ਮਜ਼ਦੂਰਾਂ ਦੀ ਕੀਮਤ

ਮਜ਼ਦੂਰਾਂ ਦੀ ਕੀਮਤ

ਇੱਕ ਦਿਨ ਮੈਂ ਸਵੇਰੇ-ਸਵੇਰੇ ਚਾਹ ਦੇ ਖੋਖੇ ’ਤੇ ਚਾਹ ਪੀਣ ਬੈਠ ਗਿਆ। ਉੱਥੇ ਕੁੱਝ ਮਜ਼ਦੂਰ ਵੀ ਚਾਹ ਪੀ ਰਹੇ ਸੀ ਤੇ ਆਪਸ ਵਿੱਚ ਗੱਲਾਂ ਕਰ ਰਹੇ ਸੀ। ਇੱਕ ਮਜ਼ਦੂਰ ਨੇ ਆਪਣੀ ਫੈਕਟਰੀ ਦੀ ਘਟਨਾ ਸੁਣਾਉਣੀ ਸ਼ੁਰੂ ਕੀਤੀ ਕਿ 4-5 ਦਿਨ ਪਹਿਲਾਂ ਮੇਰੀ ਤੇ ਮੇਰੇ ਮਾਲਕ ਦੀ ਤਕਰਾਰ ਹੋ ਗਈ। ਕਾਰਨ ਇਹ ਸੀ ਕਿ ਅਸੀਂ ਦੋ ਬੰਦੇ ਫੈਕਟਰੀ ’ਚ ਕੰਮ ਕਰਦੇ ਹਾਂ। ਮੈਂ ਦਿਨੇ ਕੰਮ ਕਰਦਾ ਹਾਂ ਤੇ ਦੂਸਰਾ ਬੰਦਾ ਰਾਤ ਨੂੰ। ਦੂਸਰਾ ਬੰਦਾ ਜਦੋਂ ਸ਼ਾਮ ਨੂੰ ਫੈਕਟਰੀ ’ਚ ਕੰਮ ਕਰਨ ਆ ਜਾਂਦਾ ਹੈ ਤਾਂ ਮਾਲਕ ਫੈਕਟਰੀ ਨੂੰ ਜਿੰਦਾ ਲਾ ਕੇ ਘਰ ਚਲਿਆ ਜਾਂਦਾ ਹੈ ਤੇ ਸਵੇਰੇ ਆਕੇ ਹੀ ਖੋਲਦਾ ਹੈ। ਹਰ ਰੋਜ਼ ਇਸ ਤਰ੍ਹਾਂ ਹੀ ਹੁੰਦਾ ਹੈ। ਇੱਕ ਦਿਨ ਦੂਸਰੇ ਬੰਦੇ ਨੇ ਮੈਨੂੰ ਇਹ ਗੱਲ ਦੱਸੀ ਤੇ ਅਸੀਂ ਸੋਚਿਆ ਕਿ ਇਹ ਤਾਂ ਗਲਤ ਗੱਲ ਹੈ। ਮਸ਼ੀਨਾਂ ਬਿਜਲੀ ’ਤੇ ਚੱਲਦੀਆਂ ਹਨ। ਜੇਕਰ ਰੱਬ ਨਾ ਕਰੇ ਰਾਤ ਨੂੰ ਕੁੱਝ ਹੋ ਜਾਵੇ, ਕੋਈ ਅੱਗ ਵਗੈਰਾ ਲੱਗ ਜਾਵੇ ਤਾਂ ਕੀ ਹੋਵੇਗਾ? ਭੱਜਣ ਨੂੰ ਵੀ ਕਿੱਧਰੇ ਥਾਂ ਨਹੀਂ। ਇਸ ਤਰ੍ਹਾਂ ਤਾਂ ਬੰਦੇ ਦੀ ਮੌਤ ਵੀ ਹੋ ਸਕਦੀ ਹੈ। ਅਸੀਂ ਫੈਸਲਾ ਕੀਤਾ ਕਿ ਇਸ ਬਾਰੇ ਮਾਲਕ ਨਾਲ਼ ਗੱਲ ਕੀਤੀ ਜਾਵੇ। ਉਸਤੋਂ ਦੂਸਰੇ ਦਿਨ ਜਦ ਮੈਂ ਸਵੇਰੇ ਫੈਕਟਰੀ ਪਹੁੰਚਿਆ ਤਾਂ ਦੂਸਰਾ ਬੰਦਾ ਘਰ ਜਾ ਚੁੱਕਾ ਸੀ। ਮੈਂ ਬਾਬੂ ਕੋਲ਼ ਦਫਤਰ ਚਲਾ ਗਿਆ। ਜਦ ਮੈਂ ਸਾਰੀ ਗੱਲ ਉਸ ਨੂੰ ਦੱਸੀ ਤੇ ਕਿਹਾ ਕਿ ਇਸ ਤਰ੍ਹਾਂ ਰਾਤ ਨੂੰ ਜਿੰਦਾ ਨਾ ਲਗਾਇਆ ਜਾਵੇ ਤਾਂ ਬਾਬੂ ਗੁੱਸੇ ਨਾਲ਼ ਲਾਲ-ਪੀਲ਼ਾ ਹੋ ਗਿਆ ਤੇ ਕਹਿਣ ਲੱਗਾ ਕਿ ਜਿੰਦਾ ਕਿਉਂ ਨਾ ਲਗਾਵਾਂ? ਫੈਕਟਰੀ ਅੰਦਰ ਲੱਖਾਂ ਰੁਪਏ ਦਾ ਸਮਾਨ ਪਿਆ ਹੈ।

ਜੇਕਰ ਰਾਤ ਨੂੰ ਚੋਰੀ ਹੋ ਗਈ ਤਾਂ ਇੰਨਾ ਘਾਟਾ ਕੌਣ ਝੱਲੂ? ਜੇ ਤੂੰ ਇੰਨੇ ਰੁਪਏ ਭਰਨ ਦੀ ਜ਼ਿੰਮੇਦਾਰੀ ਲੈਂਦਾ ਹੈਂ ਤਾਂ ਮੈਂ ਜਿੰਦਾ ਨਾ ਲਾਇਆ ਕਰੂ। ਇਹ ਸੁਣ ਕੇ ਮੈਂ ਕਿਹਾ ਕਿ ਮੈਂ ਇੰਨੀ ਵੱਡੀ ਜ਼ਿੰਮੇਵਾਰੀ ਭਲਾਂ ਕਿਵੇਂ ਲੈ ਸਕਦਾ ਹਾਂ? ਪਰ ਤੁਸੀਂ ਇਹ ਵੀ ਸੋਚੋ ਕਿ ਜੇਕਰ ਰਾਤ ਨੂੰ ਕੋਈ ਘਟਨਾ ਹੋ ਗਈ ਬੰਦੇ ਦੀ ਮੌਤ ਹੋ ਗਈ ਤਾਂ ਕੀ ਬਣੂ? ਉਸਦੇ ਛੋਟੇ-ਛੋਟੇ ਬੱਚੇ ਵੀ ਹਨ ਉਨਾਂ ਦਾ ਕੀ ਹੋਵੇਗਾ? ਇਹ ਬਿਪਤਾ ਵੀ ਤਾਂ ਥੋਡੇ ਸਿਰ ’ਤੇ ਹੀ ਆਉਣੀ ਹੈ। ਇਹ ਸੁਣਕੇ ਬਾਬੂ ਕਹਿਣ ਲੱਗਾ ਕਿ ਕੋਈ ਗੱਲ ਨਈਂ ਜੇ ਉਹ ਮਰ ਗਿਆ ਤਾਂ 1-2 ਲੱਖ ’ਚ ਖਹਿੜਾ ਛੁੱਟ ਜਾਊ। ਇੰਨਾ ਕੁ ਘਾਟਾ ਮੈਂ ਝੱਲ ਲਊਂ। ਇਸ ਤੋਂ ਬਾਅਦ ਮੈਂ ਦਫਤਰੋਂ ਬਾਹਰ ਆ ਗਿਆ। ਹੁਣ ਵੀ ਮਾਲਿਕ ਹਰ ਰੋਜ਼ ਰਾਤ ਨੂੰ ਜਿੰਦਾ ਲਾਕੇ ਘਰ ਜਾਂਦਾ ਹੈ। ਇਸ ਤੋਂ ਬਾਅਦ ਉਹ ਮਜ਼ਦੂਰ ਆਪਣੀਆਂ ਹੋਰ ਗੱਲਾਂ ਕਰਨ ਲੱਗ ਪਏ। ਪਰ ਮੈਂ ਸੋਚਿਆ ਕਿ ਮਜ਼ਦੂਰ ਦੀ ਜ਼ਿੰਦਗੀ ਦੀ ਕੀਮਤ ਕਿੰਨੀ ਸਸਤੀ ਹੋ ਗਈ ਹੈ। ਹਰ ਇੱਕ ਚੀਜ ਮਜ਼ਦੂਰ ਪੈਦਾ ਕਰਦਾ ਹੈ ਤੇ ਇਹ ਮਸ਼ੀਨਾਂ ਵੀ ਤਾਂ ਇਹਨਾਂ ਮਜ਼ਦੂਰਾਂ ਨੇ ਹੀ ਬਣਾਈਆਂ ਹਨ। ਪਰ ਇਹਨਾਂ ਮਸ਼ੀਨਾਂ ਦੀ ਕਦਰ ਉਸਦੀ ਜ਼ਿੰਦਗੀ ਤੋਂ ਕਿਤੇ ਜ਼ਿਆਦਾ ਹੋ ਗਿਆ। ਹਜ਼ਾਰਾਂ ਹੀ ਮਜ਼ਦੂਰ ਫੈਕਟਰੀਆਂ ’ਚ ਹਾਦਸਿਆਂ ਦੌਰਾਨ ਮਰ ਜਾਂਦੇ ਹਨ। ਜਿਹਨਾਂ ਵਿੱਚੋਂ ਬਹੁਤ ਥੋੜਿਆਂ ਦੀਆਂ ਹੀ ਸੁਰਖੀਆਂ ਬਣਦੀਆਂ ਹਨ ਤੇ ਜਲਦੀ ਹੀ ਭੁਲਾ ਦਿੱਤੀਆਂ ਜਾਂਦੀਆਂ ਹਨ। ਕੀ ਉਨ੍ਹਾਂ ਸਭ ਖਤਮ ਹੋਏ ਮਜ਼ਦੂਰਾਂ ਬਾਰੇ ਇਹ ਮਾਲਕ ਜਮਾਤ ਇਸ ਤਰ੍ਹਾਂ ਹੀ ਸੋਚਦੀ ਹੈ?

•ਜਗਦੀਸ਼                  (ਧੰਨਵਾਦ ਸਹਿਤ ਲਲਕਾਰ ਮੈਗਜ਼ੀਨ)

Bulandh-Awaaz

Website: