More

  ਰਾਣੀ ਸਦਾ ਕੌਰ ਤੇ ਖ਼ਾਲਸਾ ਰਾਜ ਦੀ ਉਸਾਰੀ-੧ (ਜੀਵਨੀ- ਕਿਸ਼ਤ ਦੂਜੀ)

  By ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ

   

  ਪਾਠਕ ਜੀ, ਜੇਕਰ ਤੁਸੀਂ ਇਸ ਜੀਵਨੀ ਦਾ ਪਹਿਲਾ ਭਾਗ ਨਹੀਂ ਪੜ੍ਹਿਆ ਤਾਂ ਇਹ ਤੰਦ ਛੂਹੋ:-

  ਰਾਣੀ ਸਦਾ ਕੌਰ: ਰਾਣੀ ਤੋਂ ਮਿਸਲਦਾਰਨੀ ਬਣਨ ਦਾ ਸਫ਼ਰ (ਜੀਵਨੀ – ਕਿਸ਼ਤ ਪਹਿਲੀ)


  ਰਾਣੀ ਸਦਾ ਕੌਰ ਤੇ ਖ਼ਾਲਸਾ ਰਾਜ ਦੀ ਉਸਾਰੀ-੧ (ਜੀਵਨੀ- ਕਿਸ਼ਤ ਦੂਜੀ)

  ਲੇਖਕ:ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ

  ਸਰਦਾਰਨੀ ਸਦਾ ਕੌਰ ਨੇ ਘਨੱਯਾ ਮਿਸਲ ਦੇ ਪ੍ਰਬੰਧ ਆਪਣੀ ਸੌਂਪਣੀ ਵਿਚ ਲੈਣ ਦੇ ਨਾਲ, ਹੀ ਲਗਦੇ ਹਥ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਆਪਣੀ ਇਕਲੌਤੀ ਬੱਚੀ ਬੀਬੀ ਮਹਿਤਾਬ ਕੌਰ ਜੀ ਦੀ ਮੰਗਣੀ ਸਰਦਾਰ ਮਹਾਂ ਸਿੰਘ ਸੂਕ੍ਰਚਕੀਆ ਦੇ ਸਪੁੱਤਰ ਕਾਕਾ ਰਣਜੀਤ ਸਿੰਘ ਨਾਲ ਕਰ ਦਿੱਤੀ। ਇਸ ਕਾਰਜ ਦੇ ਕਰਨ ਨਾਲ ਸਰਦਾਰਨੀ ਸਦਾ ਕੌਰ ਜੀ ਦੀ ਦੂਰਦ੍ਰਿਸ਼ਟੀ ਦੀ ਛਾਪ ਸੌਖੀ ਹੀ ਮਨਾਂ ਪੁਰ ਛਪ ਜਾਂਦੀ ਹੈ ਕਿ ਇਹ ਸਬੰਧ ਅੱਗੇ ਜਾਕੇ ਕਿੱਨਾ ਸਫਲ ਸਾਬਤ ਹੋਇਆ। ਸਰਦਾਰ ਮਹਾਂ ਸਿੰਘ ਦਾ ਪ੍ਰਤਾਪ ਇਸ ਸਮੇਂ ਵਧ ਰਿਹਾ ਸੀ। ਘਨੱਯਾ ਤੇ ਸੁਕ੍ਰਚਕੀਆਂ ਮਿਸਲਾਂ ਦਾ ਵੈਰ ਵਿਰੋਧ, ਜਿਹੜਾ ਮੁੱਦਤਾਂ ਤੋਂ ਚਲਾ ਆਉਂਦਾ ਸੀ ਤੇ ਦੋਵੇਂ ਮਿਸਲਾਂ ਆਪਸ ਵਿਚ ਲੜ ਲੜ ਕੇ ਆਪਣੀ ਤਾਕਤ ਬਿਅਰਥ ਗਵਾ ਰਹੀਆਂ ਸਨ, ਸਰਦਾਰਨੀ ਸਦਾ ਕੌਰ ਜੀ ਦੀ ਸਿਆਣਪ ਨੇ ਇਸ ਬੁਰਿਆਈ ਨੂੰ ਝੱਟ ਸਮਝ ਲਿਆ ਕਿ ਇੰਨੀ ਵੱਡੀ ਮਿਸਲ ਨਾਲ ਐਵੇਂ ਅਜੋੜ ਰੱਖਣਾ ਦੋਹਾਂ ਧਿਰਾਂ ਲਈ ਕਿੱਨਾ ਹਾਨੀਕਾਰਕ ਹੋ ਰਿਹਾ ਹੈ। ਇਸ ਨੂੰ ਸਦਾ ਲਈ ਮੁਕਾ ਦੇਣ ਦਾ ਇਸ ਤੋਂ ਵੱਧ ਭਲਾ ਤਰੀਕਾ ਹੋਰ ਕੀ ਹੋ ਸਕਦਾ ਸੀ ਜਿਹੜਾ ਸਦਾ ਕੌਰ ਨੇ ਵਰਤੋਂ ਵਿਚ ਲੈ ਆਂਦਾ। ਇਸ ਉੱਤਮ ਸੰਜੋਗ ਨਾਲ ਉਹ ਸਾਰੇ ਪਿਆਰ ਨਾ ਕੇਵਲ ਮਧਰ ਪਿਆਰ ਵਿਚ ਹੀ ਪਲਟ ਗਏ, ਸਗੋਂ ਦੋਵੇਂ ਮਿਸਲਾਂ ਆਪਸ ਵਿਚ ਇਕਮਿਕ ਹੋ ਕੇ ਡਾਢੀਆਂ ਬਲਵਾਨ ਹੋ ਗਈਆਂ। ਇੱਥੇ ਹੀ ਬੱਸ ਨਹੀਂ, ਬਲਕਿ ਇਸੇ ਸੰਮੇਲਨ ਨੇ ਅੱਗੇ ਜਾ ਕੇ ਪੰਜਾਬ ਵਿਚ ਖਾਲਸਾ ਰਾਜ ਦੀ ਉਸਾਰੀ ਲਈ ਨੀਂਹ ਦੇ ਪੱਥਰ ਵਾਲਾ ਕੰਮ ਕੀਤਾ, ਜਿਸਦਾ ਸਣੇ ਵੇਰਵੇ ਹਾਲ ਅਗਲੇ ਪੰਨਿਆਂ ਪਰ ਆਏਗਾ। ਇਹ ਗਲ ਸੰਨ ੧੭੮੫ ਦੀ ਹੈ। ਇਸ ਮੰਗਣੀ ਨੂੰ ਮਸਾਂ ਅਜੇ ਇੱਕ ਸਾਲ ਹੀ ਬੀਤਿਆ ਸੀ ਕਿ ਨਿੱਕੀ ਜਿਹੀ ਬੀਬੀ ਮਹਿਤਾਬ ਕੌਰ ਦਾ ਵਿਆਹ ਨਿੱਕੇ ਜਿਹੇ ਲਾਲ ਰਣਜੀਤ ਸਿੰਘ ਨਾਲ ਬੜੀ ਸ਼ਾਨ ਨਾਲ ਕੀਤਾ ਗਿਆ।

  ਸਦਾ ਕੌਰ ਦੋਹਾਂ ਮਿਸਲਾਂ ਦੀ ਮਿਸਲਦਾਰਨੀ ਬਣੀ

  ਬਿਧਾਤਾ ਦੇ ਚਿੱਤ੍ਰ ਵੀ ਬੜੇ ਹੀ ਵਚਿੱਤ੍ਰ ਹੁੰਦੇ ਹਨ। ਸਰਦਾਰਨੀ ਸਦਾ ਕੌਰ ਨੇ ਸਰਦਾਰ ਮਹਾਂ ਸਿੰਘ ਨਾਲ ਸਬੰਧ ਜੋੜ ਕੇ ਆਪਣੇ ਲਈ ਇਕ ਸਹਾਇਕ ਭਾਲਿਆ ਸੀ, ਪਰ ਸਿਰਜਣਹਾਰ ਨੇ ਇਸ ਦੇ ਠੀਕ ਪ੍ਰਤੀਕੂਲ ਖੇਲ ਰਚਾ ਦਿੱਤਾ, ਅਰਥਾਤ ਜਿੱਥੇ ਸੁਚਕੀਆ ਦਾਰਾਂ ਨੇ ਇਸ ਵਿਧਵਾ ਦੀ ਸਹਾਇਤਾ ਕਰਨੀ ਸੀ ਉੱਥੇ ਉਹ ਉਲਟੇ ਆਪ ਇਸਦੀ ਸਹਾਇਤਾ ਦੇ ਜਾਚਕ ਹੋ ਗਏ। ਉਹ ਘਟਨਾ ਇਸ ਤਰ੍ਹਾਂ ਹੋਈ ਕਿ ਇਕ ਦਿਨ ਇਕਾਇਕ ਇਕ ਸਵਾਰ, ਜੋ ਬੜਾ ਹੰਭਿਆ ਹੁਟਿਆ ਦਿੱਸਦਾ ਸੀ, ਘਬਰਾਹਟ ਵਿਚ ਬਟਾਲੇ ਪੁੱਜਾ ਤੇ ਸਰਦਾਰਨੀ ਸਦਾ ਕੌਰ ਨੂੰ ਸਰਦਾਰ ਮਹਾਂ ਸਿੰਘ ਦਾ ਸੁਨੇਹਾ ਆ ਦਿੱਤਾ ਕਿ ਆਪ ਗੁਜਰਾਤ ਦੇ ਇਲਾਕੇ ਤੋਂ ਮਾਲਕਾਨਾ ਉਗਰਾਹੁਣ ਲਈ ਦੌਰੇ ਚੜੇ ਸਨ, ਪਰ ਉੱਥੋਂ ਪੇਚਸ਼ ਦੀ ਬੀਮਾਰੀ ਨਾਲ ਸਖ਼ਤ ਬੀਮਾਰ ਹੋ ਕੇ ਗੁਜਰਾਂ ਵਾਲੇ ਪਰਤ ਆਏ ਹਨ, ਸੋ ਆਪ ਉਨ੍ਹਾਂ ਦੇ ਅੰਤਮ ਦਰਸ਼ਨ ਕਰਨ ਲਈ ਛੇਤੀ ਪਹੁੰਚੋ। ਇਹ ਚਿੰਤਾ-ਜਨਕ ਖ਼ਬਰ ਸੁਣ ਕੇ ਸਰਦਾਰਨੀ ਵਾਹੋਦਾਹੀ ਗੁਜਰਾਂ ਵਾਲੇ ਪੁੱਜੀ। ਇੱਥੇ ਆ ਕੇ ਡਿੱਠਾ ਤਾਂ ਸਰਦਾਰ ਮਹਾਂ ਸਿੰਘ ਜੀ ਦੀ ਹਾਲਤ ਬੜੀ ਨਿਢਾਲ ਹੋ ਚੁੱਕੀ ਹੋਈ ਸੀ। ਇੱਥੇ ਸਦਾ ਕੌਰ ਨੂੰ ਕੇਵਲ ਇਕ ਦਿਨ ਹੀ ਬੀਤਿਆ ਸੀ ਕਿ ਸਰਦਾਰ ਮਹਾਂ ਸਿੰਘ ਆਪਣੇ ਇਕਲੌਤੇ ਪੁੱਤ ਰਣਜੀਤ ਸਿੰਘ ਨੂੰ ਸਣੇ ਸੁਕ੍ਰਚੱਕੀਆ ਮਿਸਲ ਦੇ ਸਰਦਾਰਨੀ ਸਦਾ ਕੌਰ ਦੀ ਸੱਪਣੀ ਵਿਚ ਸੌਂਪ ਕੇ ਕੇਵਲ ੨੭ ਸਾਲ ਦੀ ਜਵਾਨ ਉਮਰ ਵਿਚ ਪ੍ਰਲੋਕ ਸਿਧਾਰ ਗਏ।

  ਰਣਜੀਤ ਸਿੰਘ ਜੀ ਨੂੰ ਇਹ ਦੁਖ ਭਰੀ ਖਬਰ ਕੋਟ ਮਹਾਰਾਜਾ ਵਿਚ ਪੁੱਜੀ। ਉਹ ਓਸੇ ਵਕਤ ਹੀ ਉੱਥੋਂ ਕੂਚ ਕਰ ਕੇ ਗੁਜਰਾਂ ਵਾਲੇ ਪਹੁੰਚ ਗਿਆ । ਇਹ ਘਟਨਾ ਮਾਰਚ ਸੰਨ ੧੭੯੨ ਈ: ਦੀ ਹੈ।

  ਰਣਜੀਤ ਸਿੰਘ ਸਦਾ ਕੌਰ ਦੇ ਪ੍ਰਬੰਧ ਵਿਚ

  ਸ: ਰਣਜੀਤ ਸਿੰਘ ਜੀ ਦੇ ਸਿਰ ਤੋਂ ਜਦ ਆਪਣੇ ਪਿਆਰੇ ਪਿਤਾ ਜੀ ਦਾ ਛਤਰ ਉੱਠ ਗਿਆ ਤਾਂ ਉਸ ਦੀ ਉਮਰ ਬਹੁਤ ਵੱਡੀ ਨਹੀਂ ਸੀ। ਲਾਡਲਾ ਰਣਜੀਤ ਸਿੰਘ ਇਕੱਲਾ ਰਹਿ ਜਾਣ ਦੇ ਕਾਰਨ ਹੈਰਾਨ ਸੀ ਕਿ ਉਹ ਇਸ ਭਾਰੇ ਬੋਝ ਨੂੰ – ਜੋ ਇਸ ਦਾ ਪਿਤਾ ਇਸ ਦੇ ਸਿਰ ਪਾ ਗਿਆ ਸੀ – ਕਿਸ ਤਰ੍ਹਾਂ ਚੁੱਕ ਸਕੇਗਾ, ਪਰ ਇਸ ਚਿੰਤਾ ਵਿਚ ਅਜੇ ਬਹੁਤਾ ਸਮਾਂ ਨਹੀਂ ਸੀ ਬੀਤਿਆ ਕਿ ਇਸ ਨੂੰ ਮਾਲੂਮ ਹੋ ਗਿਆ ਕਿ ਇਸ ਪਰਤਾਵੇ ਦੇ ਸਮੇਂ ਇਕ ਬਲਵਾਨ ਹੱਥ ਉਸ ਦੇ ਸਿਰ ਉਪਰ ਮੌਜੂਦ ਹੈ, ਜਿਸ ਦੇ ਹੁੰਦਿਆਂ ਉਸ ਨੂੰ ਕਿਸੇ ਗੱਲ ਦੀ ਚਿੰਤਾ ਦੀ ਲੋੜ ਨਹੀਂ, ਉਹ ਹੱਥ ਉਸ ਦੀ ਬਹਾਦਰ ਅਤੇ ਸੁਘੜ ਸੱਸ ਸਰਦਾਨੀ ਸਦਾ ਕੌਰ ਦਾ ਸੀ । ਇਸ ਅਤਿ ਲੋੜੀਂਦੇ ਸਮੇਂ ਇਸ ਗੈਬੀ ਸਹਾਇਤਾ ਲਈ ਇਹ ਆਪਣੇ ਸਤਿਗੁਰੂ ਦਾ ਲੱਖ ਲੱਖ ਸ਼ੁਕਰ ਕਰਦਾ ਹੁੰਦਾ ਸੀ।

  ਮਹਾਂਰਾਜਾ ਰਣਜੀਤ ਸਿੰਘ ਦੇ ਦਰਬਾਰੀ ਮੁਸੱਵਰ ਵਲੋਂ ਰਾਣੀ ਸਦਾ ਕੌਰ ਦਾ ਬਣਾਇਆ ਗਿਆ ਚਿੱਤਰ (ਸਰੋਤ: ਬਿਜਾਲ/ਇੰਟਰਨੈਟ)

  ਹੁਣ ਸਰਦਾਰਨੀ ਸਦਾ ਕੌਰ ਨਾ ਕੇਵਲ ਆਪਣੀ ਘਨੱਯਾ ਮਿਸਲ ਦੇ ੮੦੦੦ ਸਵਾਰਾਂ ਤੇ ਲੱਖਾਂ ਰੁਪਈਆਂ ਦੀ ਆਮਦਨੀ ਦੀ ਜਾਇਦਾਦ ਦਾ ਕੰਮ ਚਲਾਉਂਦੀ ਸੀ, ਸਗੋਂ ਸੁਕ੍ਰਚਕੀਆਂ ਦਾ ਪ੍ਰਬੰਧ ਵੀ ਇਸ ਨੇ ਆਪਣੇ ਹੱਥ ਲੈ ਲਿਆ। ਇਸ ਮਹਾਨ ਕੰਮ ਨੂੰ ਇਸ ਨੇ ਜਿਸ ਖੁਸ਼ੀ ਤੇ ਯੋਗਤਾ ਨਾਲ ਨਿਬਾਹਿਆ ਉਸਦਾ ਹਾਲ ਕੁਝ ਕੁ ਇਸ ਤਰ੍ਹਾਂ ਹੈ –

  ਇਸ ਮਿਸਲ ਦੇ ਖਜ਼ਾਨੇ ਦਾ ਕੰਮ ਸਰਦਾਰ ਮਹਾਂ ਸਿੰਘ ਦੇ ਸਮੇਂ ਤੋਂ ਦੀਵਾਨ ਲਖਪਤ ਰਾਏ ਦੇ ਹੱਥ ਵਿਚ ਚਲਾ ਆਂਵਦਾ ਸੀ। ਸਰਦਾਰਨੀ ਸਦਾ ਕੌਰ ਨੇ ਜਦ ਇਸ ਦੀ ਆਮਦਨ ਖਰਚ ਦੇ ਹਿਸਾਬ ਦੀ ਪੜਤਾਲ ਕੀਤੀ ਤਾਂ ਇਸ ਨੂੰ ਦੀਵਾਨ ਦੇ ਕੰਮ ਤੋਂ ਸੰਤੁਸ਼ਟਤਾ ਨਾ ਹੋਈ ਤੇ ਇਸ ਵਿਚ ਵੱਡਾ ਹੇਰਫੇਰ ਦਿੱਸਿਆ, ਇਸ ਲਈ ਇਸ ਨੇ ਰਣਜੀਤ ਸਿੰਘ ਦੀ ਇੱਛਾ ਅਨੁਸਾਰ ਇਸ ਕੰਮ ਨੂੰ ਲਖਪਤ ਰਾਏ ਤੋਂ ਲੈ ਕੇ ਸਰਦਾਰ ਦਲ ਸਿੰਘ ਦੇ ਹੱਥ ਸੌਂਪ ਦਿਤਾ। ਇਸੇ ਤਰ੍ਹਾਂ ਸਰਦਾਰਨੀ ਨੇ ਸੁਕ੍ਰਚਕੀਆ ਮਿਸਲ ਦੇ ਸਾਰੇ ਸਵਾਰਾਂ ਦੀ ਪੜਤਾਲ ਕੀਤੀ; ਇਨ੍ਹਾਂ ਵਿਚ ਜਿਹੜੇ ਫੌਜੀ ਸੇਵਾ ਦੇ ਯੋਗ ਨਹੀਂ ਸਨ ਉਨ੍ਹਾਂ ਨੂੰ ਯੋਗ ਗੁਜ਼ਾਰੇ ਦੇ ਕੇ ਵਿਦਾ ਕਰ ਦਿੱਤਾ ਤੇ ਉਨ੍ਹਾਂ ਦੀ ਥਾਂ ਨਵੇਂ ਜਵਾਨ ਭਰਤੀ ਕਰਕੇ ਕਮੀ ਪੂਰੀ ਕਰ ਲੀਤੀ। ਸਰਦਾਰ ਮਹਾਂ ਸਿੰਘ ਦੇ ਸਮੇਂ ਮਿਸਲ ਦੇ ਜਵਾਨਾਂ ਲਈ ਕਈ ਨੀਯਤ ਤਲਬ ਮੁੱਕਰਰ ਨਹੀਂ ਸੀ, ਪਰ ਹੁਣ ਸਰਦਾਰਨੀ ਸਦਾ ਕੌਰ ਨੇ ਇਨ੍ਹਾਂ ਲਈ ਇਕ ਨਿਯਮ ਅਨੁਸਾਰ ਸਭ ਦੇ ਗੁਜ਼ਾਰੇ ਨੀਯਤ ਕਰ ਦਿੱਤੇ। ਇਸ ਤਰ੍ਰਾਂ ਨਵੇਂ ਸਿਰਿਓਂ ਮੁੜ ਸਾਰੀ ਮਿਸਲ ਨੂੰ ਤਰਤੀਬ ਦਿੱਤੀ ਗਈ ।ਸ਼ੇਰਿ ਪੰਜਾਬ ਨੂੰ ਕੁਦਰਤ ਵੱਲੋਂ ਦਿਲ ਤੇ ਦਿਮਾਗ਼ ਤਾਂ ਜਮਾਂਦਰੂ ਹੀ ਮਿਲਿਆ ਹੋਇਆ ਸੀ, ਉੱਪਰੋਂ ਸੁਘੜ ਸਦਾ ਕੌਰ ਦੀ ਰਹਿਬਰੀ ਸੋਨੇ ਪਰ ਸੁਹਾਗੇ ਦਾ ਕੰਮ ਕਰ ਗਈ। ਕੋਈ ਸਤ ਕੁ ਸਾਲ ਲਗਾਤਾਰ ਸਦਾ ਕੌਰ ਦੀ ਨਿਗਰਾਨੀ ਤੇ ਅਗਵਾਈ ਦਾ ਅਸਰ ਨੌਜਵਾਨ ਰਣਜੀਤ ਸਿੰਘ ਦੇ ਜੀਵਨ ਪਰ ਇਹ ਹੋਇਆ ਕਿ ਉਹ ਵਰਯਾਮਤਾ, ਸੁਘੜਤਾ, ਪ੍ਰਬੰਧਕ ਸ਼ਕਤੀ, ਮਨੁਖੀ ਪਛਾਣ, ਘੋੜਿਆਂ ਦੀ ਸੂਝ, ਆਪਣਿਆਂ ਤੇ ਬਿਗਾਨਿਆਂ ਨਾਲ ਵਰਤਾਓ ਦਾ ਢੰਗ ਆਦਿ ਉਹ ਸਾਰੇ ਸੱਚੇ ਗੁਣ – ਜਿਹੜੇ ਕਿਸੇ ਸਫਲ ਹੁਕਮਰਾਨ ਲਈ ਲੋੜੀਂਦੇ ਹਨ – ਸਭ ਸੰਪੂਰਨ ਪ੍ਰਾਪਤ ਕਰ ਲਏ । ਹੁਣ ਸਮੇਂ ਦੀ ਲੋੜ ਅਨੁਸਾਰ ਸਮੂਹ ਸਿਖਿਆ ਨਾਲ ਸੁਰਿਖਯਤ ਹੋ ਕੇ ਇਹ ਬੀਰ ਬਹਾਦਰ ਜੋਧਾ ਜਦ ਆਮ ਜਨਤਾ ਦੇ ਸਾਹਮਣੇ ਆਇਆ ਤਾਂ ਦੇਸ਼ ਵਿੱਚ ਧੁੰਮਾਂ ਪੈ ਗਈਆਂ।

                                                                              ਸਦਾ ਕੌਰ ਦਾ ਦੇਸ਼ ਪਿਆਰ

  ਜਿਦਾਂ ਕਿ ਅਸੀਂ ਪਿੱਛੇ ਲਿਖ ਆਏ ਹਾਂ ਸੰਨ ੧੭੯੮ ਈ: ਵਿਚ ਜਦ ਸ਼ਾਹ ਜ਼ਮਾਨ ਨੇ ਪੰਜਾਬ ਪਰ ਛੇਕੜਲਾ ਹੱਲਾ ਕੀਤਾ ਤਾਂ ਇਸ ਸਮੇਂ ਪੰਜਾਬੀਆਂ ਪਰ ਹੋਏ ਜ਼ੁਲਮਾਂ ਨੂੰ ਦੇਖ ਕੇ ਸ਼ੇਰਿ ਪੰਜਾਬ ਦਾ ਲਹੂ ਉਬਲ ਪਿਆ ਸੀ ਤੇ ਇਸ ਨੇ ਪ੍ਰਤਿਗਿਆ ਕੀਤੀ ਸੀ ਕਿ ਅੱਗੇ ਨੂੰ ਆਪਣੇ ਦੇਸ਼ ਵਾਸੀਆਂ ਨੂੰ ਛੁਡਾ ਕੇ ਸੁਖ ਦਾ ਸਾਹ ਲਏਗਾ । ਇਸ ਗੱਲ ਬਾਰੇ ਜਦ ਆਪ ਨੇ ਸਰਦਾਰਨੀ ਸਦਾ ਕੌਰ ਨਾਲ ਵਿਚਾਰ ਕੀਤਾ ਤਾਂ ਅੱਗੋਂ ਬਹਾਦਰ ਸਰਦਾਰਨੀ ਨੇ ਇਸ ਕਾਰਜ ਦੀ ਸਫ਼ਲਤਾ ਲਈ ਸਭ ਤਰ੍ਰਾ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ।

  ਪੰਜਾਬ ਨੂੰ ਅਜ਼ਾਦ ਕਰਾਉਣ ਲਈ ਸਦਾ ਕੌਰ ਮੈਦਾਨ ਵਿਚ

  ਉੱਪਰ ਲਿਖੀ ਵਿਚਾਰ ਨੂੰ ਅਜੇ ਬਹੁਤਾ ਸਮਾਂ ਨਾ ਸੀ ਬੀਤਿਆ, ਅਰਥਾਤ ਸੰਨ ੧੭੯੯ ਦੀਆਂ ਗਰਮੀਆਂ ਵਿੱਚ ਦੇਸ਼ ਦੀ ਹਾਲਤ ਨੂੰ ਵਿਚਾਰ ਕੇ , ਨੌਜਵਾਨ ਰਣਜੀਤ ਸਿੰਘ ਮੁੜ ਸਦਾ ਕੌਰ ਕੋਲ ਬਟਾਲੇ ਪਹੁੰਚਿਆ ਅਤੇ ਸਰਦਾਰਨੀ ਨੂੰ ਦੱਸਿਆ ਕਿ ਜੇ ਕਦੇ ਕਿਸ ਸਮੇਂ ਸਾਡੀਆਂ ਦੋਵੇਂ ਮਿਸਲਾਂ ਮਿਲ ਕੇ ਲਾਹੌਰ ਪਰ ਚੜਾਈ ਕਰ ਦੇਣ ਤਾਂ ਇਸ ਪਰ ਕਬਜ਼ਾ ਕਰਨਾ ਕੋਈ ਅਸੰਭਵ ਗੱਲ ਨਹੀਂ। ਇਸ ਤਰ੍ਹਾਂ ਜਦ ਲਾਹੌਰ ਪਰ ਕਬਜ਼ਾ ਹੋ ਜਾਏ ਤਾਂ ਪੰਜਾਬ ਵਿਚ ਇਕ ਸਾਂਝੇ ਰਾਜ ਦੀ ਨੀਂਹ ਰਖੀ ਜਾਏ । ਇਸਦੇ ਨਾਲ ਹੀ ਖਾਲਸੇ ਦੀ ਇਕ ਐਸੀ ਅਜਿੱਤ ਫੌਜ ਤਿਆਰ ਕੀਤੀ ਜਾਏ, ਜਿਸ ਦੇ ਬਲ ਨਾਲ ਇੱਥੋਂ ਦੀ ਪਰਜਾ ਨੂੰ ਗੈਰਾਂ ਦੀਆਂ ਲੁੱਟਾਂ ਤੇ ਧਾਵਿਆਂ ਤੋਂ ਸਦਾ ਲਈ ਬਚਾ ਲਿਆ ਜਾਏ। ਸ਼ੇਰਿ ਪੰਜਾਬ ਦੀ ਇਸ ਵਿਉਂਤ ਨੂੰ ਸਰਦਾਰਨੀ ਸਦਾ ਕੌਰ ਨੇ ਬਹੁਤ ਹੀ ਸਲਾਹਿਆ। ਆਪ ਦੀ ਇਹ ਸਲਾਹੁਤ ਕੇਵਲ ਕਥਨੀ ਮਾਤਰ ਹੀ ਨਹੀਂ ਸੀ, ਸਗੋਂ ਇਸ ਨੂੰ ਅਮਲੀ ਵਰਤੋਂ ਵਿਚ ਲਿਆਉਣ ਲਈ ਸਰਦਾਰਨੀ ਜੀ ਨੇ ਲਾਹੌਰ ਦੇ ਸਭ ਤੋਂ ਕਠਿਨ ਮੋਰਚੇ, ਅਰਥਾਤ ਦਿੱਲੀ ਦਰਵਾਜ਼ੇ ਨੂੰ ਸ਼ੇਰਿ ਪੰਜਾਬ ਲਈ ਫਤਹ ਕਰਨਾ, ਆਪਣੇ ਜ਼ਿਮੇ ਲੈ ਲਿਆ। ਹੁਣ ਲੰਮੀਂ ਦੇਰ ਦੀ ਕੋਈ ਲੋੜ ਨਹੀਂ ਸੀ, ੧੪ ਹਾੜ ਸੰਮਤ ੧੮੫੬ ਦੀ ਰਾਤ ਨੂੰ ਸ਼ੇਰਿ ਪੰਜਾਬ ਤੇ ਸਰਦਾਰਨੀ ਸਦਾ ਕੌਰ ਜੀ, ਸਣੇ ਆਪੋ ਆਪਣੀਆਂ ਫੌਜਾਂ ਦੇ, ਲਾਹੌਰ ਦੇ ਵਜ਼ੀਰ ਖਾਨ ਦੇ ਬਾਗ਼ ਵਿਚ ਪਹੁੰਚ ਗਏ ।

  ਰਾਣੀ ਸਦਾ ਕੌਰ ਵਲੋਂ ਘਨੱਯਾ ਮਿਸਲ ਦੀ ਅਗਵਾਈ ਕੀਤੇ ਜਾਣ ਦਾ ਇਕ ਮੁਸੱਵਰ ਵਲੋਂ ਬਣਾਇਆ ਗਿਆ ਚਿੱਤਰ (ਸਰੋਤ: ਬਿਜਾਲ/ਇੰਟਰਨੈਟ; ਜਿਸ ਸਰੋਤ ਤੋਂ ਇਹ ਚਿੱਤਰ ਮਿਿਲਆ ਹੈ ਉਸ ਤੋਂ ਚਿਤਰਕਾਰ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਜੇਕਰ ਕਿਸੇ ਪਾਠਕ ਕੋਲ ਇਸ ਬਾਰੇ ਸਟੀਕ ਜਾਣਕਾਰੀ ਹੋਵਾ ਤਾਂ ਸਿੱਖ ਸਿਆਸਤ ਨਾਲ ਜਰੂਰ ਸਾਂਝੀ ਕਰੇ)

  ਇੱਥੇ ਪਹੁੰਚਦੇ ਹੀ ਫੌਜ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ – ਇਕ ਦਸਤਾ ਘਨੱਯਾ ਮਿਸਲ ਦੇ ਸਵਾਰਾਂ ਦਾ ਸਰਦਾਰਨੀ ਸਦਾ ਕੌਰ ਨੇ ਆਪਣੀ ਸੌਂਪਣੀ ਵਿੱਚ ਲੈ ਕੇ ਦਿੱਲੀ ਦਰਵਾਜ਼ੇ ਵੱਲੋਂ ਸ਼ਹਿਰ ਪਰ ਧਾਵਾ ਬੋਲ ਦਿਤਾ ਤੇ ਦੂਜਾ ਭਾਗ, ਜਿਸ ਵਿਚ ੩੦੦ ‘ਕੌਮੀ ਭੌਰੇ’ ਅਕਾਲੀ (ਨਿਹੰਗ) ਸਿੰਘ ਵੀ ਸ਼ਾਮਲ ਸਨ । ਸ਼ੇਰਿ ਪੰਜਾਬ ਦੀ ਨਿਗਰਾਨੀ ਵਿਚ ਲੋਹਾਰੀ ਦਰਵਾਜ਼ੇ ਵੱਲੋਂ ਲਾਹੌਰ ਪਰ ਹੱਲਾ ਬੋਲਣ ਲਈ ਅੱਗੇ ਵਧਿਆ।

  ਜਿਹਾ ਕਿ ਉੱਪਰ ਲਿਖਿਆ ਗਿਆ ਹੈ ਸਰਦਾਰਨੀ ਸਦਾ ਕੌਰ ਜਦ ਆਪਣੇ ਸਿਰਲੱਥ ਸੂਰਮਿਆਂ ਦੇ ਨਾਲ ਦਿੱਲੀ ਦਰਵਾਜ਼ੇ ਦੇ ਸਾਹਮਣੇ ਪਹੁੰਚੀ ਤਾਂ ਇੱਥੇ ਕਿਲ੍ਹਾ ਗੁੱਜਰ ਸਿੰਘ ਤੇ ਦਿੱਲੀ ਦਰਵਾਜ਼ੇ ਦੀ ਸੰਮਿਲਤ ਫੌਜ ਨੇ ਇਸ ਦਾ ਟਾਕਰਾ ਕੀਤਾ ਤੇ ਹੁਣ ਲੱਗੀ ਖਟਖਟ ਤਲਵਾਰ ਚੱਲਣ।

  ਇਸ ਸਮੇਂ ਸਰਦਾਰਨੀ ਸਦਾ ਕੌਰ ਨੇ ਆਪਣੇ ਹੱਥ ਵਿਚ ਬਿਜਲੀ ਵਾਂਗ ਲਿਸ਼ਕਾਰੇ ਮਾਰਦੀ ਤਲਵਾਰ ਲੈ ਕੇ, ਆਪਣੀ ਸਾਰੀ ਫੌਜ ਦੇ ਅੱਗੇ ਹੋ ਕੇ, ਉਹ ਨਿਰਭੈਤਾ ਤੇ ਵਰਯਾਮਤਾ ਦੱਸੀ, ਜਿਸ ਨੇ ਸਾਰੀ ਫੌਜ ਵਿਚ ਗਜ਼ਬ ਦਾ ਜੋਸ਼ ਭਰ ਦਿੱਤਾ। ਹੁਣ ਅਜਿਹਾ ਕਿਹੜਾ ਕਾਇਰ ਸੀ ਜਿਹੜਾ ਅਪਣੀ ਸਤਿਕਾਰਯੋਗ ਮਿਸਲਦਾਰਨੀ ਨੂੰ ਤਾਂ ਮੈਦਾਨ ਜੰਗ ਵਿਚ ਸਭ ਤੋਂ ਅੱਗੇ ਤਲਵਾਰ ਚਲਾਂਦਾ ਵੇਖਦਾ ਤੇ ਆਪ ਆਪਣੇ ਹੱਡ ਚੰਮ ਨੂੰ ਬਚਾਉਣ ਲਈ ਪਿੱਛੇ ਹਟ ਰਹਿੰਦਾ ? ਇਹ ਗੱਲ ਖਾਲਸਈ ਆਚਰਨ ਤੋਂ ਦੂਰ ਸੀ। ਇਸ ਸਮੇਂ ਆਪਣੀ ਆਗੂ ਸਰਦਾਰਨੀ ਦੀ ਸੂਰਬੀਰਤਾ ਨੂੰ ਦੇਖ ਕੇ ਮਿਸਲ ਦਾ ਹਰ ਇਕ ਜਵਾਨ ਸਿਰ ਤਲੀ ਪਰ ਧਰ ਕਰ ਇਕ ਦੂਜੇ ਨਾਲੋਂ ਅੱਗੇ ਵਧਦਾ ਸੀ। ਉਧਰੋਂ ਟਾਕਰੇ ਦੀਆਂ ਫੌਜਾਂ ਨੇ ਵੀ ਬੜੀ ਬੀਰਤਾ ਨਾਲ ਧਾਵੇ ਨੂੰ ਰੋਕਣ ਦਾ ਕਰੜਾ ਯਤਨ ਕੀਤਾ, ਪਰ ਸ਼ੇਰਨੀ ਸਦਾ ਕੌਰ ਦੇ ਅਠੱਲ ਹੱਲੇ ਅੱਗੇ ਉਹ ਵਧੇਰਾ ਨਾ ਠਹਿਰ ਸਕੇ ਤੇ ਉਨ੍ਹਾਂ ਦੇ ਪੈਰ ਮੈਦਾਨ ਵਿਚੋਂ ਥਿੜਕ ਗਏ। ਮੈਦਾਨ ਸਰਦਾਰਨੀ ਸਦਾ ਕੌਰ ਦੇ ਹੱਥ ਰਿਹਾ। ਇਸ ਸਮੇਂ ਸਰਦਾਰਨੀ ਸਦਾ ਕੌਰ ਨੇ ਭਾਂਜ ਖਾ ਚੁਕੀ ਫੌਜ ਦਾ ਪਿੱਛਾ ਕਰਨ ਤੋਂ ਆਪਣੀ ਫੌਜ ਨੂੰ ਰੋਕ ਲਿਆ ਤੇ ਹੁਕਮ ਦਿੱਤਾ ਕਿ ਲੋੜ ਤੋਂ ਵਧ ਇਕ ਜਾਨ ਦਾ ਵੀ ਨੁਕਸਾਨ ਨਾ ਕੀਤਾ ਜਾਏ ।

  ਬਾਹਰ ਦਾ ਮੈਦਾਨ ਤਾਂ ਹੁਣ ਪੂਰੇ ਤੌਰ ਪਰ ਫਤਹ ਹੋ ਚੁੱਕਾ ਸੀ, ਪਰ ਅਜੇ ਸ਼ਹਿਰ ਵਿਚ ਦਾਖ਼ਲ ਹੋਣਾ ਬਾਕੀ ਸੀ। ਸ਼ਹਿਰ ਦੇ ਹਾਕਮਾਂ ਨੂੰ ਜਦ ਮੈਦਾਨ ਵਿੱਚੋਂ ਭਾਂਜ ਹੋ ਗਈ ਤਾਂ ਇਨ੍ਹਾਂ ਸ਼ਹਿਰ ਦਾ ਦਿੱਲੀ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ, ਪਰ ਇੱਥੇ ਮੁੜ ਇਨ੍ਹਾਂ ਦਾ ਟਿਕਣਾ ਅਸੰਭਵ ਸੀ। ਸਰਦਾਰਨੀ ਸਦਾ ਕੌਰ ਨੇ ਦਰਵਾਜ਼ੇ ਨੂੰ ਤੋਪਾਂ ਨਾਲ ਉਡਾ ਦੇਣ ਦਾ ਹੁਕਮ ਦੇ ਦਿੱਤਾ ਤੇ ਅਜੇ ਬਹੁਤਾ ਸਮਾਂ ਵੀ ਨਹੀਂ ਸੀ ਬੀਤਿਆ ਕਿ ਦਰਵਾਜ਼ਾ ਟੁਕੜੇ ਟੁਕੜੇ ਹੋ ਗਿਆ। ਬੱਸ ਫੇਰ ਕੀ ਸੀ, ਅੱਖ ਦੇ ਫੁਰਕਾਰੇ ਵਿਚ ਇਹ ਸਾਰੀ ਵਿਜਈ ਫੌਜ ਸ਼ਹਿਰ ਵਿਚ ਧੈਂ ਵੜੀ ਅਤੇ ਕਸ਼ਮੀਰੀ ਬਜ਼ਾਰ ਤੋਂ ਚਨਾ ਮੰਡੀ ਤਕ ਲਾਹੌਰ ਦੇ ਇਸ ਰਮਣੀਕ ਭਾਗ ਪਰ ਸਦਾ ਕੌਰ ਨੇ ਪੂਰਾ ਕਬਜ਼ਾ ਕਰ ਲਿਆ। ਇਸ ਇਤਿਹਾਸਕ ਫ਼ਤਹ ਸਮੇਂ ਸਰਦਾਰਨੀ ਜੀ ਨੇ ਐਸੀ ਬਹਾਦਰੀ ਤੇ ਸੁਘੜਤਾ ਦੱਸੀ ਜਿਸ ਦੀ ਨਜ਼ੀਰ ਇਸਤ੍ਰੀ ਜਾਤੀ ਦੇ ਇਤਹਾਸ ਵਿਚ ਬਹੁਤ ਘਟ ਮਿਲਦੀ ਹੈ।

  ਅਜੇ ਸ਼ੇਰਿ ਪੰਜਾਬ ਦੇ ਧਾਵੇ ਦਾ ਹਾਲ ਦੱਸਣਾ ਬਾਕੀ ਹੈ। ਵਜ਼ੀਰ ਖ਼ਾਨ ਦੇ ਬਾਗ਼ ਵਿੱਚੋਂ ਨਿਕਲ ਕੇ ਇਹ ਸ਼ੇਰ ਸਿੱਧਾ ਲੁਹਾਰੀ ਦਰਵਾਜ਼ੇ ਪਰ ਜਾ ਪਿਆ ਤੇ ਜਾਂਦੇ ਹੀ ਧੂੰਆਂਧਾਰ ਗੋਲੇ ਗੋਲੀਆਂ ਦਾ ਮੀਂਹ ਵਰਸਾਉਣਾ ਅਰੰਭ ਕਰ ਦਿੱਤਾ ਇਸ ਦੇ ਨਾਲ ਹੀ ਸ਼ੇਰਿ ਪੰਜਾਬ ਨੇ ਕੁਝ ਫ਼ੌਜ ਦੇ ਜਵਾਨ ਤੇ ਕੁਝ ਅਕਾਲੀ ਸੂਰਮਿਆਂ ਨੂੰ ਬਰੂਦ ਭਰੀਆਂ ਥੈਲੀਆਂ ਦੇ ਕੇ ਦਰਵਾਜ਼ੇ ਦੇ ਨਾਲ ਲਾਗਵੀਂ ਫ਼ਸੀਲ ਹੇਠ ਸੁਰੰਗਾਂ ਲਗਾਉਣ ਦਾ ਵੀ ਹੁਕਮ ਦੇ ਦਿੱਤਾ। ਉਸੇ ਘੜੀ ਹੁਕਮ ਦੀ ਪਾਲਣਾ ਕੀਤੀ ਗਈ ਅਤੇ ਜਦ ਤੋੜੇ ਦਾਗੇ ਗਏ ਤਾਂ ਫ਼ਸੀਲ ਵਿਚ ਦਾੜ ਪੈ ਗਈ। ਹੁਣ ਇਕ ਦੂਜੇ ਤੋਂ ਅੱਗੇ ਹੁੰਦੇ ਹੋਏ ਕਈ ਸੌ ਜਵਾਨ ਅੰਦਰ ਜਾ ਵੜੇ। ਇਸ ਸਮੇਂ ਖਾਲਸਾ ਫੌਜ ਨੂੰ ਸ਼ਹਿਰ ਅੰਦਰ ਦਾਖਲ ਹੁੰਦਾ ਦੇਖ ਕੇ ਕਿਸੇ ਨੇ ਦਰਵਾਜ਼ਾ ਵੀ ਅੰਦਰੋਂ ਖੋਲ੍ਹ ਦਿੱਤਾ। ਹੁਣ ਪਾੜ ਅਤੇ ਦਰਵਾਜ਼ੇ ਦੋਹਾਂ ਰਸਤਿਆਂ ਥੀਂ ਮਾਰੋਮਾਰ ਕਰਦੀ ਫੌਜ ਅੰਦਰ ਵੜਨੀ ਅਰੰਭ ਹੋ ਗਈ। ਇਹ ਫਤਹਯਾਬ ਦਲ ਆਪਣੇ ਨਿਡਰ ਆਗੂ ਦੀ ਅਗਵਾਈ ਵਿਚ ਸਰਦਾਰਨੀ ਸਦਾ ਕੌਰ ਦੀ ਵਿਜਈ ਫੌਜ ਨਾਲ ਹੀਰਾ ਮੰਡੀ ਵਿਚ, ਅਕਾਸ਼ ਤੋੜ ਜੈਕਾਰਿਆਂ ਦੀ ਗੂੰਜ ਤੇ ਬੜੇ ਜੋਸ਼ ਤੇ ਉਤਸ਼ਾਹ ਨਾਲ ਜਾ ਮਿਲਿਆ। ਸ਼ੇਰਨੀ ਸਦਾ ਕੌਰ ਨੇ ਆਪਣੇ ਸੂਰਮੇ ਜਵਾਈ ਦਾ ਮੱਥਾ ਚੁੰਮਿਆਂ ਤੇ ਲਾਹੌਰ ਤੇ ਕਬਜ਼ਾ ਹੋ ਜਾਣ ਦੀ ਆਪਨੂੰ ਵਧਾਈ ਦਿੱਤੀ। ਇਹ ਗੱਲ ੧੫ ਹਾੜ ਸੰਮਤ ੧੮੫੬ (੨੭ ਜੂਨ ੧੭੯੯) ਦੀ ਹੈ। ਇੱਥੋਂ ਦੋਵੇਂ ਕਾਮਯਾਬ ਫ਼ੌਜਾਂ ਨੇ ਮਿਲ ਕੇ ਫਤਹ ਦੇ ਧੌਂਸੇ ਵਜਾਉਂਦਿਆਂ ਤੇ ਜੈਕਾਰਿਆਂ ਦੀ ਗੂੰਜ ਗੂੰਜਾਂਦਿਆਂ ਲਾਹੌਰ ਦੇ ਸ਼ਾਹੀ ਕਿਲ੍ਹੇ ਨੂੰ ਜਾ ਘੇਰਿਆ।

  ਕਿਲ੍ਹਾ ਲਾਹੌਰ ਤੇ ਸਰਦਾਰਨੀ ਸਦਾ ਕੌਰ ਦੀ ਸਿਆਣਪ

  ਹੁਣ ਕਿਲ੍ਹੇ ਦੇ ਘੇਰੇ ਦੇ ਪੂਰੇ ਹੋ ਜਾਣ ਦੇ ਬਾਅਦ ਮਹਾਰਾਜਾ ਨੇ ਆਪਣੇ ਤੋਪਚੀਆਂ ਨੂੰ ਹੁਕਮ ਦਿੱਤਾ ਕਿ ਕਿਲ੍ਹੇ ਪਰ ਜ਼ੋਰ ਦੀ ਗੋਲਾਬਾਰੀ ਕੀਤੀ ਜਾਏ। ਅਤੇ ਤੋਪਾਂ ਨੇ ਇਕ ਦੋ ਵਾਰੀ ਹੀ ਅੱਗ ਉਗਲੀ ਸੀ ਕਿ ਸਰਦਾਰਨੀ ਸਦਾ ਕੌਰ ਨੇ ਅੱਗੇ ਵਧ ਕੇ ਰਣਜੀਤ ਸਿੰਘ ਨੂੰ ਸਮਝਾਇਆ ਕਿ ਤੋਪਾਂ ਦੀ ਗੋਲਾਬਾਰੀ ਬੰਦ ਕਰਾ ਦਿੱਤੀ ਜਾਏ ਅਤੇ ਆਖਿਆ ਕਿ ਹੁਣ ਕੋਈ ਫਿਕਰ ਨਹੀਂ, ਜਿੰਨਾ ਚਿਰ ਕਿਲ੍ਹੇ ਦਾ ਮਾਲਕ ਚੇਤ ਸਿੰਘ ਕਿਲ੍ਹੇ ਦੇ ਅੰਦਰ ਹਕੂਮਤ ਕਰਨਾ ਚਾਹੇ ਨਿਸਚਿੰਤ ਹੋ ਕੇ ਆਪਣੇ ਮਨ ਦੀ ਰੀਝ ਪੂਰੀ ਕਰ ਲਏ ਅਤੇ ਜਦ ਉਹ ਇਸ ਤੋਂ ਤ੍ਰਿਪਤ ਹੋ ਜਾਏ ਤਾਂ ਬੜੀ ਖੁਸ਼ੀ ਨਾਲ ਬਾਹਰ ਆ ਜਾਏ। ਬਾਹਰ ਨਿਕਲਣ ਸਮੇਂ ਸਾਡੇ ਵੱਲੋਂ ਉਨ੍ਹਾਂ ਨੂੰ ਕੋਈ ਖੇਚਲ ਨਹੀਂ ਦਿੱਤੀ ਜਾਏਗੀ। ਉਨ੍ਹਾਂ ਦੀ ਜਾਤੀ ਰੱਖਿਆ ਲਈ ਲੋੜੀਂਦੇ ਸ਼ਸਤ੍ਰ ਤੇ ਉਨ੍ਹਾਂ ਦੀ ਸਵਾਰੀ ਦੇ ਘੋੜੇ ਉਨ੍ਹਾਂ ਪਾਸ ਹੀ ਰਹਿਣ ਦਿੱਤੇ ਜਾਣਗੇ। ਉਨ੍ਹਾਂ ਦੇ ਪਰਿਵਾਰ ਨੂੰ ਪੂਰਨ ਸੁਰੱਖਿਅਤ ਥਾਂ ਪੁਰ-ਜਿਹੜੀ ਥਾਂ ਉਹ ਯੋਗ ਸਮਝਣ ਪਹੁੰਚਾ ਦਿੱਤਾ ਜਾਏਗਾ; ਇਸ ਤੋਂ ਛੁੱਟ ਅੱਗੇ ਨੂੰ ਉਨ੍ਹਾਂ ਦੇ ਗੁਜ਼ਾਰੇ ਲਈ ਉਨ੍ਹਾਂ ਨੂੰ ਖਾਸੀ ਜਾਗੀਰ ਵੀ ਦਿੱਤੀ ਜਾਏਗੀ। ਉਹ ਸੁਨੇਹਾ ਸਰਦਾਰ ਚੇਤ ਸਿੰਘ ਨੂੰ ਇੱਕ ਇਤਬਾਰੀ ਆਦਮੀ ਦੇ ਹੱਥ ਕਿਲੇ ਵਿਚ ਭੇਜਿਆ ਗਿਆ। ਘੇਰੇ ਵਿਚ ਫਾਥੇ ਤੇ ਹਾਰੇ ਹੋਏ ਮਨੁੱਖ ਲਈ ਇਸ ਤੋਂ ਵਧ ਨਰਮ ਸ਼ਰਤਾਂ ਹੋਰ ਕੀ ਹੋ ਸਕਦੀਆਂ ਸਨ ? ਸੋ ਕਿਲ੍ਹੇਦਾਰ ਨੇ ਇਨ੍ਹਾਂ ਨੂੰ ਪਰਵਾਨ ਕਰ ਲਿਆ ਤੇ ਅਗਲੇ ਦਿਨ ਉਸ ਦੇ ਕਿਲ੍ਹੇ ਤੋਂ ਬਾਹਰ ਆਉਣ ਪਰ ਉਹ ਸਭ ਪੂਰੀਆਂ ਕੀਤੀਆਂ ਗਈਆਂ, ਖ਼ਾਸ ਕਰ ਜਾਗੀਰ ਤਾਂ ਉਸ ਦੀ ਮੰਗ ਤੋਂ ਵੀ ਵਧ ਦਿੱਤੀ ਗਈ, ਅਰਥਾਤ ਸੱਠ ਹਜ਼ਾਰ ਰੁਪਿਆ ਸਲਾਨਾ ਆਮਦਨੀ ਦੀ ਜਾਗੀਰ ਦਿਤੀ ਗਈ ।

  ਰਾਣੀ ਸਦਾ ਕੌਰ ਦੀ ਇੱਕ ਹੋਰ ਤਸਵੀਰ

  ਇਧਰ ਕਿਲ੍ਹੇ ਦੇ ਖਾਲੀ ਹੁੰਦਿਆਂ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਡੇਹਰੇ ਸਾਹਿਬ ਵਿਚ ਅਰਦਾਸਾ ਕਰਵਾਇਆ ਗਿਆ। ਹੁਣ ਅੱਗੇ ਅੱਗੇ ਸਰਦਾਰਨੀ ਸਦਾ ਕੌਰ ਤੇ ਪਿੱਛੇ ਪਿੱਛੇ ਸ਼ੇਰਿ ਪੰਜਾਬ ਨੇ ਸਣੇ ਖਾਲਸਾ ਫੌਜ ਦੇ, ੧੬ ਹਾੜ ਮੁਤਾਬਿਕ ੨੦ ਜੂਨ ੧੭੯੯ ਨੂੰ ਲਾਹੌਰ ਦੇ ਇਤਿਹਾਸਕ ਕਿਲ੍ਹੇ ਵਿਚ ਪਰਵੇਸ਼ ਕੀਤਾ।

  ਇਸ ਸਮੇਂ ਲਾਹੌਰ ਦੇ ਵਸਨੀਕਾਂ ਨੂੰ ਇਕ ਨਵੀਂ ਗੱਲ ਦੇਖਣ ਵਿਚ ਆਈ, ਜਿਸ ਤੋਂ ਇਹ ਲੋਕ ਪਹਿਲਾ ਅਜਾਣੂ ਸਨ, ਅਰਥਾਤ ਲਾਹੌਰ ਪਰ ਕਬਜ਼ਾ ਕਰਨ ਸਮੇਂ ਸਰਦਾਰਨੀ ਸਦਾ ਕੌਰ ਦੀ ਵਿਚਾਰ ਅਨੁਸਾਰ ਸਰਦਾਰਨੀ ਜੀ ਤੇ ਸ਼ੇਰਿ ਪੰਜਾਬ ਨੇ ਆਪੋ ਆਪਣੀਆਂ ਫੌਜਾਂ ਨੂੰ ਹੁਕਮ ਦਿਤਾ ਸੀ ਕਿ ਸ਼ਹਿਰ ਵਾਸੀਆਂ ਦੇ ਧਨ ਪਦਾਰਥ ਦੀ ਕਿਸੇ ਤਰ੍ਹਾਂ ਦੀ ਕੋਈ ਮਾਰ ਨਾ ਕੀਤੀ ਜਾਏ, ਅਸੀਂ ਹਰ ਇੱਕ ਫੌਜੀ ਜਵਾਨ ਨੂੰ ਆਪਣੇ ਪਾਸੋਂ ਬਖਸ਼ਸ਼ ਦੇਵਾਂਗੇ। ਸੋ ਇਸ ਹੁਕਮ ਅਨੁਸਾਰ ਕਿਸੇ ਦਾ ਇਕ ਪੈਸੇ ਦਾ ਨੁਕਸਾਨ ਨਹੀਂ ਸੀ ਹੋਇਆ। ਇਸ ਤੋਂ ਪਹਿਲਾਂ ਇਹ ਆਮ ਤਰੀਕਾ ਸੀ ਕਿ ਜਦ ਕਦੇ ਇਸ ਤਰਾਂ ਦੇ ਪ੍ਰੀਵਰਤਨ ਦਾ ਸਮਾਂ ਆਂਵਦਾ ਤਾਂ ਫਤਹਮੰਦ ਫੌਜਾਂ ਵਸਨੀਕਾਂ ਨੂੰ ਲੁੱਟ ਪੁੱਟ ਕੇ ਤਬਾਹ ਕਰ ਦਿੰਦੀਆਂ, ਮਕਾਨਾਂ ਨੂੰ ਅਗਾਂ ਲਾਕੇ ਸਾੜ ਦਿੱਤਾ ਜਾਂਦਾ ਅਤੇ ਨੂੰਹਾਂ ਧੀਆਂ ਦੀਆਂ ਬੇਪਤੀਆਂ ਹੁੰਦੀਆਂ ਸਨ। ਇਹੀ ਕਾਰਨ ਸੀ ਕਿ ਲਾਹੌਰ ਦੇ ਵਸਨੀਕ ਇਸ ਸਮੇਂ ਇੰਨੇ ਖੁਸ਼ ਸਨ ਹਿੰਦੂ ਮੁਸਲਮਾਨਾਂ ਨੇ ਆਪੋ ਵਿਚ ਮਿਲਕੇ ਕਈ ਰਾਤਾਂ ਤਕ ਸਾਰੇ ਸ਼ਹਿਰ ਵਿਚ ਭਾਰੀ ਦੀਪਮਾਲਾ ਕੀਤੀ। ਇਸ ਤਰ੍ਹਾਂ ਇਨ੍ਹਾਂ ਹਰ ਮਤ ਤੇ ਹਰ ਜਾਤੀ ਦੇ ਲੋਕਾਂ ਨੇ ਖਾਲਸਾ ਫੌਜ ਤੋਂ ਇਸਦੇ ਆਗੂਆਂ ਨੂੰ ਸਾਰੇ ਸ਼ਹਿਰ ਵੱਲੋਂ ‘ਜੀ ਆਇਆਂ ਨੂੰ’ ਕਿਹਾ।

  ਸ਼ੇਰਿ ਪੰਜਾਬ ਨੇ ਇਸ ਸਮੇਂ ਜਿੰਨਾ ਧਨ ਵਿਜਈ ਫੌਜਾਂ ਨੂੰ ਇਨਾਮ ਵਜੋਂ ਦਿੱਤਾ ਸੀ ਉਸ ਨਾਲੋਂ ਦਸ ਗੁਣਾਂ ਵਧ ਦੱਬਿਆ ਹੋਇਆ ਖਜ਼ਾਨਾ, ਸਣੇ ਅੱਠ ਤੋਪਾਂ ਦੇ, ਅਗਲੇ ਦਿਨ ਕਿਲ੍ਹਾ ਲਾਹੌਰ ਵਿੱਚੋਂ ਆਪ ਨੂੰ ਮਿਲ ਗਿਆ।

  ਚੱਲਦਾ …

  (ਇਸ ਜੀਵਨੀ ਦਾ ਅਗਲਾ ਭਾਗ ਆਉਂਦੇ ਦਿਨਾਂ ਵਿਚ ਸਾਂਝਾ ਕੀਤਾ ਜਾਵੇਗਾ ਜੀ)

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img