More

    ਮਜ਼ਬੂਰੀਆਂ ਸ਼ੌਕ ਨਹੀਂ ਦੇਖਦੀਆਂ

    ਸਭ ਕੁੱਝ ਹੁੰਦੇ ਹੋਏ ਵੀ ਪਤਾ ਨਹੀਂ ਕਿਉਂ ਆਪਾਂ ਉਹਨਾਂ ਚੀਜਾਂ ਨੂੰ ਲੱਭਦੇ ਰਹਿੰਦੇ ਆਂ ਜੋ ਸਾਡੇ ਕੋਲ਼ ਨਹੀਂ ਹੁੰਦੀਆਂ। ਜਿਵੇਂ ਆਪਾਂ ਸਭ ਚੰਗਾ ਪੜ੍ਹ-ਲਿਖ ਸਕਦੇ ਆਂ, ਖਾਂਦੇ ਤੇ ਪਹਿਨਦੇ ਆਂ ਪਰ ਇਸਦੇ ਬਾਵਜੂਦ ਵੀ ਅਸੀਂ ਅਨੇਕਾਂ ਮੁਸੀਬਤਾਂ, ਕਮੀਆਂ ਦਾ ਰੋਣਾ ਰੋਂਦੇ ਰਹਿੰਦੇ ਆਂ। ਦੂਜੇ ਪਾਸੇ ਉਹਨਾਂ ਮਜ਼ਦੂਰਾਂ ਦੀ ਜ਼ਿੰਦਗੀ ਆ ਜੋ 12-12 ਘੰਟੇ ਕੰਮ ਕਰਨ ਤੋਂ ਬਅਦ ਵੀ ਚੰਗੀ ਰੋਟੀ ਨਹੀਂ ਖਾ ਸਕਦੇ, ਜਿਹਨਾਂ ਦਾ ਬਣਾਇਆ ਆਪਾਂ ਸਭ ਕੁੱਝ ਵਰਤਦੇ ਆਂ, ਪਰ ਇੱਕ ਉਹਨਾਂ ਦੇ ਹੀ ਬੱਚੇ ਨੇ ਜੋ ਕੁੱਝ ਨਹੀਂ ਵਰਤ ਸਕਦੇ, ਨਾ ਉਹ ਚੰਗੇ ਕੱਪੜੇ ਪਹਿਨ ਸਕਦੇ ਨੇ, ਨਾ ਚੰਗਾ ਖਾ ਪੀ ਸਕਦੇ ਨੇ, ਚੰਗੀ ਪੜ੍ਹਾਈ-ਲਿਖਾਈ ਤਾਂ ਉਹਨਾਂ ਲਈ ਬਹੁਤ ਦੂਰ ਦੀ ਗੱਲ ਆ। ਆਖਰ ਸਾਡੇ ਸਮਾਜ ’ਚ ਅਜਿਹਾ ਸਭ ਵਿਤਕਰਾ ਕਿਉਂ? ਪਿਛਲੇ ਦਿਨੀਂ ਮੈਨੂੰ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਆਪਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇਕਾਈ ਦੇ ਕੁੱਝ ਮੈਂਬਰਾਂ ਨਾਲ਼ ਲੁਧਿਆਣਾ ਦੇ ਮਜ਼ਦੂਰਾਂ ’ਚ ਜਾਕੇ ਕੰਮ ਕਰਨ ਦਾ ਮੌਕਾ ਮਿਲ਼ਿਆ। ਉੱਥੇ ਸੋਚ ਤੋਂ ਪਰ੍ਹੇ ਦੀ ਇੱਕ ਅਸਲ ਦੁਨੀਆਂ ਵਸਦੀ ਹੈ। ਜਿਹਨਾਂ ਹਾਲਤਾਂ ’ਚ ਮਜ਼ਦੂਰ ਰਹਿ ਰਹੇ ਨੇ ਉਹ ਖੁਦ ਹੀ ਜਾਣਦੇ ਨੇ ਕਿ ਇੱਕ ਛੋਟੇ ਜਿਹੇ ਕਮਰੇ ਵਿੱਚ 6-6, 7-7 ਜਣਿਆਂ ਦਾ ਪਰਿਵਾਰ ਕਿੰਨੀ ਔਖ ਨਾਲ਼ ਰਹਿੰਦਾ। ਜਿੱਥੇ ਆਏ ਦਿਨ ਬਿਜਲੀ, ਪਾਣੀ ਦੀ ਸਮੱਸਿਆ ਖੜ੍ਹੀ ਰਹਿੰਦੀ ਹੈ, ਕਦੇ-ਕਦੇ ਤਾਂ ਉਹਨਾਂ ਨੂੰ ਕੀੜਿਆਂ ਵਾਲ਼ਾ, ਸੀਵਰੇਜ ਵਾਲ਼ੇ ਪਾਣੀ ਵੀ ਪੀਣਾ ਪੈਂਦਾ ਹੈ। ਜਿਹੜੀ ਸਰਕਾਰ ਨੇ ਮੁਫਤ ਬਿਜਲੀ ਵਾਲ਼ੇ ਕੁੱਝ ਮਕਾਨ ਮਜ਼ਦੂਰਾਂ ਨੂੰ ਦਿੱਤੇ ਸੀ ਉਹੀ ਹੁਣ 70,000 ਤੋਂ 1 ਲੱਖ ਤੱਕ ਦੇ ਬਿਲ ਨੂੰ ਇਕੱਠਾ ਭੇਜਦੇ ਹਨ ਤੇ ਬਿਲ ਦੀ ਭਰਪਾਈ ਨਾ ਹੋਣ ਦੀ ਸੂਰਤ ਵਿੱਚ ਮੀਟਰ ਕੱਟ ਕੇ ਲੈ ਜਾਂਦੇ ਨੇ। ਅਜਿਹੀਆਂ ਹਾਲਤਾਂ ’ਚ ਮਜ਼ਦੂਰਾਂ ਨੂੰ ਜ਼ਿੰਦਗੀ ਬਤੀਤ ਕਰਨੀ ਪੈ ਰਹੀ ਹੈ।

    ਜਦੋਂ ਅਸੀਂ ਪਹਿਲੇ ਦਿਨ ਪ੍ਰਚਾਰ ’ਤੇ ਗਏ ਤਾਂ ਅਸੀਂ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਸਵੇਰੇ ਹੀ ਛੋਟੇ-ਛੋਟੇ 4-4, 5-5 ਸਾਲ ਦੇ ਬੱਚੇ ਸ਼ਾਲਾਂ ਦੇ ਬੰਬਲ ਵੱਟਣ ਲੱਗੇ ਹੋਏ ਸਨ। ਇਹ ਉਹ ਬੱਚੇ ਨੇ ਜਿਹਨਾਂ ਨੂੰ ਤੜਕੇ ਉੱਠਣ ਸਾਰ ਚਾਹ ਨਾਲ਼ ਬਿਸਕੁਟਾਂ ਦੀ ਥਾਂ ਸ਼ਾਲ ਮਿਲ਼ਦੇ ਨੇ। ਕਿੰਨੇ ਹੀ ਨੌਜਵਾਨ ਮਿਲ਼ੇ ਜਿਹਨਾਂ ਨੇ ਘਰ ਦੀਆਂ ਮਜਬੂਰੀਆਂ ਕਰਕੇ ਆਪਣਾ ਘਰ ਦਾ ਖਰਚਾ ਚਲਾਉਣ ਲਈ ਆਪਣੀਆਂ ਪੜ੍ਹਾਈਆਂ, ਆਪਣੇ ਸ਼ੌਂਕ ਛੱਡ ਦਿੱਤੇ ਅਤੇ ਕੰਮ ਕਰਨ ਲੱਗ ਪਏ। ਉੱਥੇ ਸਾਨੂੰ ਇੱਕ ਨੌਜਵਾਨ ਮਿਲ਼ਿਆ ਜਿਸਨੂੰ ਗਿਟਾਰ ਵਜਾਉਣ ਤੇ ਗਾਉਣ ਦਾ ਬਹੁਤ ਸ਼ੌਂਕ ਸੀ। ਪਰ ਘਰ ਦਾ ਖਰਚਾ ਚਲਾਉਣ ਲਈ ਉਸਨੇ ਆਪਣਾ ਸ਼ੌਂਕ ਛੱਡ ਦਿੱਤਾ ਸੀ ਤੇ ਮਜ਼ਦੂਰੀ ਕਰਨ ਲੱਗ ਪਿਆ। ਉਸਨੇ ਸਾਨੂੰ ਦੱਸਿਆ ਕਿ ਉਸਨੇ ਆਪਣਾ ਗਿਟਾਰ ਤੋੜ ਦਿੱਤਾ ਸੀ ਕਿਉਂਕਿ ਉਹ ਆਪਣੀ ਕਲਾ ਨੂੰ ਸਮਾਂ ਨਹੀਂ ਦੇ ਪਾ ਰਿਹਾ ਸੀ ਜਿਸਨੂੰ ਉਹ ਸਭ ਤੋਂ ਵੱਧ ਪਿਆਰ ਕਰਦਾ ਸੀ। ਅਜਿਹੇ ਹੋਰ ਪਤਾ ਨਹੀਂ ਕਿੰਨੇ ਕੁ ਨੌਜਵਾਨ ਹੋਣਗੇ।

    ਫੇਰ ਅਸੀਂ ਲੌਕਡਾਊਨ ਬਾਰੇ ਮਜ਼ਦੂਰਾਂ ਨਾਲ਼ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਭੁੱਖੇ-ਭਾਣੇ ਉਹਨਾਂ ਨੇ ਲੌਕਡਾਊਨ ’ਚ ਦਿਨ ਕੱਟੇ। ਸਰਕਾਰ ਵੱਲ਼ੋਂ ਘਰ-ਘਰ ਰਾਸ਼ਣ ਪਹੁੰਚਾਉਣ ਦੇ ਐਲਾਨ ਤਹਿਤ ਜਿਹੜਾ ਮਾੜਾ-ਮੋਟਾ ਰਾਸ਼ਣ ਮਜ਼ਦੂਰਾਂ ਤੱਕ ਪਹੁੰਚਿਆ ਉਹ ਮਜ਼ਦੂਰਾਂ ਨੂੰ ਆਪਸ ’ਚ ਲੜਾਉਣ ਦਾ ਇੱਕ ਕਾਰਨ ਬਣਿਆ ਕਿਉਂਕਿ ਮਜ਼ਦੂਰਾਂ ਨੇ ਦੱਸਿਆ ਕਿ ਰਾਸ਼ਣ ਦੇਣ ਵਾਲ਼ੇ ਆਪਣੀ ਜਾਣ-ਪਛਾਣ ਵਾਲ਼ੇ ਕੁੱਝ ਪਰਿਵਾਰਾਂ ਨੂੰ ਰਾਸ਼ਣ ਦੇ ਜਾਂਦੇ ਸੀ ਤੇ ਬਾਕੀਆਂ ਨੂੰ ਛੱਡ ਜਾਂਦੇ ਸੀ। ਕੀ ਉਹ ਇਹ ਸਮਝਦੇ ਸੀ ਕਿ ਭੁੱਖ ਥੋੜਿਆਂ ਨੂੰ ਹੀ ਲੱਗਦੀ ਹੈ? ਕੁੱਝ ਨੇ ਸਾਨੂੰ ਦੱਸਿਆ ਕਿ ਜੋ ਰਾਸ਼ਣ ਮਿਲ਼ਿਆ ਉਹ ਖਰਾਬ ਸੀ, ਕਣਕ ਵਿੱਚ ਕੀੜੇ ਪਏ ਹੋਏ ਸੀ, ਪਰ ਘਰ ਵਿੱਚ ਖਾਣ ਲਈ ਹੋਰ ਕੁੱਝ ਨਾ ਹੋਣ ਕਰਕੇ ਬਹੁਤਿਆਂ ਨੇ ਕੀੜਿਆਂ ਵਾਲ਼ੀ ਕਣਕ ਖਾਕੇ ਗੁਜਾਰਾ ਕੀਤਾ। ਔਸਤਨ 6-7 ਮਹੀਨੇ ਕੰਮ ਨਾ ਮਿਲ਼ਣ ਕਰਕੇ ਆਮਦਨ ਦਾ ਕੋਈ ਸਾਧਨ ਨਹੀਂ ਸੀ ਤਾਂ ਮਜ਼ਦੂਰਾਂ ਨੇ ਆਪਣੇ ਮਾਲਕਾਂ, ਰਿਸ਼ਤੇਦਾਰਾਂ ਤੋਂ ਕਰਜਾ ਲੈਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾਇਆ।
    ਲੌਕਡਾਊਨ ਨੇ ਕਿੰਨੇ ਹੀ ਮਜ਼ਦੂਰਾਂ ਦੇ ਬੱਚਿਆਂ ਦੀ ਪੜ੍ਹਾਈ ਛੁਡਾ ਦਿੱਤੀ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਲਈ ਮਹਿੰਗੇ ਸਮਾਰਟਫੋਨ ਨਹੀਂ ਲੈ ਕੇ ਦੇ ਸਕਦੇ ਸਨ ਤੇ ਨਾ ਹੀ ਹਰ ਮਹੀਨੇ ਉਸ ’ਚ ਨੈੱਟ ਪੈਕ ਪਵਾ ਸਕਦੇ ਸਨ। ਉੱਤੋਂ ਸਕੂਲ ਵਾਲ਼ੇ ਆਨਲਾਈਨ ਪੜ੍ਹਾਈ ਦੀ ਵੀ ਫੀਸ ਮੰਗ ਰਹੇ ਸੀ ਤਾਂ ਮਜ਼ਬੂਰੀ ਵਿੱਚ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਛੱਡਣੀ ਪਈ।
    ਸਭ ਜਾਣਦੇ ਹਨ ਕਿ ਕਰੋਨਾ ਦੇ ਨਾਮ ’ਤੇ ਦਹਿਸ਼ਤ ਫੈਲਾ ਕੇ ਸਰਕਾਰ ਨੇ ਇਸ ਬਿਮਾਰੀ ਦਾ ਕਿੰਨਾ ਵੱਡਾ ਹਊਆ ਖੜ੍ਹਾ ਕੀਤਾ ਹੈ। ਇਹ ਦਾਅਵੇ ਕੀਤੇ ਜਾਂਦੇ ਰਹੇ ਕਿ ਘਰੋਂ ਬਾਹਰ ਨਿੱਕਲਣ ਨਾਲ਼ ਜਾਂ ਲੋਕਾਂ ਦੇ ਇਕੱਠੇ ਹੋਣ ਨਾਲ਼ ਕਰੋਨਾ ਬਹੁਤ ਫੈਲ ਜਾਊ ਤੇ ਲਾਸ਼ਾਂ ਦੇ ਢੇਰ ਲੱਗ ਜਾਣਗੇ। ਇੱਥੇ ਮਜ਼ਦੂਰਾਂ ਨੂੰ ਪੁੱਛਣ ’ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਆਪਣੀਆਂ ਕਲੋਨੀਆਂ ’ਚ ਕੋਈ ਕਰੋਨਾ ਮਰੀਜ ਨਹੀਂ ਦੇਖਿਆ। ਉਹਨਾਂ ਅਨੁਸਾਰ ਬਿਮਾਰੀਆਂ ਤਾਂ ਪਹਿਲਾਂ ਵੀ ਸੀ, ਹੁਣ ਵੀ ਨੇ ਤੇ ਅੱਗੇ ਵੀ ਰਹਿਣਗੀਆਂ। ਪਹਿਲਾਂ ਕਿਹੜਾ ਲੋਕ ਬਿਮਾਰੀਆਂ ਨਾਲ਼ ਮਰਦੇ ਨਹੀਂ ਸੀ। ਉਹਨਾਂ ਨੂੰ ਲੱਗਦਾ ਹੈ ਕਿ ਕਰੋਨਾ ਦੇ ਨਾਮ ’ਤੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਦਹਾਲ ਕੀਤਾ ਜਾ ਰਿਹਾ ਹੈ। ਹੁਣ ਵੀ ਆਪਾਂ ਦੇਖ ਸਕਦੇ ਆ ਕਿ ਕਰੋਨਾ ਕਾਲ ਦੌਰਾਨ ਸਰਕਾਰ ਨੇ ਕਿੰਨੇ ਲੋਕ ਵਿਰੋਧੀ ਬਿਲ ਪਾਸ ਕੀਤੇ ਨੇ।

    ਮਜ਼ਦੂਰਾਂ ਨਾਲ਼ ਗੱਲਬਾਤ ਦੌਰਾਨ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਬਹੁਤ ਮਾਮਲਿਆਂ ਵਿੱਚ ਇੱਕ ਪੜ੍ਹੇ-ਲਿਖੇ ਵਿਅਕਤੀ ਤੋਂ ਵੀ ਵੱਧ ਗਿਆਨ ਹੈ। ਪਰ ਇਸ ਵੇਲੇ ਉਹਨਾਂ ਦੀ ਤਾਕਤ ਕਮਜ਼ੋਰ ਹੋਣ ਕਰਕੇ ਉਹ ਬਹੁਤਾ ਕੁੱਝ ਨਹੀਂ ਕਰ ਸਕਦੇ। ਇਸ ਵੇਲੇ ਇਹਨਾਂ ਮਜ਼ਦੂਰਾਂ ਵਿੱਚ ਜਾਕੇ ਰਹਿਣ, ਉਹਨਾਂ ਨੂੰ ਜਾਗਰੂਕ ਕਰਨ ਤੇ ਜਥੇਬੰਦ ਕਰਨ ਦੀ ਲੋੜ ਹੈ। ਇੱਥੇ ਨਵੀਂ ਸਵੇਰ ਪਾਠਸ਼ਾਲਾ ਮਜ਼ਦੂਰਾਂ ਵਿੱਚ ਚੰਗਾ ਕੰਮ ਕਰ ਰਹੀ ਹੈ ਜਿੱਥੇ ਬੱਚਿਆਂ ਨੂੰ ਮੁਫਤ ਤੇ ਚੰਗੀ ਸਿੱਖਿਆ ਦਿੱਤੀ ਜਾਂਦੀ ਹੈ। ਉੱਥੇ ਮਜ਼ਦੂਰ ਲਾਇਬ੍ਰੇਰੀ ਵੀ ਬਣੀ ਹੋਈ ਹੈ ਜਿਹੜੀ ਪੂਰੀ ਤਰ੍ਹਾਂ ਮਜ਼ਦੂਰਾਂ ਵੱਲੋਂ ਆਪਣੀਆਂ ਨਿਗੂਣੀਆਂ ਤਨਖਾਹਾਂ ਵਿੱਚ ਫੰਡ ਇਕੱਠਾ ਕਰਕੇ ਬਣਾਈ ਗਈ ਹੈ। ਉੱਥੇ ਬੱਚਿਆਂ ਤੇ ਵੱਡਿਆਂ ਦੇ ਪੜ੍ਹਨ ਲਈ ਸਾਹਿਤ ਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਹਨ। ਅਜਿਹੀਆਂ ਸੰਸਥਾਵਾਂ ਹੋਰ ਉਸਾਰਨ ਤੇ ਉਹਨਾਂ ਮਜ਼ਦੂਰਾਂ ਲਈ ਕੰਮ ਕਰਨ ਦੀ ਲੋੜ ਹੈ ਜੋ ਇਸ ਸਮਾਜ ਦੇ ਅਸਲ ਉੱਸਰੱਈਏ ਹਨ। ਉਹਨਾਂ ਨੂੰ ਆਪਣੇ ਹੱਕਾਂ ਵਾਸਤੇ ਲੜਨ ਲਈ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇਸ ਸਮਾਜ ਨੂੰ ਲੁੱਟ, ਜਬਰ ਤੋਂ ਰਹਿਤ ਇੱਕ ਚੰਗਾ ਸਮਾਜ ਬਣਾਇਆ ਜਾ ਸਕੇ ਜਿੱਥੇ ਸਭ ਨੂੰ ਚੰਗੀ ਜ਼ਿੰਦਗੀ ਜਿਉਣ ਦਾ ਹੱਕ ਹੋਵੇ, ਜਿੱਥੇ ਸਾਰੇ ਬੱਚਿਆਂ ਨੂੰ ਪੜ੍ਹਨ-ਲਿਖਣ, ਆਪਣੇ ਸ਼ੌਂਕ ਪੂਰੇ ਕਰਨ ਦਾ ਹੱਕ ਹੋਵੇ। ਆਖਰ ’ਚ ਲੈਗਸਟਨ ਹਿਊਜ ਦੇ ਸ਼ਬਦਾਂ ’ਚ
    ਜਿੱਥੇ ਹਰ ਆਦਮੀ ਅਜ਼ਾਦ ਹੋਵੇ
    ਜਿੱਥੇ ਸਿਰ ਝੁਕਾ ਕੇ ਖੜ੍ਹੀ ਹੋਵੇ ਬਦਨਸੀਬੀ
    ਤੇ ਮੋਤੀਆਂ ਵਾਂਗ ਹੋਵੇ ਖੁਸ਼ੀ
    ਅਤੇ ਸਭ ਦੀਆ ਜਰੂਰਤਾਂ ਪੂਰੀਆਂ ਹੋਣ
    ਅਜਿਹਾ ਹੀ ਸੁਫਨਾ ਵੇਖਦਾ ਹਾਂ ਮੈਂ ਆਪਣੀ ਧਰਤੀ ਦਾ

    •ਪਰਮਿੰਦਰ ਬੱਲੋ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img