More

  ਮੌਸਮੀ ਤਬਾਹੀ ਦੇ ਕੰਢੇ ‘ਤੇ ਮਨੁੱਖਤਾ – ਪ੍ਰੀਤਮ ਸਿੰਘ

  ਪੌਣ ਪਾਣੀ ਦੀ ਤਬਦੀਲੀ ਬਾਰੇ ਸੰਯੁਕਤ ਰਾਸ਼ਟਰ ਦੇ ਕੌਮਾਂਤਰੀ ਪੈਨਲ ਨੇ ਆਲਮੀ ਭਾਈਚਾਰੇ ਨੂੰ ਖ਼ਬਰਦਾਰ ਕੀਤਾ ਹੈ ਕਿ ਜੇ ਆਲਮੀ ਤਪਸ਼ ਅਤੇ ਜੈਵਿਕ ਵੰਨ-ਸੁਵੰਨਤਾ ਵਿਚ ਤੇਜ਼ੀ ਨਾਲ ਆ ਰਹੇ ਨਿਘਾਰ ਨੂੰ ਰੋਕਣ ਲਈ ਫ਼ੌਰੀ ਕਦਮ ਨਾ ਚੁੱਕੇ ਗਏ ਤਾਂ ਸਾਰੀ ਦੁਨੀਆਂ ਨੂੰ 2030 ਤੱਕ ਮੌਸਮ ਪੱਖੋਂ ਭਾਰੀ ਤਬਾਹੀ ਦਾ ਸਾਹਮਣਾ ਕਰਨਾ ਪਵੇਗਾ। ਇਸ ਚੇਤਾਵਨੀ ਨੂੰ ਦੋ ਕਾਰਨਾਂ ਕਰਕੇ ਸੰਜੀਦਗੀ ਨਾਲ ਲਿਆ ਜਾਣਾ ਚਾਹੀਦਾ ਹੈ: ਪਹਿਲਾ, ਇਸ ਦੀ ਵਿਗਿਆਨਕ ਪ੍ਰਮਾਣਿਕਤਾ ਅਤੇ ਦੂਜਾ, ਇਸ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰਨ ਦੀ ਸੂਰਤ ਵਿਚ ਸਾਡੀ ਧਰਤੀ ਲਈ ਨਿਕਲਣ ਵਾਲੇ ਮਾੜੇ ਸਿੱਟੇ।

  ਇਸ ਚਿਤਾਵਨੀ ਦੀ ਵਿਗਿਆਨਕ ਪ੍ਰਮਾਣਿਕਤਾ ਬਾਰੇ ਦੋ ਪੱਖ ਬਹੁਤ ਅਹਿਮ ਹਨ। ਪਹਿਲਾ, ਜਿਹੜੀ ਯੂਐੱਨ ਪੈਨਲ ਰਿਪੋਰਟ ਨੇ ਇਸ ਖ਼ਤਰੇ ਬਾਰੇ ਖ਼ਬਰਦਾਰ ਕੀਤਾ ਹੈ, ਉਹ ਵਾਤਾਵਰਨ ਤੇ ਮੌਸਮ ਸਬੰਧੀ ਦੁਨੀਆਂ ਦੇ ਮੋਹਰੀ ਵਿਗਿਆਨੀਆਂ ਵੱਲੋਂ ਤਿਆਰ ਕੀਤੀ ਗਈ ਹੈ ਜਿਨ੍ਹਾਂ ਨੂੰ ਇਸ ਸਬੰਧੀ ਉਪਲੱਬਧ ਸਾਰੇ ਅਧਿਐਨਾਂ ਦੀ ਤੁਲਨਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਤਾਂ ਜੋ ਕਿਸੇ ਸਿੱਟੇ ਉੱਤੇ ਪੁੱਜਿਆ ਜਾ ਸਕੇ। ਦੂਜਾ, ਪੈਨਲ ਜਿਨ੍ਹਾਂ ਸਿੱਟਿਆਂ ਉੱਤੇ ਪੁੱਜਾ ਹੈ, ਉਨ੍ਹਾਂ ਬਾਰੇ ਇਸ ਪੈਨਲ ਦੇ ਸਾਰੇ ਮੈਂਬਰਾਂ ਦੀ ਸਰਬਸੰਮਤੀ ਹੈ। ਇਸ ਸਰਬਸੰਮਤੀ ਦੀ ਕੁਝ ਹਲਕਿਆਂ ਵਿਚ ਆਲੋਚਨਾ ਵੀ ਹੋਈ ਹੈ, ਜੋ ਮਹਿਜ਼ ਉਨ੍ਹਾਂ ਮੌਸਮ ਵਿਗਿਆਨੀਆਂ ਨੂੰ ਵਜ਼ਨ ਦੇਣ ਵਾਲੀ ਗੱਲ ਹੈ ਜਿਹੜੇ ਮੌਸਮ ਸਬੰਧੀ ਖ਼ਤਰੇ ਨੂੰ ਬਹੁਤ ਜ਼ਿਆਦਾ ਗੰਭੀਰ ਮੰਨਣ ਵਾਲੇ ਵਿਗਿਆਨੀਆਂ ਦੇ ਮੁਕਾਬਲੇ ਘੱਟ ਗੰਭੀਰ ਮੰਨਦੇ ਹਨ।

  ਡਾ. ਪ੍ਰੀਤਮ ਸਿੰਘ ਆਕਸਫੋਰਡ

  ਇਸ ਦੇ ਬਾਵਜੂਦ ਇਨ੍ਹਾਂ ਸਿੱਟਿਆਂ ਦੀ ਅਹਿਮੀਅਤ ਇਸ ਕਾਰਨ ਵਧ ਜਾਂਦੀ ਹੈ ਕਿ ਇਹ ਇਸ ਪੈਨਲ ਦੇ ਸਾਰੇ ਮੈਂਬਰਾਂ ਦੀ ਸਹਿਮਤੀ ਉੱਤੇ ਆਧਾਰਿਤ ਹਨ। ਇਸ ਯੂਐੱਨ ਪੈਨਲ ਨੇ ਮੌਸਮੀ ਤਬਾਹੀ ਦੇ ਇਸ ਖ਼ਦਸ਼ੇ ਬਾਰੇ ਜਿਹੜੇ ਵੱਖੋ-ਵੱਖ ਆਯਾਮ ਸਾਰੀ ਦੁਨੀਆਂ ਦੇ ਧਿਆਨ ਵਿਚ ਲਿਆਂਦੇ ਹਨ, ਉਨ੍ਹਾਂ ਬਾਰੇ ਇੱਥੇ ਅਸੀਂ ਸੰਖੇਪ ਵਿਚ ਚਰਚਾ ਕਰਾਂਗੇ। ਇਨ੍ਹਾਂ ਵਿਚ 2030 ਦੀ ਤਾਰੀਖ਼ ਦੀ ਅਹਿਮੀਅਤ, ਇਸ ਤਬਾਹੀ ਦਾ ਅਰਥ, ਇਸ ਦੇ ਮੁੱਖ ਕਾਰਨ ਤੇ ਇਸ ਨੂੰ ਰੋਕਣ ਦੇ ਸੰਭਵ ਤਰੀਕੇ ਸ਼ਾਮਲ ਹਨ।

  ਤਾਰੀਖ਼ 2030 ਇਸ ਕਾਰਨ ਅਹਿਮ ਹੈ ਕਿਉਂਕਿ ਪੈਨਲ ਵੱਲੋਂ ਕੀਤੇ ਗਏ ਮਾਡਲਿੰਗ ਤਜਰਬਿਆਂ ਮੁਤਾਬਿਕ ਜੇ ਆਲਮੀ ਤਾਪਮਾਨ ਸਨਅਤੀਕਰਨ ਤੋਂ ਪੂਰਬਲੇ ਦੌਰ (ਪ੍ਰੀ-ਇੰਡਸਟਰੀਅਲ ਏਜ) ਵਾਲੇ ਤਾਪਮਾਨ ਦੇ ਮੁਕਾਬਲੇ 1.5 ਡਿਗਰੀ ਸੈਂਟੀਗਰੇਡ ਵਧਦਾ ਹੈ ਤਾਂ ਆਲਮੀ ਜਲਵਾਯੂ ਵਿਚ ਨਾ-ਮੁੜਨਯੋਗ ਤੇ ਅਣਕਿਆਸੀਆਂ ਤਬਦੀਲੀਆਂ ਆਉਣਗੀਆਂ। ਸਨਅਤੀਕਰਨ ਤੋਂ ਪੂਰਬਲੇ ਦੌਰ ਦਾ ਮਤਲਬ ਹੈ, 19ਵੀਂ ਸਦੀ ਦੇ ਮੱਧ ਦਾ ਸਮਾਂ, ਜਦੋਂ ਸਨਅਤੀ ਇਨਕਲਾਬ ਨੇ ਇਨਸਾਨੀ ਸਮਾਜ ਦੇ ਵਿਕਾਸ ਵਿਚ ਨਵੀਂ ਤਬਦੀਲੀ ਲਿਆਂਦੀ। ‘ਜਲਵਾਯੂ ਤਬਦੀਲੀ ਸਬੰਧੀ 2015 ਦੇ ਪੈਰਿਸ ਇਕਰਾਰਨਾਮੇ’ ਵਿਚ 2030 ਤੱਕ ਆਲਮੀ ਤਾਪਮਾਨ, ਸਨਅਤੀਕਰਨ ਤੋਂ ਪੂਰਬਲੇ ਦੌਰ ਵਾਲੇ ਤਾਪਮਾਨ ਦੇ ਮੁਕਾਬਲੇ 2 ਡਿਗਰੀ ਸੈਂਟੀਗਰੇਡ ਤੱਕ ਵਧ ਜਾਣ ਨੂੰ ਮੌਸਮੀ ਤਬਾਹੀ ਭੜਕਾਉਣ ਵਾਲਾ ਬਿੰਦੂ ਮੰਨਿਆ ਗਿਆ ਸੀ, ਪਰ ਉਦੋਂ ਤੋਂ ਹੁਣ ਤੱਕ ਆਈ ਜਲਵਾਯੂ ਤਬਦੀਲੀ ਦੀ ਰਫ਼ਤਾਰ ਨੂੰ ਦੇਖਦਿਆਂ ਯੂਐੱਨ ਪੈਨਲ ਨੇ ਇਹ ਬਿੰਦੂ ਆਲਮੀ ਤਾਪਮਾਨ ਦੇ ਵਾਧੇ ਦੇ 2 ਡਿਗਰੀ ਤੋਂ ਘਟਾ ਕੇ ਡੇਢ ਡਿਗਰੀ ਸੈਂਟੀਗਰੇਟ ਤੱਕ ਕਰ ਦਿੱਤਾ ਹੈ। ਇਸ ਗੱਲ ਦੇ ਮੱਦੇਨਜ਼ਰ ਤਾਪਮਾਨ ਦੇ ਵਾਧੇ ਦਾ ਇਹ ਬਿੰਦੂ ਉਦੋਂ ਹੋਰ ਵੀ ਅਹਿਮ ਬਣ ਜਾਂਦਾ ਹੈ ਕਿ ਇਸ ਡੇਢ ਡਿਗਰੀ ਸੈਂਟੀਗਰੇਡ ਵਿਚੋਂ ਇਕ ਡਿਗਰੀ ਤਾਪਮਾਨ ਪਹਿਲਾਂ ਹੀ ਵਧ ਚੁੱਕਾ ਹੈ। ਜੇ ਮੌਸਮੀ ਤਬਾਹੀ ਤੋਂ ਬਚਣਾ ਹੈ ਤਾਂ ਹੁਣ ਸਮੁੱਚੀ ਇਨਸਾਨੀਅਤ ਮੂਹਰੇ 2030 ਮਹਿਜ਼ ਅੱਧੀ (0.5) ਡਿਗਰੀ ਤਾਪਮਾਨ ਵਾਧੇ ਨੂੰ ਰੋਕਣ ਦੀ ਵੱਡੀ ਚੁਣੌਤੀ ਹੈ।

  ਇਸ ਮੌਸਮੀ ਤਬਾਹੀ ਵਿਚ ਅਨੇਕਾਂ ਖ਼ਤਰਨਾਕ ਤਬਦੀਲੀਆਂ ਸ਼ਾਮਲ ਹੋ ਸਕਦੀਆਂ ਹਨ; ਜਿਵੇਂ ਇਕ ਪਾਸੇ ਗਰਮੀ ਦੀ ਭਿਆਨਕ ਲਹਿਰ ਤੇ ਦੂਜੇ ਪਾਸੇ ਭਾਰੀ ਬਰਫ਼ਬਾਰੀ; ਸਮੁੰਦਰ ਤਲ ਦਾ ਉੱਚਾ ਉੱਠਣਾ ਤੇ ਇਸ ਕਾਰਨ ਸੰਸਾਰ ਦੇ ਸਾਹਿਲੀ ਇਲਾਕਿਆਂ ਵਿਚ ਹੜ੍ਹ ਆਉਣੇ; ਧਰਤੀ ਦੇ ਧਰੁਵਾਂ ਉੱਤੇ ਜੰਮੀ ਬਰਫ਼ ਅਤੇ ਹਿਮਾਲਿਆ ਦੇ ਗਲੇਸ਼ੀਅਰਾਂ ਦਾ ਪਿਘਲਣਾ, ਜਿਸ ਨਾਲ ਪਹਿਲਾਂ ਤਾਂ ਭਿਆਨਕ ਹੜ੍ਹ ਆਉਣਗੇ ਅਤੇ ਬਾਅਦ ਵਿਚ ਪਾਣੀ ਦੇ ਹੰਢਣਸਾਰ ਵਸੀਲਿਆਂ ਵਿਚ ਕਮੀ ਆ ਜਾਵੇਗੀ ਕਿਉਂਕਿ ਗਲੇਸ਼ੀਅਰਾਂ ਵਿਚ ਬਰਫ਼ ਜੰਮਣੀ ਘਟ ਜਾਵੇਗੀ; ਭਾਰੀ ਗਰਮੀ ਕਾਰਨ ਸੋਕੇ ਪੈਣਗੇ ਅਤੇ ਕੁਝ ਹੋਰ ਇਲਾਕੇ ਰੇਗਿਸਤਾਨ ਬਣਨ ਲੱਗਣਗੇ ਜਿਸ ਨਾਲ ਅੰਨ ਦੀ ਕਮੀ ਦੀ ਸਮੱਸਿਆ ਪੈਦਾ ਹੋਵੇਗੀ; ਅੰਨ ਤੇ ਪਾਣੀ ਦੀ ਕਮੀ ਕਾਰਨ ਹਿੰਸਕ ਸਮਾਜਿਕ ਟਕਰਾਅ ਵਧਣਗੇ ਅਤੇ ਇਨ੍ਹਾਂ ਟਕਰਾਵਾਂ ਕਾਰਨ ਤਾਨਾਸ਼ਾਹ ਸਰਕਾਰਾਂ ਦਾ ਉਭਾਰ ਹੋਵੇਗਾ; ਇਸ ਤਰ੍ਹਾਂ ਹੜ੍ਹਾਂ, ਸਮੁੰਦਰਾਂ ਦੇ ਤੇਜ਼ਾਬੀ ਹੋਣ, ਅਣਕਿਆਸੇ ਤੂਫ਼ਾਨਾਂ ਅਤੇ ਸੋਕਿਆਂ ਕਾਰਨ ਜਾਨਵਰਾਂ ਅਤੇ ਇਨਸਾਨਾਂ (ਮੁੱਖ ਤੌਰ ’ਤੇ ਕਮਜ਼ੋਰ ਤਬਕਿਆਂ ਦੇ ਲੋਕ ਜਿਵੇਂ ਗ਼ਰੀਬ ਅਤੇ ਛੱਤ-ਵਿਹੂਣੇ) ਦੀਆਂ ਵੱਡੇ ਪੱਧਰ ’ਤੇ ਮੌਤਾਂ ਹੋਣਗੀਆਂ; ਅਜਿਹੀਆਂ ਮੌਤਾਂ ਕਾਰਨ ਪਾਣੀ ਤੇ ਹਵਾ ਪ੍ਰਦੂਸ਼ਿਤ ਹੋਣ ਦੇ ਸਿੱਟੇ ਵਜੋਂ ਬਿਮਾਰੀਆਂ ਫੈਲਣਗੀਆਂ; ਦਰੱਖ਼ਤਾਂ (ਜੰਗਲਾਂ) ਦੀ ਕਟਾਈ ਅਤੇ ਜੈਵਿਕ ਵੰਨ-ਸੁਵੰਨਤਾ ਦੇ ਨਿਘਾਰ ਕਾਰਨ ਵੱਖ-ਵੱਖ ਜੀਵ ਰੂਪਾਂ ਵਿਚਕਾਰ ਵਾਤਾਵਰਨੀ ਤਵਾਜ਼ਨ ਖ਼ਤਰੇ ’ਚ ਪਵੇਗਾ।

  ਇਸ ਖ਼ਤਰਨਾਕ ਤਬਾਹੀ ਦਾ ਕਾਰਨ ਮੁੱਖ ਤੌਰ ’ਤੇ ਸਾਡੇ ਆਰਥਿਕ ਪ੍ਰਬੰਧ ਦਾ ਕਾਰਜ-ਢੰਗ ਹੈ। ਪੈਦਾਵਾਰ ਦੀ ਸਰਮਾਏਦਾਰਾਨਾ ਪ੍ਰਣਾਲੀ ਦਾ ਦੁਨੀਆਂ ਵਿਚ ਦਬਦਬਾ ਵੀ ਉਦੋਂ ਹੀ ਹੋਇਆ ਜਦੋਂ ਸਨਅਤੀ ਇਨਕਲਾਬ ਆਇਆ ਅਤੇ ਇਸ ਦੇ ਨਾਲ ਹੀ ਵਾਤਾਵਰਨ ਦੀ ਤਬਾਹੀ ਦਾ ਪੱਧਰ ਸਰਮਾਏਦਾਰਾਨਾ ਆਰਥਿਕ ਪ੍ਰਬੰਧ ਤੋਂ ਪੂਰਬਲੇ ਦੌਰ ਦੇ ਮੁਕਾਬਲੇ ਕਈ ਗੁਣਾ ਵਧ ਗਿਆ। ਸਰਮਾਏਦਾਰੀ ਨਿਜ਼ਾਮ ਵਿਚ ਸਾਰੇ ਕੁਦਰਤੀ ਵਸੀਲਿਆਂ ਦਾ ਇਸਤੇਮਾਲ ਜ਼ੋਰਦਾਰ ਤੇ ਵਿਆਪਕ ਪੱਧਰ ’ਤੇ ਕੀਤਾ ਜਾਂਦਾ ਹੈ ਤਾਂ ਕਿ ਵੱਧ ਤੋਂ ਵੱਧ ਮੁਨਾਫ਼ਾ ਕਮਾਇਆ ਜਾ ਸਕੇ ਅਤੇ ਆਰਥਿਕ ਵਿਕਾਸ ਵੱਧ ਤੋਂ ਵੱਧ ਹੋ ਸਕੇ। ਇਸ ਆਰਥਿਕ ਤਰਕ ਦਾ ਬੁਨਿਆਦੀ ਤੌਰ ’ਤੇ ਹੰਢਣਸਾਰ ਵਿਕਾਸ ਦੀਆਂ ਲੋੜਾਂ ਨਾਲ ਟਕਰਾਅ ਹੁੰਦਾ ਹੈ।

  ਪੈਦਾਵਾਰ ਅਤੇ ਤਿਆਰ ਮਾਲ ਦੀ ਢੋਆ-ਢੁਆਈ ਵਾਸਤੇ ਊਰਜਾ ਦੀ ਵਰਤੋਂ ਦਾ ਮਤਲਬ ਹੈ ਖਣਿਜ ਬਾਲਣ, ਖ਼ਾਸਕਰ ਤੇਲ, ਗੈਸ ਤੇ ਕੋਲੇ ਦੀ ਵਰਤੋਂ ਵਿਚ ਭਾਰੀ ਇਜ਼ਾਫ਼ਾ। ਸਰਮਾਏਦਾਰਾਨਾ ਸਨਅਤੀਕਰਨ ਦੀ ਆਮਦ ਨਾਲ ਤੇਜ਼ ਹੋਈ ਖਣਿਜ ਬਾਲਣ ਦੀ ਵਰਤੋਂ, ਕਾਰਬਨ ਡਾਈਆਕਸਾਈਡ ਅਤੇ ਦੂਜੀਆਂ ਗਰੀਨਹਾਊਸ ਗੈਸਾਂ ਦੇ ਨਿਕਾਸ ਵਿਚ ਵਾਧੇ ਦਾ ਵੱਡਾ ਕਾਰਨ ਹੈ ਅਤੇ ਇਹੋ ਗੈਸਾਂ ਆਲਮੀ ਤਪਸ਼ ਤੇ ਜੈਵਿਕ ਵੰਨ-ਸੁਵੰਨਤਾ ਦੇ ਨਿਘਾਰ ਦਾ ਮੁੱਖ ਕਾਰਨ ਹਨ। ਸਾਲ 2030 ਤੱਕ ਆਲਮੀ ਤਾਪਮਾਨ ਵਿਚ 1.5 ਡਿਗਰੀ ਵਾਧੇ ਦਾ ਜਿਹੜਾ ਖ਼ਦਸ਼ਾ ਮਹਿਸੂਸ ਕੀਤਾ ਜਾ ਰਿਹਾ ਹੈ, ਉਸ ਦਾ ਕਾਰਨ ਜੀਵਮੰਡਲ ਵਿਚ ਗਰੀਨਹਾਊਸ ਗੈਸਾਂ ਦਾ ਇਕੱਤਰ ਹੁੰਦੇ ਜਾਣਾ ਹੈ ਤੇ ਇਹ ਅਮਲ ਸਰਮਾਏਦਾਰਾਨਾ ਸਨਅਤੀਕਰਨ ਦੀ ਆਮਦ ’ਤੇ ਖਣਿਜ ਬਾਲਣ ਦੀ ਭਾਰੀ ਵਰਤੋਂ ਸ਼ੁਰੂ ਹੋਣ ਦੇ ਵੇਲੇ ਤੋਂ ਜਾਰੀ ਹੈ। ਇਸ ਵਿਚ ਪਿਛਲੇ ਕੁਝ ਦਹਾਕਿਆਂ ਤੋਂ ਸਰਮਾਏਦਾਰੀ ਦੇ ਆਲਮੀਕਰਨ ਕਾਰਨ ਹੋਰ ਤੇਜ਼ ਵਾਧਾ ਹੋਇਆ ਹੈ।

  ਇਹ ਦਲੀਲ ਵੀ ਦਿੱਤੀ ਜਾ ਸਕਦੀ ਹੈ ਕਿ ਜੇ ਇਸ ਵਾਤਾਵਰਨੀ ਤਬਾਹੀ ਨੂੰ ਲਾਜ਼ਮੀ ਰੋਕਣਾ ਹੈ ਤਾਂ ਆਲਮੀ ਸਰਮਾਏਦਾਰੀ ਪ੍ਰਬੰਧ ਦੀ ਥਾਂ ਬਦਲਵਾਂ ਆਰਥਿਕ ਪ੍ਰਬੰਧ ਉੱਭਰਨਾ ਚਾਹੀਦਾ ਹੈ। ਇਸ ਦੇ ਬਾਵਜੂਦ ਆਲਮੀ ਤਾਪਮਾਨ ਵਿਚ 2030 ਤੱਕ 1.5 ਡਿਗਰੀ ਸੈਂਟੀਗਰੇਡ ਦੇ ਵਾਧੇ ਨੂੰ ਰੋਕਣ ਦੀ ਵੱਡੀ ਜ਼ਰੂਰਤ ਇਸ ਗੱਲ ਦੀ ਮੰਗ ਕਰਦੀ ਹੈ ਕਿ ਜੇ ਆਲਮੀ ਸਰਮਾਏਦਾਰੀ ਦਾ ਲੋੜੀਂਦਾ ਬਦਲ ਨਹੀਂ ਵੀ ਪੈਦਾ ਹੁੰਦਾ ਅਤੇ ਆਲਮੀ ਤਾਕਤਾਂ ਦੇ ਮੌਜੂਦਾ ਤਵਾਜ਼ਨ ਨੂੰ ਦੇਖਦਿਆਂ ਇਸ ਦੀ ਸੰਭਾਵਨਾ ਵੀ ਨਹੀਂ ਹੈ; ਤਾਂ ਵੀ ਆਲਮੀ, ਕੌਮੀ, ਸਥਾਨਕ, ਪਰਿਵਾਰਕ ਅਤੇ ਨਿੱਜੀ ਪੱਧਰ ਉੱਤੇ ਬਹੁ-ਪੱਧਰੀ ਕਾਰਵਾਈ ਕੀਤੀ ਜਾਣੀ ਜ਼ਰੂਰੀ ਹੈ ਤਾਂ ਕਿ ਗਰੀਨਹਾਊਸ ਗੈਸਾਂ ਦਾ ਨਿਕਾਸ ਘਟਾਇਆ ਜਾ ਸਕੇ। ਕੁਝ ਕੌਮੀ ਸਰਕਾਰਾਂ ਜਿਵੇਂ ਬਰਤਾਨੀਆ, ਆਇਰਲੈਂਡ, ਕੈਨੇਡਾ ਅਤੇ ਫਰਾਂਸ ਤੇ 16 ਮੁਲਕਾਂ ਦੀਆਂ 740 ਉਪ-ਕੌਮੀ (ਸੂਬਾਈ ਆਦਿ) ਸਰਕਾਰਾਂ ਵੱਲੋਂ ‘ਮੌਸਮੀ ਐਮਰਜੈਂਸੀ’ ਦਾ ਕੀਤਾ ਗਿਆ ਐਲਾਨ ਗਰੀਨਹਾਊਸ ਗੈਸਾਂ ਦਾ ਨਿਕਾਸ ਘਟਾਉਣ ਦੇ ਸਬੰਧ ਵਿਚ ਹੰਗਾਮੀ ਕਦਮ ਚੁੱਕੇ ਜਾਣ ਦੀ ਲੋੜ ਪ੍ਰਤੀ ਵਧ ਰਹੀ ਜਾਗਰੂਕਤਾ ਦਾ ਸੰਕੇਤ ਹੈ।

  ਇਸ ਲਈ ਆਉਣ ਵਾਲੇ 11 ਸਾਲ ਹੀ ਇਹ ਨਿਤਾਰਾ ਕਰਨਗੇ ਕਿ ਆਲਮੀ ਭਾਈਚਾਰੇ ਵਜੋਂ ਕੀ ਅਸੀਂ ਅਜਿਹੇ ਸਾਂਝੇ ਕਦਮ ਚੁੱਕਣ ਦੇ ਸਮਰੱਥ ਹਾਂ ਜਿਨ੍ਹਾਂ ਰਾਹੀਂ ਸਾਡੀ ਧਰਤੀ ਨੂੰ ਦਰਪੇਸ਼ ਇਸ ਵਾਤਾਵਰਨੀ ਤਬਾਹੀ ਨੂੰ ਰੋਕਿਆ ਜਾ ਸਕੇ। ਅਸੀਂ ਉਮੀਦ ਕਰ ਸਕਦੇ ਹਾਂ ਕਿ ਕਈ ਵਾਰ ਔਖੇ ਸਮੇਂ ਹੀ ਮਨੁੱਖ ਨੂੰ ਅਜਿਹੇ ਪੜਾਅ ’ਤੇ ਲੈ ਜਾਂਦੇ ਹਨ, ਜਦੋਂ ਉਨ੍ਹਾਂ ਨੂੰ ਆਪਣੇ ਬਚਾਅ ਲਈ ਸਖ਼ਤ ਕਦਮ ਚੁੱਕਣੇ ਹੀ ਪੈਂਦੇ ਹਨ, ਪਰ ਸਾਨੂੰ ਇਸ ਗੱਲ ਨੂੰ ਵੀ ਰੱਦ ਨਹੀਂ ਕਰਨਾ ਚਾਹੀਦਾ ਕਿ ਆਲਮੀ ਸਰਮਾਏਦਾਰੀ ਆਰਥਿਕ ਪ੍ਰਬੰਧ ਦੀ ਸਮਾਜਿਕ-ਆਰਥਿਕ ਪ੍ਰਕਿਰਿਆ ਇੰਨੀ ਤਾਕਤਵਰ ਸਾਬਤ ਹੁੰਦੀ ਹੈ ਕਿ ਇਸ ਤਬਾਹੀ ਨੂੰ ਰੋਕਣ ਲਈ ਵਿਅਕਤੀਗਤ ਤੇ ਉਪ-ਕੌਮੀ ਕੋਸ਼ਿਸ਼ਾਂ ਬਹੁਤ ਹੀ ਕਮਜ਼ੋਰ ਸਾਬਤ ਹੁੰਦੀਆਂ ਹਨ। ਅਸੀਂ ਇਸ ਸਬੰਧੀ ਚੰਗੇ ਦੀ ਉਮੀਦ ਹੀ ਕਰ ਸਕਦੇ ਹਾਂ, ਜਦੋਂਕਿ ਇਸ ਸਬੰਧੀ ਦਾਨਿਸ਼ਮੰਦਾਂ ਦੀ ਉਦਾਸੀਨਤਾ ਸਾਡੇ ਲਈ ਵੱਡੀ ਚਿੰਤਾ ਹੈ।

  * ਆਕਸਫੋਰਡ ਸਕੂਲ ਆਫ ਗਲੋਬਲ ਐਂਡ ਏਰੀਆ ਸਟੱਡੀਜ਼, ਆਕਸਫੋਰਡ ਯੂਨੀਵਰਸਿਟੀ, ਯੂ.ਕੇ.।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img