ਅੰਮ੍ਰਿਤਸਰ 27 ਅਗਸਤ (ਰਛਪਾਲ ਸਿੰਘ) – ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਸੀਨੀਅਰ ਆਗੂ ਤੇ ਦਮਦਮੀ ਟਕਸਾਲ ਦੇ ਸਾਬਕਾ ਬੁਲਾਰੇ ਭਾਈ ਮੋਹਕਮ ਸਿੰਘ ਨੇ ਗੁੰਮ ਹੋਏ 328 ਸਰੂਪਾਂ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਬਰਾਬਰ ਦੇ ਦੋਸ਼ੀ ਠਹਿਰਾਉਦਿਆ ਕਿਹਾ ਕਿ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਨਾਲ ਮਸਲਾ ਹੱਲ ਨਹੀ ਹੁੰਦਾ ਸਗੋ ਉਹਨਾਂ ਆਹੁਦੇਦਾਰਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਜਿਹੜੇ ਲੰਮੇ ਸਮੇ ਤੋ ਉੱਚੇ ਆਹੁਦਿਆ ਤੇ ਬਿਰਾਜਮਾਨ ਹਨ। ਜਾਰੀ ਇੱਕ ਬਿਆਨ ਰਾਹੀ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਡਾ ਈਸ਼ਰ ਸਿੰਘ ਵੱਲੋ ਤਿਆਰ ਕੀਤੀ ਰਿਪੋਰਟ ਅਨੁਸਾਰ 267 ਦੀ ਬਜਾਏ 328 ਸਰੂਪ ਗੁੰਮ ਹੋਣ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਜਦ ਕਿ ਇਹਨਾਂ ਸਰੂਪਾਂ ਨੂੰ ਲੱਭਣ ਬਾਰੇ ਪਹਿਲਾ ਕਾਰਵਾਈ ਹੋਣੀ ਚਾਹੀਦੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਤੇ ਮੁਲਾਜ਼ਮਾਂ ਖਿਲਾਫ ਤਾਂ ਕਾਰਵਾਈ ਕੀਤੀ ਗਈ ਹੈ ਪਰ ਸ਼੍ਰੋਮਣੀ ਕਮੇਟੀ ਦੇ ਨਾ ਅਹਿਲ ਪ੍ਰਧਾਨਾਂ ਤੇ ਉਹਨਾਂ ਦੀ ਨਿਯੁਕਤੀ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਖੁਦ ਪਰਧਾਨ ਵੀ ਬਰਾਬਰ ਦਾ ਦੋਸ਼ੀ ਹੈ ਜਿਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਦੇ ਲਿਫਾਫੇ ਵਿੱਚੋ ਨਿਕਲਣ ਵਾਲੇ ਪ੍ਰਧਾਨ ਤੇ ਹੋਰ ਆਹੁਦੇਦਾਰ ਦੇ ਖਿਲਾਫ ਕਰਨਾ ਵੀ ਜਰੂਰੀ ਸੀ ਪਰ ਇਹ ਕਾਰਵਾਈ ਨਹੀ ਕੀਤੀ ਗਈ। ਉਹਨਾਂ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਲਏ ਗਏ ਫੈਸਲੇ ਤੇ ਵਿਅੰਗ ਕੱਸਦਿਆ ਕਿਹਾ ਕਿ ਅੱਜ ਵੀ ਮੱਖਣ ਵਾਲੇ ਵਾਲੇ ਬਿੱਲੇ ਇਹਨਾਂ ਬਚਾ ਲਏ ਹਨ ਪਰ ਲੱਸੀ ਪੀਣ ਤੇ ਛਿੱਡੀ ਖਾਣ ਵਾਲੇ ਬਲੂੰਗੜੇ ਬਲੀ ਦੇ ਬੱਕਰੇ ਬਣਾ ਦਿੱਤੇ ਗਏ ਹਨ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਗੁਰੂ ਦੀ ਗੋਲਕ ਖਾਣ ਵਾਲੇ ਇਹਨਾਂ ਬਿੱਲਿਆ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸੰਗਤਾਂ ਗੁਰੂ ਸਾਹਿਬ ਦੇ ਸਰੂਪ ਲੱਭਣ ਲਈ ਸੜਕਾਂ ਤੇ ਵੀ ਆਉਣ ਤੋ ਗੁਰੇਜ਼ ਨਹੀ ਕਰਨਗੀਆ। ਉਹਨਾਂ ਕਿਹਾ ਕਿ ਸੰਗਤਾਂ ਨੇ ਗੁਰੂ ਸਾਹਿਬ ਦੀ ਸੇਵਾ ਸੰਭਾਲ ਕਰਨ ਦੀ ਜਿੰਮੇਵਾਰੀ ਵਾਰੀ ਇਹਨਾਂ ਚੁਣੇ ਹੋਏ ਬਿੱਲਿਆ ਨੂੰ ਦਿੱਤੀ ਸੀ ਤੇ ਇਹਨਾਂ ਨੂੰ ਦੋਸ਼ਾਂ ਤੋ ਬਾਹਰ ਰੱਖਿਆ ਜਾਣਾ ਸਾਬਤ ਕਰਦਾ ਹੈ ਕਿ ਗੋਗੂਲਆ ਤੋ ਮਿੱਟੀ ਝਾੜੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਗੁਰੂ ਪ੍ਰਤੀ ਇਹਨਾਂ ਨੁੰਮਾਇੰਦਿਆ ਨੂੰ ਇੱਕ ਪ੍ਰਤੀਸ਼ਤ ਵੀ ਹਮਦਰਦੀ ਹੈ ਤਾਂ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇ ਕੇ ਘਰਾਂ ਨੂੰ ਜਾ ਕੇ ਭਗਤੀ ਕਰਨ ਵਿੱਚ ਲੀਨ ਹੋ ਜਾਂਦੇ ਤਾਂ ਕਿ ਉਹਨਾਂ ਦੇ ਗੁਨਾਹਾਂ ਵਿੱਚ ਕੋਈ ਥੋੜੀ ਬਹੁਤੀ ਕਟੌਤੀ ਹੋ ਸਕੇ ਪਰ ਮੱਖਣ ਖਾਣ ਵਾਲੇ ਇਹਨਾਂ ਬਿੱਲਿਆ ਦੀ ਅਕਲ ਘਾਹ ਚਰਨ ਗਈ ਹੈ ਤੇ ਉਹਨਾਂ ਨੂੰ ਗੁਰੂ ਪ੍ਰਤੀ ਕੋਈ ਹਮਦਰਦੀ ਨਹੀ ਸਗੋ ਆਪਣੀ ਜੇਬ ਭਰਨ ਨਾਲ ਹੀ ਹਮਦਰਦੀ ਰੱਖਦੇ ਹਨ । ਇਸ ਸਮੇ ਭਾਈ ਸਤਨਾਮ ਸਿੰਘ ਮਨਾਵਾਂ ਵੀ ਹਾਜਰ ਸਨ।
ਮੱਖਣ ਖਾਣ ਵਾਲੇ ਬਿੱਲੇ ਬਚਾ ਲਏ ਗਏ ਹਨ ਤੇ ਛਿੱਡੀ ਖਾਣ ਵਾਲੇ ਬਲੁੰਗੜਿਆ ਦੀ ਬਲੀ ਦੇ ਦਿੱਤੀ ਗਈ ਹੈ- ਭਾਈ ਮੋਹਕਮ ਸਿੰਘ
