ਅੰਮ੍ਰਿਤਸਰ, 7 ਜੂਨ (ਰਛਪਾਲ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਨੇ ਅੱਜ ਵਿਧਾਨ ਸਭਾ ਹਲਕਾ ਉਤਰੀ ਦੀ ਵਾਰਡ ਨੰ: 12 ਤੇ 13 ਦੇ ਇਲਾਕਿਆਂ ’ਚ ਕਰੋੜਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਜਿਨ੍ਹਾਂ ਵਿੱਚ ਵਾਰਡ ਨੰ. 12 ਦੇ ਗਨਪਤੀ ਐਨਕਲੇਵ ਵਿੱਚ ਗਲੀਆਂ, ਸੜਕਾਂ ਬਣਾਉਣ ਤੇ ਇਲਾਕੇ ਦੀ ਪੁਰਾਣੀ ਹੋ ਚੁੱਕੀ ਸੀਵਰੇਜ ਵਿਵਸਥਾ ਨੂੰ ਦਰੁਸਤ ਕਰਨ ਤੋਂ ਇਲਾਵਾ ਵਾਰਡ ਨੰ. 13 ਦੇ ਲਕਸ਼ਮੀ ਵਿਹਾਰ ’ਚ ਗਲੀਆਂ, ਪੱਕੀਆਂ ਸੜਕਾਂ ਬਣਾਉਣ ਦੇ ਕੰਮ ਸ਼ਾਮਲ ਹਨ। ਮੇਅਰ ਰਿੰਟੂ ਨੇ ਕਿਹਾ ਕਿ ਗਲੀਆਂ ਸੜਕਾਂ ਤੇ ਸੀਵਰੇਜ ਪ੍ਰਣਾਲੀ ਨੂੰ ਦਰੁਸਤ ਕਰਨ ਲਈ ਕਰੋੜਾਂ ਦੇ ਵਿਕਾਸ ਕਾਰਜਾਂ ਦੀ ਅੱਜ ਸ਼ੁਰੂਆਤ ਕਰਕੇ ਇਲਾਕਾ ਵਾਸੀਆਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਹਨ ਤੇ ਸ਼ਹਿਰੀਆਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਤਕਰੀਬਨ ਹਰ ਵਾਰਡ ਵਿੱਚ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ ਤੇ ਸ਼ਹਿਰ ਦਾ ਕੋਈ ਵੀ ਇਲਾਕਾ ਵਿਕਾਸ ਕਾਰਜਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।
ਮੇਅਰ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿੱਚ ਅਧੁਨਿਕ ਸਮਾਰਟ ਐਲ.ਈ.ਡੀ ਸਟਰੀਟ ਲਾਈਟਾਂ ਲੱਗ ਚੁੱਕੀਆਂ ਹਨ ਤੇ ਉਹ ਸ਼ਹਿਰ ਦੇ ਹਰ ਕੋਨੇ ਵਿੱਚ ਮੁੱਢਲੀਆਂ ਸਹੂਲਤਾਂ ਜਿਵੇਂ ਪੱਕੀਆਂ ਗਲੀਆਂ ਸੜਕਾਂ, ਦਰੁੱਸਤ ਸੀਵਰੇਜ਼ ਪ੍ਰਣਾਲੀ ਅਤੇ ਪੀਣ ਵਾਲੇ ਸ਼ੁੱਧ ਪਾਣੀ ਦਾ ਸੁਚਾਰੂ ਪ੍ਰਬੰਧ ਦੇਣ ਲਈ ਵਚਨਬੱਧ ਹਨ। ਇਸ ਮੌਕੇ ਕੌਂਸਲਰ ਸ੍ਰੀਮਤੀ ਪ੍ਰਿੰਅਕਾ ਸ਼ਰਮਾ, ਰਿਤੇਸ਼ ਸ਼ਰਮਾ, ਮਨਜੀਤ ਸਿੰਘ, ਨਰਿੰਦਰ ਕਮਾਰ, ਬਲਦੇਵ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ।