ਪੰਜਾਬ, 21 ਅਕਤੂਬਰ (ਮੁਕੇਸ਼ ਮਲੌਦ) – ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਇਸਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਪਿੰਡਾਂ ਵਿੱਚ ਰੋਸ ਰੈਲੀਆਂ ਕਰਕੇ ਜਲਦ ਅਗਲੇ ਤਿੱਖੇ ਸੰਘਰਸ਼ ਕਰਨ ਦਾ ਕੀਤਾ ਐਲਾਨ। ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਕਿਹਾ ਕਿ ਬੀਤੀ 12 ਅਕਤੂਬਰ ਨੂੰ ਹਜ਼ਾਰਾਂ ਦਲਿਤਾਂ ਵੱਲੋਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਆਪਣੇ ਹਿੱਸੇ ਦੀਆਂ ਪੰਚਾਇਤੀ ਅਤੇ ਨਜ਼ੂਲ ਜ਼ਮੀਨਾਂ ਸਮੇਤ ਕਰਜ਼ੇ ਦੇ ਮਸਲੇ ਨੂੰ ਲੈ ਕੇ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਕੋਠੀ ਅੱਗੇ ਮੁਲਾਕਾਤ ਲਈ ਪ੍ਰਦਰਸ਼ਨ ਕੀਤਾ ਗਿਆ ਸੀ ਜਿੱਥੇ ਉਨ੍ਹਾਂ ਦੇ ਸਪੈਸ਼ਲ ਡਿਊਟੀ ਅਫਸਰ ਰਵਿੰਦਰ ਸਿੰਘ ਅਤੇ ਐੱਸ ਐੱਸ ਪੀ ਵਿਵੇਕਸ਼ੀਲ ਸੋਨੀ ਰਾਹੀਂ 21ਅਕਤੂਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਸਮਾਂ ਨਿਯਮਿਤ ਕੀਤਾ ਗਿਆ ਸੀ।
ਪ੍ਰੰਤੂ ਬੀਤੀ ਸ਼ਾਮ ਮੁੱਖ ਮੰਤਰੀ ਦੇ ਓ ਐਸ ਡੀ ਰਵਿੰਦਰ ਸਿੰਘ ਵੱਲੋਂ ਆਗੂਆਂ ਨੂੰ ਫੋਨ ਕਰਕੇ ਮੀਟਿੰਗ ਮੁਲਤਵੀ ਕਰਕੇ ਕੁਝ ਦਿਨ ਬਾਅਦ ਦੁਬਾਰਾ ਸਮਾਂ ਦੇਣ ਦਾ ਸੁਨੇਹਾ ਲਗਾਇਆ ਗਿਆ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਦਲਿਤ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰਨ ਤੋਂ ਟਾਲਾ ਵੱਟਣਾ ਇਸ ਗੱਲ ਨੂੰ ਸਾਫ ਕਰਦਾ ਹੈ ਕਿ ਉਹ ਦਲਿਤਾਂ ਦੀ ਜ਼ਿੰਦਗੀ ਨਾਲ ਜੁੜੇ ਜਮੀਨ ਵਰਗੇ ਅਹਿਮ ਮੁੱਦੇ ਲਾਂਭੇ ਕਰਕੇ ਆਉਣ ਵਾਲੀਆਂ ਚੋਣਾਂ ਵਿਚ ਦਲਿਤ ਵੋਟ ਬੈਂਕ ਨੂੰ ਹਥਿਆਉਣ ਦੀ ਸਿਰਫ਼ ਇੱਕ ਚਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਚਾਲ ਨੂੰ ਪਿੰਡਾਂ ਵਿਚ ਬੇਨਕਾਬ ਕਰਨ ਲਈ ਪਿੰਡਾਂ ਵਿੱਚ ਰੋਸ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਇਕ ਹਫ਼ਤੇ ਬਾਅਦ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿਚ ਮੁੱਖ ਮੰਤਰੀ ਦਾ ਪਿੰਡਾਂ ਵਿੱਚ ਆਉਣ ‘ਤੇ ਘਿਰਾਓ ਵੀ ਕੀਤਾ ਜਾਵੇਗਾ।