ਮਜ਼ਦੂਰ ਬਸਤੀਆਂ ’ਚ ਦੇਖੀ ਜ਼ਿੰਦਗੀ ਦੀ ਝਲਕ

54

“ਹਰ ਰੋਜ਼ ਕਾਰਖਾਨੇ ਦਾ ਘੁੱਗੂ ਕਿਰਤੀਆਂ ਦੀ ਬਸਤੀ ਦੀ ਧੁਆਂਖੀ, ਥਿੰਦੀ ਹਵਾ ਵਿੱਚ ਕੰਬਦਾ ਹੋਇਆ ਚੀਖਦਾ। ਇਹਦੇ ਬੁਲਾਵੇ ਦੀ ਤਾਬਿਆ ਵਿੱਚ ਗੁਸੈਲੇ ਲੋਕ, ਜਿਨ੍ਹਾਂ ਦੇ ਅੰਗਾਂ ਨੂੰ ਅਜੇ ਨੀਂਦ ਨੇ ਨਰੋਆ ਨਹੀਂ ਕੀਤਾ, ਆਪਣੇ ਨਿੱਕੇ ਭੂਰੇ ਮਕਾਨਾਂ ਵਿੱਚੋਂ ਡਰੇ ਹੋਏ ਕਾਕਰੋਚਾਂ ਵਾਂਗ ਰਿੜਦੇ ਹੋਏ ਬਾਹਰ ਆਂਉਦੇ ਹਨ। ਉਹ ਠੰਡੇ ਹਨੇ੍ਹਰੇ ਵਿੱਚ, ਕੱਚੀ ਸੜਕ ਉੱਤੇ ਕਾਰਖਾਨੇ ਦੀਆਂ ਉੱਚੀਆਂ ਪਥਰੀਲੀਆਂ ਕੋਠੜੀਆਂ ਵੱਲ ਤੁਰ ਪੈਂਦੇ ਹਨ, ਜਿਹੜੀਆਂ ਸੀਤ ਪ੍ਰਸੰਨਤਾ ਨਾਲ਼ ਉਨ੍ਹਾਂ ਨੁੰ ਉਡੀਕ ਰਹੀਆਂ ਹੁੰਦੀਆਂ ਹਨ ਅਤੇ ਜਿਨ੍ਹਾਂ ਦੀਆਂ ਦਰਜਨਾਂ ਚੁਕੋਰ ਥਿੰਦੀਆਂ ਅੱਖਾਂ ਸੜਕ ਉੱਤੇ ਲੋਅ ਕਰ ਰਹੀਆਂ ਹੁੰਦੀਆਂ ਹਨ। ਉਹਨਾਂ ਦੇ ਪੈਰਾਂ ਹੇਠ ਚਿੱਕੜ ਪਿਚ-ਪਿਚ ਕਰਦਾ … ਅਤੇ ਸ਼ਾਮ ਨੂੰ ਜਦੋਂ ਡੁੱਬਦੇ ਸੂਰਜ ਦੀਆਂ ਲਾਲ ਕਿਰਨਾਂ ਘਰਾਂ ਦੀਆਂ ਬਾਰੀਆਂ ਤੋਂ ਥੱਕੀਆਂ ਹੋਈਆਂ ਪਰਤਦੀਆਂ ਤਾਂ ਕਾਰਖਾਂਨਾ ਅਪਣੇ ਪੱਥਰ ਦੀਆਂ ਆਂਦਰਾਂ ਵਿੱਚੋ ਲੋਕਾਂ ਨੂੰ ਇਉਂ ਉਗਲ਼ਦਾ ਹੈ ਜਿਵੇਂ ਬਸ ਉਹ ਥੋੜਾ ਜਿਹਾ ਮਨੂਰ ਹੋਣ ਅਤੇ ਉਹ ਇੱਕ ਵਾਰ ਫੇਰ ਸੜਕ ਤੋਂ ਚੜਾਈ ਕਰਨ ਲੱਗ ਪੈਂਦੇ – ਗੰਦੇ ਕਲਮੂੰਹੇਂ ਉਹਨਾਂ ਦੇ ਭੁੱਖੇ ਦੰਦ ਲਿਸ਼ਕਦੇ, ਉਹਨਾਂ ਦੇ ਪਿੰਡਿਆਂ ਚੋਂ ਮਸ਼ੀਨਾਂ ਦੇ ਤੇਲ ਦੀ ਚਿਪਚਿਪੀ ਹਵਾੜ ਉੱਠਦੀ…।” ਇਹ ਸਤਰਾਂ ਰੂਸੀ ਲੇਖਕ ਮੇਕਸਿਮ ਗੋਰਕੀ ਦੇ ਸੰਸਾਰ ਪ੍ਰਸਿੱਧ ਨਾਵਲ ਮਾਂ ਦੀਆਂ ਹਨ ਜਿਨ੍ਹਾਂ ਰਾਹੀਂ ਉਹ ਰੂਸੀ ਸਨਅਤੀ ਮਜ਼ਦੂਰ ਜਮਾਤ ਦੀ ਹਾਲਤ ਬਿਆਨ ਕਰਦਾ ਹੈ। ਸਾਡੇ ਇੱਥੇ ਖੇਤੀ ਪ੍ਰਧਾਨਤਾ ਦਾ ਰੌਲ਼ਾ ਹੋਣ ਕਾਰਨ ਪਾਠਕਾਂ ਨੂੰ ਲੱਗ ਸਕਦਾ ਹੈ ਕਿ ਇਸਦਾ ਭਾਰਤ ਨਾਲ਼ ਕੀ ਸਬੰਧ? ਪਰ ਜੇ ਅਸੀਂ ਆਪਣੇ ਚਾਰੋਂ ਪਾਸੇ ਜਗਿਆਸੂ ਨਜ਼ਰ ਨਾਲ਼ ਵੇਖੀਏ, ਆਪਣੀਆਂ ਨਿੱਤ ਦੀਆਂ ਵਰਤੋਂ ਦੀਆਂ ਚੀਜਾਂ ਵੱਲ ਗੋਰ ਕਰਨ ਦੀ ਕੋਸ਼ਿਸ਼ ਕਰੀਏ ਤਾਂ ਹੋ ਸਕਦਾ ਸਾਡੇ ਮਨਾਂ ’ਚ ਇਹ ਸਵਾਲ ਪੈਦਾ ਹੋ ਜਾਵੇ ਕਿ ਸਾਡੇ ਨਿੱਤ ਦਿਨ ਵਰਤੋਂ ’ਚ ਆਉਣ ਵਾਲ਼ੀਆਂ ਚੀਜਾਂ ਕੱਪੜੇ, ਜੁੱਤੇ, ਕਿਤਾਬਾਂ ਕਾਪੀਆਂ ਕਾਰਾਂ, ਤਰ੍ਹਾਂ-ਤਰ੍ਹਾਂ ਦੀਆਂ ਮਸ਼ੀਨਾਂ, ਬਿਲਡਿਗਾਂ ਦੀ ਉਸਾਰੀ ਕਰਨ ਵੇਲੇ ਵਰਤੀਆਂ ਜਾਦੀਆਂ ਵਸਤੂਆਂ ਆਦਿ ਕਿੱਥੋਂ ਆਉਂਦੀਆਂ ਹਨ, ਕੌਣ ਹਨ ਉਹ ਲੋਕ ਜਿਨ੍ਹਾਂ ਨੇ ਇਹ ਸਭ ਬਣਾਈਆਂ ਹਨ? ਅਜਿਹੇ ਕਾਫੀ ਸਵਾਲ ਹਨ ਜਿਹਨਾਂ ਨੂੰ ਸੰਬੋਧਨ ਹੋਣ ਦੀ ਲੋੜ ਹੈ ਤਾਂ ਕਿ ਅਸੀਂ ਜਾਣ ਸਕੀਏ ਸਮਾਜ ਦਾ ਅਸਲ ਸਿਰਜਕ ਕੌਣ ਹੈ।

Italian Trulli

ਕੌਣ ਹੈ ਜਿਸਦੇ ਸਿੰਗਾਂ ’ਤੇ ਧਰਤੀ ਖੜ੍ਹੀ ਹੈ?
ਪਿਛਲੇ ਦਿਨੀ ਪੀਐਸਯੂ (ਲਲਕਾਰ) ਵੱਲੋਂ ਆਪਣੇ ਕਾਰਕੁੰਨਾਂ ਦੀ ਇੱਕ ਟੀਮ ਲੌਕਡਾਊਨ ਦੌਰਾਨ ਧਰਤੀ ਹੇਠਲੇ ਬੌਲਦ ਦੀ ਹਾਲਤ ਜਾਨਣ ਲਈ ਸਨਅਤੀ ਸ਼ਹਿਰ ਲੁਧਿਆਣੇ ਭੇਜੀ ਗਈ, ਜਿਸਦਾ ਹਿੱਸਾ ਮੈਂ ਵੀ ਸੀ। ਲੌਕਡਾਊਨ ਦੌਰਾਨ ਮਜ਼ਦੂਰਾਂ ਨੇ ਬੇਰੁਜ਼ਗਾਰ ਹੋਕੇ ਕਿਵੇਂ ਆਪਣੇ ਦਿਨ ਕੱਟੇ, ਕਿੱਥੋਂ ਰਾਸ਼ਣ ਆਇਆ, ਹੁਣ ਕੀ ਹਾਲਤਾਂ ਹਨ ਆਦਿ ਸਾਡੇ ਸਵਾਲ ਸਨ। ਇਸਦੇ ਨਾਲ਼ ਹੀ ਅਸੀਂ ਲੁਧਿਆਣੇ ਵਿੱਚ ਮਜ਼ਦੂਰਾਂ ਦਾ ਅਖ਼ਬਾਰ ‘ਮੁਕਤੀ ਸੰਗਰਾਮ’ ਮਜ਼ਦੂਰਾਂ ’ਚ ਲੈਕੇ ਜਾਣਾ ਸੀ। ਲੁਧਿਆਣੇ ਪਹੁੰਚਣ ਤੋਂ ਬਾਅਦ ਅਸੀਂ ਇੱਕ ਤੋਂ ਬਾਅਦ ਦੂਜੇ ਇਲਾਕੇ ਵਿੱਚ ਦਾਖਲ ਹੁੰਦੇ ਗਏ। ਹਰ ਨਵੇਂ ਇਲਾਕੇ ਵਿੱਚ ਦਾਖਲ ਹੋਕੇ ਇੰਝ ਲਗਦਾ ਸੀ ਕਿ ਜਿਵੇਂ ਕਿਸੇ ਨਵੀਂ ਦੁਨੀਆਂ ਵਿੱਚ ਆ ਗਏ ਹੋਈਏ। ਇਹ ਇੱਕ ਹੀ ਸ਼ਹਿਰ ਅੰਦਰ ਕਈ ਦੁਨੀਆਂ ਦੇ ਵਾਸੇ ਦਾ ਸ਼ਹਿਰ ਹੈ। ਮੱਧਵਰਗ ਨੇ ਆਪਣੇ ਘਰਾਂ ਨੂੰ ਮਜ਼ਦੂਰ ਬਸਤੀਆਂ ਤੋ ਆ ਰਹੀ ਗੰਦੀ ਬਦਬੂ ਤੋ ਬਚਾਉਣ ਲਈ ਆਪਣੇ ਇਲਾਕੇ ਦੁਆਲੇ ਵੱਡੀਆਂ ਵੱਡੀਆਂ ਕੰਧਾਂ ਉਸਾਰ ਰੱਖੀਆਂ ਹਨ। ਇੱਥੇ ਸੂਰਜ ਚੜ੍ਹਨ ਤੋਂ ਲੈਕੇ ਸਵੇਰ 9 ਵਜੇ ਤੱਕ ਫੈਕਟਰੀਆਂ ਮਜ਼ਦੂਰਾਂ ਨੂੰ ਕਿਸੇ ਭੁੱਖੇ ਹੈਵਾਨ ਵਾਂਗ ਨਿਗਲ਼ਦੀਆਂ ਰਹਿੰਦੀਆਂ ਹਨ ਤੇ ਮਨੁੱਖੀ ਸਰੀਰ ਦੀ ਆਖਰੀ ਸੱਤਿਆ ਨਿਚੋੜਨ ਤੋਂ ਬਾਅਦ ਸ਼ਾਮ ਨੂੰ ਇਸੇ ਸਮੇਂ ਕਿਸੇ ਲਾਵਾਰਿਸ ਵਾਂਗ ਸੜਕ ’ਤੇ ਧੱਕ ਦਿੰਦੀਆਂ ਹਨ। ਇਹਨਾਂ ਸਮਿਆਂ ਦੌਰਾਨ ਸੜਕਾਂ ’ਤੇ ਮਜ਼ਦੂਰਾਂ ਦੀਆਂ ਭੀੜਾਂ ਇਵੇਂ ਹੁੰਦੀਆਂ ਹਨ ਜਿਵੇਂ ਧਾਰਮਿਕ ਸਮਾਗਮ ’ਤੇ ਸ਼ਰਧਾਲੂ। ਇਹਨਾਂ ’ਚ 10-11 ਸਾਲ ਦੀ ਉਮਰ ਦੇ ਬੱਚਿਆਂ ਤੋਂ ਲੈਕੇ ਵੱਡੀ ਉਮਰ ਦਾ ਹਰ ਔਰਤ-ਮਰਦ ਸ਼ਾਮਲ ਹੁੰਦਾ ਹੈ ਜਿਸਦੇ ਅੰਗ ਇਸ ਹਾਲਤ ’ਚ ਹਨ ਕਿ ਆਪਣੀ ਘਸਾਈ ਕਰਕੇ ਕੁੱਝ ਨਵਾਂ ਪੈਦਾ ਕਰ ਸਕਦੇ ਹਨ। ਅਲਸਾਈਆਂ-ਥੱਕੀਆਂ ਅੱਖਾਂ, ਥੱਕੇ ਸਰੀਰਾਂ ਨੂੰ ਫੈਕਟਰੀ ਵੱਲ ਧੂਹ ਕੇ ਲਿਜਾਂਦੇ ਇਹ ਲੋਕ ਸ਼ਾਮ ਨੂੰ ਇਸ ਤੋਂ ਵੀ ਬਦਤਰ ਹਾਲਤ ਵਿੱਚ ਵਾਪਸ ਆਉਂਦੇ ਹਨ ਤਾਂ ਜੋ ਅਗਲਾ ਦਿਨ ਜੀਣ ਲਈ ਕਮਾਇਆ ਜਾ ਸਕੇ। ਇੱਥੇ ਤੁਹਾਨੂੰ ਅਜਿਹੇ ਲੋਕ ਆਮ ਮਿਲ਼ ਜਾਣਗੇ ਜੋ ਸਰੀਰਕ ਤੌਰ ’ਤੇ ਅਜੇ ਬੱਚੇ ਹਨ ਪਰ ਉਹਨਾਂ ਦੀ ਉਮਰ 40-50 ਸਾਲ ਨੂੰ ਢੁੱਕ ਚੁੱਕੀ ਹੈ। ਇਹਨਾਂ ਨੂੰ ਆਪਣੇ ਬਚਪਨ-ਜਵਾਨੀ ਬਾਰੇ ਪਤਾ ਲੱਗਣ ਤੋਂ ਪਹਿਲਾਂ ਬੁਢਾਪੇ ’ਚ ਦਾਖਲ ਕਰ ਦਿੱਤਾ ਗਿਆ ਹੈ।

ਮੇਰੀਆਂ ਇੱਥੇ ਆ ਕੇ ਉਹ ਸਭ ਧਾਰਨਾਵਾਂ ਅਮਲੀ ਰੂਪ ’ਚ ਟੁੱਟੀਆਂ ਜੋ ਪਹਿਲਾਂ ਸਿਧਾਂਤਕ ਪੱਧਰ ’ਤੇ ਟੁੱਟੀਆਂ ਸਨ ਕਿ ਭਾਰਤ ’ਚ ਸਨਅਤੀ ਮਜ਼ਦੂਰ ਕਿੱਥੇ ਹਨ? ਮੈਂ ਇਸ ਵਹਿਮ ਦਾ ਇੱਕ ਸਮੇਂ ਸ਼ਿਕਾਰ ਰਿਹਾ ਹਾਂ ਕਿ ਭਾਰਤ ਦੇ ਅਰਥਚਾਰੇ ਦੇ ਅਸਲ ਕਰਤਾ-ਧਰਤਾ ਕਿਸਾਨ ਹਨ। ਪਰ ਬਾਅਦ ਵਿੱਚ ਇਸ ਗੱਲ ’ਤੇ ਸਹਿਮਤ ਹੋ ਗਿਆ ਕਿ ਆਰਥਿਕਤਾ ਦਾ ਧੁਰਾ ਕਿਸਾਨ ਨਹੀਂ ਸਗੋਂ ਮਜ਼ਦੂਰ ਹਨ, ਪਰ ਸਿਰਫ ਅੰਕੜਿਆਂ ਦੇ ਆਧਾਰ ’ਤੇ, ਜ਼ਮੀਨੀ ਹਾਲਤਾਂ ਪਹਿਲੀ ਵਾਰ ਹੁਣ ਵੇਖੀਆਂ। ਸਨਅਤੀ ਮਜ਼ਦੂਰਾਂ ਨਾਲ਼ ਭਰੀਆਂ ਸੜਕਾਂ ਵੇਖਕੇ ਆਪਣੇ ਮਨ ਹੀ ਮਨ ਉਨ੍ਹਾਂ ਨੂੰ ਸਵਾਲ ਕੀਤਾ ਕਿ ਫੇਰ ਇਹ ਕੌਣ ਹਨ? ਜਦੋਂ ਅਸੀਂ ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ ਦੇ ਸਾਥੀਆਂ ਨਾਲ਼ ਮਜ਼ਦੂਰ ਵਿਹੜਿਆਂ ’ਚ ਗਏ ਤਾਂ ਇੱਥੇ ਇੱਕ ਹੋਰ ਘਿਨਾਉਣੀ ਦੁਨੀਆਂ ਸਾਡੇ ਸਾਹਮਣੇ ਆਈ। ਮਜ਼ਦੂਰ ਬਸਤੀਆਂ ਦੀਆਂ ਤੰਗ ਅਤੇ ਟੁੱਟੀਆਂ ਗਲੀਂਆਂ ਵਿੱਚ ਕੂੜੇ ਦੀ ਸੜਾਂਦ ਤੋਂ ਬਚਦੇ ਤੁਰਦੇ ਹੋ ਪਰ ਹੇਠਾਂ ਤੁਹਾਡੇ ਪੈਰ ਗਾਰੇ ਨਾਲ਼ ਪਚ-ਪਚ ਕਰਦੇ ਹਨ। ਵਿਹੜੇ ਅੰਦਰ ਦਾਖਲ ਹੁੰਦੇ ਹੋ ਕਿ ਤੁਸੀਂ ਸੋਚਦੇ ਹੋ ਕਿ ਸ਼ਾਇਦ ਕੁੱਝ ਰਾਹਤ ਮਿਲ਼ੇ, ਪਰ ਇੱਥੇ ਆਕੇ ਤੁਹਾਨੂੰ ਅਗਲੀ ਸਮੱਸਿਆ ਸਾਹ ਦੀ ਸ਼ੁਰੂ ਹੋ ਜਾਂਦੀ ਹੈ। ਜਿਸ ਸਮੇਂ ਮਜ਼ਦੂਰ ਘਰ ਮੌਜੂਦ ਹੁੰਦੇ ਹਨ ਉਹ ਸਮਾਂ ਖਾਣਾ ਬਣਾਉਣ ਦਾ ਹੁੰਦਾ ਹੈ, ਜਿਸ ’ਚ ਵਰਤਿਆ ਜਾਣ ਵਾਲ਼ਾ ਤੇਲ ਬਹੁਤ ਘਟੀਆ ਕਿਸਮ ਦਾ ਹੁੰਦਾ ਹੈ ਜੋ ਉਹਨਾਂ ਨੂੰ ਵਿਹੜੇ ਦੇ ਬਾਹਰ ਮੌਜੂਦ ਦੁਕਾਨ ਤੋਂ ਹੀ ਲੈਣਾ ਲਾਜਮੀ ਹੁੰਦਾ ਹੈ। ਇੱਥੋਂ ਦੇ ਬਸ਼ਿੰਦੇ ਇਸ ਮਹੌਲ ਦੇ ਇੰਨੇ ਆਦਿ ਹੋ ਚੁੱਕੇ ਹਨ ਕਿ ਉਹਨਾਂ ਲਈ ਇਹ ਆਮ ਹੈ। ਇਹ ਮਜ਼ਦੂਰ ਬਸਤੀਆਂ ਆਮ ਤੌਰ ’ਤੇ ਤਿੰਨ ਮੰਜਿਲਾਂ ਹੁੰਦੀਆਂ ਹਨ। ਉੱਪਰ ਚੜਨ ਲਈ ਸਿਰਫ 2 ਫੁੱਟ ਚੌੜੀ ਪੌੜੀ ਜੋ ਬਗੈਰ ਰੌਸ਼ਨੀ ਤੇ ਜੰਗਲੇ ਤੋਂ ਹੁੰਦੀ ਹੈ। ਨਵੇਂ ਆਦਮੀ ਲਈ ਉੱਪਰ ਚੜਦੇ ਸਮੇਂ ਹੇਠਾ ਡਿੱਗ ਜਾਣਾ ਕੋਈ ਵੱਡੀ ਗੱਲ ਨਹੀਂ। ਇਮਾਰਤ ਦੀਆਂ 5 ਇੰਚੀ ਕੰਧਾਂ ਬਿਨਾਂ ਕਿਸੇ ਸਰੀਆ-ਬਜਰੀ ਜਾਂ ਥਮਲੇ ਦੇ ਹੁੰਦੀਆਂ ਹਨ। ਇੱਥੇ ਅਸੀਂ ਉਨ੍ਹਾਂ ਇਮਾਰਤਾਂ ’ਚੋਂ ਹੀ ਕਿਸੇ ਦੀ ਗੱਲ ਕਰਦੇ ਹਾਂ ਜਿਸਦੀ ਖ਼ਬਰ ਅਸੀਂ ਅੱਗੇ ਲਿਖੇ ਅਨੁਸਾਰ ਅਖ਼ਬਾਰ ਦੇ ਕਿਸੇ ਕੋਨੇ ’ਚ ਪੜ੍ਹਦੇ ਹਾਂ “ਤਿੰਨ ਮੰਜਿਲਾਂ ਮਜ਼ਦੂਰ ਬਸਤੀ ਦੀ ਇਮਾਰਤ ਡਿੱਗਣ ਨਾਲ਼ … ਮਜ਼ਦੂਰਾਂ ਦੀ ਮੌਤ, ਲਾਸ਼ਾਂ ਦੀ ਭਾਲ਼ ਜਾਰੀ” ਇਹਨਾਂ ਇਮਾਰਤਾਂ ਦੀ ਸੁਰੱਖਿਆ ਪੱਖ ਤੋਂ ਕੋਈ ਜਾਂਚ ਨਹੀਂ ਹੁੰਦੀ, ਭਾਵੇਂ ਕਿ ਸਰਕਾਰੀ ਅਧਿਕਾਰੀ ਇੱਕ ਵਾਰ ਇਮਾਰਤ ਦੀ ਮਜਬੂਤੀ ਜਰੂਰ ਪਰਖਣ ਆਉਦੇ ਹਨ ਪਰ ਉਹ ਇਮਾਰਤ ਮਾਲਕ ਦੀ ਜੇਬ੍ਹ ਦੀ ਮਜਬੂਤੀ ਪਰਖਕੇ, ਆਪਣੀ ਜੇਬ ਮਜਬੂਤ ਕਰਕੇ ਚਲੇ ਜਾਂਦੇ ਹਨ।

ਕਮਰਿਆ ਦੀ ਛੱਤ ਦੀ ਉਚਾਈ ਆਮ ਤੌਰ ’ਤੇ ਲਗਭਗ 8 ਫੁੱਟ ਤੇ ਇੰਨੀ ਹੀ ਲੰਬਾਈ-ਚੌੜਾਈ ਹੁੰਦੀ ਹੈ। ਇੱਕ ਕਮਰੇ ’ਚ 3-3 ਮਜ਼ਦੂਰ ਰਹਿੰਦੇ ਹਨ ਤਾਂ ਕਿ ਕਿਰਾਇਆ ਬਚਾਇਆ ਜਾ ਸਕੇ। ਮਜ਼ਦੂਰ ਇਸ ਹਾਲਤ ’ਚ ਨਹੀਂ ਹੁੰਦੇ ਕਿ ਇੱਕ ਆਦਮੀ ਆਪਣਾ ਕਮਰਾ ਲੈ ਸਕੇ। ਪਖਾਨੇ ਅਤੇ ਨਹਾਉਣ ਦਾ ਪ੍ਰਬੰਧ ਤਾਂ ਬਸ ਨਾਮ ਦਾ ਹੀ ਹੁੰਦਾ ਹੈ, ਇਸ ਲਈ ਇੱਥੇ ਹੋਂਦ ਰਹਿਤ ਚੀਜ ਦਾ ਜ਼ਿਕਰ ਕਰਨਾ ਸਮਾਂ ਬਰਬਾਦੀ ਕਰਨਾ ਹੋਵੇਗਾ। ਮਜ਼ਦੂਰ ਸਾਰਾ ਦਿਨ ਸ਼ੋਰਸ਼ਰਾਬੇ ’ਚ ਕੰਮ ਕਰਦੇ ਹਨ, ਮਸ਼ੀਨਾਂ ਦਾ ਉੱਚੀ-ਉੱਚੀ ਖੜਾਕ ਸੁਣਨ-ਸਮਰੱਥਾ ’ਤੇ ਮਾੜਾ ਅਸਰ ਪੈਂਦਾ ਹੈ ਜਿਸ ਕਾਰਨ ਹੌਲ਼ੀ ਕੀਤੀ ਗੱਲ ਉਹਨਾਂ ਨੂੰ ਨਹੀਂ ਸੁਣਦੀ ਸਗੋਂ ਉੱਚੀ ਅਵਾਜ ਵਿੱਚ ਗੱਲ ਕਰਨੀ ਪੈਂਦੀ ਹੈ, ਜਿਵੇਂ ਕਿ ਅਸੀਂ ਆਪਣੇ ਤਜਰਬੇ ਵਿੱਚੋਂ ਜਾਣਿਆ। ਮਜ਼ਦੂਰ ਵਿਹੜੇ ’ਚ ਦਾਖਲ ਹੁੰਦੇ ਹੀ ਜਦੋਂ ਅਸੀਂ ਸਰਵੇਖਣ ਲਈ ਸਵਾਲ ਉਹਨਾਂ ਨੂੰ ਪੁੱਛੇ ਜਾਂ ‘ਮੁਕਤੀ ਸੰਗਰਾਮ’ ਦੀ ਗੱਲ ਕਰਦੇ ਦੱਸਦੇ ਕਿ “ਪੂਰੇ ਸਮਾਜ ਦੀ ਉਸਾਰੀ ਕਰਨ ਵਾਲ਼ੇ ਮਜ਼ਦੂਰਾਂ ਦੀਆਂ ਹਾਲਤਾ ਕਿੰਨੀਆਂ ਭੈੜੀਆਂ ਹਨ, ਜਦਕਿ ਵੇਹਲੇ ਲੋਕ ਸਾਡੇ ਸਿਰਾਂ ’ਤੇ ਐਸ਼ ਕਰ ਰਹੇ ਹਨ। ਸੋ ਸਾਨੂੰ ਆਪਣੇ ਇਤਿਹਾਸ ਤੋਂ ਸਿੱਖਦੇ ਹੋਏ ਇੱਕਠੇ ਹੋਕੇ ਸਰਮਾਏਦਾਰਾਂ ਖਿਲਾਫ ਲੜਨ ਦੀ ਲੋੜ ਹੈ ਤਾਂ ਜੋ ਸੱਤ੍ਹਾ ਦੇ ਹੱਕਦਾਰ ਸੱਤ੍ਹਾ ’ਤੇ ਕਾਬਜ ਹੋ ਸਕਣ।” ਇਸਤੇ ਮਜ਼ਦੂਰ ਡੂੰਘੀਆਂ ਅੱਖਾਂ ’ਚੋਂ ਜੋ ਭੁੱਖ ਕਾਰਨ ਥੋੜਾ ਅੰਦਰ ਧਸੀਆਂ ਸਨ ਸਾਡੇ ਵੱਲ ਸ਼ੱਕ ਅਤੇ ਉਮੀਦ ਨਾਲ਼ ਵੇਖਦੇ ਸਨ। ਸਾਡੀ ਗੱਲ ਉਹਨਾਂ ਨੂੰ ਚੰਗੀ ਲੱਗਦੀ ਸੀ, ਉਹ ਵੀ ਹਾਲਤਾਂ ਨੂੰ ਬਦਲਣਾ ਭਾਸਦੇ ਨੇ। ਗਿਣਤੀ ਪੱਖੋ ਅਸੀਂ 100 ’ਚੋਂ 80 ਹਾਂ ਜਿਸ ਕਾਰਨ ਉਨ੍ਹਾਂ ’ਚ ਇੱਕ ਉਮੀਦ ਪੈਦਾ ਹੁੰਦੀ ਹੈ ਪਰ ਸ਼ੱਕ ਦਾ ਕਾਰਨ ਸੀ ਕਿ ਉਹ ਇੱਥੇ ਨਵੇਂ ਨਹੀਂ ਸਨ, ਉਹਨਾਂ ਦਾ ਇੱਕ ਹਿੱਸਾ ਇੱਥੇ ਕੰਮ ਕਰਦਾ ਕਰਦਾ ਬੁੱਢਾ ਹੋ ਚੁੱਕਿਆ ਏ। ਬਹੁਤ ਸਾਰੇ ਇੱਥੇ ਜਵਾਨੀ ਵੇਲੇ ਆਏ ਸਨ ਅਤੇ ਹੁਣ ਆਪਣੇ ਆਖਰੀ ਹੱਡਾਂ ਨਾਲ਼ ਮਸ਼ੀਨਾਂ ਗੇੜ ਰਹੇ ਹਨ। ਉਨ੍ਹਾਂ ਨੇ ਏਸੇ ਸ਼ਹਿਰ ਅੰਦਰ ਵੱਡੀਆਂ ਹੜਤਾਲਾਂ ਵੇਖੀਆਂ ਸਨ, ਉਹਨਾਂ ਚੋਂ ਕੁੱਝ ਸਨ ਜਿਹਨਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ ਸਨ, ਸਹੀ ਆਗੂ ਵੀ ਮਿਲ਼ੇ ਸਨ ਪਰ ਵੱਡੀ ਗਿਣਤੀ ਅਜਿਹੇ ਮਜ਼ਦੂਰਾਂ ਦੀ ਸੀ ਜੋ ਮੌਕਾ-ਪ੍ਰਸਤ ਲੀਡਰਸ਼ਿਪ ਦੀ ਅਗਵਾਈ ਹੇਠ ਜੁੜ ਬੈਠੇ, ਜਿੱਥੇ ਮਜ਼ਦੂਰਾਂ ਨੇ ਤਾਂ ਜਾਨਹੂਲਵੀ ਲੜਾਈ ਲੜੀ ਪਰ ਮੌਕਾਪ੍ਰਸਤ ਆਗੂਆਂ ਵੱਲੋਂ ਮਾਲਕਾਂ ਨਾਲ਼ ਕੀਤੇ ਸਮਝੌਤਿਆਂ ਕਾਰਨ ਹੜਤਾਲਾਂ ਵਾਪਸ ਲੈਣ ਦੇ ਹੋਏ ਐਲਾਨਾਂ ਤੋਂ ਬਾਅਦ ਮਜ਼ਦੂਰਾਂ ਦੀ ਹਾਲਤ ਹੋਰ ਵੀ ਮਾੜੀ ਹੋ ਗਈ, ਮਜ਼ਦੂਰਾਂ ਦੀ ਤਾਕਤ ਖਿੰਡ ਗਈ ਅਤੇ ਉਹ ਆਗੂ ਰਹਿਤ ਹੋ ਗਏ। ਇਸ ਕਾਰਨ ਮਾਲਕਾਂ ਵੱਲੋਂ ਮਜ਼ਦੂਰਾਂ ’ਤੇ ਜਬਰ ਕਰਨਾ ਹੋਰ ਵੀ ਸੋਖਾ ਹੋ ਗਿਆ। ਹੜਤਾਲੀਆਂ ਨੂੰ ਤਸੀਹੇ ਦਿੱਤੇ ਗਏ, ਕੁੱਟਿਆ ਗਿਆ ਅਤੇ ਇਹ ਵੀ ਸੁਣਿਆਂ ਹੈ ਕਿ ਕੁੱਝ ਚੰਗੇ ਆਗੂ ਕਤਲ ਵੀ ਕੀਤੇ ਗਏ।
ਇਸ ਸਮੇਂ ਤੋਂ ਲੈਕੇ ਮਜ਼ਦੂਰ ਹਰ ਆਏ-ਗਏ ਨੂੰ ਸ਼ੱਕ ਤੇ ਉਮੀਦ ਦੀ ਨਜ਼ਰ ਨਾਲ਼ ਵੇਖਦਾ ਹੈ, ਕਿਉਂਕਿ ਹੁਣ ਵੀ ਇਹ ਦੋਵੇਂ ਹੀ ਮਜ਼ਦੂਰਾਂ ਕੋਲ਼ ਜਾ ਰਹੇ ਹਨ, ਉਹ ਵੀ ਜਿਨ੍ਹਾਂ ’ਤੇ ਆਸਾਂ ਲਾਈਆਂ ਜਾਣੀਆਂ ਚਾਹੀਦੀਆਂ ਹਨ ਤੇ ਉਹ ਵੀ ਜਿਹਨਾਂ ’ਤੇ ਸ਼ੱਕ ਕੀਤਾ ਜਾਣਾ ਚਾਹੀਦਾ ਹੈ।
ਮਜ਼ਦੂਰਾਂ ਨਾਲ਼ ਅਸੀਂ 2020 ਅਤੇ ਇਸ ਵਾਰ ਦੇ ਬੰਦ ਬਾਰੇ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਪ੍ਰਵਾਸੀ ਮਜ਼ਦੂਰਾਂ ਦਾ ਇੱਕ ਹਿੱਸਾ ਅਜੇ ਵਾਪਸ ਨਹੀਂ ਮੁੜਿਆ। ਜਿਸਦਾ ਕਾਰਨ ਡੇਢ ਸਾਲ ਬੀਤ ਜਾਣ ਦੇ ਬਾਅਦ ਵੀ ਕੰਮ ਢੰਗ ਨਾਲ਼ ਨਹੀਂ ਚੱਲੇ ਪਰ ਪਿੱਛੇ ਭੁੱਖੇ ਮਰਨ ਵਾਲ਼ੀ ਹਾਲਤ ਏ ਉੱਥੇ ਕੋਈ ਵੀ ਰੁਜ਼ਗਾਰ ਤਾਂ ਹੈ ਨਹੀਂ, ਜਿਨ੍ਹਾਂ ਕੋਲ਼ ਜ਼ਮੀਨ ਹੈ ਵੀ ਉਹ ਵੀ ਇੰਨੀ ਨਹੀਂ ਕਿ ਰੋਟੀ ਦੇ ਸਕੇ। ਸੋ ਜ਼ਿਆਦਾਤਰ ਮਜ਼ਦੂਰਾਂ ਦੀ ਆਮਦਨ ਦਾ ਮੁੱਖ ਸੋਮਾ ਸਨਅਤੀ ਰੁਜ਼ਗਾਰ ਹੈ। ਪਿੰਡਾਂ ’ਚ ਬਣੀ ਤਰਸਯੋਗ ਹਾਲਤ ਕਾਰਨ ਹੌਲ਼ੀ ਹੌਲ਼ੀ ਵਾਪਸ ਮੁੜ ਰਹੇ ਹਨ।

ਬੰਦ ਸਮੇਂ ਜੋ ਮਜ਼ਦੂਰ ਇੱਥੇ ਟਿਕੇ ਰਹੇ ਉਹਨਾਂ ਦੱਸਿਆ ਕਿ ਇੱਥੇ 3-4 ਮਹੀਨੇ ਰੁਜ਼ਗਾਰ ਨਹੀਂ ਮਿਲ਼ਿਆ। ਸਰਕਾਰ ਦੀ ਸਹਾਇਤਾ ਵਿਗਿਆਪਨਾਂ ’ਚ ਹੀ ਆਉਂਦੀ ਰਹੀ, ਮਜ਼ਦੂਰਾਂ ਕੋਲ਼ ਕੁੱਝ ਨਹੀਂ ਪਹੁੰਚਿਆ। ਅਨੇਕਾਂ ਪਰਿਵਾਰਾਂ ਸਿਰ 30-50 ਹਜ਼ਾਰ ਕਰਜਾ ਚੜ੍ਹ ਗਿਆ। ਇੱਕ ਸਵੇਰ ਅਸੀਂ ਮਜ਼ਦੂਰ ਰਾਮ-ਪ੍ਰਕਾਸ਼ ਨਾਲ਼ ਬੰਦ ਦੇ ਪ੍ਰਭਾਵ ਬਾਰੇ ਗੱਲ ਕਰ ਰਹੇ ਸੀ, ਤਾਂ ਉਸਨੇ ਦੱਸਿਆ ਕਿ ਉਹ ਧਾਗਾ ਮਿੱਲ ’ਚ ਮਜ਼ਦੂਰੀ ਕਰਦਾ ਹੈ, ਉਸਦੀ ਦਿਹਾੜੀ 12 ਘੰਟੇ ਹੈ। ਵਾਧੂ ਸਮੇਂ ਦਾ ਕੋਈ ਪੈਸਾ ਨਹੀਂ ਮਿਲ਼ਦਾ। ਜਦਕਿ ਉਸਦੇ ਪਰਿਵਾਰ ’ਚ 12 ਮੈਂਬਰ ਹਨ। ਉਸਦੇ ਬੇਟੇ ਵੀ ਉਸਦੇ ਨਾਲ਼ ਧਾਗਾ ਮਿੱਲ ’ਚ ਕੰਮ ਕਰਦੇ ਹਨ। ਲਾਕਡਾਊਨ ਸਮੇਂ ਉਹਨਾਂ ਦਾ 6 ਮਹੀਨੇ ਕੰਮ ਬੰਦ ਰਿਹਾ। ਉਸ ਸਮੇਂ ਰੋਟੀ ਦੇ ਜੁਗਾੜ ਲਈ 30,000 ਕਰਜਾ ਲੈਣਾ ਪਿਆ ਜੋ ਕਿ 10 ਪ੍ਰਤੀ ਸੈਂਕੜੇ ਦੀ ਦਰ ’ਤੇ ਮਿਲ਼ਿਆ। ਇਹ ਸਾਡੇ ਲਈ ਸੁੰਨ ਕਰਨ ਵਾਲੀ ਗੱਲ ਸੀ, ਇਸ ਤੋਂ ਪਹਿਲਾਂ ਅਸੀਂ ਕਦੇ ਇੰਨੇ ਵਿਆਜ ਬਾਰੇ ਨਹੀਂ ਸੀ ਸੁਣਿਆ। ਕੋਈ ਏਨੇ ਵਿਆਜ ’ਤੇ ਕਿਵੇਂ ਲੈਣ ਦੇਣ ਕਰ ਸਕਦਾ ਹੈ? ਖਾਸਕਰ ਮਜ਼ਦੂਰ ਇੰਨੇ ਪੈਸੇ ਵਾਪਸ ਕਿਵੇਂ ਕਰੇਗਾ। ਜਿਸਦੇ ਰੁਜ਼ਗਾਰ ਨਾਲ਼ ਪਹਿਲਾਂ ਹੀ ਪਰਿਵਾਰ ਦਾ ਗੁਜਾਰਾ ਮਸਾਂ ਚੱਲਦਾ ਹੈ ਪਰ ਇਹ ਵਿਆਜ ਦਰ ਸਿਰਫ ਰਾਮ ਪ੍ਰਕਾਸ਼ ਲਈ ਨਹੀਂ ਹੈ। ਸਗੋ ਏਥੇ ਦੇ ਜ਼ਿਆਦਾਤਰ ਮਜ਼ਦੂਰ ਏਸੇ ਵਿਆਜ ’ਤੇ ਕਰਜਾ ਲੈਦੇ ਹਨ। ਕਰਜਾ ਬਹੁਤ ਥੋੜਾ ਹੋਣ ਦੇ ਬਾਵਜੂਦ ਵਿਆਜ ਮੂਲ ਨਾਲ਼ੋਂ ਅੱਗੇ ਚੱਲਦਾ ਰਹਿੰਦਾ ਹੈ। ਜਿਸ ਕਾਰਨ ਕਰਜਾ ਉੱਥੇ ਦਾ ਉੱਥੇ ਖੜ੍ਹਾ ਰਹਿੰਦਾ ਹੈ। ਇਸ ਦਰ ’ਤੇ ਕਰਜਾ ਲੈਣ ਦਾ ਕਾਰਨ ਹੈ ਕਿ ਮਜ਼ਦੂਰਾਂ ਕੋਲ਼ ਗਿਰਵੀ ਰੱਖਣ ਲਈ ਸਿਰਫ ਆਪਣੇ ਹੱਥ ਹਨ ਹੋਰ ਕੁੱਝ ਵੀ ਨਹੀਂ। ਇਸ ਲਈ ਕਰਜਾ ਆਮ ਤੌਰ ’ਤੇ ਉਹੀ ਦਿੰਦਾ ਹੈ ਜੋ ਤਾਕਤ ਦੇ ਦਮ ’ਤੇ ਵਾਪਸ ਲੈਣਾ ਜਾਣਦਾ ਹੈ, ਚਾਹੇ ਇਸਦਾ ਕੋਈ ਵੀ ਰੂਪ ਕਿਉਂ ਨਾ ਹੋਵੇ।
ਰਾਮ ਪ੍ਰਕਾਸ਼ ਨੇ ਦੱਸਿਆ ਕਿ “ਬੰਦ ਤੋਂ ਬਾਂਅਦ ਛਾਂਟੀ ਦੀ ਤਲਵਾਰ ਉਹਨਾਂ ਦੀ ਮਿੱਲ ’ਤੇ ਵੀ ਲਟਕੀ ਹੈ। ਪਹਿਲੇ ਉੱਥੇ 150 ਮਜ਼ਦੂਰ ਸਨ ਹੁਣ 70 ਹੀ ਰਹਿ ਗਏ ਹਨ। ਮਜ਼ਦੂਰ ਹੁਣ ਫਾਕੇ ਕੱਟ ਰਹੇ ਹਨ। ਤਨਖਾਹ 12,000 ਤੋਂ ਘਟ ਕੇ 10,000 ਰਹਿ ਗਈ ਹੈ”। ਰਾਮ ਪ੍ਰਕਾਸ਼ ਵਰਗੇ ਮਜ਼ਦੂਰਾਂ ਨੇ ਇੱਕ ਹੋਰ ਛਾਂਟੀ ਦੀ ਮਾਰ ਵੀ ਝੱਲੀ ਹੈ ਜੋ ਪਿੱਛੇ ਜਿਹੇ ਸਰਕਾਰ ਨੇ ਕੀਤੀ ਸੀ, ਜਿਸ ਅਨੁਸਾਰ ਰਾਸ਼ਣ ਕਾਰਡ ’ਤੇ ਮਿਲ਼ਣ ਵਾਲ਼ਾ ਰਾਸ਼ਣ ਵੀ ਬੰਦ ਹੋ ਚੁੱਕਿਆ ਹੈ। ਮਜ਼ਦੂਰਾਂ ਤੋਂ 12-14 ਘੰਟੇ ਕੰਮ ਕਰਵਾਉਣ ਤੋਂ ਬਾਅਦ ਵੀ ਕੋਈ ਓਵਰਟਾਈਮ ਦਾ ਪੱਕਾ ਪੈਸਾ ਨਹੀਂ ਦਿੱਤਾ ਜਾਂਦਾ, ਹੁਣ ਤਾਂ ਪੰਜਾਬ ਸਰਕਾਰ ਨੇ ਵੀ ਇਹ ਐਲਾਨ ਕਰ ਦਿੱਤਾ ਹੈ ਕਿ ਲਾਕਡਾਊਨ ਕਰਕੇ ਹੋਏ ਨੁਕਸਾਨ ਲਈ ਮਾਲਕ ਮਜ਼ਦੂਰਾਂ ਤੋਂ ਮਰਜੀ ਅਨੁਸਾਰ ਕੰਮ ਲੈ ਸਕਦੇ ਹਨ। ਇੱਥੇ ਜ਼ਿਆਦਾਤਰ ਮਜ਼ਦੂਰ ਪੀਸ ਰੇਟ ’ਤੇ ਕੰਮ ਕਰਦੇ ਹਨ। ਬੰਦ ਤੋਂ ਪਹਿਲਾਂ ਮਜ਼ਦੂਰ ਆਪਣਾ ਸਮਾਂ ਲਗਾ ਕੇ ਜਿੰਨੇ ਚਾਹੁਣ ਉੱਨੇ ਪੀਸ ਤਿਆਰ ਕਰ ਲੈਂਦੇ ਸਨ ਪਰ ਹੁਣ ਇਸਦੀ ਗਿਣਤੀ ਵੀ ਤੈਅ ਕਰ ਦਿੱਤੀ ਗਈ ਹੈ, ਮਜ਼ਦੂਰ ਜ਼ਿਆਦਾ ਕੰਮ ਕਰਨਾ ਚਾਹੁੰਦੇ ਹਨ ਤਾਂ ਜੋ ਚਾਰ ਪੈਸੇ ਜ਼ਿਆਦਾ ਕਮਾ ਸਕਣ। ਜੇ ਕੋਈ ਜ਼ਿਆਦਾ ਕੰਮ ਕਰਦਾ ਹੈ ਤਾਂ ਕੀਤੇ ਕੰਮ ਲਈ ਮਾਲਕ ਕੋਈ ਪੈਸਾ ਅਦਾ ਨਹੀਂ ਕਰਦੇ। ਇਸ ਲਹੀ ਇਹ ਮਜ਼ਦੂਰਾਂ ਲਈ ਹੋਰ ਵੀ ਮੁਸ਼ਕਿਲ ਸਮਾਂ ਹੈ। ਕਈ ਫੈਕਟਰੀਆਂ ਦੀ ਹਾਲਾਤ ਇਹ ਹੈ ਕਿ ਮਜ਼ਦੂਰਾਂ ਨੂੰ ਕੰਮ ਖਤਮ ਹੋਣ ਤੋਂ ਬਾਅਦ ਵੀ ਘਰ ਨਹੀਂ ਆਉਣ ਦਿੱਤਾ ਜਾਂਦਾ, ਉੱਥੇ ਹੀ ਬਿਠਾ ਕੇ ਰੱਖਿਆ ਜਾਂਦਾ ਹੈ। ਇਸਦਾ ਕਾਰਨ ਹੈ ਕਿ ਮਜ਼ਦੂਰ ਵਿਹਲ ’ਚ ਕੁੱਝ ਨਾ ਹੋਰ ਸੋਚ ਸਕਣ, ਉਹ ਕਿਸੇ ਯੂਨੀਅਨ ਵਾਲ਼ੇ ਨੂੰ ਨਾ ਮਿਲ਼ ਸਕਣ, ਕੋਈ ਅਖ਼ਬਾਰ ਕਿਤਾਬ ਜਾਂ ਪਰਚਾ ਨਾ ਪੜ੍ਹ ਸਕਣ। ਮਜ਼ਦੂਰਾਂ ਦੀ ਜ਼ਿੰਦਗੀ ਜ਼ਿਆਦਾ ਤੋਂ ਜ਼ਿਆਦਾ ਰੁਝੇਵਿਆਂ ਭਰਭੂਰ ਬਣਾਕੇ ਰੱਖਣ ਦੀ ਇਹ ਮਾਲਕ ਜਮਾਤ ਦਾ ਪੁਰਾਣਾ ਤਰੀਕਾ ਹੈ।

ਬੰਦ ਦਾ ਬੱਚਿਆਂ ਦੀ ਪੜ੍ਹਾਈ ’ਤੇ ਵੀ ਮਾੜਾ ਅਸਰ ਪਿਆ ਹੈ, ਜ਼ਿਅਦਾਤਰ ਬੱਚਿਆਂ ਨੂੰ ਪੜ੍ਹਾਈ ਛੱਡ ਕੰਮ ’ਤੇ ਲੱਗਣਾ ਪਿਆ। ਇਸਦਾ ਕਾਰਨ ਹੈ ਫੀਸਾਂ ਨਾ ਭਰ ਸਕਣਾ ਅਤੇ ਇਹ ਸਮਾਂ ਵੀ ਉਹ ਹੈ ਜਦੋਂ ਚੁੱਲੇ ਦੀ ਫਿਕਰ ਸਭ ਤੋਂ ਵੱਡੀ ਹੋਵੇ। ਇਸ ਸਮੇਂ ਬੱਚਿਆ ਨੂੰ ਕੰਮ ’ਤੇ ਲਗਾਉਣਾ ਜਾਂ ਕਬਾੜ ਚੁਗਣ ਭੇਜਣਾ ਹੀ ਮਾਪਿਆ ਲਈ ਇੱਕੋ ਰਾਹ ਬਚਿਆ ਹੈ। ਪਰ ਇਸੇ ਸਮੇਂ ਈ.ਡਬਲਿਉ.ਐਸ ਇਲਾਕੇ ’ਚ ਚੱਲ ਰਹੀ ‘ਨਵੀਂ ਸਵੇਰ ਪਾਠਸ਼ਾਲਾ’ (ਮਜ਼ਦੂਰ ਲਾਇਬ੍ਰੇਰੀ) ਜਰੀਏ ਕੁੱਝ ਕੁ ਬੱਚੇ ਪੜ੍ਹ ਰਹੇ ਹਨ। ਖਾਸਕਰ ਜਿੱਥੇ ਮਾਪਿਆਂ ਅਤੇ ਬੱਚਿਆਂ ’ਚ ਇਸ ਪ੍ਰਤੀ ਦਿਲਚਸਪੀ ਹੈ। ਕਿਉਂਕਿ ਇਸ ਪਾਠਸ਼ਾਲਾ ਦੀ ਕੋਈ ਫੀਸ ਨਹੀਂ ਹੈ। ਪ੍ਰਚਾਰ ਦੌਰਾਨ ਇੱਕ ਮਜ਼ਦੂਰ ਔਰਤ ਸੀਮਾ ਦੇਵੀ ਦੱਸਦੀ ਹੈ ਕਿ ਪੰਜ ਸਾਲ ਪਹਿਲਾਂ ਉਸਨੇ ਇੱਕ ਅੱਖ ’ਚ ਲੈਂਸ ਪਵਾਇਆ ਸੀ ਅਤੇ ਪਥਰੀ ਦਾ ਅਪ੍ਰੇਸ਼ਨ ਕਰਵਾਇਆ ਸੀ। ਪਰ ਹੁਣ ਫੇਰ ਇਹ ਦੋਵੇਂ ਸਮੱਸਿਆਵਾਂ ਆ ਰਹੀਆਂ ਹਨ। ਪਤੀ ਜੋ ਕੰਮ ਕਰਦਾ ਸੀ ਬਿਮਾਰ ਹੈ। ਡਾਕਟਰ ਦੀ ਫੀਸ ਦੇਣ ਲਈ ਸਾਡੇ ਕੋਲ਼ ਕੋਈ ਪੈਸਾ ਨਹੀਂ ਹੈ। ਹੁਣ ਸੀਮਾਂ ਦੇਵੀ ਆਪਣੀ ਅੱਧੀ ਨਜ਼ਰ ਅਤੇ ਪਥਰੀ ਦਾ ਭਾਰ ਢੋਣ ਲਈ ਮਜ਼ਬੂਰ ਹੈ। ਉਸਨੇ ਮੁੰਡੇ ਨੂੰ ਸਕੂਲੋਂ ਹਟਾ ਕੇ ਕੰਮ ’ਤੇ ਲਾ ਦਿੱਤਾ ਹੈ। ਇਸ ਬੇਰੁਜ਼ਗਾਰੀ ਦੀ ਹਾਲਤ ਵਿੱਚ ਮਜ਼ਦੂਰਾਂ ਦਾ ਇੱਕ ਹਿੱਸਾ ਭੀਖ ਮੰਗਣ ਵੀ ਲੱਗ ਪਿਆ ਹੈ। ਇਸ ਲਈ ਇਹ ਹਾਲਤ ਭਾਰਤ ਦੀ ਮਜ਼ਦੂਰ ਜਮਾਤ ਦੀ ਹੈ ਜੋ ਕਿ 12-14 ਘੰਟੇ ਕੰਮ ਕਰਨ ਤੋਂ ਬਾਅਦ ਸਾਨੂੰ ਹਰ ਵਸਤ ਤਿਆਰ ਕਰਕੇ ਦਿੰਦੀ ਹੈ ਪਰ ਜੋ ਕੁੱਝ ਉਸਦੀ ਖੁਦ ਆਵਦੀ ਪਹੁੰਚ ਤੋਂ ਬਾਹਰ ਹੈ, ਭਿਆਨਕ ਜੀਵਨ ਹਾਲਤਾਂ ’ਚ ਗੁਜਾਰਾ ਕਰ ਰਹੀ ਹੈ। ਬੱਚਿਆਂ ਦੀ ਜ਼ਿੰਦਗੀ ਅਸੁਰੱਖਿਆ ’ਚ ਘਿਰੀ ਹੋਈ ਹੈ। ਪਰ ਹੌਲ਼ੀ-ਹੌਲ਼ੀ ਇਹ ਜਮਾਤ ਆਪਣੀ ਹੋਣੀ ਤੇ ਭੂਮਿਕਾ ਪ੍ਰਤੀ ਚੇਤਨ ਵੀ ਹੋ ਰਹੀ ਹੈ। ਚਮਕਦੀਆਂ ਅੱਖਾਂ ਚੋਂ ਭਵਿੱਖ ਵੱਲ ਮੱਧਮ ਆਸ ਲੈਕੇ ਵੇਖ ਰਹੀ ਹੈ ਜੋ ਇਹ ਭਰੋਸਾ ਬਣਾਉਂਦੀ ਹੈ ਕਿ ਸਭ ਕੁੱਝ ਇਸੇ ਤਰ੍ਹਾਂ ਨਹੀਂ ਚੱਲੇਗਾ। ਸ਼ਾਂਤ ਦਿਖ ਰਿਹਾ ਸ਼ਹਿਰ ਹਮੇਸ਼ਾਂ ਸ਼ਾਂਤ ਨਹੀਂ ਹੁੰਦਾ। ਇਸ ’ਚ ਕੁੱਝ ਧੁਖ ਰਿਹਾ ਹੁੰਦਾ ਹੈ ਜੋ ਇੱਕ ਦਿਨ ਭਾਂਬੜ ਬਣ ਜਾਂਦਾ ਹੈ ਅਤੇ ਲਾਜਮੀ ਹੈ ਕਿ ਇੱਥੇ ਵੀ ਇੱਕ ਦਿਨ ਭਾਂਬੜ ਬਣੇਗਾ ਅਤੇ ਲੁੱਟਣ ਵਾਲ਼ਿਆਂ ਨੂੰ ਲੁੱਟ ਲਿਆ ਜਾਵੇਗਾ। ਇਸਦੇ ਲਈ ਹਾਕਮਾਂ ਦੁਆਰਾ ਖੜ੍ਹੀ ਕੀਤੀ ਪੰਜਾਬੀ-ਪ੍ਰਵਾਸੀ ਕੰਧ ਨੂੰ ਤੋੜਨਾ ਬਹੁਤ ਅਹਿਮ ਹੈ, ਲੋਕਾਂ ਨੂੰ ਇਹ ਦੱਸਣਾ ਪਵੇਗਾ ਕਿ ਮਾਲਕ ਰੱਤ ਨਿਚੋੜਨ ਲੱਗਿਆਂ ਇਹ ਨਹੀਂ ਵੇਖਦਾ ਕਿ ਸਾਹਮਣੇ ਪੰਜਾਬੀ ਹੈ ਜਾਂ ਪ੍ਰਵਾਸੀ। ਇਹ ਸਮਝ ਲੈਣ ਤੋਂ ਬਾਅਦ ਹੀ ਅਸੀਂ ਹਾਕਮਾਂ ਨਾਲ਼ ਨਜਿੱਠ ਸਕਦੇ ਹਾਂ ਅਤੇ ਢੰਡਾਰੀ ਕਾਂਡ ਵਰਗੇ ਵਰਤਾਰਿਆਂ ਨੂੰ ਰੋਕ ਸਕਦੇ ਹਾਂ ਜਿਸ ਵਿੱਚ ਆਪਣੇ ਹੱਕਾਂ ਲਈ ਉੱਠ ਖੜ੍ਹੇ ਹੋਏ ਪ੍ਰਵਾਸੀ ਮਜ਼ਦੂਰਾਂ ਨੂੰ ਪੁਲਿਸ-ਪ੍ਰਸ਼ਾਸ਼ਨ ਵੱਲ਼ੋਂ ਪੇਂਡੂ ਕਿਰਤੀਆਂ ਤੋਂ ਕੁਟਵਾਇਆ ਗਿਆ ਸੀ।
ਜਿੱਤ ਦੇ ਵਿਸ਼ਵਾਸ ਨਾਲ਼ ਅਸੀਂ ਜਿੱਥੇ ਵੀ ਰੌਸ਼ਨ ਭਵਿੱਖ ਦੀ ਤਿਆਰੀ ਲਈ ਜੋ-ਜੋ ਵੀ ਕਰ ਸਕਦੇ ਹਾਂ, ਕਰੀਏ। ਆਪੋ-ਆਪਣੇ ਮੋਰਚੇ ਮਜਬੂਤ ਕਰੀਏ ਤੇ ਲੁੱਟਣ ਵਾਲ਼ਿਆਂ ਨੂੰ ਘੇਰਨਾ ਘੱਤਣਾ ਸ਼ੁਰੂ ਕਰੀਏ।

•ਜਸਵਿੰਦਰ        (ਧੰਨਵਾਦ ਸਹਿਤ ਲਲਕਾਰ ਮੈਗਜ਼ੀਨ)