More

  ਮੋਹਨ ਭਾਗਵਤ ਦਾ ਬਿਆਨ ਤੇ ਸੰਘ ਦੇ ਅਸਲ ਮਨਸੂਬੇ

  ਲੰਘੀ 4 ਜੁਲਾਈ ਨੂੰ ‘ਰਾਸ਼ਟਰੀ ਸਵੈਸੇਵਕ ਸੰਘ’ ਦੇ ਪ੍ਰਮੁੱਖ ਮੋਹਨ ਭਾਗਵਤ ਵੱਲੋਂ ਉੱਤਰਪ੍ਰਦੇਸ਼ ਦੇ ਗਾਜ਼ਿਆਬਾਦ ’ਚ ‘ਮੁਸਲਿਮ ਰਾਸ਼ਟਰੀ ਮੰਚ’ ਦੇ ਪ੍ਰੋਗਰਾਮ “ਹਿੰਦੁਸਤਾਨੀ ਪਹਿਲਾਂ, ਹਿੰਦੁਸਤਾਨ ਪਹਿਲਾਂ” ਮੌਕੇ ਇੱਕ ਬਿਆਨ ਦਿੱਤਾ ਕਿ “ਭਾਰਤ ਦੇ ਸਾਰੇ ਧਰਮਾਂ ਦੇ ਲੋਕਾਂ ਦਾ ਡੀ.ਐੱਨ.ਏ ਇੱਕ ਹੈ। ਹਿੰਦੁਸਤਾਨ ‘ਹਿੰਦੂ ਰਾਸ਼ਟਰ’ ਹੈ, ਗਊ ਮਾਤਾ ਪੂਜਣਯੋਗ ਹੈ ਪਰ ਹਜੂਮੀ ਕਤਲ ਕਰਨ ਵਾਲ਼ੇ ‘ਹਿੰਦੂਤਵ’ ਦੇ ਖਿਲਾਫ ਹਨ। ਮੁਸਲਮਾਨਾਂ ਨੂੰ ਡਰਨ ਦੀ ਲੋੜ ਨਹੀਂ ਕਿ ਇਸਲਾਮ ਖ਼ਤਰੇ ‘ਚ ਹੈ। ਭਾਰਤ ਦੀ ਸਰਵਉੱਚਤਾ ਦੀ ਗੱਲ ਕਰਨੀ ਚਾਹੀਦੀ ਹੈ, ਜੇ ਕੋਈ ਹਿੰਦੂ ਇਹ ਕਹਿੰਦਾ ਹੈ ਕਿ ਇੱਥੇ ਕੋਈ ਮੁਸਲਮਾਨ ਨਾ ਰਹੇ ਜਾਂ ਮੁਸਲਮਾਨ ਕਹੇ ਕਿ ਇੱਥੇ ਕੋਈ ਹਿੰਦੂ ਨਾ ਰਹੇ ਇਹ ਗਲਤ ਹੈ।” ਇਸ ਬਿਆਨ ਤੋਂ ਕੀ ਸਮਝਿਆ ਜਾਵੇ, ਕੀ ਰ.ਸ.ਸ. ਆਪਣੇ ਹਿੰਦੂਤਵ ਦੇ ਏਜੰਡੇ ਤੇ ਨਰਮ ਹੋ ਰਹੀ ਹੈ? ਤਾਂ ਜਵਾਬ ਹੈ ਬਿਲਕੁਲ ਵੀ ਨਹੀਂ। ਕਿਉਂਕਿ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਫਾਸੀਵਾਦੀ ਆਪਣੇ ਮਨਸੂਬਿਆਂ ਤੋਂ ਕਦੇ ਪਿੱਛੇ ਨਹੀਂ ਹਟਦੇ। ਪਹਿਲਾ ਬਿਆਨ ਦਾਗ਼ਦੇ ਹਨ ਫਿਰ ਲੋਕਾਂ ਦੀ ਪ੍ਰਤੀਕਿਰਿਆ ਦੇ ਹਿਸਾਬ ਨਾਲ਼ ਬਿਆਨ ਬਦਲ ਲੈਂਦੇ ਹਨ ਤੇ ਆਪਣੇ ਮਨਸੂਬਿਆਂ ਨੂੰ ਚੋਰ ਰਸਤਿਓਂ ਲਾਗੂ ਕਰਦੇ ਹਨ। ਸੰਘ ਭਾਜਪਾ ਦੀ ਪੂਰੀ ਸਿਆਸਤ ਹੀ ਲੋਕਾਂ ਨੂੰ ਵਹਿਮਾਂ ਭਰਮਾਂ ’ਚ ਪਾਉਣ ਤੇ ਟਿਕੀ ਹੋਈ ਹੈ। ਇਹ ਅਫਵਾਹਾਂ ਫੈਲਾਅ ਕੇ ਲੋਕਾਂ ਨੂੰ ਇੱਕ-ਦੂਜੇ ਫਿਰਕੇ ਦੇ ਖ਼ੂਨ ਦੇ ਪਿਆਸੇ ਬਣਾ ਦਿੰਦੇ ਹਨ। ਨਾਗਰਿਕਤਾ ਸੋਧ ਕਨੂੰਨ ਵੇਲ਼ੇ ਭਾਜਪਾ ਸੰਘ ਨੇ ਇਹ ਪ੍ਰਚਾਰਿਆ ਕਿ ਇਹ ਨਾਗਰਿਕਤਾ ਦੇਣ ਵਾਲ਼ਾ ਕਨੂੰਨ ਹੈ। ਖੇਤੀ ਕਨੂੰਨਾਂ ’ਤੇ ਵੀ ਵਾਰ-ਵਾਰ ਇਹੀ ਰਾਗ਼ ਅਲਾਪ ਰਹੇ ਨੇ ਕਿ ਇਹ ਲੋਕਾਂ ਦੇ ਭਲ਼ੇ ਲਈ ਹਨ। ਪਰ ਸੱਚ ਕੀ ਹੈ ਇਹ ਸਾਰੀ ਲੋਕਾਈ ਜਾਣਦੀ ਹੈ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਉਣ ਦੇ ਹੋਰ ਹਨ।

  ਮੋਹਨ ਭਾਗਵਤ ਜਿਸ ਜਥੇਬੰਦੀ ਦਾ ਪ੍ਰਮੁੱਖ ਹੈ ਉਸ ਬਾਰੇ ਵੀ ਜਾਣ-ਪਛਾਣ ਜ਼ਰੂਰੀ ਹੈ ਫਿਰ ਹੀ ਇਹਨਾਂ ਫਿਰਕੂ ਸੱਪਾਂ ਦੀ ਜ਼ਹਿਰੀਲੀ ਸੋਚ ਦਾ ਖੁਰਾ-ਖੋਜ ਲੱਭਿਆ ਜਾ ਸਕਦਾ ਹੈ। ਰ.ਸ.ਸ. “ਹਿੰਦੂਤਵ” ਦੀ ਵਿਚਾਰਧਾਰਾ ਨੂੰ ਪ੍ਰਣਾਈ ਕੱਟੜਪੰਥੀ ਜਥੇਬੰਦੀ ਹੈ ਜੋ 1925 ਤੋਂ ਭਾਰਤ ਨੂੰ ਇੱਕ “ਹਿੰਦੂ ਰਾਸ਼ਟਰ”’ਚ ਤਬਦੀਲ ਕਰਨ ਲਈ ਸਰਗਰਮ ਹੈ। ਜਿਸ ਵਿੱਚ ਬਾਕੀ ਧਾਰਮਿਕ, ਕੌਮੀ ਪਛਾਣ ਵਾਲ਼ੇ ਲੋਕ, ਦਲਿਤ ਤੇ ਔਰਤਾਂ ਦੂਜੇ ਦਰਜੇ ਦੇ ਨਾਗਰਿਕ ਹੋਣਗੇ। ਰ.ਸ.ਸ. ‘ਮਨੂੰਸਮਿ੍ਰਤੀ’ ਵਾਲ਼ਾ ਜਾਤਪਾਤੀ ਢਾਂਚਾ ਲਾਗੂ ਕਰਨ ਤੇ ਔਰਤਾਂ ਨੂੰ ਘਰਾਂ ’ਚ ਪਤੀ ਦੀ ਸੇਵਾ ਲਈ ਚੁੱਲੇ-ਚੌਂਕੇ ਨਾਲ਼ ਬੰਨ੍ਹੀ ਰੱਖਣ ਦੀ ਵਕਾਲਤ ਕਰਦੀ ਹੈ। ਅੱਜ ਦੇ ਸਮੇਂ ਭਾਰਤ ਦੀ ਹਾਕਮ ਸਰਮਾਏਦਾਰ ਜਮਾਤ ਜਿਸ ਤਰ੍ਹਾਂ ਦੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ ਉਸਦਾ ਸਾਰਾ ਬੋਝ ਲੋਕਾਂ ਉੱਪਰ ਸੁੱਟਿਆ ਜਾ ਰਿਹਾ ਹੈ ਸਾਰੇ ਜਨਤਕ ਅਦਾਰਿਆਂ ਦਾ ਭੋਗ ਪਾ ਕੇ ਉਨ੍ਹਾਂ ਨੂੰ ਅੰਬਾਨੀਆਂ-ਅਦਾਨੀਆਂ ਨੂੰ ਵੇਚਣੇ ਲਾਇਆ ਹੋਇਆ ਹੈ। ਅਜਿਹੇ ’ਚ ਲੋਕਾਂ ਦੇ ਰੋਹ ਨੂੰ ਕੁਚਲਣ ਲਈ ਇਸਨੂੰ ਇੱਕ ਫਾਸੀਵਾਦੀ ਸੱਤ੍ਹਾ ਦੀ ਜ਼ਰੂਰਤ ਸੀ ਜੋ ਭਾਜਪਾ ਤੇ ਸੰਘ ਦੇ ਰੂਪ ਵਿੱਚ ਪੂਰੀ ਹੋਈ ਹੈ, ਜਿਸਦੇ ਆਪਣੇ ਵੀ ਮਨਸੂਬੇ ਹਨ ਤੇ ਉਹਨਾਂ ਨੂੰ ਪੂਰੇ ਕਰਨ ਲਈ ਵੀ ਇਹ ਸੁਨਹਿਰੀ ਮੌਕਾ ਹੈ। ਸੰਘ ਇੱਕ ਕਾਰਕੁੰਨਾਂ ਅਧਾਰਤ ਜਥੇਬੰਦੀ ਹੈ ਜੋ ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ ਅਤੇ ਹੋਰ ਸੈਂਕੜੇ ਵੱਖ-ਵੱਖ ਜਥੇਬੰਦੀਆਂ ਰਾਹੀਂ ਸਮਾਜ ਦੀ ਰਗ਼-ਰਗ਼ ਵਿੱਚ ਫੈਲੀ ਹੋਈ ਹੈ ਤੇ ਧਰਮ ਦੇ ਨਾਮ ’ਤੇ ਲੋਕਾਂ ਚ ਵੰਡੀਆਂ ਪਾ ਰਹੀ ਹੈ। ਅੱਜ ਸੰਘ ਨਾ ਸਿਰਫ ਭਾਜਪਾ ਦੇ ਰੂਪ ਵਿੱਚ ਸਰਕਾਰ ਵਿੱਚ ਮੌਜੂਦ ਹੈ ਸਗੋਂ ਫੌਜ, ਨਿਆਇਕ ਢਾਂਚੇ, ਚੋਣ ਕਮਿਸ਼ਨ, ਸਿੱਖਿਆਆਦਿ ਜਿਹੀਆਂ ਸੰਸਥਾਵਾਂ ਵਿੱਚ ਵੀ ਇਸਦੇ ਨੁਮਾਇੰਦੇ ਕਾਬਜ਼ ਹਨ। ਸੱਤ੍ਹਾ ਵਿੱਚ ਨਾ ਹੁੰਦਿਆਂ ਵੀ 1925 ਤੋਂ ਸੰਘ ਫਿਰਕੂ ਨਫ਼ਰਤ ਤੇ ਹਿੰਸਾ ਫੈਲਾਉਣ ਦਾ ਆਪਣਾ ਕੰਮ ਬਾਖੂਬੀ ਕਰਦਾ ਰਿਹਾ ਹੈ। ਸੰਘ ਕੋਲ਼ ਲੱਖਾਂ ਕਾਡਰਾਂ ਦੀ ਫੌਜ ਹੈ ਜੋ ਅਨੁਸ਼ਾਸ਼ਿਤ ਵੀ ਹੈ ਤੇ ਮਰਨ-ਮਾਰਨ ਦੇ ਜਨੂੰਨ ਨਾਲ਼ ਵੀ ਭਰੀ ਪਈ ਹੈ। ਇਹੋ ਫੌਜ 1992 ਵਿੱਚ ਬਾਬਰੀ ਮਸਜਿਦ ਢਾਹੁਣ, 2002 ਵਿੱਚ ਗੁਜਰਾਤ ਨਸਲਕੁਸ਼ੀ ਅਤੇ 2013 ਵਿੱਚ ਮੁਜ਼ੱਫਰਨਗਰ ਕਤਲੇਆਮ, 2020 ’ਚ ਦਿੱਲੀ ਕਤਲੇਆਮ ਆਦਿ ਵਿੱਚ ਵਰਤੀ ਗਈ ਹੈ। ਸੰਘ ਦੇ ਕਾਰਸੇਵਕਾਂ ਦੀ ਇਹੋ ਫੌਜ ਭੀੜ ਬਣਕੇ ਊਨਾ ਵਿੱਚ ਦਲਿਤਾਂ ਨੂੰ ਕੁੱਟਦੀ ਹੈ, ਮੁਹੰਮਦ ਅਖਲਾਕ ਨੂੰ ਬੀਫ ਖਾਣ ਦੇ ਨਾਮ ’ਤੇ ਘਰ ਵੜਕੇ ਕਤਲ ਕਰਦੀ ਹੈ ਤੇ 16 ਸਾਲਾ ਜੁਨੈਦ ਦੀ ਦਾਹੜੀ ਦੇਖਕੇ ਦਿਨ-ਦਿਹਾੜੇ ਉਸਨੂੰ ਚਲਦੀ ਰੇਲਗੱਡੀ ਵਿੱਚ ਕਤਲ ਕਰਦੀ ਹੈ।

  ਇਸ ਜਨੂੰਨੀਆਂ ਦੇ ਹਜੂਮ ਨੂੰ ਪੁਲਿਸ, ਪ੍ਰਸ਼ਾਸ਼ਨ ਤੇ ਸਿਆਸਤਦਾਨਾਂ ਦੀ ਸ਼ਹਿ ਤੇ ਸਰਪ੍ਰਸਤੀ ਹਾਸਲ ਹੈ। ਸੰਘ ਵੱਲੋਂ ਚਲਾਈਆਂ ਜਾਂਦੀਆਂ ਸੰਸਥਾਵਾਂ ਵਿੱਚ ਧਾਰਮਿਕ ਘੱਟਗਿਣਤੀਆਂ ਖਿਲਾਫ਼ ਜ਼ਹਿਰ ਉਗਲ਼ਿਆ ਜਾਂਦਾ ਹੈ, ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ, ਗਊ ਰੱਖਿਆ ਦਸਤੇ ਦੇ ਨਾਮ ’ਤੇ ਗੁੰਡਾ ਗਰੋਹ ਤਿਆਰ ਕੀਤੇ ਜਾਂਦੇ ਹਨ। ਸੰਘ ਵੱਲੋਂ ਸ਼ੋਸ਼ਲ ਮੀਡੀਆ ਵਿੱਚ ਯੋਜਨਾਬੱਧ ਢੰਗ ਨਾਲ਼ ਅਫਵਾਹਾਂ, ਨਕਲੀ ਵੀਡੀਓ ਆਦਿ ਤਿਆਰ ਕਰਕੇ ਫੈਲਾਏ ਜਾਂਦੇ ਹਨ ਤੇ ਇਸ ਕੰਮ ਲਈ ਸੰਘ ਪਰਿਵਾਰ ਨੇ ਹਜ਼ਾਰਾਂ ਕਾਰਕੁੰਨਾਂ ਦਾ ਇੱਕ ਤਾਣਾ-ਬਾਣਾ ਤਿਆਰ ਕੀਤਾ ਹੋਇਆ ਹੈ ਜੋ ਦਿਨ-ਰਾਤ ਇਹ ਕੰਮ ਕਰਦਾ ਹੈ, ਭਾਜਪਾ ਦੇ ਕਪਿਲ ਮਿਸ਼ਰਾ ਦਾ “ਹਿੰਦੂ ਇਕੋਸਿਸਟਮ” ਇਸ ਕੰਮ ’ਚ ‘ਮੋਹਰੀ’ ਭੂਮਿਕਾ ਨਿਭਾ ਰਿਹਾ ਹੈ।ਇਹ ਇੱਕ ਪਾਸੇ ਘਰੇ ਬੈਠੇ ਸਿਪਾਹੀ ਤਿਆਰ ਕਰ ਰਿਹਾ ਹੈ ਤੇ ਦੂਜੇ ਪਾਸੇ ਘੱਟਗਿਣਤੀਆਂ ਵਿੱਚ ਵੀ ਘਰ ਬੈਠਿਆਂ ਦਹਿਸ਼ਤ ਭਰ ਰਿਹਾ ਹੈ। ਰਾਸ਼ਟਰੀ ਸਵੈਸੇਵਕ ਸੰਘ ਆਪਣੇ ਗੁਰੂਆਂ ਸਾਵਰਕਰ ਤੇ ਗੋਲਵਲਕਰ ਦੇ ਪਾਏ ਪੂਰਨਿਆਂ ’ਤੇ ਚਲਦੇ ਹਨ। ਸੰਘ ਪਰਿਵਾਰ ਦੇ ਇਹਨਾਂ ਸਿਧਾਂਤਕਾਰਾਂ ਦੇ ਘੱਟਗਿਣਤੀਆਂ ਤੇ ਵੱਖਰੇ ਸੱਭਿਆਚਾਰਕ ਸਮੂਹਾਂ ਬਾਰੇ “ਨੇਕ” ਵਿਚਾਰ ਵੀ ਜਾਣ ਲੈਂਦੇ ਹਾਂ। ਰ.ਸ.ਸ. ਦੇ ਸਰਪ੍ਰਸਤ ਤੇ ਮੁੱਖ ਵਿਚਾਰਕ ਗੋਲਵਲਕਰ ਨੇ ਆਪਣੀ ਕਿਤਾਬ ‘ਵੀ ਐਂਡਅਵਰ ਨੇਸ਼ਨਹੁੱਡ ਡਿਫਾਈਂਡ’ ਵਿੱਚ ਲਿਖਿਆ- “ਆਪਣੀ ਨਸਲ ਅਤੇ ਸੱਭਿਆਚਾਰ ਦੀ ਸ਼ੁੱਧਤਾ ਕਾਇਮ ਰੱਖਣ ਲਈ ਜਰਮਨੀ ਨੇ ਆਪਣੇ ਦੇਸ਼ ਨੂੰ ਸਾਮੀ ਨਸਲ, ਯਹੂਦੀਆਂ ਤੋਂ ਸ਼ੁੱਧ ਕਰਕੇ ਸਾਰੇ ਸੰਸਾਰ ਨੂੰ ਝਟਕਾ ਦਿੱਤਾ ਹੈ। ਨਸਲੀ-ਗੌਰਵ ਦਾ ਪ੍ਰਗਟਾਵਾ ਆਪਣੀ ਸਰਵ-ਉੁਚਤਾ ਨਾਲ਼ ਇੱਥੇ ਹੋਇਆ ਹੈ। ਜਰਮਨੀ ਨੇ ਇਹ ਵੀ ਸਿੱਧ ਕੀਤਾ ਹੈ ਕਿ ਕਿਵੇਂ ਆਪਣੇ ਜੜ੍ਹਾਂ ਤੱਕ ਜਾ ਚੁੱਕੇ ਮਤਭੇਦਾਂ ਨੂੰ ਇੱਕ ਸਾਂਝੇ ਸਮੁੱਚ ਵਿੱਚ ਆਤਮਸਾਤ ਕਰਨਾ ਨਸਲਾਂ ਅਤੇ ਸੱਭਿਆਚਾਰਾਂ ਲਈ ਲਗਭਗ ਅਸੰਭਵ ਹੈ, ਇਹ ਸਾਡੇ ਲਈ ਹਿੰਦੋਸਤਾਨ ਵਿੱਚ ਸਿੱਖਣ ਅਤੇ ਲਾਭ ਲੈਣ ਲਈ ਇੱਕ ਚੰਗਾ ਸਬਕ ਹੈ।”
  ਮਤਲਬ ਜਿਸ ਹਿਟਲਰ ਨੂੰ ਅੱਜ ਪੂਰੀ ਦੁਨੀਆਂ ਉਸ ਦੇ ਮਨੁੱਖਤਾ ਦੇ ਕੀਤੇ ਘਾਣ ਕਰਕੇ ਥੂਹ-ਥੂਹ ਕਰਦੀ ਹੈ।

  ਜਿਸ ਹਿਟਲਰ ਨੇ ਲੱਗਭੱਗ ਇੱਕ ਕਰੋੜ ਯਹੂਦੀਆਂ ਨੂੰ ਸਿਰਫ਼ ਇਸ ਕਰਕੇ ਜ਼ਹਿਰੀਲੀਆਂ ਗੈਸਾਂ ਦੇ ਕੇ ਮਾਰ ਦਿੱਤਾ ਕਿ ਉਹ ਵੱਖਰੇ ਧਰਮ, ਵੱਖਰੇ ਸੱਭਿਆਚਾਰ ਦੇ ਲੋਕ ਹਨ, ਉਸ ਹਿਟਲਰ ਨੂੰ ਰ.ਸ.ਸ. ਦੇ ਸਿਧਾਂਤਕਾਰ ਆਪਣਾ ਆਦਰਸ਼ ਮੰਨਦੇ ਹਨ ਤੇ ਭਾਰਤ ਦੀਆਂ ਘੱਟ-ਗਿਣਤੀਆਂ ਲਈ ਵੀ ਇਹੀ ਰਾਹ ਅਪਣਾਉਣ ਦੀ ਵਕਾਲਤ ਕਰਦੇ ਹਨ ਤੇ ਜਰਮਨੀ ਦੇ ‘ਮਾਡਲ’ ਨੂੰ ਭਾਰਤ ਲਈ ਆਦਰਸ਼ ਮੰਨਦੇ ਹਨ। ਰ.ਸ.ਸ. ਲੋਕਾਂ ਨੂੰ ਰੱਤੀ ਭਰ ਵੀ ਨਾਗਰਿਕ ਹੱਕ ਦੇਣ ਤੋਂ ਇਨਕਾਰੀ ਹੈ ਤੇ “ਮਨੂੰਸਮਿ੍ਰਤੀ” ਨੂੰ ਭਾਰਤ ਦੇ ਸੰਵਿਧਾਨ ਵਜੋਂ ਲਾਗੂ ਕਰਨਾ ਚਾਹੁੰਦੀ ਹੈ। ਰਸਸ ਦੇ ਇਸ “ਪਵਿੱਤਰ” ਗ੍ਰੰਥ ’ਚ ਦਲਿਤਾਂ ਅਤੇ ਔਰਤਾਂ ਲਈ ਕੀ ਲਿਖਿਆ ਹੈ, ਆਓ ਵੇਖਦੇ ਹਾਂ! ਦਲਿਤਾਂ ਬਾਰੇ ਮਨੂੰਸਮਿ੍ਰਤੀ ਵਿੱਚ ਕਿਹਾ ਗਿਆ ਹੈ ਕਿ: “ਰੱਬ ਨੇ ਸ਼ੂਦਰਾਂ ਦਾ ਇੱਕ ਹੀ ਕੰਮ ਦੱਸਿਆ ਹੈ, ਕਿ ਬ੍ਰਾਹਮਣ, ਖੱਤਰੀ ਅਤੇ ਵੈਸ਼ ਦੀ ਭਗਤੀ ਨਾਲ਼ ਸੇਵਾ ਕਰਨਾ।” (1/91) “ਕੋਈ ਸ਼ੂਦਰ ਉੱਚੇ ਨੂੰ ਸਖਤ ਲਫ਼ਜਾਂ ਨਾਲ਼ ਬੇਇੱਜਤ ਕਰੇ ਤਾਂ ਉਸਦੀ ਜੀਭ ਕੱਟ ਦਿੱਤੀ ਜਾਵੇ, ਕਿਉਂਕਿ ਸ਼ੂਦਰ ਪੈਰ ਤੋਂ ਹੀ ਪੈਦਾ ਹੋਇਆ ਹੈ।” (8/270) “ਸ਼ੂਦਰ ਮਾਣ ਨਾਲ਼ ਉੱਚ ਜਾਤੀਆਂ ਨੂੰ ਧਰਮ ਉਪਦੇਸ਼ ਦੇਵੇ ਤਾਂ ਰਾਜਾ ਉਸਦੇ ਮੂੰਹ ਅਤੇ ਕੰਨ ਵਿੱਚ ਉੱਬਲ਼ਦਾ ਤੇਲ ਪਵਾਏ।”(8/272) “ਨੀਵੀਂ ਜਾਤ ਵਾਲ਼ਾ ਉੱਚੀ ਜਾਤ ਵਾਲ਼ੇ ਨਾਲ਼ ਮਾਣ ਨਾਲ਼ ਬੈਠਣਾ ਚਾਹੇ ਤਾਂ ਉਸਦੀ ਪਿੱਠ ’ਤੇ ਦਾਗ ਦੇ ਕੇ ਦੇਸ਼ ’ਚੋਂ ਕੱਢ ਦਵੋ।” (8/281)

  ਔਰਤਾਂ ਬਾਰੇ ਮਨੂੰਸਮਿ੍ਰਤੀ ਵਿੱਚ ਕਿਹਾ ਗਿਆ ਹੈ ਕਿ:-

  “ਉਸਦਾ ਬਾਪ ਬਚਪਨ ਵਿੱਚ ਉਸਦੀ ਰੱਖਿਆ ਕਰਦਾ ਹੈ, ਪਤੀ ਜਵਾਨੀ ਵਿੱਚ ਉਸਦੀ ਰੱਖਿਆ ਕਰਦਾ ਹੈ ਅਤੇ ਪੁੱਤ ਬੁਢਾਪੇ ਵਿੱਚ ਉਸ ਦੀ ਰੱਖਿਆ ਕਰਦਾ ਹੈ। ਇੱਕ ਔਰਤ ਕਦੇ ਵੀ ਅਜ਼ਾਦ ਹੋਣ ਦੇ ਕਾਬਲ ਨਹੀਂ ਹੁੰਦੀ।” (9/3) “ਪਤੀ ਨੂੰ ਆਪਣੀ ਪਤਨੀ ਨੂੰ ਆਪਣੇ ਧਨ ਇਕੱਠਾ ਕਰਨ ਤੇ ਖਰਚ ਕਰਨ ਵਿੱਚ, (ਘਰੇਲੂ ਕੰਮਾਂ ਵਿੱਚ) ਹਰ ਚੀਜ਼ ਨੂੰ ਸਾਫ-ਸੁਥਰਾ ਰੱਖਣ ਦੇ ਕੰਮਾਂ ਵਿੱਚ, ਧਾਰਿਮਕ ਕਰਤੱਵਾਂ ਨੂੰ ਪਾਲਣ ਵਿੱਚ, ਖਾਣਾ ਬਨਾਉਣ ਵਿੱਚ ਅਤੇ ਘਰੇਲੂ ਭਾਂਡਿਆਂ ਦੀ ਦੇਖਭਾਲ ਦੇ ਕੰਮ ਵਿੱਚ ਲਾਉਣਾ ਚਾਹੀਦਾ ਹੈ।”(9/11) (ਮਨੂ ਦੇ ਨਿਰਦੇਸ਼ਾਂ ਦੀ ਇਹ ਚੋਣ ਮੈਕਸਮੂਲਰ ਦੀ ਪੁਸਤਕ ‘ਲਾ ਆਫ ਮਨੂੰ’ ਤੋਂ ਕੀਤਾ ਗਿਆ ਹੈ ਜੋ ਉਸ ਵੱਲੋਂ ‘ਮਨੂੰਸਮਿ੍ਰਤੀ’ ਦਾ ਹੀ ਅਨੁਵਾਦ ਹੈ।) ਇਹ ਇਸਦੇ ਨਿਰਦੇਸ਼ਾਂ ’ਚੋਂ ਨਿੱਕੀ ਜਿਹੀ ਝਲਕ ਮਾਤਰ ਹੈ। ਮਨੂੰਸਮਿ੍ਰਤੀ ’ਚ ਅਜਿਹੇ ਨਿਰਦੇਸ਼ਾਂ ਦੀ ਭਰਮਾਰ ਹੈ ਜੋ ਮਨੁੱਖਤਾ ਤੋਂ ਪਸ਼ੂਆਂ ਵੱਲ ਤਬਦੀਲੀ ਦਾ ਰਾਹ ਰੁਸ਼ਨਾਉਂਦੇ ਹਨ ਤੇ ਸੰਘ ਪਰਿਵਾਰ ਲਈ ਇਹ ਸਭ ਤੋਂ “ਪਵਿੱਤਰ” ਗ੍ਰੰਥ ਹੈ। ਇਹ ਹੈ ਸੰਘ ਦੀ ਵਿਚਾਰਧਾਰਾ ਜੋ ਸਿਰਫ਼ ਉੱਚ ਜਾਤੀ ਹਿੰਦੂਆਂ ਨੂੰ ਹੀ ਸਰਵਉੱਚ ਮੰਨਦੀ ਹੈ, ਤੇ ਹੋਰ ਧਾਰਮਿਕ ਘੱਟਗਿਣਤੀਆਂ, ਦਲਿਤਾਂ ਤੇ ਔਰਤਾਂ ਨੂੰ ਇਹਨਾਂ ਨਾਲ਼ੋ ਨੀਵੇਂ ਮੰਨਦੀ ਹੈ। ਇਸ ਤਰ੍ਹਾਂ ਦੀ ਅੱਤ ਪਿਛਾਖੜੀ ਮਨੁੱਖਤਾ ਨੂੰ ਸਦੀਆਂ ਪੁਰਾਣੀ ਜਾਤ-ਪਾਤੀ, ਫਿਰਕੂ ਜ਼ਬਰ ਦੀ ਚੱਕੀ ’ਚ ਪੀਸਣ ਦੀ ਸੋਚ ਨਾਲ਼ ਲੈਸ ਜਥੇਬੰਦੀ ਜਿਸਦੇ ਹੱਥ ਮੁਸਲਮਾਨਾਂ, ਸਿੱਖਾਂ ਅਤੇ ਹੋਰ ਘੱਟਗਿਣਤੀਆਂ ਦੇ ਖ਼ੂਨ ਨਾਲ਼ ਰੰਗੇ ਹੋਏ ਹਨ। ਉਸਦਾ ਪ੍ਰਮੁੱਖ ਇਹ ਬਿਆਨ ਦੇਵੇ ਕਿ “ਹੋਰ ਧਾਰਮਿਕ ਫ਼ਿਰਕੇ ਭਾਰਤ ’ਚ ਸਭ ਤੋਂ ਸੁਰੱਖਿਅਤ ਹਨ। ਹਿੰਦੂ ਮੁਸਲਮਾਨ ਇੱਕ ਹਨ।” ਇਹ ਉਵੇਂ ਹੈ ਜਿਵੇਂ ਅੱਜ ਹਿਟਲਰ ਆਪਣੀ ਕਬਰ ’ਚੋਂ ਉੱਠ ਕੇ ਕਹੇ ਕਿ “ਯਹੂਦੀ ਤੇ ਜਰਮਨ ਇੱਕ ਹਨ, ਮੈਂ ਉਹਨਾਂ ਦਾ ਰੱਖਿਅਕ ਹਾਂ।” ਸਾਨੂੰ ਇਹਨਾਂ ਫ਼ਿਰਕੂ ਸੱਪਾਂ ਦੇ ਮਿੱਠੇ ਬੋਲਾਂ ’ਤੇ ਰੱਤੀ ਭਰ ਵੀ ਯਕੀਨ ਨਹੀਂ ਕਰਨਾ ਚਾਹੀਦਾ। ਇਹ ਖ਼ੂਨੀ ਭੇੜੀਆ ਹੁਣ ਭੇਡ ਦੀ ਖੱਲ ਪਾ ਕੇ ਉੱਤਰਪ੍ਰਦੇਸ਼ ’ਚ ਹੋਣ ਵਾਲ਼ੀਆਂ ਵੋਟਾਂ ਲਈ ਜ਼ਮੀਨ ਤਿਆਰ ਕਰ ਰਿਹਾ ਹੈ ਤਾਂ ਜੋ ਲੋਕਾਂ ਦੇ ਸਾਰੇ ਹੱਕ ਕੁਚਲਣ ਤੇ ਘੱਟਗਿਣਤੀਆਂ ’ਤੇ ਜ਼ਬਰ ਦਾ ਮਿਸਾਲੀ “ਮਾਡਲ” ਖੜ੍ਹਾ ਕਰਨ ਵਾਲ਼ੇ ਯੋਗੀ ਅਦਿਤਯਾਨਾਥ ਨੂੰ ਫਿਰ ਤੋਂ ਉੱਤਰਪ੍ਰਦੇਸ਼ ਦਾ ‘ਨਾਥ‘ ਬਣਾਇਆ ਜਾ ਸਕੇ।

  •ਗਗਨਦੀਪ          (ਧੰਨਵਾਦ ਸਹਿਤ ਲਲਕਾਰ ਮੈਗਜ਼ੀਨ)

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img