ਲੰਘੇ ਦਿਨੀਂ ਅਮਰੀਕਾ ਦੇ ਤੱਟੀ ਸੁਰੱਖਿਆ ਜਹਾਜ਼ ਨੇ ਚਿਤਾਵਨੀ ਦੇ ਤੌਰ ’ਤੇ ਈਰਾਨੀ ਕਿਸ਼ਤੀਆਂ ’ਤੇ 30 ਗੋਲ਼ੀਆਂ ਦਾਗੀਆਂ। ਅਮਰੀਕੀ ਸਮੁੰਦਰੀ ਜਹਾਜ਼ ‘ਹਰਮੂਜ਼ ਜਲਡਮਰੂ’ ਵਿੱਚ ਖੜ੍ਹਾ ਸੀ। ਈਰਾਨ ਦੀਆਂ 13 ਤੇਜ਼ ਰਫ਼ਤਾਰ ਬੇੜੀਆਂ ਸਮੁੰਦਰੀ ਜਹਾਜ਼ ਤੋਂ 140 ਮੀਲ ਦੀ ਦੂਰੀ ’ਤੇ ਪਹੁੰਚ ਗਈਆਂ ਸਨ। ਪੈਂਟਾਗਨ ਮੁਤਾਬਕ ਅਮਰੀਕੀ ਜਹਾਜ਼ ਦੇ ਇੰਨਾ ਨੇੜੇ ਤੱਕ ਬੇੜੀਆਂ ਦੀ ਗਸ਼ਤ ਈਰਾਨ ਵੱਲੋਂ ਕੀਤੀ ਜਾਣ ਵਾਲ਼ੀ ਹਮਲਾਵਰ ਕਾਰਵਾਈ ਹੈ। ਇਹ ਕਾਰਵਾਈ 15 ਦਿਨਾਂ ਵਿੱਚ ਦੋ ਵਾਰ ਹੋਈ ਹੈ। ਅਮਰੀਕਾ ਇਸ ਖੇਤਰ ਵਿੱਚ ਮਿਜ਼ਾਈਲਾਂ ਨਾਲ਼ ਲੈਸ ਪਣਡੁੱਬੀ ਖੜ੍ਹੀ ਕਰ ਰਿਹਾ ਸੀ। ਅਮਰੀਕਾ ਦੇ ਹਿਸਾਬ ਨਾਲ਼ ਇਹ ਹਮਲਾਵਰ ਕਾਰਵਾਈ ਨਹੀਂ ਹੈ। ਇੱਥੇ ਖ਼ਤਰੇ ਵਾਲੀ ਗੱਲ ਇਹ ਹੈ ਕਿ ਜੇ ਇਸ ਖਿੱਤੇ ਵਿਚ ਅਮਰੀਕਾ ਤੇ ਈਰਾਨ ਦਾ ਝਗੜਾ ਵਧਦਾ ਹੈ ਤਾਂ ਈਰਾਨ ਹਰਮੂਜ਼ ਜਲਡਮਰੂ ਨੂੰ ਬੰਦ ਕਰ ਸਕਦਾ ਹੈ। ਇਹ ਇੱਕ ਐਸਾ ਸਮੁੰਦਰੀ ਮਾਰਗ ਹੈ ਜਿੱਥੋਂ ਸੰਸਾਰ ਦੇ 30 ਫ਼ੀਸਦੀ ਤੇਲ ਦੀ ਢੋਆ-ਢੁਆਈ ਹੁੰਦੀ ਹੈ। ਇਸ ਦੇ ਬੰਦ ਹੋਣ ਦੀ ਸੂਰਤ ਵਿੱਚ ਕੌਮਾਂਤਰੀ ਤੇਲ ਸੰਕਟ ਖੜ੍ਹਾ ਹੋ ਸਕਦਾ ਹੈ। ਇਸ ਤੋਂ ਬਿਨ੍ਹਾਂ ਇੱਥੇ ਪੈਦਾ ਹੋਈ ਭੜਕਾਹਟ ਸੀਰੀਆ, ਯਮਨ ਅਤੇ ਮੱਧ ਪੂਰਬ ਦੇ ਹੋਰ ਧੁਖਦੇ ਖਿੱਤਿਆਂ ਵਿੱਚ ਵੀ ਅੱਗ ਭੜਕਾ ਸਕਦੀ ਹੈ। ਉਂਝ ਵੀ ਇਰਾਕ ’ਤੇ ਅਮਰੀਕੀ ਹਮਲੇ ਤੋਂ ਬਾਅਦ ਮੱਧ ਪੂਰਬ ਦੇ ਦੇਸ਼ਾਂ ਨੇ ਅਮਨ ਸ਼ਾਂਤੀ ਦਾ ਮੂੰਹ ਨਹੀਂ ਵੇਖਿਆ ਹੈ। 2011 ਦੀ ਅਰਬ ਬਹਾਰ ਨਾਂ ਦੀ ਲਹਿਰ ਵੇਲੇ ਪੈਦਾ ਹੋਇਆ ਲੋਕ ਉਭਾਰ ਇਸ ਖਿੱਤੇ ਵਿੱਚ ਕੰਮ ਕਰ ਰਹੀਆਂ ਸੰਸਾਰ ਸਰਮਾਏ ਦੀਆਂ ਸਾਜਿਸ਼ੀ ਨੀਤੀਆਂ ਨੂੰ ਮੋੜਾ ਨਹੀਂ ਪਾ ਸਕਿਆ ਸੀ। ਮਨੁੱਖੀ ਇਤਿਹਾਸ ਦੀਆਂ ਮਹਾਨ ਸੱਭਿਅਤਾਵਾਂ ਵਾਲ਼ਾ ਇਹ ਖਿੱਤਾ, ਇੱਥੋਂ ਦੇ ਜ਼ਿਆਦਾਤਰ ਦੇਸ਼ਾਂ ਦੀਆਂ ਪਿਛਾਂਹ ਖਿੱਚੂ ਸਰਕਾਰਾਂ ਅਤੇ ਸਾਮਰਾਜੀ ਖਹਿਭੇੜ ਦੀ ਪ੍ਰਯੋਗਸ਼ਾਲਾ ਬਣ ਗਿਆ ਹੈ।
ਊਰਜਾ ਦੇ ਵੱਡੇ ਸਰੋਤ ਤੇਲ ’ਤੇ ਕਬਜ਼ੇ ਵਾਸਤੇ ਸਾਮਰਾਜੀ ਸਾਜ਼ਿਸ਼ਾਂ ਅਤੇ ਜੰਗਾਂ ਯੁੱਧਾਂ ਦਾ ਇਤਿਹਾਸ ਇੱਕ ਵੱਖਰਾ ਵਿਸ਼ਾ ਹੈ। ਇਸ ਲੇਖ ਵਿੱਚ ਅਸੀਂ ਈਰਾਨ ਅਮਰੀਕੀ ਖਿੱਚੋਤਾਣ ਪਿੱਛੇ ਕੰਮ ਕਰ ਰਹੇ ਦੇਸ਼ੀ-ਵਿਦੇਸ਼ੀ ਸਰਮਾਏ ਦੇ ਪ੍ਰਭੂਆਂ ਦੇ ਹਵਾਲੇ ਨਾਲ਼ ਸੰਖੇਪ ਜਿਹੀ ਗੱਲ ਰੱਖਾਂਗੇ। ਪਿਛਲੇ ਦਿਨੀਂ ਬੇਕਸੂਰ ਫਲਸਤੀਨੀ ਆਬਾਦੀ ’ਤੇ ਇਜ਼ਰਾਈਲ ਦੇ ਵਹਿਸ਼ੀ ਹਮਲਿਆਂ ਦੀਆਂ ਕਹਾਣੀਆਂ ਸਾਰੇ ਸੰਸਾਰ ਨੇ ਵੇਖੀਆਂ ਹਨ। ਗੋਲ਼ੀ ਬਰੂਦ ਦੇ ਪੱਖੋਂ ਨਾ ਬਰਾਬਰੀ ਦੀ ਇਹ ਜੰਗ ਆਪਣੀ ਮੁਕਤੀ ਲਈ ਜੂਝ ਰਹੇ ਬਹਾਦਰ ਫਲਸਤੀਨੀ ਲੋਕਾਂ ਦੀ ਹਿੰਮਤ ਨੂੰ ਤੋੜ ਨਹੀਂ ਸਕੀ ਹੈ। ਇਜ਼ਰਾਈਲ ਇਸ ਖਿੱਤੇ ਵਿਚ ਅਮਰੀਕੀ ਸਾਮਰਾਜ ਲਈ ਥਾਣੇਦਾਰੀ ਦਾ ਕੰਮ ਕਰਦਾ ਹੈ। ਦੁਨੀਆਂ ਭਰ ਵਿੱਚ ਜਮਹੂਰੀਅਤ ਅਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲ਼ੇ ਅਮਰੀਕਾ ਦੀ ਸ਼ਹਿ ਅਤੇ ਹਥਿਆਰਾਂ ਦੀ ਮਦਦ ਨਾਲ਼ ਇਜ਼ਰਾਈਲ ਵੱਲੋਂ ਫਲਸਤੀਨੀ ਅਬਾਦੀ ਦਾ ਕਤਲੇਆਮ ਜਮਹੂਰੀ ਅਤੇ ਮਨੁੱਖੀ ਹੱਕਾਂ ਦੇ ਘਾਣ ਦੀ ਸ਼ਰਮਨਾਕ ਕਾਰਵਾਈ ਹੈ। ਵਿਸ਼ੇ ਤੋਂ ਭਟਕਾਅ ਲਈ ਖਿਮਾ। ਪਰ ਇਜ਼ਰਾਈਲ ਦੀ ਭੂਮਿਕਾ ਨੂੰ ਸਮਝੇ ਬਗ਼ੈਰ ਇਸ ਖਿੱਤੇ ਦੇ ਹਾਲਾਤ ਸਮਝਣੇ ਸੰਭਵ ਨਹੀਂ ਹਨ। 11 ਜੂਨ 2021 ਦੀ ਖ਼ਬਰ ਵਿੱਚ ਬਦਨਾਮ ਇਜ਼ਰਾਈਲੀ ਖੁਫੀਆ ਏਜੰਸੀ ‘ਮੋਸਾਦ’ ਦੇ ਸੇਵਾਮੁਕਤ ਹੋ ਰਹੇ ਮੁਖੀ ‘ਕੋਹੇਨ’ ਨੇ ਕਿਹਾ ਹੈ ਕਿ ਈਰਾਨ ਦੇ ਨਾਭਕੀ ਅੱਡਿਆਂ ’ਤੇ ਹਮਲੇ ‘ਮੋਸਾਦ’ ਦੀ ਕਾਰਵਾਈ ਸਨ। ਉਸ ਨੇ ਇਹ ਵੀ ਮੰਨਿਆ ਕਿ ਈਰਾਨ ਦੇ ਪ੍ਰਮਾਣੂ ਵਿਗਿਆਨੀ ਦਾ ਕਤਲ ਵੀ ਉਨ੍ਹਾਂ ਨੇ ਹੀ ਕੀਤਾ ਸੀ। ਨਵੰਬਰ 2020 ਵਿੱਚ ਕਤਲ ਕੀਤੇ ਜਾਣ ਵਾਲ਼ਾ ਪਰਮਾਣੂ ਵਿਗਿਆਨੀ ਮੋਹਸਿਨ ਫਖਰੀ ਜਾਦੇਹ ਈਰਾਨ ਵਿਚ ਪਰਮਾਣੂ ਪ੍ਰੋਗਰਾਮ ਸ਼ੁਰੂ ਕਰਨ ਵਾਲ਼ਾ ਵਿਗਿਆਨੀ ਸੀ। ਮੋਸਾਦ ਨੇ ਪ੍ਰਮਾਣੂ ਪ੍ਰੋਗਰਾਮ ਨਾਲ਼ ਸਬੰਧਤ ਹੋਰ ਵਿਗਿਆਨੀਆਂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। 7 ਜੁਲਾਈ 2020 ਨੂੰ ਈਰਾਨ ਦੇ ਨਤਾਂਜ ਸ਼ਹਿਰ ਵਿੱਚ ਸਥਾਪਤ ਪ੍ਰਮਾਣੂ ਅੱਡੇ ਦੇ ਭੂਮੀਗਤ ਹਾਲ ਵਿੱਚ ਧਮਾਕਾ ਹੋਇਆ ਸੀ। ਇਜ਼ਰਾਈਲੀ ਖੁਫ਼ੀਆ ਸੰਸਥਾ ਦੇ ਏਜੰਟਾਂ ਨੇ ਪ੍ਰਮਾਣੂ ਪ੍ਰਯੋਗਾਂ ਨਾਲ਼ ਸਬੰਧਤ ਈਰਾਨ ਦੇ ਗੁਪਤ ਦਸਤਾਵੇਜ਼ ਵੀ ਚੋਰੀ ਕੀਤੇ ਸਨ।
ਪਾਠਕਾਂ ਨੂੰ ਯਾਦ ਹੋਵੇਗਾ ਕਿ ਅਮਰੀਕਾ ਲਗਾਤਾਰ ਈਰਾਨ ਦਾ ਪ੍ਰਮਾਣੂ ਪ੍ਰੋਗਰਾਮ ਬੰਦ ਕਰਵਾਉਣ ਲਈ ਦਬਾਅ ਪਾਉਂਦਾ ਆ ਰਿਹਾ ਹੈ। ਅਮਰੀਕਾ ਵੱਲੋਂ ਈਰਾਨ ਦੀ ਆਰਥਿਕ ਨਾਕਾਬੰਦੀ ਦਾ ਲੰਬਾ ਇਤਿਹਾਸ ਹੈ। ਪਰ 2015 ਵਿੱਚ ਅਮਰੀਕਾ-ਈਰਾਨ ਪ੍ਰਮਾਣੂ ਹਥਿਆਰਾਂ ਸਬੰਧੀ ਇੱਕ ਸਮਝੌਤੇ ਤਹਿਤ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ ਸੀ। 2018 ਵਿੱਚ ਰਾਸ਼ਟਰਪਤੀ ਟਰੰਪ ਇਸ ਸਮਝੌਤੇ ਤੋਂ ਮੁੱਕਰ ਗਿਆ ਸੀ। ਅਮਰੀਕਾ ਅਤੇ ਇਜ਼ਰਾਈਲ ਕਹਿ ਰਹੇ ਸਨ ਕਿ ਈਰਾਨ ਖਤਰਨਾਕ ਪ੍ਰਮਾਣੂ ਹਥਿਆਰ ਬਣਾ ਰਿਹਾ ਹੈ। ਜਦੋਂ ਕਿ ਈਰਾਨ ਦਾ ਪੱਖ ਸੀ ਕਿ ਉਸ ਦਾ ਪ੍ਰਮਾਣੂ ਪ੍ਰੋਗਰਾਮ ਸ਼ਾਂਤਮਈ ਮਕਸਦਾਂ ਲਈ ਹੈ। ਈਰਾਨ ਇਸ ਵਾਸਤੇ ਆਈ.ਏ.ਈ.ਏ. (ਕੌਮਾਂਤਰੀ ਐਟਮੀ ਊਰਜਾ ਏਜੰਸੀ) ਵੱਲੋਂ ਨਿਰੀਖਣ ਵਾਸਤੇ ਸਹਿਯੋਗ ਕਰਨ ਲਈ ਵੀ ਤਿਆਰ ਹੈ। ਪਰ ਸ਼ਰਤ ਇਹ ਹੈ ਕਿ ਉਸ ਵਿਰੁੱਧ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਹਟਾਈਆਂ ਜਾਣ। ਇਸ ਤੋਂ ਬਿਨ੍ਹਾਂ ਅਮਰੀਕਾ ਦੀ ਵਿਚੋਲਗੀ ਨਾਲ਼ ਅਗਸਤ 2020 ਵਿੱਚ ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਸਮਝੌਤਾ ਹੋਇਆ ਸੀ। 11 ਸਤੰਬਰ ਨੂੰ ਇਜਰਾਈਲ ਅਤੇ ਬਹਿਰੀਨ ਦਰਮਿਆਨ ਵੀ ਸਮਝੌਤਾ ਹੋਇਆ। ਇਨ੍ਹਾਂ ਸਮਝੌਤਿਆਂ ਨੂੰ ਅਬਰਾਹਮ ਸਮਝੌਤੇ ਕਿਹਾ ਜਾਂਦਾ ਹੈ। ਅਮਰੀਕਾ ਦੇ ਇਨ੍ਹਾਂ ਸਮਝੌਤਿਆਂ ਪਿੱਛੇ ਮਕਸਦ ਹਨ: (1) ਫਲਸਤੀਨ ਦੇ ਮੁਕਤੀ ਸੰਘਰਸ਼ ਵਿੱਚ ਅਰਬ ਦੇਸ਼ਾਂ ਵਿੱਚ ਬਣਨ ਵਾਲ਼ੀ ਸੰਭਾਵਤ ਸਾਂਝ ਨੂੰ ਤੋੜਨਾ, (2) ਈਰਾਨ ਵਿਰੁੱਧ ਸਫ਼ਬੰਦੀ ਨੂੰ ਮਜਬੂਤ ਕਰਨਾ, (3) ਇਨ੍ਹਾਂ ਮੁਲਕਾਂ ਨੂੰ ਆਪਣੇ ਹਥਿਆਰ ਵੇਚਣੇ।
ਚੀਨ ਅਤੇ ਰੂਸ ਦੀ ਵਧਦੀ ਦਖ਼ਲਅੰਦਾਜ਼ੀ :-
ਮੱਧ ਪੂਰਬ ਦੇ ਦੇਸ਼ਾਂ ਵਿੱਚ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੀ ਅਜਾਰੇਦਾਰੀ ਅਤੇ ਧੌਂਸ ਕਮਜ਼ੋਰ ਹੋ ਰਹੀ ਹੈ। 20ਵੀਂ ਸਦੀ ਦੇ ਅਖੀਰ ਵਿੱਚ ਸੰਸਾਰ ਦੇ ਇੱਕਮਾਤਰ ਚੌਧਰੀ ਹੋਣ ਦਾ ਅਮਰੀਕੀ ਭਰਮ ਹੁਣ ਟੁੱਟ ਰਿਹਾ ਹੈ। ਸੰਸਾਰ ਸਾਮਰਾਜੀ ਖੇਮੇ ਦੇ ਹੋਰ ਚੌਧਰੀਆਂ ਨੇ ਵੀ ਸਿਰ ਚੁੱਕ ਲਏ ਹਨ। ਸਰਮਾਏਦਾਰੀ ਪ੍ਰਬੰਧ ਵਿੱਚ ਹਰੇਕ ਨੂੰ ਲੱਗਦਾ ਹੈ ਕਿ ਦੂਸਰਾ ਮੇਰੇ ਤੋਂ ਵੱਧ ਖਾ ਰਿਹਾ ਹੈ। ਇੱਥੇ ਕੋਈ ਕਿਸੇ ਦਾ ਸਦੀਵੀ ਸਕਾ ਨਹੀਂ ਹੁੰਦਾ। ਠੰਢੀ ਜੰਗ ਦੇ ਵੱਡੇ ਸ਼ਰੀਕ ਰੂਸ ਨੇ ਮੱਧ ਪੂਰਬ ਵਿੱਚ ਆਪਣੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਪਰ ਸਭ ਤੋਂ ਮਹੱਤਵਪੂਰਨ ਚੀਨ ਦੀ ਭੂਮਿਕਾ ਹੈ। ਚੀਨ ਵੱਲੋਂ ਲਾਲ ਝੰਡਾ ਹੱਥ ਵਿੱਚ ਫੜ ਕੇ ਸੰਸਾਰ ਸਰਮਾਏ ਦੇ ਤਾਕਤਵਰ ਚੌਧਰੀ ਦੇ ਰੂਪ ਵਿੱਚ ਸਥਾਪਤ ਹੋਣਾ ਸਾਡੇ ਸਮਿਆਂ ਦੀ ਖਾਸ ਗੱਲ ਹੈ। ਆਰਥਿਕ ਖੇਤਰ ਵਿੱਚ ਮੱਧ ਪੂਰਬ ਅਤੇ ਪੂਰਬੀ ਅਫ਼ਰੀਕਾ ਦੇ ਦੇਸ਼ਾਂ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਚੀਨੀ ਸਰਮਾਇਆ ਲੱਗ ਰਿਹਾ ਹੈ। ‘ਬੈਲਟ ਅਤੇ ਰੋਡ’ ਯੋਜਨਾ ਤਹਿਤ ਆਵਾਜਾਈ ਦੇ ਮਾਰਗਾਂ ਤੇ ਅਜਾਰੇਦਾਰੀ ਦੇ ਮਾਮਲੇ ਵਿੱਚ, ਚੀਨ ਆਪਣੇ ਸ਼ਰੀਕਾਂ ਨੂੰ ਪਛਾੜਦਾ ਜਾ ਰਿਹਾ ਹੈ। ਏਧਰਲੇ ਪਾਸੇ ਅਫਗਾਨਿਸਤਾਨ ’ਚੋਂ ਅਮਰੀਕਾ ਦੀ ਰਵਾਨਗੀ ਨਾਲ਼ ਚੀਨ ਵਾਸਤੇ ਰਾਹ ਮੋਕਲਾ ਹੁੰਦਾ ਨਜ਼ਰ ਆ ਰਿਹਾ ਹੈ। ਅਮਰੀਕਾ ਦੇ ਵਿਰੋਧੀਆਂ ਈਰਾਨ, ਸੀਰੀਆ, ਯਮਨ ਅਤੇ ਲੈਬਨਾਨ ਨਾਲ਼ ਚੀਨ ਦਾ ਤਾਲਮੇਲ ਵਧ ਰਿਹਾ ਹੈ। ਚੀਨੀ ਅਮਰੀਕੀ ਸਰਮਾਏ ਦੀ ਖਹਿ ਭੇੜ ਕਾਰਨ ਇਸ ਖਿੱਤੇ ਦੀਆਂ ਉਲਝਣਾਂ ਹੋਰ ਵਧਣਗੀਆਂ।
ਉਲਝਦੀ ਤਾਣੀ :-
ਮੁਕਾਮੀ ਅਤੇ ਕੌਮਾਂਤਰੀ ਹਾਲਾਤ ਕੁੱਝ ਇਸ ਤਰ੍ਹਾਂ ਦੇ ਹਨ ਕਿ ਇਸ ਖਿੱਤੇ ਦੀਆਂ ਗੁੰਝਲਾਂ ਵਧਦੀਆਂ ਹੀ ਜਾ ਰਹੀਆਂ ਹਨ। ਇਨਕਲਾਬੀ ਬਦਲ ਦੀ ਅਣਹੋਂਦ ਵਿੱਚ ਧਾਰਮਿਕ ਮੂਲਵਾਦੀ ਤਾਕਤਾਂ ਦਾ ਉਭਾਰ ਵੀ ਵੇਖਣ ਨੂੰ ਮਿਲ਼ ਰਿਹਾ ਹੈ। ਈਰਾਨ ਵਿੱਚ ਇਸਲਾਮਕ ਕੱਟੜਪੰਥੀ ਇਬਰਾਹਿਮ ਰਾਇਸੀ ਰਾਸ਼ਟਰਪਤੀ ਚੁਣਿਆ ਗਿਆ ਹੈ। ਇਜ਼ਰਾਈਲ ਵਿੱਚ ਵੀ ਨਫ਼ਤਾਲੀ ਬੈਨੇਟ ਨਵਾਂ ਪ੍ਰਧਾਨਮੰਤਰੀ ਬਣ ਗਿਆ ਹੈ। ਇਹ ਸਥਿਤੀ ਦਾ ਇੱਕ ਪੱਖ ਹੈ। ਪਰ ਚੀਜ਼ਾਂ ਇੱਕਪਾਸੜ ਨਹੀਂ ਹੁੰਦੀਆਂ। ਜਿੱਥੇ ਇੱਕ ਪਾਸੇ ਮੱਧ ਪੂਰਬ ਦੇ ਕਿਰਤੀ ਲੋਕ ਸੰਸਾਰ ਸਾਮਰਾਜੀ ਖਹਿ ਭੇੜ ਅਤੇ ਅੱਤ ਦੇ ਪਰਜੀਵੀ ਸਾਮਰਾਜੀ ਸਰਮਾਏ ਦਾ ਖ਼ਾਜਾ ਬਣੇ ਹੋਏ ਹਨ, ਦੂਜੇ ਪਾਸੇ ਉਹ ਪਿਛਾਂਹ ਖਿੱਚੂ ਮੁਕਾਮੀ ਸਰਕਾਰਾਂ ਅਤੇ ਪੈਟਰੋ ਡਾਲਰਾਂ ਨਾਲ਼ ਆਫ਼ਰੇ ਹੋਏ ਧਨ ਪਸ਼ੂਆਂ ਦੀ ਹਕੂਮਤ ਹੇਠ ਵੀ ਪਿਸ ਰਹੇ ਹਨ। ਸਾਮਰਾਜੀ ਮੀਡੀਆ ਅਤੇ ਖੇਤਰੀ ਪਿਛਾਂਹ ਖਿੱਚੂ ਹਕੂਮਤਾਂ ਆਪਣੇ ਲੱਖ ਆਪਸੀ ਵਿਰੋਧਾਂ ਦੇ ਬਾਵਜੂਦ ਕੱਟੜਪੰਥੀ ਮੂਲਵਾਦੀ ਸਿਆਸਤ ਅਤੇ ਵਿਚਾਰਧਾਰਾ ਦੇ ਹਥਿਆਰ ਨੂੰ ਕਦੀ ਨਹੀਂ ਛੱਡਣਾ ਚਾਹੁੰਦੇ। ਮੱਧ ਪੂਰਬ ਦੇ ਦੇਸ਼ਾਂ ਵਿੱਚ ਜੋ ਕੁੱਝ ਵਾਪਰਿਆ ਹੈ ਉਸ ਨੇ ਸਰਮਾਏਦਾਰੀ ਦੇ ਅਜ਼ਾਦੀ, ਬਰਾਬਰੀ ਅਤੇ ਅਖੌਤੀ ਜਮਹੂਰੀ ਅਧਿਕਾਰਾਂ ਦੀ ਰਾਖੀ ਦੇ ਨਾਅਰਿਆਂ ਹੇਠ ਛਿਪੇ ਦੰਭ ਨੂੰ ਨੰਗਾ ਕਰ ਦਿੱਤਾ ਹੈ। ਭਾਵੇਂ ਸਰਮਾਏਦਾਰੀ ਦੇ ਧੂੰਆਂਧਾਰ ਕੂੜ ਪ੍ਰਚਾਰ ਦੇ ਜ਼ਮਾਨੇ ਵਿੱਚ ਬਹੁਤ ਸਾਰੇ ਸੱਚ ਸਾਹਮਣੇ ਨਹੀਂ ਆਉਂਦੇ। ਫਿਰ ਵੀ ਕਿਰਤੀ ਲੋਕਾਂ ਦੇ ਸੰਘਰਸ਼ਾਂ ਅਤੇ ਰੋਹ ਦੇ ਫੁਟਾਰਿਆਂ ਦਾ ਸਿਲਸਿਲਾ ਕਦੀ ਵੀ ਬੰਦ ਨਹੀਂ ਹੋ ਸਕਦਾ। ਜਦੋਂ ਤੋਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਕਰਨ ਵਾਲ਼ੇ ਜਮਾਤੀ ਪ੍ਰਬੰਧ ਸ਼ੁਰੂ ਹੋਏ ਹਨ ਉਦੋਂ ਤੋਂ ਹੀ ਲੁੱਟ ਅਤੇ ਅਨਿਆਂ ਦੇ ਵਿਰੁੱਧ ਹੱਕ ਸੱਚ ਵਾਸਤੇ ਲੁੱਟੇ ਜਾਂਦੇ ਲੋਕਾਂ ਦਾ ਸੰਘਰਸ਼, ਕਿਸੇ ਨਾ ਕਿਸੇ ਰੂਪ ਵਿੱਚ ਚੱਲਦਾ ਹੀ ਰਹਿੰਦਾ ਹੈ। ਈਰਾਨ ਵਿੱਚ ਔਰਤਾਂ ਦੀ ਅਜ਼ਾਦੀ ਲਈ ਘੋਮ ਕਰਨ ਦੀਆਂ ਖ਼ਬਰਾਂ ਅਤੇ ਹਰ ਜਗ੍ਹਾ ਕੱਟੜਪੰਥੀਆਂ ਨਾਲ਼ ਬਹਾਦਰੀ ਨਾਲ਼ ਲੜਨ ਦੀਆਂ ਉਦਾਹਰਨਾਂ ਦੀ ਵੀ ਕੋਈ ਕਮੀ ਨਹੀਂ ਹੈ। ਸਾਮਰਾਜ ਵਿਰੋਧੀ ਘੋਲ਼ਾਂ ਦਾ ਮੱਧ ਪੂਰਬ ਦੇ ਦੇਸ਼ਾਂ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। ਅਰਬ ਬਹਾਰ ਵੀ ਕਿਰਤੀ ਲੋਕਾਂ ਦੇ ਰੋਹ ਦੀ ਬਹੁਤ ਵੱਡੀ ਮਿਸਾਲ ਸੀ। ਹੁਣ ਇਜ਼ਰਾਈਲੀ ਫਾਸਿਸਟਾਂ ਖਿਲਾਫ ਨਿਹੱਥੇ ਬੱਚਿਆਂ ਅਤੇ ਔਰਤਾਂ ਦਾ ਜੂਝਣਾ ਅਤੇ ਬਹਾਦਰ ਫਲਸਤੀਨੀਆਂ ਦੀ ਅਤਿ ਆਧੁਨਿਕ ਹਥਿਆਰਬੰਦ ਤਾਕਤ ਨਾਲ਼ ਟੱਕਰ, ਮੁਕਤੀ ਲਈ ਲੜਨ ਵਾਲ਼ੇ ਲੋਕਾਂ ਲਈ ਬਹੁਤ ਵੱਡੀ ਪ੍ਰੇਰਨਾ ਹੈ। ਧਨ ਪਸ਼ੂਆਂ ਦੀਆਂ ਬੇਲਗਾਮ ਲਾਲਸਾਵਾਂ ਦੇ ਉਲਝਾਏ ਸਮਾਜਿਕ ਸਿਆਸੀ ਤਾਣੇ ਬਾਣੇ ਨੂੰ ਇਨ੍ਹਾਂ ਦੇਸ਼ਾਂ ਦੇ ਕਿਰਤੀ ਲੋਕ ਜ਼ਰੂਰ ਹੀ ਸੁਲਝਾ ਲੈਣਗੇ। ਜ਼ੁਲਮ ਅਤੇ ਅਨਿਆਂ ਖ਼ਿਲਾਫ਼ ਲੜਨ ਵਾਲ਼ੀ ਜਰਖੇਜ਼ ਜ਼ਮੀਨ ਵਿੱਚ ਇਨਕਲਾਬੀ ਵਿਚਾਰਾਂ ਦੇ ਬੀਜ ਜ਼ਰੂਰ ਪੁੰਗਰਨਗੇ। ਹਰ ਤਰ੍ਹਾਂ ਦੀ ਲੁੱਟ ਤੋਂ ਰਹਿਤ ਭਵਿੱਖ ਦੇ ਸਮਾਜਵਾਦੀ ਪ੍ਰਬੰਧ ਵਿੱਚ ਹੀ ਕਿਰਤੀ ਲੋਕ ਹਰ ਤਰ੍ਹਾਂ ਦੀ ਅਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦਾ ਨਿੱਘ ਮਾਣ ਸਕਣਗੇ।
•ਸੁਖਦੇਵ (ਧੰਨਵਾਦ ਸਹਿਤ ਲਲਕਾਰ ਮੈਗਜ਼ੀਨ)