ਚੰਡੀਗੜ੍ਹ, 26 ਮਈ (ਬੁਲੰਦ ਆਵਾਜ ਬਿਊਰੋ) -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਕੌਮੀ ਆਗੂ ਰਾਹੁਲ ਗਾਂਧੀ ਨੂੰ ਪਹਿਲਕਦਮੀ ਕਰਦਿਆਂ ਬਾਕੀ ਪਾਰਟੀਆਂ ਨੂੰ ਨਾਲ ਲੈ ਕੇ ਮੋਦੀ ਸਰਕਾਰ ਨੂੰ ਲੋਕਤੰਤਰੀ ਤਰੀਕੇ ਨਾਲ ਸੱਤਾ ਤੋਂ ਲਾਂਭੇ ਕਰਨ ਲਈ ਰਾਸ਼ਟਰ ਵਿਆਪੀ ਮੁਹਿੰਮ ਵਿੱਢਣ ਦੀ ਅਪੀਲ ਕੀਤੀ ਹੈ। ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਦੇਸ਼, ਲੋਕਤੰਤਰ ਪ੍ਰਣਾਲੀ ਅਤੇ ਮੁਲਕ ਦੇ ਗ਼ਰੀਬਾਂ ਤੇ ਕਿਸਾਨਾਂ ਲਈ ਮਾਰੂ ਦੱਸਦਿਆਂ ਕਿਹਾ ਕਿ 26 ਮਈ ਨੂੰ ਦੇਸ਼ ਦੇ ਕਿਸਾਨ ਆਪਣੇ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ’ਤੇ ‘ਕਾਲਾ ਦਿਨ’ ਮਨਾਉਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਅਤੇ ਕਾਂਗਰਸ ਪਾਰਟੀ ਕਿਸਾਨਾਂ ਦੇ ਇਸ ਸੰਘਰਸ਼ ’ਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਕਿਸਾਨਾਂ ਦੇ ਮੁੱਦੇ ’ਤੇ ਹੀ ਨਹੀਂ, ਸਗੋਂ ਮੋਦੀ ਸਰਕਾਰ ਹਰ ਮੁਹਾਜ਼ ’ਤੇ ਅਸਫ਼ਲ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਦੇਸ਼ ਦੀ ਸਾਖ ਨੂੰ ਜਿਵੇਂ ਢਾਹ ਲੱਗੀ ਹੈ ਅਤੇ ਲੋਕ ਆਕਸੀਜਨ ਲਈ ਦਰ ਦਰ ਭਟਕੇ ਹਨ, ਹਜ਼ਾਰਾਂ ਮਨੁੱਖੀ ਦੇਹਾਂ ਨੂੰ ਸਮਾਜਿਕ ਰਹੁ-ਰੀਤਾਂ ਅਨੁਸਾਰ ਅੰਤਿਮ ਸੰਸਕਾਰ ਵੀ ਨਸੀਬ ਨਹੀਂ ਹੋ ਸਕੇ, ਇਸ ਸਭ ਨੇ ਕੇਂਦਰ ਸਰਕਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸ੍ਰੀ ਜਾਖੜ ਨੇ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਸਾਰੀਆਂ ਪਾਰਟੀਆਂ ਦੇਸ਼ ਦੇ ਸੰਘੀ ਢਾਂਚੇ ਤੇ ਕਿਸਾਨਾਂ ਦੀ ਹੋਂਦ ਲਈ ਖ਼ਤਰਾ ਬਣੀ ਮੋਦੀ ਸਰਕਾਰ ਨੂੰ ਹਟਾਉਣ ਲਈ ਮੁਹਿੰਮ ਦਾ ਆਗਾਜ਼ ਕਰਨ।