4ਯੂ.ਪੀ. ’ਚ ਹੋਏ ਬਰਬਰ ਹਾਥਰਸ ਗੈਂਗ ਰੇਪ ਨੂੰ ਅਜੇ ਇੱਕ ਮਹੀਨਾ ਵੀ ਨਹੀਂ ਬੀਤਿਆ ਕਿ ਰੂਹ ਝਿੰਜੋੜ ਦੇਣ ਵਾਲ਼ੀ ਇੱਕ ਹੋਰ ਘਟਨਾ ਸਾਡੇ ਸਾਹਮਣੇ ਹੈ। 4 ਜਨਵਰੀ ਨੂੰ ਯੂ.ਪੀ. ਦੇ ਬਦਾਂਯੂ ਜ਼ਿਲ੍ਹੇ ਦੇ ਪਿੰਡ ’ਚ 50 ਸਾਲਾ ਆਂਗਨਵਾੜੀ ਔਰਤ ਮਜ਼ਦੂਰ ਨਾਲ਼ ਮੰਦਰ ਦੇ ਪੁਜਾਰੀ ਸੱਤਿਆ ਨਰਾਇਣ, ਚੇਲਾ ਵੇਦਰਾਮ ਤੇ ਡਰਾਈਵਰ ਜਸਪਾਲ ਵੱਲੋਂ ਸਮੂਹਿਕ ਬਲਾਤਕਾਰ ਕੀਤੇ ਜਾਣ ਦੀ ਇੱਕ ਹੋਰ ਮੰਦਭਾਗੀ ਘਟਨਾ ਵਾਪਰੀ। ਇਸ ਕਾਰੇ ਦੇ ਪਸ਼ੂਪੁਣੇ ਨੂੰ ਬਿਆਨ ਕਰਦੀ ਪੋਸਟਪਾਰਮ ਦੀ ਰਿਪੋਰਟ ’ਚ ਔਰਤ ਦੇ ਗੁਪਤ ਅੰਗ ’ਚ ਰਾਡ ਜਿਹੀ ਚੀਜ ਧੱਕੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਡਾਕਟਰ ਯਸ਼ਪਾਲ ਸਿੰਘ ਦਾ ਕਹਿਣਾ ਹੈ ਕਿ ਔਰਤ ਦੀ ਮੌਤ ਸਦਮੇ ਤੇ ਜ਼ਿਆਦ ਖੂਨ ਵਹਿਣ ਨਾਲ਼ ਹੋਈ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਘਟਨਾ ’ਤੇ ਫੌਰੀ ਕਾਰਵਾਈ ਕਰਨ ਦੀ ਥਾਂ, ਸ਼ਿਕਾਇਤ ਵੀ 44 ਘੰਟੇ ਮਗਰੋਂ ਦਰਜ ਕੀਤੀ ਗਈ। ਹਾਥਰਸ ਮਾਮਲੇ ’ਚ ਪੁਲਿਸ ਦੀ ਕਰਤੂਤ ਨੂੰ ਵੇਖਦਿਆਂ ਇਸ ਮਾਮਲੇ ’ਚ ਪ੍ਰਸ਼ਾਸਨ ਤੋਂ ਇਨਸਾਫ ਦੀ ਉਮੀਦ ਰੱਖਣਾ ਖਾਮਖਿਆਲੀ ਹੈ।

ਭਾਰਤ ’ਚ ਇਹ ਘਟਨਾਵਾਂ ਤੇਜੀ ਨਾਲ਼ ਵਧ ਰਹੀਆਂ ਨੇ, ਔਰਤਾਂ ਵਿਰੁੱਧ ਹੁੰਦੇ ਅਪਰਾਧਾਂ ’ਚ ਸਾਡਾ ਦੇਸ਼ ਸਭ ਤੋਂ ਮੋਹਰੀ ਹੈ। ‘ਕੌਮੀ ਅਪਰਾਧ ਰਿਕਾਰਡ ਬਿਊਰੋ’ ਦੀ ਰਿਪੋਰਟ ਮੁਤਾਬਕ ਯੂ.ਪੀ. ਤੇ ਰਾਜਸਥਾਨ ਭਾਰਤ ਵਿੱਚ ਔਰਤਾਂ ਲਈ ਸਭ ਤੋਂ ਵੱਧ ਵਹਿਸ਼ੀ ਸੂਬੇ ਹਨ। ਸਾਰੇ ਭਾਰਤ ਵਿੱਚੋਂ 15 ਫੀਸਦੀ ਔਰਤ ਵਿਰੋਧੀ ਮਾਮਲੇ ਕੱਲੇ ਯੂ.ਪੀ. ’ਚ ਹੀ ਹੁੰਦੇ ਨੇ। 2015 ਤੋਂ 2019 ਤੱਕ ਯੂ.ਪੀ. ’ਚ ਔਰਤਾਂ ਵਿਰੁੱਧ ਅਪਰਾਧਾਂ ’ਚ 66 ਫੀਸਦੀ ਦਾ ਵਾਧਾ ਹੋਇਆ ਹੈ। ਯੂ.ਪੀ. ਵਿੱਚ 2019 ’ਚ ਹੀ 3065 ਮਾਮਲੇ ਸਾਮਹਣੇ ਆਏ ਹਨ। ਇਹ ਉਹੀ ਯੂ.ਪੀ. ਹੈ ਜਿੱਥੇ ਕੁਲਦੀਪ ਸੈਂਗਰ ਤੇ ਚਿੰਮਿਆਨੰਦ ਜਿਹੇ ਬਲਾਤਕਾਰੀਆਂ ਦੇ ਰਿਹਾਅ ਹੋਣ ’ਤੇ ਖੁਸ਼ੀਆਂ ਮਨਾਈਆਂ ਗਈਆਂ ਸੀ। ਯੋਗੀ ਦਾ ‘ਰਾਮਰਾਜ’ ਔਰਤਾਂ ਲਈ ਵਹਿਸ਼ੀ ਹੈ, ਯੋਗੀ ਜਿਸ ਰਾਮ ਰਾਜ ਦੀ ਗੱਲ ਕਰਦਿਆਂ ਆਪਣੇ ਭਾਸ਼ਣ ’ਚ ਕਹਿੰਦਾ ਹੈ ਕਿ ਜੇ ਉਹ (ਮੁਸਲਮਾਨ) ਇੱਕ ਹਿੰਦੂ ਕੁੜੀ ਨੂੰ ਲੈਕੇ ਜਾਣਗੇ ਤਾਂ ਅਸੀਂ 100 ਮੁਸਲਿਮ ਕੁੜੀਆਂ ਦਾ ਕਬਰਾਂ ’ਚੋਂ ਕੱਢ ਕੇ ਬਲਾਤਕਾਰ ਕਰਾਂਗੇ ਤੇ ਇੱਕ ਹੋਰ ਥਾਂ ਉਹਨੇ ਕਿਹਾ ਕਿ ਔਰਤਾਂ ਨੂੰ ਅਜ਼ਾਦੀ ਦੀ ਨਹੀਂ, ਸੁਰੱਖਿਆ ਦੀ ਲੋੜ ਹੈ, ਇਹ ਸੁਰੱਖਿਆ ਉਹਨੂੰ ਪਿਤਾ, ਪਤੀ ਤੇ ਪੁੱਤ ਹੀ ਦੇ ਸਕਦਾ ਹੈ, ਇਸਤੋਂ ਹੀ ਔਰਤ ਮਜ਼ਬੂਤ ਹੁੰਦੀ ਹੈ ਤੇ ਇੱਕ ਤਕੜੇ ਪੁੱਤ ਨੂੰ ਜਨਮ ਦੇ ਸਕਦੀ ਹੈ। ਔਰਤਾਂ ਨੂੰ ਵੀ ਇੱਕ ਮਨੁੱਖ ਵਜੋਂ ਵਿਚਰਨ ਦੀ ਅਜ਼ਾਦੀ ਦੀ ਗੱਲ ਕਰਨਾ ਉੱਥੇ ਸਜਾ ਹੈ। ਰੋਮੀਓ ਸੁਕੈਡ ਜਿਹੇ ਔਰਤਾਂ ਦੀ ਸੁਰੱਖਿਆ ਲਈ ਗੁੰਡਾ ਗੈਂਗ ਬਣਾਉਣੇ ਸਾਨੂੰ ਚਿਤਾਉਂਦੇ ਨੇ ਕਿ ਯੋਗੀ ਦਾ ‘ਰਾਮਰਾਜ’ ਔਰਤਾਂ ਨੂੰ ਮੁੜ ਪੂਰੀ ਤਰ੍ਹਾਂ ਗੁਲਾਮ ਬਣਾਉਣ ਦੀ ਤਿਆਰੀ ਹੈ। ਅਜਿਹੇ ਬਲਾਤਕਾਰੀਆਂ ਦੀ ਪਾਰਟੀ ਤੋਂ ਅਸੀਂ ਇਸੇ ਤਰ੍ਹਾਂ ਦੇ ਰਾਜ ਦੀ ਉਮੀਦ ਕਰ ਸਕਦੇ ਹਾਂ।
ਇੱਕ ਹੋਰ ਕਾਰਨ ਜਿਸ ’ਤੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਉਹ ਇਹ ਹੈ ਕਿ ਅੱਜ ਔਰਤ ਵੀ ਹੋਰਾਂ ਖਾਣ, ਪਹਿਨਣ ਦੀਆਂ ਚੀਜਾਂ ਵਾਂਗ ਮੁਨਾਫਾ ਕਮਾਉਣ ਦੀ ਮੰਡੀ ਹੈ। ਔਰਤ ਦੇ ਜਿਸਮ ਦੀ ਵੀ ਕਿਸੇ ਮੇਜ ਕੁਰਸੀ ਵਾਂਗ ਮੰਡੀ ’ਚ ਨੁਮਾਇਸ਼ ਲਾਈ ਜਾਂਦੀ ਹੈ। ਤੁਸੀਂ ਸੜਕਾਂ ’ਤੇ ਲੱਗੇ ਇਸ਼ਤਿਹਾਰ, ਟੀ.ਵੀ. ’ਤੇ ਸਾਬਣ ਸ਼ੈਂਪੂ ਦੀਆਂ ਮਸ਼ਹੂਰੀਆਂ, ਫਿਲਮਾਂ-ਗੀਤਾਂ ’ਚ ਵੇਖ ਲਵੋ ਔਰਤਾਂ ਨੂੰ ਇੱਕ ਭੋਗਣ ਵਾਲ਼ੀ ਵਸਤੂ ਬਣਾ ਕੇ ਮੁਨਾਫਾ ਕਮਾਇਆ ਜਾ ਰਿਹਾ ਹੈ। ਸੈਕਰੇਡ ਗੇਮਜ ਤੇ ਮਿਰਜਾਪੁਰ ਜਿਹੀਆਂ ਵੇਬ ਸੀਰੀਜ ’ਚ ਵੀ ਔਰਤਾਂ ਨਾਲ਼ ਸਰੀਰਕ ਸਬੰਧਾਂ ਦੇ ਦਿ੍ਰਸ਼ਾਂ ਨੂੰ ਵਹਿਸ਼ੀ ਢੰਗ ਨਾਲ਼ ਪੇਸ਼ ਕਰਕੇ ਮਨੁੱਖ ਨੂੰ ਐਨਾ ਅਣਮਨੁੱਖੀ ਬਣਾ ਰਹੇ ਹਨ ਕਿ ਉਹ ਸਾਡੇ ਸਮਾਜ ’ਚ ਬਲਾਤਕਾਰੀ ਸੱਭਿਆਚਾਰ ਨੂੰ ਹੱਲਾਸ਼ੇਰੀ ਦੇ ਰਹੀਆਂ ਹਨ। ਇਹ ਸੱਭਿਆਚਾਰ ਮਨੁੱਖ ਨੂੰ ਐਨਾ ਨਿਘਾਰ ਰਿਹਾ ਹੈ ਕਿ ਉਹ ਹਲ਼ਕੇ ਕੁੱਤੇ ਵਾਂਗ ਔਰਤ ਨੂੰ ਵੇਖਦੇ ਸਾਰ ਹੀ ਉਸਦੇ ਸਰੀਰ ਨੂੰ ਨੋਚਣਾ ਸ਼ੁਰੂ ਕਰ ਦਿੰਦਾ ਹੈ। ਸਾਨੂੰ ਇਸ ਘਿਨਾਉਣੇ ਅਪਰਾਧ ਨੂੰ ਨੱਥ ਪਾਉਣ ਲਈ ਸਰਕਾਰਾਂ ਤੋਂ ਆਸ ਛੱਡ ਕੇ ਆਪ ਹੰਭਲ਼ੇ ਮਾਰਨੇ ਪੈਣਗੇ। ਜੇ ਅਸੀਂ ਚਾਹੁੰਦੇ ਹਾਂ ਕਿ ਔਰਤਾਂ ਲਈ ਬਿਨਾ ਡਰ ਤੋਂ ਦਿਨ ਚੜੇ੍ਹ ਤੇ ਬਿਨਾਂ ਸਹਿਮ ਦੇ ਰਾਤ ਗੁਜਰੇ ਤੇ ਜੇ ਅਸੀਂ ਚਹੁੰਦੇ ਹਾਂ ਕਿ ਇਸ ਵਹਿਸ਼ਤ ਨੂੰ ਰੋਕਿਆ ਜਾਵੇ ਤਾਂ ਸਾਨੂੰ ਇਸ ਮੁਨਾਫੇ ਦੀ ਦੌੜ ’ਚ ਲੱਗੇ ਸਮਾਜ ਨੂੰ ਜਥੇਬੰਦ ਹੋ ਕੇ ਬਦਲਣ ਲਈ ਅੱਗੇ ਆਉਣਾ ਪਵੇਗਾ।
•ਬਿੰਨੀ
“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 9, ਅੰਕ 23 – 16 ਤੋਂ 31 ਜਨਵਰੀ 2021 ਵਿੱਚ ਪਰ੍ਕਾਸ਼ਿਤ