22 C
Amritsar
Thursday, March 23, 2023

ਰਫਰੈਂਡਮ 2020 : ਕਿੱਥੇ ਖੜ੍ਹੀ ਹੈ ਸਿੱਖ ਕੌਮ ?

Must read

ਸ: ਕਰਮਜੀਤ ਸਿੰਘ ਚੰਡੀਗੜ੍ਹ

ਅਰਦਾਸ ਵਿੱਚ ਇੱਕ ਸ਼ਬਦ “ਧਿਆਨ” ਵਾਰ ਵਾਰ ਆਉਂਦਾ ਹੈ। ਇਸ ਸ਼ਬਦ ਦੇ ਖਾਸਮਖਾਸ, ਵਿਸ਼ੇਸ਼, ਮਹੱਤਵਪੂਰਨ, ਅਸਧਾਰਨ, ਡੂੰਘੇ ਅਤੇ ਅਸਚਰਜੋ- ਅਸਚਰਜ ਅਰਥ ਹਨ, ਖਾਸ ਇਸ਼ਾਰੇ ਹਨ ਜਿਸ ਬਾਰੇ ਇਸ ਸਮੇਂ ਕੌਮ ਨੂੰ ਧਿਆਨ ਦੇਣ ਦੀ ਲੋੜ ਹੈ। ਜਦੋਂ ਇੱਕ ਕੌਮ ਦੇ ਇਤਿਹਾਸਕ ਪ੍ਰਬੰਧ ਵਿੱਚ ਰੂਹਾਨੀ ਕੀਮਤਾਂ ਦਾ ਸਿਲਸਿਲਾ ਟੁੱਟਣ ਲੱਗਦਾ ਹੈ, ਜਦੋਂ ਉਸ ਕੌਮ ਦੀ ਸਾਂਝੀ ਚੇਤਨਾ ਵਿੱਚ ਵਸੀ ਗੁਰੂ -ਯਾਦ ਦੀ ਤਾਜ਼ਗੀ ਪਹਿਲਾਂ ਵਾਲੀ ਨਹੀਂ ਰਹਿੰਦੀ ਜਾਂ ਇਹ ਧੁੰਦਲੀ ਪੈਣ ਲੱਗਦੀ ਹੈ ਤਾਂ ਉਸ ਸਮੇਂ ਕੌਮ ਨੂੰ ਆਪਣੇ ਅੰਦਰੋਂ -ਬਾਹਰੋਂ ਕੁਝ ਸਵਾਲ ਤਾਂ ਕਰਨੇ ਹੀ ਚਾਹੀਦੇ ਹਨ। ਅੱਜ ਸਾਨੂੰ ਆਪਣੀ ਜ਼ਮੀਰ ਦੇ ਸਨਮੁਖ ਹੋਣ ਦੀ ਲੋੜ ਹੈ ।

ਆਖਰਕਾਰ ਸਰਦਾਰ ਗੁਰਪਤਵੰਤ ਸਿੰਘ ਪੰਨੂੰ ਕੀ ਕਰ ਰਹੇ ਹਨ? ਕੀ ਉਹ ਕੋਈ ਜੱਗੋਂ ਬਾਹਰੀ ਗੱਲ ਕਰ ਰਹੇ ਹਨ?

ਨਹੀਂ, ਉਹ ਉਸੇ ਖਾਲਿਸਤਾਨ ਦੀ ਗੱਲ ਕਰ ਰਹੇ ਹਨ ਜੋ ਕੁਝ ਦਿਨ ਪਹਿਲਾਂ ਸਿੱਖ ਪੰਥ ਦੀ ਸਰਵਉੱਚ ਸੰਸਥਾ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਹਰਪ੍ਰੀਤ ਸਿੰਘ ਨੇ ਕੀਤੀ ਸੀ। ਫਿਰ ਖਾਲਸਾ ਪੰਥ ਦੀ ਲੀਡਰਸ਼ਿਪ ਅੱਜ ਚੁੱਪ ਕਿਉਂ ਹੈ? ਸਿੱਖ ਵਿਦਵਾਨ ਖਾਮੋਸ਼ ਕਿਉਂ ਹਨ? ਸੰਤਾਂ ਮਹਾਂਪੁਰਸ਼ਾਂ ਦੀ ਪਵਿੱਤਰ ਮਜਲਸ ਵਿੱਚ ਕਿਸ ਗੱਲ ਦਾ ਭੈਅ ਹੈ? ਕੀ ਸਾਡੇ ਕੋਲ ਰਿਫਰੈਂਡਮ ਦਾ ਵਿਰੋਧ ਕਰਨ ਲਈ ਕੋਈ ਬੌਧਿਕ, ਕੋਈ ਕਾਨੂੰਨੀ, ਕੋਈ ਠੋਸ ਇਤਿਹਾਸਕ ਤਰਕ ਹਨ? ਵੈਸੇ ਚਾਰ ਜੂਨ ਵਾਲੇ ਦਿਨ ਜਦੋਂ ਰਿਫਰੈਂਡਮ ਵੀਹ ਸੌ ਵੀਹ ਦੀ ਮੁਹਿੰਮ ਦਾ ਉਦਘਾਟਨ ਹੋਇਆ, ਮਹੱਤਵਪੂਰਨ ਵੀ ਹੈ ਅਤੇ ਇਤਿਹਾਸ ਦੀਆਂ ਯਾਦਾਂ ਆਪਣੇ ਬੁੱਕਲ ਵਿੱਚ ਸਮੋਈ ਬੈਠੀ ਹੈ, ਜਿਸ ਵਿੱਚ ਇੱਕੋ ਸਮੇਂ ਦਰਦ ਵੀ ਹੈ ਤੇ ਖ਼ੁਸ਼ੀ ਵੀ।

ਕੱਲ੍ਹ ਚਾਰ ਜੂਨ ਨੂੰ “ਪਹਿਰੇਦਾਰ” ਅਖਬਾਰ ਦੇ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਨੇ ਬਿਮਾਰੀ ਦੇ ਬਿਸਤਰੇ ਤੋਂ ਇੱਕ ਵਿਸ਼ੇਸ਼ ਸੰਪਾਦਕੀ ਵਿੱਚ ਯਾਦ ਕਰਵਾਇਆ ਸੀ ਕਿ ਚਾਰ ਜੂਨ 1965 ਵਾਲੇ ਦਿਨ ਲੁਧਿਆਣਾ ਵਿੱਚ ਸਿੱਖ ਜਰਨੈਲ ਹਰੀ ਸਿੰਘ ਨਲੂਆ ਦੇ ਨਾਂਅ ਤੇ ਬਣਾਏ ਗਏ ਪੰਡਾਲ ਵਿੱਚ ਸਿੱਖ ਹੋਮਲੈਂਡ ਦੀ ਪ੍ਰਾਪਤੀ ਲਈ ਇੱਕ ਮਤਾ ਜੈਕਾਰਿਆਂ ਦੀ ਗੂੰਜ ਵਿੱਚ ਪਾਸ ਕੀਤਾ ਗਿਆ ਸੀ। ਦਰਦ ਭਿੱਜੀ ਦਾਸਤਾਨ ਇਹ ਹੈ ਕਿ ਇਸੇ ਦਿਨ ਚਾਰ ਜੁਲਾਈ ਉੱਨੀ ਸੌ ਪਚਵੰਜਾ ਨੂੰ ਪੁਲਿਸ ਅਸ਼ਵਨੀ ਕੁਮਾਰ ਦੀ ਅਗਵਾਈ ਵਿੱਚ ਦਰਬਾਰ ਸਾਹਿਬ ਵਿੱਚ ਜੁੱਤੀਆਂ ਸਮੇਤ ਦਾਖ਼ਲ ਹੋਈ ਸੀ, ਗੋਲੀਆਂ ਚੱਲੀਆਂ ਸਨ, ਅਕਾਲ ਤਖਤ ਸਾਹਿਬ ਅਤੇ ਪਰਿਕਰਮਾ ਵਿੱਚ ਅੱਥਰੂ ਗੈਸ ਸੁੱਟ ਕੇ ਬੇਅਦਬੀ ਕੀਤੀ ਗਈ ਸੀ ਅਤੇ ਸੈਂਕੜੇ ਅਕਾਲੀਆਂ ਨੂੰ ਜੋ ਪੰਜਾਬੀ ਸੂਬੇ ਲਈ ਸੰਘਰਸ਼ ਕਰ ਰਹੇ ਸਨ ਗ੍ਰਿਫਤਾਰ ਕੀਤਾ ਗਿਆ ਸੀ। ਇਹ ਵੀ ਦਰਦ ਭਿੱਜੀ ਕਹਾਣੀ ਹੈ ਕਿ ਅੱਜ ਦੇ ਅਕਾਲੀ ਇਸ ਮਹਾਨ ਦਿਨ ਨੂੰ ਭੁੱਲ ਚੁੱਕੇ ਹਨ। ਕਿਸ ਨੂੰ ਦੋਸ਼ ਦੇਈਏ? ਛੋਟਾ ਵੱਡਾ ਬਾਦਲ ਭੁੱਲ ਗਏ ਹਨ ਅਤੇ ਉਨ੍ਹਾਂ ਦੀ ਇਹ ਦਿਲੀ ਤਮੰਨਾ ਵੀ ਹੈ ਕਿ ਕੌਮ ਵੀ ਭੁੱਲ ਜਾਵੇ । ਤਾਂ ਫਿਰ ਰਿਫਰੈਂਡਮ ਵੀਹ ਸੌ ਵੀਹ ਦੀ ਗੱਲ ਕਰਨੀ ਕੋਈ ਪਾਪ ਹੈ? ਕੋਈ ਗੁਨਾਹ ਹੈ ? ਕੋਈ ਬੁਰਾਈ ਹੈ? ਕੋਈ ਜੁਰਮ ਹੈ? ਕੋਈ ਮਨਹੂਸ ਗੱਲ ਕੀਤੀ ਗਈ ਹੈ? ਇਸ ਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਦਾ ਫੈਸਲਾ ਹੈ ਕਿ ਪੁਰਅਮਨ ਰਹਿ ਕੇ ਖਾਲਿਸਤਾਨ ਦੀ ਗੱਲ ਕਰਨੀ ਕੋਈ ਜੁਰਮ ਨਹੀਂ ਹੈ।

ਕੀ ਹੈ ਰਿਫਰੈਂਡਮ 2020? ਆਜ਼ਾਦੀ ਦੇ ਸੰਘਰਸ਼ ਵਿੱਚ ਇਹ ਇੱਕ ਉਹ ਇਤਿਹਾਸਕ ਕੜੀ ਹੈ ਜਿਸ ਦੇ ਪਿਛੋਕੜ ਵਿਚ ਜਾ ਕੇ ਅਸੀਂ ਆਪਣੀ ਕੌਮ ਨੂੰ ਕੁਝ ਗੱਲਾਂ ਅੱਜ ਯਾਦ ਕਰਵਾਉਣਾ ਚਾਹੁੰਦੇ ਹਾਂ। ਆਪਣੇ ਲੀਡਰਾਂ ਬਾਰੇ ਵੀ ਦੱਸਣਾ ਚਾਹੁੰਦੇ ਹਾਂ ਜਿਨ੍ਹਾਂ ਵਿੱਚੋਂ ਦੋ ਅਜੇ ਜਿਉਂਦੇ ਜਾਗਦੇ ਹਨ ਜਿਨ੍ਹਾਂ ਨੇ ਆਜ਼ਾਦੀ ਦੀ ਮੰਗ ਲਈ ਦਸਤਾਵੇਜ਼ਾਂ ਉੱਤੇ ਬਾਕਾਇਦਾ ਦਸਤਖ਼ਤ ਕੀਤੇ ਹਨ। ਇਨ੍ਹਾਂ ਵਿੱਚੋਂ ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਨ ਅਤੇ ਦੂਜੇ ਹਨ ਕੈਪਟਨ ਅਮਰਿੰਦਰ ਸਿੰਘ ਜੋ ਅੱਜ ਕੱਲ੍ਹ ਆਰਾਮ ਨਾਲ ਹੀ, ਮੌਜ ਨਾਲ ਹੀ ਕਹਿ ਰਹੇ ਹਨ ਕਿ ਖਾਲਿਸਤਾਨ ਕਿਸੇ ਦੀ ਵੀ ਮੰਗ ਨਹੀਂ । ਅਸੀਂ ਚੇਤੇ ਕਰਾਉਣਾ ਚਾਹੁੰਦੇ ਹਾਂ ਕਿ ਅਕਾਲ ਤਖ਼ਤ ਸਾਹਿਬ ਉੱਤੇ ਪਾਸ ਹੋਏ ਅੰਮ੍ਰਿਤਸਰ ਐਲਾਨਨਾਮੇ ਉੱਤੇ ਅਮਰਿੰਦਰ ਸਿੰਘ ਨੇ ਦਸਤਖਤ ਕੀਤੇ ਹਨ- ਇੱਕ ਅਜਿਹਾ ਐਲਾਨਨਾਮਾ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਜੇ ਭਾਰਤੀ ਸਟੇਟ ਆਜ਼ਾਦੀ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਹੀਂ ਕਰਦੀ ਤਾਂ ਸਿੱਖ ਪ੍ਰਭੂ ਸੰਪੰਨ ਸਿੱਖ ਸਟੇਟ ਦੀ ਮੰਗ ਕਰਨਗੇ। ਵਾਅਦੇ ਤਾਂ ਅਜੇ ਪੂਰੇ ਹੋਏ ਹੀ ਨਹੀਂ ,ਇਹ ਗੱਲ ਕੈਪਟਨ ਸਾਹਿਬ ਇਤਿਹਾਸਕਾਰ ਹੋਣ ਦੇ ਨਾਤੇ ਜਾਣਦੇ ਹੀ ਹਨ। ਪਰ ਕੀ ਹੁਣ ਕੈਪਟਨ ਸਾਹਿਬ ਦਸਤਖਤਾਂ ਮੁਤਾਬਿਕ ਪ੍ਰਭੂ ਸੰਪੰਨ ਸਿੱਖ ਸਟੇਟ ਦੀ ਜੱਦੋ ਜਹਿਦ ਵਿੱਚ ਸ਼ਾਮਿਲ ਹੋਣਗੇ ? ਉਨ੍ਹਾਂ ਨੂੰ ਕਿਵੇਂ ਤੇ ਕੌਣ ਜਵਾਬਦੇਹ ਬਣਾਏਗਾ? ਕੈਸੇ ਹਨ ਇਹ ਸਾਡੇ ਲੀਡਰ?

ਹੁਣ ਉਸ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਹਾਂ ਜਿਸ ਦੀ ਹਾਲਤ ਇਸ ਸਮੇਂ ਵਾਟਰਲੂ ਲੜਾਈ ਦੀ ਹਾਰ ਤੋਂ ਪਿੱਛੋਂ ਇਨਕਲਾਬ ਦੇ ਪੁੱਤਰ ਨੈਪੋਲੀਅਨ ਵਰਗੀ ਬਣੀ ਹੋਈ ਹੈ ਜੋ ਦੂਰ ਪਰੇ ਸਮੁੰਦਰ ਦੀ ਇੱਕ ਚੱਟਾਨ ਉੱਤੇ ਸੇਂਟ ਹਲੀਨਾ ਦੇ ਟਾਪੂ ਉੱਤੇ ਬਿਪਤਾ ਦੇ ਦਿਨ ਬਤੀਤ ਕਰ ਰਿਹਾ ਸੀ ।ਸਾਡੇ ਇਸ ਬਜ਼ੁਰਗ ਬਾਦਲ ਸਾਹਿਬ ਨੇ ਸਿੱਖ ਪੰਥ ਲਈ ਆਤਮ ਨਿਰਣੇ ਦੀ ਮੰਗ ਕਰਦਿਆਂ ਉਸ ਦਸਤਾਵੇਜ਼ ਉੱਤੇ ਦਸਤਖਤ ਕੀਤੇ ਹਨ ਜੋ ਦਸਤਾਵੇਜ਼ ਮੰਗ ਪੱਤਰ ਦੀ ਸ਼ਕਲ ਵਿੱਚ ਉਸ ਸਮੇਂ ਦੇ ਯੂ ਐਨ ਓ ਦੇ ਸਕੱਤਰ ਜਨਰਲ ਬੁਤਰਸ ਘਾਲੀ ਨੂੰ ਪੇਸ਼ ਕੀਤੀ ਗਈ ਸੀ।

ਦੋ ਦੋ ਪੰਥਕ ਸਨਮਾਨ ਹਾਸਲ ਕਰਨ ਵਾਲਾ ਇਹ ਆਗੂ ਉਮਰ ਦੇ ਆਖਰੀ ਵਰ੍ਹਿਆਂ ਵਿੱਚ ਆਪਣੇ ਜੱਦੀ ਪਿੰਡ ਵਿੱਚ ਹਰ ਰਾਤ ਸੌਣ ਵੇਲੇ ਇਸ ਸਵਾਲ ਦੇ ਸਨਮੁੱਖ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰਨ ਲਈ ਪਾਠ ਕਰਦੀ ਸ਼ਾਂਤਮਈ ਸੰਗਤ ਉੱਤੇ ਗੋਲੀ ਚਲਾਉਣ ਦਾ ਰਾਜ਼ ਖੋਲ੍ਹਾਂ ਕੇ ਨਾ ਖੋਲਾਂ? ਇਸ ਡਰਾਉਣੇ ਸਵਾਲ ਅੱਗੇ ਇਹ ਬਜ਼ੁਰਗ ਹਰ ਪਲ ਮਰਦਾ ਹੈ, ਹਰ ਪਲ ਜਿਊਂਦਾ ਹੈ ਪਰ ਇਹ ਵੀ ਕੋਈ ਜਿਊਣਾ ਹੈ? ਹੁਣ ਕੋਈ ਅਕਾਲੀ ਫੂਲਾ ਸਿੰਘ ਵਰਗਾ ਹੀ ਵੱਡੇ ਬਾਦਲ ਸਾਹਿਬ ਨੂੰ ਇਸ ਸਵਾਲ ਦਾ ਜਵਾਬ ਦੇਣ ਲਈ ਕਟਹਿਰੇ ਵਿੱਚ ਖੜ੍ਹਾ ਕਰ ਸਕਦਾ ਹੈ।

ਮੈਂ ਇੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਜ਼ਿਕਰ ਨਹੀਂ ਕਰ ਰਿਹਾ ਕਿਉਂਕਿ ਉਹ ਤਾਂ ਹਰ ਘੜੀ ਖਾਲਸਤਾਨ ਉੱਤੇ ਹੀ ਪਹਿਰਾ ਦੇ ਰਹੇ ਹਨ ਅਤੇ ਇਹੋ ਜਾਪਦਾ ਹੈ ਕਿ ਉਹ ਸਭ ਮੁਸ਼ਕਿਲਾਂ ਦੇ ਬਾਵਜੂਦ ਇਸ ਨਿਸ਼ਾਨੇ ਉੱਤੇ ਆਖਰੀ ਸਮੇਂ ਤੱਕ ਡਟੇ ਰਹਿਣਗੇ ।

ਜਦੋਂ ਮੈਂ ਰਿਫਰੈਂਡਮ 2020 ਦੀ ਗੱਲ ਕਰਦਾ ਹਾਂ ਤਾਂ ਯਾਦ ਆਉਂਦੇ ਹਨ ਨਾਮਧਾਰੀ ਸਿੰਘ ਅਤੇ ਭਾਈ ਮਹਾਰਾਜ ਸਿੰਘ ਜਿਨ੍ਹਾਂ ਨੇ 1849 ਤੋਂ ਪਿੱਛੋਂ ਖਾਲਸਾ ਰਾਜ ਦੀ ਬਹਾਲੀ ਲਈ ਯਤਨ ਕੀਤੇ ਤੇ ਸ਼ਹਾਦਤਾਂ ਦੇ ਜਾਮ ਪੀਤੇ ।

ਅਪਰੈਲ ਉੱਨੀ ਸੌ ਚਾਲੀ ਵਿੱਚ ਡਾਕਟਰ ਵੀਰ ਸਿੰਘ ਭੱਟੀ ਨੇ ਸਿੱਖ ਸਟੇਟ ਦਾ ਇਕ ਮਸੌਦਾ ਤਿਆਰ ਕੀਤਾ ਸੀ ਜਿਸ ਵਿੱਚ ਉਸ ਨੇ ਸਿੱਖ ਸਟੇਟ ਵਿੱਚ ਆਉਣ ਵਾਲੇ ਇਲਾਕਿਆਂ ਦਾ ਜ਼ਿਕਰ ਕੀਤਾ।

20.8.1944-ਆਲ ਪਾਰਟੀ ਸਿੱਖ ਕਾਨਫਰੰਸ ਨੇ ਬਕਾਇਦਾ ਇਕ ਮਤਾ ਪਾਸ ਕੀਤਾ ਕਿ ਸਿੱਖ ਸਟੇਟ ਦੀ ਸਥਾਪਨਾ ਕੀਤੀ ਜਾਵੇ।
2.10.1944 – ਗਿਆਨੀ ਸ਼ੇਰ ਸਿੰਘ ਨੇ ਸਿੱਖਾਂ ਨੂੰ ਕਿਹਾ ਕਿ ਉਹ ਸਿੱਖ ਸਟੇਟ ਦੀ ਮੰਗ ਲਈ ਤਿਆਰ ਰਹਿਣ ।

24.11.1944 – ਮੁਹੰਮਦ ਅਲੀ ਜਿਨਾਹ ਨੇ ਸਿੱਖ ਆਗੂਆਂ ਦੇ ਇਕ ਵਫਦ ਨੂੰ ਕਿਹਾ ਕਿ ਪਾਕਿਸਤਾਨ ਬਣਨ ਤੋਂ ਦੁਨੀਆ ਦੀ ਕੋਈ ਤਾਕਤ ਹੁਣ ਰੋਕ ਨਹੀਂ ਸਕੇਗੀ। ਇਸ ਲਈ ਸਿੱਖਾਂ ਨੂੰ ਵੀ ਹੁਣ ਸਿੱਖ ਸਟੇਟ ਦੀ ਮੰਗ ਕਰਨੀ ਚਾਹੀਦੀ ਹੈ।

15.7.1945 – ਮਾਸਟਰ ਤਾਰਾ ਸਿੰਘ ਨੇ ਮੰਗ ਕੀਤੀ ਕਿ ਇਸਰਾਈਲ ਦੀ ਤਰਜ਼ ਉੱਤੇ ਸਿੱਖ ਸਟੇਟ ਕਾਇਮ ਕੀਤੀ ਜਾਵੇ।

10.3.1946 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਸ ਕੀਤਾ ਕਿ ਸਿੱਖ ਸਟੇਟ ਕਾਇਮ ਕੀਤੀ ਜਾਵੇ।

21.3.1946 – ਅਕਾਲੀ ਦਲ ਨੇ ਇੱਕ ਮਤੇ ਰਾਹੀਂ ਆਜ਼ਾਦ ਸਿੱਖ ਰਾਜ ਦੀ ਮੰਗ ਕੀਤੀ।

25.3.1946 – ਨੈਸ਼ਨਲਿਜ਼ਮ ਸਿੱਖ ਕਾਨਫਰੰਸ ਨੇ ਸਿੱਖ ਸਟੇਟ ਦੀ ਮੰਗ ਕੀਤੀ ।

4.4.1946 – ਜਵਾਹਰ ਲਾਲ ਨਹਿਰੂ ਨੇ ਸਿੱਖਾਂ ਨੂੰ ਪ੍ਰਾਮਿਸ ਕੀਤਾ ਕੇ ਭਾਰਤ ਵਿੱਚ ਸਿੱਖਾਂ ਲਈ ਇੱਕ ਸੈਮੀ ਆਟੋਨੋਮਸ ਯੂਨਿਟ ਕਾਇਮ ਕੀਤਾ ਜਾਵੇਗਾ।

6.7.1946 – ਜਵਾਹਰਲਾਲ ਨਹਿਰੂ ਨੇ ਫਿਰ ਵਾਅਦਾ ਕੀਤਾ ਕਿ ਜੇ ਸਿੱਖ ਭਾਰਤ ਨਾਲ ਸ਼ਾਮਲ ਹੋਣਾ ਸਵੀਕਾਰ ਕਰ ਲੈਣ ਤਾਂ ਉਨ੍ਹਾਂ ਨੂੰ ਭਾਰਤ ਵਿੱਚ ਸਪੈਸ਼ਲ ਸਟੇਟਸ ਪ੍ਰਦਾਨ ਕੀਤਾ ਜਾਵੇਗਾ।

3.4.1947 – ਪਟੇਲ ਨੇ ਐਲਾਨ ਕੀਤਾ ਕਿ ਆਜ਼ਾਦੀ ਤੋਂ ਪਿੱਛੋਂ ਸਿੱਖਿਸਤਾਨ ਕਾਇਮ ਕਰ ਦਿੱਤਾ ਜਾਵੇਗਾ।

29 ਅਪਰੈਲ 1986 ਨੂੰ ਪੰਥਕ ਕਮੇਟੀ ਨੇ ਦਰਬਾਰ ਸਾਹਿਬ ਪਰਿਕਰਮਾ ਤੋਂ ਪ੍ਰਭੂ ਸੰਪੰਨ ਸਿੱਖ ਸਟੇਟ ਦਾ ਐਲਾਨ ਕੀਤਾ ।
(ਇਹ ਅੰਕੜੇ sikh reference bookਵਿਚੋਂ ਲਏ ਗਏ ਹਨ)

ਰਫਰੈਂਡਮ 2020 ਵੀ ਆਜ਼ਾਦੀ ਦੀ ਜੱਦੋ ਜਹਿਦ ਵਿੱਚ ਇੱਕ ਅਜਿਹਾ ਪੜਾਅ ਹੈ ਜਦੋਂ ਕਰੋਨਾ- ਵਰਤਾਰੇ ਵਿੱਚ ਲੋੜਵੰਦਾਂ ਲਈ ਲੰਗਰਾਂ ਦੇ ਪ੍ਰਬੰਧ ਨਾਲ ਸਿੱਖ ਸਾਰੀ ਦੁਨੀਆਂ ਵਿੱਚ ਸਤਿਕਾਰ ਦਾ ਪਾਤਰ ਬਣ ਗਏ ਅਤੇ ਸੱਤਾ ਦੇ ਵਰਾਂਡਿਆਂ ਵਿੱਚ ਸਿੱਖ ਕੌਮ ਦੀਆਂ ਗੱਲਾਂ ਹੋਣ ਲੱਗੀਆਂ। ਹੁਣ ਇਸ ਵੱਡੇ ਸਤਿਕਾਰ ਨੂੰ ਪੁਲੀਟੀਕਲ ideology ਵਿੱਚ ਟਰਾਂਸਫਾਰਮ ਕਰਕੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਜਾਵੇ ਕਿ ਉਹ ਆਜ਼ਾਦੀ ਦੇ ਵਿਸ਼ੇ ਤੇ ਸਿੱਖ ਆਗੂਆਂ ਨੂੰ ਗੱਲਬਾਤ ਦਾ ਸੱਦਾ ਦੇਣ, ਜਿਸ ਵਿੱਚ ਸਰਦਾਰ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਸ਼ਾਮਿਲ ਕੀਤਾ ਜਾਵੇ।

ਆਖਰਕਾਰ ਇਸ ਧਰਤੀ ਉੱਤੇ ਪੂਰੇ ਦਸ ਸਾਲ ਖਾਲਿਸਤਾਨ ਲਈ ਸੰਘਰਸ਼ ਕੀਤਾ ਗਿਆ ਹੈ। ਉਹ ਨਿਸ਼ਾਨਾ ਅਜੇ ਵੀ ਸਿੱਖਾਂ ਦੇ ਅਵਚੇਤਨ ਅਤੇ ਚੇਤਨ ਵਿੱਚ ਉੱਸਲਵੱਟੇ ਲੈ ਰਿਹਾ ਹੈ। ਕਿਉਂਕਿ ਹਜ਼ਾਰਾਂ ਸਿੱਖ ਇਸ ਨਿਸ਼ਾਨੇ ਲਈ ਸ਼ਹੀਦ ਹੋਏ, ਫਾਂਸੀ ਦੇ ਰੱਸਿਆਂ ਨੂੰ ਚੁੰਮਿਆ, ਘਰ ਘਾਟ ਬਰਬਾਦ ਹੋਏ,ਲਹਿ ਲਹਾਉਂਦੀਆਂ ਫ਼ਸਲਾਂ ਨੂੰ ਤਬਾਹ ਕਰ ਦਿੱਤਾ ਗਿਆ ਅਤੇ ਅਜੇ ਵੀ ਦਰਜਨਾਂ ਸਿੱਖ ਜੇਲ੍ਹਾਂ ਵਿੱਚ ਨਜ਼ਰਬੰਦ ਹਨ। ਅਤੇ ਹਰ ਦੂਜੇ ਤੀਜੇ ਦਿਨ ਨੌਜਵਾਨਾਂ ਉੱਤੇ ਝੂਠੇ ਕੇਸ ਬਣਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ ।

ਇੱਥੇ ਇਹ ਵੀ ਚੇਤੇ ਕਰਾਇਆ ਜਾਂਦਾ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦੇ ਪੰਜ ਸੌ ਪੰਜਾਹ ਸਾਲਾਂ ਦੇ ਜਸ਼ਨਾਂ ਮੌਕੇ ਸੁਲਤਾਨਪੁਰ ਲੋਧੀ ਵਿਖੇ ਹੋਏ ਇਕ ਵਿਸ਼ੇਸ਼ ਸਮਾਗਮ ਵਿਚ ਪ੍ਰਭੂਸਤਾ ਸੰਪੰਨ ਸਿੱਖ ਸਟੇਟ ਅਤੇ ਹੋਰ ਮੁੱਦਿਆਂ ਉੱਤੇ ਦੁਨੀਆਂ ਭਰ ਦੇ ਸਿੱਖਾਂ ਨੂੰ ਅਤੇ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਸੀ। ਫਿਰ ਰਫਰੈਂਡਮ ਵੀ ਉਸੇ ਹੀ ਬਹਿਸ ਦਾ ਇੱਕ ਹਿੱਸਾ ਹੈ ਜਿਸ ਵਿੱਚ ਸਿੱਖ ਪੰਥ ਨੂੰ ਪੁਰ ਅਮਨ ਰਹਿ ਕੇ ਆਪਣੇ ਵਿਚਾਰ ਰੱਖਣੇ ਚਾਹੀਦੇ ਹਨ। ਭਾਰਤ ਜੋ ਹਰ ਰੋਜ਼ ਇਹ ਦਾਅਵਾ ਕਰਦਾ ਹੈ ਕਿ ਉਹ ਜਮਹੂਰੀਅਤ ਦਾ ਵਡਾ ਥੰਮ੍ਹ ਹੈ ਅਤੇ ਜੇ ਇਹ ਸਚ ਹੈ ਤਾਂ ਉਸ ਨੂੰ ਆਜ਼ਾਦੀ ਦੇ ਮੁੱਦੇ ਤੇ ਵਿਚਾਰ ਪਰਗਟ ਕਰਨ ਦੀ ਖੁੱਲ ਦੇਣੀ ਚਾਹੀਦੀ ਹੈ ਅਤੇ ਪੰਨੂ ਸਾਹਿਬ ਸਮੇਤ ਸਿੱਖ ਆਗੂਆਂ ਨੂੰ ਸਤਿਕਾਰ ਸਹਿਤ ਗਲ ਬਾਤ ਕਰਨ ਦਾ ਖੁੱਲ੍ਹਾ ਸੱਦਾ ਦੇਣਾ ਚਾਹੀਦਾ ਹੈ।

- Advertisement -spot_img

More articles

- Advertisement -spot_img

Latest article