More

  ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਮਜ਼ਦੂਰਾਂ ਦੀ ਤਨਖਾਹ ਵਿਚਲਾ ਪਾੜਾ ਸਰਮਾਏਦਾਰੀ ਦੇ ਪਰਜੀਵੀਪੁਣੇ ਦੀ ਮਿਸਾਲ

  ਜਨਵਰੀ 2019 ਵਿੱਚ ‘ਇਕਨਾਮਿਕ ਪਾਲਸੀ ਇੰਸਟੀਚਿਊਟ’ ਨੇ ਇੱਕ ਅਧਿਐਨ ਪ੍ਰਕਾਸ਼ਿਤ ਕੀਤਾ ਸੀ ਜੋ ਵੱਡੀਆਂ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ.ਈ.ਓ.) ਅਤੇ ਮਜਦੂਰਾਂ ਦੀਆਂ ਤਨਖਾਹਾਂ ਵਿਚਲੇ ਪਾੜੇ ਬਾਰੇ ਸਬੰਧੀ ਸੀ। ਇਸ ਅਨੁਸਾਰ ਵੱਖ-ਵੱਖ ਨਿੱਜੀ ਅਦਾਰਿਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ (ਜਿਨ੍ਹਾਂ ਵਿੱਚ ਜ਼ਿਆਦਾਤਰ ਕੰਪਨੀਆਂ ਦੇ ਮਾਲਕ ਹਨ) ਮਜਦੂਰਾਂ ਤੋਂ 278 ਗੁਣਾ ਵੱਧ ਤਨਖਾਹ ਲੈ ਰਹੇ ਹਨ। ਜਨਵਰੀ 2019 ਵਿੱਚ ‘ਫ਼ੈਇਨੈਸ਼ਲ ਮੀਡੀਆ’ ਕੰਪਨੀ ਬਲੂਮਬਰਗ ਨੇ ਸੰਸਾਰ ਦੇ 22 ਦੇਸ਼ਾਂ ਦੀਆਂ ਮੁੱਖ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਉਹਨਾਂ ਦੇ ਮਜ਼ਦੂਰਾਂ-ਕਰਮਚਾਰੀਆਂ ਦੀ ਤਨਖਾਹ ਵਿਚਲੇ ਫਰਕ ’ਤੇ ਅਧਿਐਨ ਕੀਤਾ ਸੀ, ਜਿਸ ਅਨੁਸਾਰ ਅਮਰੀਕਾ ਅਤੇ ਭਾਰਤ ਦੇ ਮੁੱਖ ਕਾਰਜਕਾਰੀ ਅਧਿਕਾਰੀ, ਬਰਤਾਨੀਆਂ ਦੀ ਤੁਲਨਾ ਵਿੱਚ ਜ਼ਿਆਦਾ ਤੇਜੀ ਨਾਲ਼ ਦੌਲਤ ਕਮਾ ਰਹੇ ਹਨ। ਬੇਸ਼ੱਕ ਭਾਰਤੀ ਮੁੱਖ ਕਾਰਜਕਾਰੀ ਅਧਿਕਾਰੀ ਅਮਰੀਕੀ ਮੁੱਖ ਕਾਰਜਕਾਰੀ ਅਧਿਕਾਰੀ ਤੋਂ ਘੱਟ ਕਮਾਉਂਦੇ ਹਨ, ਪਰ ਭਾਰਤੀ ਮੁੱਖ ਕਾਰਜਕਾਰੀ ਅਧਿਕਾਰੀ ਦਿਨ ਦੇ ਇੱਕ ਤਿਹਾਈ ਹਿੱਸੇ ਵਿੱਚ ਓਨਾ ਕਮਾ ਲੈਂਦੇ ਹਨ ਜਿੰਨਾਂ ਓਹਨਾਂ ਦੇ ਮਜ਼ਦੂਰ-ਮੁਲਾਜ਼ਮ ਸਾਲ ਭਰ ਵਿੱਚ ਕਮਾਉਂਦੇ ਹਨ।

  ਮੈਕਡੋਨਾਲਡ ਵਰਗੀ ਕੰਪਨੀ ਦੇ ਮਜ਼ਦੂਰ ਨੂੰ ਆਪਣੇ ਮੁੱਖ ਕਾਰਜਕਾਰੀ ਅਧਿਕਾਰੀ ਦੀ ਇੱਕ ਸਾਲ ਜਿੰਨੀ ਕਮਾਈ ਕਰਨ ਲਈ 3101 ਸਾਲ ਤੱਕ ਕੰਮ ਕਰਨਾ ਪਵੇਗਾ। ਇਹਨਾਂ ਰਿਪੋਰਟਾਂ ਤੋਂ ਸਾਫ਼ ਦਿਸਦਾ ਹੈ ਕਿ ਇੱਕ ਪਾਸੇ ਪੈਦਾਵਾਰੀ ਪ੍ਰਕਿਰਿਆ ਵਿੱਚ ਸਿਖਰ ’ਤੇ ਬੈਠੇ ਵਿਅਕਤੀਆਂ ਦੀ ਦੌਲਤ ਵਧੀ ਹੈ, ਦੂਜੇ ਪਾਸੇ ਹੱਡ ਭੰਨਵੀਂ ਮਿਹਨਤ ਕਰਨ ਵਾਲ਼ੇ ਮਜ਼ਦੂਰਾਂ ਦੀ ਹਾਲਤ ਵਿੱਚ ਨਿਘਾਰ ਆਇਆ ਹੈ, ਹੋਰ ਬਦਹਾਲੀ ਵੱਲ ਧੱਕੇ ਗਏ ਹਨ। ਦੇਸ਼ ਅਤੇ ਦੁਨੀਆਂ ਅੰਦਰ ਕੁੱਲ ਪੈਦਾ ਹੋ ਰਹੀ ਧਨ-ਦੌਲਤ ਵਿੱਚ ਮਜ਼ਦੂਰਾਂ ਦਾ ਹਿੱਸਾ ਲਗਾਤਾਰ ਘਟਿਆ ਹੈ। ਭਾਰਤ ਅੰਦਰ ਪੈਦਾ ਹੋਈ ਦੌਲਤ ਵਿੱਚ ਮਜ਼ਦੂਰੀ ਦਾ ਹਿੱਸਾ 1981 ਵਿੱਚ 38.5% ਸੀ ਜੋ 2013 ਤੱਕ ਘਟਕੇ 35.4% ਫੀਸਦੀ ਰਹਿ ਗਿਆ। ਇਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੈਦਾ ਹੋ ਰਹੀ ਬੇਸ਼ੁਮਾਰ ਦੌਲਤ ਦੇ ਬਾਵਜੂਦ ਮਜ਼ਦੂਰਾਂ ਦੀ ਆਮਦਨ ਸਰਮਾਏਦਾਰਾਂ ਦੇ ਅਨੁਪਾਤ ਵਿੱਚ ਲਗਾਤਾਰ ਘਟੀ ਹੈ।

  ਸਨਅਤਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਨਾਲ਼ ਗੱਲਬਾਤ ਵਿੱਚ ਇਹ ਜ਼ਿਕਰ ਆਮ ਹੁੰਦਾ ਹੈ ਕਿ 15-20 ਸਾਲ ਪਹਿਲਾਂ ਬੇਸ਼ੱਕ ਤਨਖਾਹਾਂ/ਆਮਦਨ ਘੱਟ ਸੀ, ਪਰ ਮਹਿੰਗਾਈ ਘੱਟ ਹੋਣ ਕਾਰਨ ਕੁੱਝ ਬੱਚਤ ਹੋ ਜਾਂਦੀ ਸੀ, ਜੋ ਕਿ ਹੁਣ ਸੰਭਵ ਨਹੀਂ। ਇੱਕ ਮਜ਼ਦੂਰ ਨੇ ਦੱਸਿਆ ਕਿ ਲਗਭਗ ਵੀਹ ਸਾਲ ਪਹਿਲਾਂ ਉਸ ਦੀ ਤਨਖਾਹ 3500 ਰੁਪਏ ਸੀ, ਸਾਰੇ ਖਰਚੇ ਕੱਢ ਕੇ 1000-1200 ਰੁਪਏ ਤੱਕ ਬਚ ਜਾਂਦੇ ਸਨ। ਪਰ ਹੁਣ ਖਾਣ-ਪਹਿਨਣ ’ਤੇ ਵੀ ਹੱਥ ਘੁੱਟ ਕੇ ਖਰਚ ਕਰਨਾ ਪੈਂਦਾ ਹੈ, ਫਿਰ ਵੀ ਵਿਆਹ ਜਾਂ ਬਿਮਾਰੀ ਆਦਿ ਸਮੇਂ ਵੱਧ ਵਿਆਜ ਤੇ ਕਰਜਾ ਲੈਣਾ ਪੈਂਦਾ ਹੈ। ਅਕਸਰ ਜਦੋਂ ਮਜ਼ਦੂਰਾਂ ਦੀਆਂ ਹਾਲਤਾਂ ਬਾਰੇ ਚਰਚਾ ਹੁੰਦੀ ਹੈ ਤਾਂ ਕੁੱਝ ਲੋਕ ਮਜ਼ਦੂਰਾਂ ਕੋਲ਼ ਸਮਾਰਟਫੋਨ, ਟੈਲੀਵਿਜਨ, ਮੋਟਰਸਾਇਕਲ ਆਦਿ ਹੋਣ ਦੀਆਂ ਉਦਾਹਰਣਾਂ ਦੇ ਕੇ ਮਜ਼ਦੂਰਾਂ ਦੀ ਹਾਲਤ ਪਹਿਲਾਂ ਨਾਲ਼ੋਂ ਬਿਹਤਰ ਹੋਣ ਦੀ ਗੱਲ ਕਰਦੇ ਹਨ। ਪਰ ਅਜਿਹਾ ਕਹਿੰਦੇ ਸਮੇਂ ਉਹ ਸਰਮਾਏਦਾਰਾਂ ਦੀਆਂ ਅਯਾਸ਼ੀਆਂ ਬਾਰੇ ਭੁੱਲ ਜਾਂਦੇ ਹਨ ਜਾਂ ਜਾਣਕਾਰੀ ਨਹੀਂ ਹੁੰਦੀ। ਸਰਮਾਏਦਾਰਾਂ ਦੁਆਰਾ ਮਹਿੰਗੇ ਪੰਜਤਾਰਾ ਹੋਟਲਾਂ ਵਿੱਚ ਕੀਤੀਆਂ ਜਾਂਦੀਆਂ ਪਾਰਟੀਆਂ, ਮਹਿੰਗੀਆਂ ਗੱਡੀਆਂ, ਵੱਡੇ ਬੰਗਲੇ ਅਤੇ ਸਾਲ ਦਰ ਸਾਲ ਬਣਾਏ ਜਾਂਦੇ ਕਾਰਖਾਨਿਆਂ ਵੱਲ ਵੀ ਧਿਆਨ ਦੇਣਾ ਬਣਦਾ ਹੈ। ਬੇਸ਼ੱਕ ਪਹਿਲਾਂ ਦੇ ਮੁਕਾਬਲੇ ਮਜ਼ਦੂਰਾਂ ਦੀਆਂ ਹਾਲਤਾਂ ਵਿੱਚ ਸੁਧਾਰ ਹੋਇਆ ਹੈ, ਪਰ ਇਹ ਆਮਦਨ ਵਾਧਾ ਵੱਧ ਮਿਹਨਤ ਕਰਨ ਕਰਕੇ ਹੋਇਆ ਹੈ। ਹਰ ਇਨਸਾਨ ਚੰਗੀ ਜ਼ਿੰਦਗੀ ਜਿਉਣੀ ਚਾਹੁੰਦਾ ਹੈ।

  ਮਜ਼ਦੂਰ ਵੀ ਵੱਧ ਕਮਾਉਣ ਲਈ ਵੱਧ ਮਿਹਨਤ ਕਰਦੇ ਹਨ। ਮਜ਼ਦੂਰਾਂ ਦੇ ਕੰਮ ਦੇ ਘੰਟੇ ਵਧ ਚੁੱਕੇ ਹਨ, ਕੰਮ ਦਾ ਬੋਝ ਵਧ ਗਿਆ ਹੈ। ਆਪਣਾ ਸਰੀਰ ਝੋਕ ਕੇ ਮਜ਼ਦੂਰ ਕੋਸ਼ਿਸ਼ ਵਿੱਚ ਰਹਿੰਦੇ ਹਨ ਕਿ ਕੁੱਝ ਆਮਦਨ ਵਧਾ ਸਕਣ, ਜਿਸ ਨਾਲ਼ ਮਨੋਰੰਜਨ, ਸੁਖ-ਆਰਾਮ ਲਈ ਕੁੱਝ ਸਾਧਨ ਹਾਸਿਲ ਕੀਤੇ ਜਾ ਸਕਣ। ਪਰ ਸਰਮਾਏਦਾਰ ਬਹੁਤ ਸਾਰੇ ਕੋਝੇ ਤਰੀਕਿਆਂ ਰਾਹੀਂ ਮਜ਼ਦੂਰਾਂ ਦੀ ਇਸ ਵਧਵੀ ਮਿਹਨਤ ਦਾ ਫਲ ਵੀ ਡਕਾਰ ਜਾਂਦੇ ਹਨ। ਪੀਸਰੇਟ/ਦਿਹਾੜੀ/ਠੇਕੇ ’ਤੇ ਕੰਮ ਕਰਨ ਵਾਲ਼ੇ ਮਜ਼ਦੂਰਾਂ ਦੀ ਅਕਸਰ ਇਹ ਸ਼ਿਕਾਇਤ ਹੁੰਦੀ ਹੈ ਕਿ ਜੇਕਰ ਉਹ ਵਧੇਰੇ ਮਿਹਨਤ ਕਰਕੇ ਕੁੱਝ ਵੱਧ ਕਮਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਮਾਲਕ ਨਵੇਂ ਸਮਾਨ ਤਿਆਰ ਕਰਨ ਸਮੇਂ ਪੀਸ ਰੇਟ ਆਦਿ ਘਟਾ ਦਿੰਦੇ ਹਨ। ਮਿਹਨਤ ਤਾਂ ਵਧ ਜਾਂਦੀ ਹੈ ਪਰ ਆਮਦਨ ਫਿਰ ਪਹਿਲਾਂ ਦੇ ਪੱਧਰ ’ਤੇ ਹੀ ਆ ਜਾਂਦੀ ਹੈ। ਇਹ ਸਿਲਸਿਲਾ ਲਗਾਤਾਰ ਚਲਦਾ ਰਹਿੰਦਾ ਹੈ। ਉਪਰੋਕਤ ਰਿਪੋਰਟਾਂ ਵੀ ਇਹ ਚੀਖ-ਚੀਖ ਕੇ ਸਾਬਤ ਕਰਦੀਆਂ ਹਨ ਕਿ ਮਾਲਕਾਂ- ਅਧਿਕਾਰੀਆਂ ਦੀ ਅਯਾਸ਼ੀ ਦੇ ਮਹਿਲ ਕਿਰਤ ਦੀ ਤਿੱਖੀ ਹੋ ਰਹੀ ਲੁੱਟ ਦਾ ਨਤੀਜਾ ਹਨ। ਆਮਦਨ ਦਾ ਵਧ ਰਿਹਾ ਪਾੜਾ ਕੁੱਝ ਲੋਕਾਂ ਲਈ ਸਵਰਗ ਅਤੇ ਵਡੇਰੀ ਅਬਾਦੀ ਨੂੰ ਬਦਹਾਲੀ ਵਿੱਚ ਧੱਕ ਰਿਹਾ ਹੈ। ਬਦਹਾਲੀ ਦੇ ਮਹਾਂਸਾਗਰ ’ਚ ਖੁਸ਼ਹਾਲੀ ਦਾ ਟਾਪੂ ਸਦਾ ਕਾਇਮ ਨਹੀਂ ਰਹਿ ਸਕਦਾ। ਸਮਾਜ ਲਗਾਤਾਰ ਉਸ ਦਿਸ਼ਾ ਵੱਲ ਅੱਗੇ ਰਿਹਾ ਹੈ, ਕਾਰਲ ਮਾਰਕਸ ਦੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਜਦ “ਲੁੱਟਣ ਵਾਲ਼ਿਆਂ ਨੂੰ ਲੁੱਟ ਲਿਆ ਜਾਵੇਗਾ”।

  ਲਲਕਾਰ ਮੈਗਜ਼ੀਨ

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img