਹੌਲ ਦੇ ਚਲਦਿਆਂ ਚੀਨੀ ਫੌਜ ਨੇ ਭਾਰਤੀ ਹੱਦ ਦੇ ਨੇੜੇ ਆਪਣੇ ਖਤਰਨਾਕ ਜੰਗੀ ਜਹਾਜ਼ ਤੈਨਾਤ ਕਰ ਦਿੱਤੇ ਹਨ। ਚੀਨੀ ਫੌਜ ਦੀ ਸੈਂਟਰਲ ਥਿਏਟਰ ਕਮਾਂਡ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਖਾਤੇ ‘ਤੇ ਜਹਾਜ਼ਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਜਿਹਨਾਂ ਨੂੰ ਤਿੱਬਤ ਦੇ ਕਿਸੇ ਬੇਸ ‘ਤੇ ਲਿਆਂਦਾ ਗਿਆ ਹੈ। ਇਹ ਜਹਾਜ਼ 2500 ਕਿਲੋਮੀਟਰ ਤਕ ਮਾਰ ਕਰਨ ਦੀ ਸਮਰੱਥਾ ਰੱਖਦੇ ਹਨ। ਚੀਨੀ ਫੌਜ ਨੇ ਤਿੱਬਤ ਅਤੇ ਭਾਰਤ ਨਾਲ ਲਗਦੇ ਸ਼ਿਨਜਿਆਂਗ ਸੂਬੇ ਵਿਚ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ।

ਰੱਖਿਆਂ ਮਾਹਰਾਂ ਦਾ ਮੰਨਣਾ ਹੈ ਕਿ ਲੱਦਾਖ ਦੀਆਂ ਉੱਚੀਆਂ ਬਰਫੀਲੀਆਂ ਪਹਾੜੀਆਂ ਵਿਚ ਜੇ ਭਾਰਤ ਅਤੇ ਚੀਨ ਦਰਮਿਆਨ ਜੰਗ ਸ਼ੁਰੂ ਹੋ ਜਾਂਦੀ ਹੈ ਤਾਂ ਹਵਾਈ ਫੌਜ ਦਾ ਰੋਲ ਬਹੁਤ ਅਹਿਮ ਹੋਵੇਗਾ ਅਤੇ 1962 ਤੋਂ ਬਾਅਦ ਹੁਣ ਤਕਨੀਕ ਵਿਚ ਆਈਆਂ ਵੱਡੀਆਂ ਤਬਦੀਲੀਆਂ ਨਾਲ ਜੰਗ ਵਧੇਰੇ ਹਵਾਈ ਰਾਹ ਰਾਹੀਂ ਹੀ ਲੜੀ ਜਾਵੇਗੀ।

ਅੰਮ੍ਰਿਤਸਰ ਟਾਇਮਸ ਤੋਂ ਧੰਨਵਾਦ ਸਹਿਤ

 

- Advertisement -spot_img

More articles

- Advertisement -spot_img

Latest article