More

  ਮੁਨਾਫੇ ਲਈ ਹਾਬੜੇ ਅਰਬਪਤੀਆਂ ਦੀ ਪੁਲਾੜ ਦੌੜ

  ਮਨੁੱਖ ਅਤੇ ਦੂਸਰੇ ਜੀਵਾਂ ’ਚ ਬੁਨਿਆਦੀ ਫਰਕ ਇਹ ਹੈ ਕਿ ਮਨੁੱਖ ਕਿਰਤ ਕਰਦਾ ਹੈ ਤੇ ਇਸੇ ਕਿਰਤ ਦੇ ਨਤੀਜੇ ਵਜੋਂ ਮਨੁੱਖ ਨੇ ਕੁਦਰਤ ਨੂੰ ਆਪਣੀਆਂ ਲੋੜਾਂ ਅਨੁਸਾਰ ਢਾਲ਼ਣਾ ਸ਼ੁਰੂ ਕੀਤਾ। ਬਾਕੀ ਜੀਵਾਂ ਵਾਂਗ ਮਨੁੱਖ ਕੁਦਰਤ ਦਾ ਗੁਲਾਮ ਨਹੀਂ ਹੈ ਸਗੋਂ ਇਹ ਕੁਦਰਤ ਨੂੰ ਟੱਕਰ ਦਿੰਦਾ ਆਇਆ ਹੈ ਤੇ ਕਾਫੀ ਹੱਦ ਤੱਕ ਇਸ ’ਤੇ ਜਿੱਤ ਵੀ ਹਾਸਲ ਕੀਤੀ ਹੈ। ਕੁਦਰਤ ਉੱਤੇ ਜਿੱਤ ਪ੍ਰਾਪਤ ਕਰਨ ਤੇ ਇਸਨੂੰ ਆਪਣੀਆਂ ਲੋੜਾਂ ਅਨੁਸਾਰ ਢਾਲ਼ਣ ਲਈ ਮਨੁੱਖ ਨੇ ਕਦੁਰਤ ਨੂੰ ਸਮਝਣਾ ਸ਼ੁਰੂ ਕੀਤਾ। ਕਿਰਤ ਦੀ ਇਸ ਲੰਬੀ ਪ੍ਰਕਿਰਿਆ ’ਚ ਮਨੁੱਖ ਨੇ ਪੱਥਰ ਦੇ ਸੰਦਾਂ ਤੋਂ ਲੈਕੇ ਅਧੁਨਿਕ ਮਸ਼ੀਨਾਂ ਤੱਕ ਦਾ ਸਫ਼ਰ ਤੈਅ ਕੀਤਾ ਹੈ। ਪੀੜੀ ਦਰ ਪੀੜੀ ਕੁਦਰਤੀ ਤਾਕਤ ਨਾਲ਼ ਸੰਘਰਸ਼ ਦੇ ਰੂਪ ’ਚ ਕੀਤੀ ਗਈ ਸਮੂਹਿਕ ਕਿਰਤ ਰਾਹੀਂ ਹਾਸਲ ਕੀਤੇ ਤਜ਼ਰਬੇ, ਕੁਸ਼ਲਤਾ ਤੇ ਗਿਆਨ ਦਾ ਕੁੱਲ ਜੋੜ ਹੀ ਸੀ ਜਿਸਨੇ ਅਧੁਨਿਕ ਵਿਗਿਆਨ ਦੀ ਨੀਂਹ ਰੱਖੀ ਤੇ ਮਨੁੱਖੀ ਸਮਾਜ ਨੇ ਮੁੱਢ-ਕਦੀਮੀ ਸਮਾਜ ਤੋਂ ਸਰਮਾਏਦਾਰੀ ਸਮਾਜ ਤੱਕ ਦਾ ਸਫ਼ਰ ਤੈਅ ਕੀਤਾ। ਬਿਨ੍ਹਾਂ ਸ਼ੱਕ ਸਰਮਾਏਦਾਰੀ ਨੇ ਮਨੁੱਖਤਾ ਨੂੰ ਬਰਬਰਤਾ ਤੇ ਜਹਾਲਤ ਦੇ ਯੁੱਗ ’ਚੋਂ ਕੱਢਿਆ, ਸਰਮਾਏਦਾਰੀ ਯੁੱਗ ’ਚ ਵਿਗਿਆਨ ਨੇ ਲੰਬੀਆਂ ਪੁਲਾਂਘਾ ਪੁੱਟੀਆਂ, ਇਨਸਾਨ ਨੇ ਸਮੁੰਦਰੀ ਦੀ ਗਹਿਰਾਈ ਤੋਂ ਲੈਕੇ ਪੁਲਾੜ ਦੀਆਂ ਉਚਾਈਆਂ ਤੱਕ ਦਾ ਸਫ਼ਰ ਤੈਅ ਕੀਤਾ। ਪਰ ਇਸ ਵਿਕਾਸ ਦਾ ਦੂਜਾ ਪੱਖ ਇਹ ਹੈ ਕਿ ਇਸ ਦੇ ਕੇਂਦਰ ’ਚ ਮਨੁੱਖ ਨਹੀਂ ਸਗੋਂ ਮੁਨਾਫਾ ਰਿਹਾ ਹੈ। ਇਸੇ ਮੁਨਾਫੇ ਦੀ ਹਵਸ ਲਈ ਸਰਮਾਏਦਾਰੀ ਨਾ ਸਿਰਫ ਮਨੁੱਖੀ ਕਿਰਤ ਦੀ ਲੁੱਟ ਕਰਦੀ ਹੈ ਸਗੋਂ ਇਹ ਕੁਦਰਤ ਨੂੰ ਵੀ ਮੁਨਾਫੇ ਲਈ ਨਿਚੋੜਦੀ ਹੈ। ਇਸੇ ਮੁਨਾਫੇ ਦੀ ਹਵਸ ਨੂੰ ਪੂਰਿਆਂ ਕਰਨ ਲਈ ਸਰਮਾਏਦਾਰਾਂ ਵਿਚਾਕਰ ਅੰਨ੍ਹੀ ਦੌੜ ਨੇ ਕੁਦਰਤ ਦੀ ਅੰਨ੍ਹੇਵਾਹ ਤਬਾਹੀ ਕੀਤੀ ਹੈ ਜਿਸਦੇ ਭਿਅੰਕਰ ਸਿੱਟੇ ਅੱਜ ਸਾਡੇ ਸਾਹਮਣੇ ਹਨ। ਸਰਮਾਏਦਾਰਾਂ ਦੀ ਇਹ ਦੌੜ ਹੁਣ ਸਿਰਫ ਧਰਤੀ ਤੱਕ ਸੀਮਤ ਨਹੀਂ ਹੈ, ਧਰਤੀ ਦੇ ਕੁਦਰਤੀ ਸ੍ਰੋਤਾਂ ਦੀ ਲੁੱਟ ਤੋਂ ਬਾਅਦ ਹੁਣ ਇਹ ਦੌੜ ਪੁਲਾੜ ਤੱਕ ਪਹੁੰਚ ਗਈ ਹੈ।

  ਪੁਲਾੜ ਲਈ ਦੌੜ ਦਾ ਪਹਿਲਾ ਦੌਰ ਅਮਰੀਕੀ ਸਾਮਰਾਜ ਤੇ ਸਮਾਜਿਕ ਸਾਮਰਾਜੀ ਸੋਵੀਅਤ ਯੂਨੀਅਨ ਵਿਚਾਕਰ ਠੰਡੀ ਜੰਗ ਦਾ ਦੌਰ ਹੈ। ਸੰਸਾਰ ਦੀਆਂ ਦੋ ਤਾਕਤਾਂ ਵਿਚਕਾਰ ਲਗਭਗ 20 ਸਾਲ ਤੱਕ ਇਹ ਮੁਕਾਬਲਾ ਚੱਲਦਾ ਰਿਹਾ ਹੈ। ਇਸੇ ਦੌਰਾਨ ਮਨੁੱਖ ਨੇ ਚੰਦ ਉੱਪਰ ਆਪਣਾ ਪਹਿਲਾ ਕਦਮ ਵੀ ਰੱਖਿਆ। ਇਸਨੇ ਸੰਚਾਰ ਸਾਧਨਾਂ ਤੋਂ ਲੈਕੇ ਮੈਡੀਕਲ ਖੇਤਰ ਦੇ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਪਰ ਪੁਲਾੜ ਦੇ ਇਸ ਮੁਕਾਬਲੇ ਲਈ ਦੋਵਾਂ ਤਾਕਤਾਂ ਦੇ ਆਪਣੇ-ਆਪਣੇ ਭੂ-ਸਿਆਸੀ ਹਿੱਤ ਸਨ, ਜਿਸ ਲਈ ਪੁਲਾੜ ਵਿਚਲੇ ਉੱਪ-ਗ੍ਰਹਿਾਂ ਦੀ ਫੌਜੀ ਤਕਨੀਕ ਨੂੰ ਵਿਕਸਤ ਕਰਨ ਲਈ ਵਰਤੋਂ ਕੀਤੀ ਗਈ। ਇਸਤੋਂ ਬਾਅਦ ਕਈ ਹੋਰ ਦੇਸ਼ ਵੀ ਇਸ ਦੌੜ ਵਿੱਚ ਸ਼ਾਮਲ ਹੁੰਦੇ ਗਏ। ਭੂ-ਸਿਆਸੀ ਹਿੱਤਾਂ ਤੋਂ ਇਲਾਵਾ ਪੁਲਾੜ ਨੂੰ ਜਾਨਣ, ਬ੍ਰਹਿਮੰਡ ਦੀ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨ ਅਤੇ ਤਕਨੀਕੀ ਸਾਧਨਾਂ (ਜਿਵੇਂ ਟੀਵੀ, ਇੰਟਰਨੈੱਟ ਤੇ ਐਕਸਰੇਅ ਆਦਿ ਇਸੇ ਦੀ ਦੇਣ ਹੈ) ਦਾ ਵਿਕਾਸ ਆਦਿ ਵਿਗਿਆਨਕ ਕਾਰਕ ਵੀ ਸਨ ਜਿਸ ਲਈ ਸੰਸਾਰ ਦੇ ਵੱਖ-ਵੱਖ ਦੇਸ਼ਾਂ ਦੇ ਵਿਗਿਆਨੀ, ਤਕਨੀਸ਼ੀਅਨ ਤੇ ਇੰਜੀਨੀਅਰ ਆਦਿ ਮੋਢੇ ਨਾਲ਼ ਮੋਢਾ ਜੋੜ ਕੰਮ ਕਰਦੇ ਰਹੇ ਤੇ ਮਨੁੱਖ ਨੇ ਪੁਲਾੜ ’ਚ ਵੱਡੀਆਂ ਮੱਲਾਂ ਮਾਰੀਆਂ। ਪਿਛਲੇ ਕੁੱਝ ਸਾਲਾਂ ਤੋਂ ਵੱਖ-ਵੱਖ ਦੇਸ਼ਾਂ ਵਿਚਕਾਰ ਪੁਲਾੜ ਲਈ ਮੁਕਾਬਲਾ ਫਿਰ ਤੋਂ ਤਿੱਖਾ ਹੋ ਰਿਹਾ ਹੈ ਖਾਸ ਤੌਰ ’ਤੇ ਤਿੰਨ ਸਾਮਰਾਜੀ ਤਾਕਤਾਂ ਅਮਰੀਕਾ, ਚੀਨ ਤੇ ਰੂਸ। ਇਸਦੇ ਨਾਲ਼ ਹੀ ਸੰਸਾਰ ਦੇ ਅਰਬਪਤੀ ਵੀ ਪੁਲਾੜ ਵਿੱਚ ਜਾਣ ਲਈ ਤਰਲੋ ਮੱਛੀ ਹੋ ਰਹੇ ਹਨ। ਸੰਸਾਰ ਦੀਆਂ ਦਰਜਨਾਂ ਅਜਿਹੀਆਂ ਕੰਪਨੀਆਂ ਹਨ ਜੋ ਇੱਕ ਦੂਜੇ ਨਾਲ਼ ਮੁਕਾਬਲਾ ਕਰ ਰਹੀਆਂ ਹਨ। ਇਹਨਾਂ ਕੰਪਨੀਆਂ ਵਿੱਚ ਸਭ ਤੋਂ ਵੱਡੇ ਖਿਡਾਰੀ ਜੋ ਉੱਭਰ ਕੇ ਸਾਹਮਣੇ ਆਏ ਹਨ, ਉਹ ਹਨ : ਇਲੋਨ ਮਸਕ ਦੀ ਕੰਪਨੀ ‘ਸਪੇਸ ਐਕਸ’, ਜੈਫ ਬੇਜ਼ੋਜ਼ ਦੀ ਕੰਪਨੀ ‘ਬਲੂ ਉਰਿਜ਼ਨ’ ਤੇ ਰਿਚਰਡ ਬਰੈਨਸਨ ਦੀ ਕੰਪਨੀ ‘ਵਰਜਿਨ ਗਲੈਕਟਿਕ’। ਕੀ ਇਹ ਸਰਮਾਏਦਾਰ ਮਨੁੱਖਤਾ ਦੀ ਬਿਹਤਰੀ ਲਈ ਇੱਕ ਦੂਜੇ ਨਾਲ਼ ਮੁਕਾਬਲੇ ਕਰ ਰਹੇ ਹਨ? ਬਿਲਕੁਲ ਨਹੀਂ, ਭਾਵੇਂ ਇਹ ਸਰਮਾਏਦਾਰ ਬਿਹਤਰ ਭਵਿੱਖ ਦੇ ਸਬਜ਼ਬਾਗ ਵਿਖਾ ਰਹੇ ਹਨ, ਪਰ ਏਥੇ ਵੀ ਇਹਨਾਂ ਦਾ ਮੁੱਖ ਮਕਸਦ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੀ ਹੈ। ਜਿਵੇਂ ਕਿ ਅਸੀਂ ਅੱਗੇ ਵੇਖਾਂਗੇ ਕਿ ਕਿਵੇਂ ਕੁੱਝ ਗਿਣਤੀ ਦੇ ਅਰਬਪਤੀਆਂ ਲਈ ਮਨੁੱਖੀ ਕਿਰਤ-ਸਾਧਨਾਂ ਤੇ ਆਮ ਲੋਕਾਂ ਦੇ ਪੈਸੇ ਨੂੰ ਝੋਕਿਆ ਜਾ ਰਿਹਾ ਹੈ। ਪਰ ਪਹਿਲਾਂ ਅਸੀਂ ਇਹਨਾਂ ਦੀਆਂ ਪੁਲਾੜ ਯੋਜਨਾਵਾਂ ਦੀ ਚਰਚਾ ਕਰਾਂਗੇ ਜਿਸ ਕਰਨ ਇਹ ਪਿਛਲੇ ਕੁੱਝ ਸਮੇਂ ਤੋਂ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਰਹੇ ਹਨ।

  ਪਿਛਲੇ ਸਾਲ 30 ਮਈ ਨੂੰ ਇਲੋਨ ਮਸਕ ਦੀ ਕੰਪਨੀ ‘ਸਪੇਸ ਐਕਸ’ ਦੁਆਰਾ ‘ਨਾਸਾ’ ਦੇ ਪੁਲਾੜ ਯਾਤਰੀਆਂ ਨਾਲ਼ ਪਹਿਲੀ ਸਫ਼ਲ ਉਡਾਣ ਨੂੰ ਅੰਜਾਮ ਦਿੱਤਾ ਗਿਆ। 2011 ਤੋਂ ‘ਨਾਸਾ’ ਦੇ ‘ਸਪੇਸ ਸ਼ਟਲ’ ਨੂੰ ਬੰਦ ਕਰਨ ਤੋਂ ਬਾਅਦ ਇਹ ਇਨਸਾਨ ਨਾਲ਼ ਪਹਿਲੀ ਉਡਾਨ ਸੀ ਤੇ ਇਹ ਪਹਿਲੀ ਵਾਰ ਸੀ ਕਿ ਕਿਸੇ ਨਿੱਜੀ ਕੰਪਨੀ ਦੁਆਰਾ ਮਨੁੱਖ ਨਾਲ਼ ਪੁਲਾੜ ਦਾ ਸਫ਼ਰ ਤੈਅ ਕੀਤਾ ਹੋਵੇ। ਵੱਡੇ ਪੱਧਰ ’ਤੇ ਅਮਰੀਕੀ ਮੀਡੀਆ ਤੇ ਡਾਨਲਡ ਟਰੰਪ ਦੁਆਰਾ ਜ਼ਸ਼ਨ ਮਨਾਇਆ ਗਿਆ, ਇਸ ਨੂੰ ਇੰਝ ਪੇਸ਼ ਕੀਤਾ ਗਿਆ ਜਿਵੇਂ ਅਮਰੀਕਾ ਨੇ ਪੁਲਾੜ-ਖੋਜ ਵਿੱਚ ਕੋਈ ਨਵਾਂ ਇਤਿਹਾਸਕ ਕਦਮ ਪੁੱਟਿਆ ਹੋਵੇ। ਪਰ ਅਸਲ ’ਚ ਇਹ 60’ਵਿਆਂ ਦੀਆਂ ਪੁਲਾੜ ਯਾਤਰਾਵਾਂ ਦਾ ਦੁਹਰਾਅ ਹੀ ਸੀ। ਅੱਗੇ ‘ਸਪੇਸ ਐਕਸ’ ਦੀ 2021 ਦੇ ਅੰਤ ਤੱਕ “ਆਮ ਨਾਗਰਿਕਾਂ” ਨੂੰ ਪੁਲਾੜ ਦੀ ਯਾਤਰਾ ਕਰਾਉਣ ਦੀ ਯੋਜਨਾ ਹੈ। ਇਲੋਨ ਮਸਕ ਦਾ ਦਾਅਵਾ ਹੈ ਕਿ 2026 ਤੱਕ ਮੰਗਲ ਗ੍ਰਹਿ ’ਤੇ ਪੈਰ ਧਰਿਆ ਜਾਵੇਗਾ। ਇਸ ਤੋਂ ਬਾਅਦ ਇਸ ਖਰਬਪਤੀ ਦਾ ਕਹਿਣਾ ਹੈ ਕਿ ਉਸ ਦੁਆਰਾ ਮੰਗਲ ਗ੍ਰਹਿ ’ਤੇ ਆਉਣ ਵਾਲ਼ੇ ਦਹਾਕਿਆਂ ’ਚ ਕਲੋਨੀ ਵੀ ਵਸਾਈ ਜਾਵੇਗੀ। ਲਗਾਤਾਰ ਮੀਡੀਆ ਵਿੱਚ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਭਵਿੱਖ ਵਿੱਚ ਮਨੁੱਖ ਬਹੁ-ਗ੍ਰਹਿਾਂ ’ਤੇ ਵਸਣ ਵਾਲ਼ੀ ਪ੍ਰਜਾਤੀ ਹੋਵੇਗੀ। ਜਿੱਥੇ ਇਲੋਨ ਮਸਕ ਦੁਆਰਾ ਆਪਣੀਆਂ ਯੋਜਨਾਵਾਂ ਨੂੰ ਮਨੁੱਖਤਾ ਦੀ ਤਰੱਕੀ ਦੀ ਚਾਸ਼ਨੀ ’ਚ ਡਬੋ ਕੇ ਪੇਸ਼ ਕੀਤਾ ਜਾ ਰਿਹਾ ਓਥੇ ਜ਼ੈਫ ਬੇਜ਼ੋਜ਼ ਤੇ ਰਿਚਰਡ ਬਰੈਨਸਨ ਦੁਆਰਾ ਆਪਣੇ ਅਸਲ ਮਨਸੂਬਿਆਂ ਨੂੰ ਨੰਗੇ ਚਿੱਟੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਪਿਛਲੇ ਮਹੀਨੇ ਜ਼ੈਫ ਬੇਜੋਜ ਦੁਆਰਾ ਐਲਾਨ ਕੀਤਾ ਗਿਆ ਸੀ ਕਿ ਉਸਦੀ ਕੰਪਨੀ ਇਸ ਸਾਲ ਜੁਲਾਈ ਦੇ ਅੰਤ ’ਚ ਉਸਨੂੰ ਪੁਲਾੜ ਦੀ ਸੈਰ ਕਰਵਾਏਗੀ। ਇਹ ਐਲਾਨ ਹੋਣ ਤੋਂ ਬਾਅਦ ‘ਵਰਜ਼ਿਨ ਬਲੂ’ ਕੰਪਨੀ ਦੇ ਮਾਲਕ ਰਿਚਰਡ ਬਰੈਨਸਨ ਦੁਆਰਾ ਐਲਾਨ ਕੀਤਾ ਗਿਆ ਕਿ ਉਹ ਜ਼ੈਫ ਬੇਜੋਜ ਤੋਂ ਕੁੱਝ ਹਫਤੇ ਪਹਿਲਾਂ ਪੁਲਾੜ ਦੀ ਸੈਰ ਕਰਨ ਜਾ ਰਿਹਾ ਹੈ ਤੇ ਇਸ ਅਰਬਪਤੀ ਨੇ ਪੁਲਾੜ ਦੀ ਕੁੱਤਾ ਦੌੜ ’ਚ ਅੱਗੇ ਨਿੱਲ਼ਦਿਆਂ ਹੋਇਆ 11 ਜੁਲਾਈ ਨੂੰ ਪੁਲਾੜ ਲਈ ਉਡਾਣ ਵੀ ਭਰੀ।

  ਜਿੱਥੋਂ ਤੱਕ ਕੁੱਲ ਮਨੁੱਖਤਾ ਦੇ ਭਲੇ ਤੇ ਤਰੱਕੀ ਦੀ ਗੱਲ ਹੈ ਤਾਂ ਇਸ ਨਾਲ਼ ਦੂਰ-ਦੂਰ ਤੱਕ ਇਹਨਾਂ ਦਾ ਕੋਈ ਸਬੰਧ ਨਹੀਂ ਹੈ। ਇੱਕ ਭਾਸ਼ਣ ਵਿੱਚ ਇਲੋਨ ਮਸਕ ਦੁਆਰਾ ਕਿਹਾ ਗਿਆ ਕਿ, “ਸੰਸਾਰ ’ਚ ਬਹੁਤ ਸਾਰੀਆਂ ਸਮੱਸਿਆਵਾਂ ਹਨ, ਸਾਨੂੰ ਉਹਨਾਂ ਨੂੰ ਹੱਲ ਕਰਨ ਦੀ ਜ਼ਰੂਰਤ ਹੈ, ਪਰ ਸਾਨੂੰ ਅਜਿਹੀਆਂ ਚੀਜ਼ਾਂ ਵੀ ਚਾਹੀਦੀਆਂ ਹਨ ਜੋ ਸਾਨੂੰ ਜਿਉਂਣ ਲਈ ਰੋਮਾਂਚਤ ਕਰਨ…” ਪੁਲਾੜ ਦਾ ਇਹ ਰੋਮਾਂਚ ਆਮ ਲੋਕਾਂ ਲਈ ਜਾਂ ਉਪਰੋਕਤ ਸਰਮਾਏਦਾਰਾਂ ਦੀਆਂ ਕੰਪਨੀਆਂ ’ਚ ਕੰਮ ਕਰਦੇ ਮਜ਼ਦੂਰਾਂ ਲਈ ਨਹੀਂ ਹੈ ਜਿਹਨਾਂ ਦੀ ਲੁੱਟ ਨਾਲ਼ ਇਹਨਾਂ ਸਰਮਾਏਦਾਰਾਂ ਨੇ ਅਰਬਾਂ ਡਾਲਰ ਦਾ ਕਾਰੋਬਾਰ ਖੜ੍ਹਾ ਕੀਤਾ ਹੈ। ਇਹ ਪੁਲਾੜ ਸੈਰ-ਸਪਾਟਾ ਇਹਨਾਂ ਵਰਗੇਂ ਹੀ ਪਰਜੀਵੀ ਤੇ ਅਕੇਵੇਂ ਦੇ ਮਾਰੇ ਹੋਰਨਾਂ ਅਰਬਪਤੀਆਂ ਲਈ ਹੈ ਜੋ ਧਰਤੀ ’ਤੇ ਐਯਾਸ਼ੀ ਕਰਦੇ-ਕਰਦੇ ਅੱਕ ਗਏ ਹਨ। ਸੰਸਾਰ ਦੇ ਕਿੰਨੇ ਫੀਸਦੀ ਲੋਕ ਹਨ ਜੋ ਲੱਖਾਂ ਡਾਲਰ ਦੀ ਪੁਲਾੜ ਟਿਕਟ ਖਰੀਦ ਸਕਦੇ ਹਨ, ਇਸਦਾ ਅੰਦਾਜ਼ਾ ਤੁਸੀਂ ਆਪ ਹੀ ਲਗਾ ਸਕਦੇ ਹੋ। ਇਹ ਮੌਜੂਦਾ ਸਰਮਾਏਦਾਰੀ ਢਾਂਚੇ ਦੇ ਪਰਜੀਵੀਪੁਣੇ ਦੀ ਸਿਖ਼ਰ ਨੂੰ ਦਰਸਾਉਂਦੇ ਹੈ। ਸੰਸਾਰ ਦੇ ਲਗਭਗ 70 ਕਰੋੜ ਲੋਕ ਰੋਜ਼ਾਨਾ ਭੁੱਖੇ ਸੌਂਦੇ ਹਨ। ਸਿਰਫ ਪਿਛਲੇ ਸਾਲ ਹੀ ਕਰੋੜਾਂ ਹੋਰ ਲੋਕ ਗਰੀਬੀ ’ਚ ਧੱਕੇ ਗਏ ਹਨ, ਇਹ ਇਸ ਲਈ ਨਹੀਂ ਕਿ ਸੰਸਾਰ ਦੀ ਅਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਧਨਾਂ ਦੀ ਕਮੀ ਹੈ ਸਗੋਂ ਇਹ ਇਸ ਲਈ ਹੈ ਕਿ ਇਹਨਾਂ ਸਾਧਨਾ ’ਤੇ ਉਪਰੋਕਤ ਮੁੱਠੀਭਰ ਅਮੀਰਾਂ ਦਾ ਕਬਜ਼ਾ ਹੈ। ਦੂਜੇ ਪਾਸੇ ਮਨੁੱਖੀ ਗਿਆਨ ਤੇ ਕਿਰਤ ਨੂੰ ਇਸ ਲਈ ਬਰਬਾਦ ਕੀਤਾ ਜਾ ਰਿਹਾ ਹੈ ਤਾਂ ਜੋ ਕਿਰਤ ਤੋਂ ਟੁੱਟੇ ਹੋਏ ਕੁੱਝ ਮੁੱਠੀਭਰ ਧਨਪਸ਼ੂ ਪੁਲਾੜ ’ਚ ਜਾਕੇ ਆਪਣਾ ਅਕੇਵਾਂ ਦੂਰ ਕਰ ਸਕਣ।

  ਸੈਰ-ਸਪਾਟਾ ਤਾਂ ਇਸ ਪੁਲਾੜ ਸਨਅਤ ਦੀ ਤਸਵੀਰ ਦਾ ਛੋਟਾ ਜਿਹਾ ਹਿੱਸਾ ਹੈ। ਸਾਲ 2000 ਤੋਂ ਹੀ ਅਮਰੀਕੀ ਸਰਕਾਰ ਦੁਆਰਾ ਵੱਡੇ ਪੱਧਰ ’ਤੇ ਰਾਕਟ ਤੇ ਪੁਲਾੜ ਯੋਜਨਾਵਾਂ ਸਬੰਧੀ ਠੇਕੇ ਤੇ ਸਬਸਿਡੀਆਂ ਨਿੱਜੀ ਕੰਪਨੀਆਂ ਨੂੰ ਦਿੱਤੇ ਗਏ ਜਿਹਨਾਂ ’ਚ ਇਲੋਨ ਮਸਕ ਦੀ ਕੰਪਨੀ ‘ਸਪੇਸ ਐਕਸ’ ਓਬਾਮਾ ਤੇ ਟਰੰਪ ਦੀ ਮਨਪਸੰਦ ਕੰਪਨੀ ਰਹੀ ਹੈ। 2000 ਤੋਂ ਲੈਕੇ 2019 ਤੱਕ ਲੋਕਾਂ ਦੇ ਟੈਕਸ ਦੇ ਪੈਸੇ ’ਚੋਂ 2.7 ਅਰਬ ਡਾਲਰ ਦੀਆਂ ਸਬਸਿਡੀਆਂ ਇਹਨਾਂ ਕੰਪਨੀਆਂ ਨੂੰ ਦਿੱਤੀਆਂ ਗਈਆਂ ਜਿਸ ’ਚੋਂ 93 ਫੀਸਦੀ ਰਾਕਟ ਯੋਜਨਾਵਾਂ ਲਈ ਦਿੱਤੇ ਗਏ। ਇਸਤੋਂ ਇਲਾਵਾ ਚੰਨ ਉੱਪਰ 2 ਪੁਲਾੜ ਯਾਤਰੀਆਂ ਨੂੰ ਲਿਜਾਣ ਲਈ ਇਸ ਸਾਲ ਦੇ ਸ਼ੁਰੂ ਵਿੱਚ ਕਈ ਅਰਬ ਡਾਲਰ ਦਾ ਠੇਕਾ ਇਲੋਨ ਮਸਕ ਦੀ ਕੰਪਨੀ ਨੂੰ ਦਿੱਤਾ ਗਿਆ। ਇਸ ’ਤੇ ਜ਼ੈਫ ਬੇਜੋਜ਼ ਦੁਆਰਾ ਵਿਰੋਧ ਕੀਤਾ ਗਿਆ ਤਾਂ ਅਮਰੀਕੀ ਸਰਕਾਰ ਨੇ ‘ਯੂਐਸ ਇਨੋਵੇਸ਼ਨ ਐਂਡ ਕੌਮਪੀਟੀਟਿਵਨੈਸ ਐਕਟ’ ਪਾਸ ਕੀਤਾ ਜਿਸ ’ਚ 10 ਅਰਬ ਡਾਲਰ ਦਾ ਰਾਹਤ ਪੈਕਜ ਸ਼ਾਮਲ ਸੀ ਜੋ ਸਿੱਧਾ ਜ਼ੈਫ ਬੇਜੋਜ਼ ਦੀ ਜੇਬ੍ਹ ਵਿੱਚ ਗਿਆ। ਇਹਨਾਂ ਕੰਪਨੀਆਂ ਦੁਆਰਾ ਇੱਕ ਦੂਜੇ ਤੋਂ ਅੱਗੇ ਵਧਕੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਹ ਪੁਲਾੜ ਯੋਜਨਾਵਾਂ ਲਈ ਬਿਹਤਰ ਰਾਕਟ ਤਕਨੀਕ ਵਿਕਸਤ ਕਰ ਰਹੇ ਹਨ, ਜਦਕਿ ਇਸ ਰਾਕਟ ਤਕਨੀਕ ਨੂੰ ਵਿਕਸਤ ਕਰਨ ਦਾ ਅਸਲ ਮਕਸਦ ਅਮਰੀਕੀ ਸਾਮਰਾਜ ਦੀ ਮਿਜ਼ਾਇਲ ਤਕਨੀਕ ਨੂੰ ਵਿਕਸਤ ਕਰਨਾ ਤੇ ਉਸਦੀ ਫੌਜੀ ਤਾਕਤ ਨੂੰ ਵਧਾਉਣਾ ਹੀ ਹੈ। ਇਲੋਨ ਮਸਕ ਦੀ ਕੰਪਨੀ ‘ਸਪੇਸ ਐਕਸ’ ਦੇ ਸ਼ੁਰੂਆਤੀ 10 ਸਾਲ ਦੌਰਾਨ ਕੁੱਲ ਫੰਡ ਦਾ ਅੱਧਾ ਹਿੱਸਾ ਅਮਰੀਕੀ ਸਰਕਾਰ ਦੁਆਰਾ ਦਿੱਤਾ ਗਿਆ ਸੀ।

  ਧਰਤੀ ਦੇ ਕੁਦਰਤੀ ਸਾਧਨਾਂ ਦੀ ਲੁੱਟ ਤੇ ਵਾਤਾਵਰਣ ਦੀ ਤਬਾਹੀ ਤੋਂ ਬਾਅਦ ਹੁਣ ਸਰਮਾਏਦਾਰ ਪੁਲਾੜ ਵੱਲ ਰੁਖ਼ ਕਰ ਰਹੇ ਹਨ। ਜੇ ਨਾਸਾ ਦੇ ਹਵਾਲੇ ਨਾਲ਼ ਗੱਲ ਕਰੀਏ ਤਾਂ ਸਾਡੇ ਸੂਰਜ ਮੰਡਲ ਵਿੱਚ ਲਗਭਗ 8 ਲੱਖ ਉਲਕਾ ਪਿੰਡ ਹਨ ਜੋ ਕੀਮਤੀ ਧਾਤਾਂ ਜਿਵੇਂ ਸੋਨਾ, ਲੋਹਾ ਤੇ ਪਲੈਟੀਨਮ ਆਦਿ ਨਾਲ਼ ਭਰਪੂਰ ਹਨ। ਜੇ ਇਹਨਾਂ ਵਿੱਚੋਂ ‘16 ਸਾਈਕੀ’ ਨਾਮ ਦੇ ਸਿਰਫ ਇੱਕ ਉਲਕਾ ਪਿੰਡ ਜਿਸਦਾ ਵਿਆਸ 200 ਕਿ.ਮਿ ਹੈ ਵਿਚਲੇ ਧਾਤਾਂ ਦੇ ਖਜ਼ਾਨੇ ਦੀ ਗੱਲ ਕਰੀਏ ਤਾਂ ਇਸਦੀ ਕੀਮਤ 700 X 1,000,000,000,000,000,000 (700 ਕਿਉਂਟਿਲੀਅਨ) ਅਮਰੀਕੀ ਡਾਲਰ ਦੱਸੀ ਜਾ ਰਹੀ ਹੈ। ਇਸਤੋਂ ਇਲਾਵਾ ਚੰਨ ’ਤੇ ਪਾਣੀ ਤੇ ਹੀਲੀਅਮ3 ਜਿਸਨੂੰ ਅੱਗੇ ਰਾਕਟ ਦੇ ਬਾਲਣ ’ਚ ਤਬਦੀਲ ਕੀਤਾ ਜਾਵੇਗਾ, ਲਈ ਖੁਦਾਈ ਦੀਆ ਯੋਜਨਾਵਾਂ ’ਤੇ ਵੀ ਕੰਮ ਹੋ ਰਿਹਾ ਹੈ। ਪੁਲਾੜ ਦੇ ਇਹਨਾਂ ਖਜ਼ਾਨਿਆਂ ਨੂੰ ਲੁੱਟਣ ਲਈ ਅਮਰੀਕਾ ਤੇ ਲਗਜ਼ਮਬਰਗ ਵਰਗੇ ਦੇਸ਼ਾਂ ਦੇ ਸਰਮਾਏਦਾਰਾ-ਸਾਮਰਾਜੀ ਹਾਕਮਾਂ ਦੁਆਰਾ ਕਨੂੰਨ ਪਾਸ ਕੀਤੇ ਜਾ ਰਹੇ ਹਨ, ਜਿਸ ਨਾਲ਼ ਪ੍ਰਾਈਵੇਟ ਕੰਪਨੀਆਂ ਚੰਨ, ਮੰਗਲ ਜਾਂ ਪੁਲਾੜ ਵਿੱਚ ਕਿਤੇ ਵੀ ਖੁਦਾਈ ਰਾਹੀਂ ਜੋ ਵੀ ਹਾਸਲ ਕਰਨਗੀਆਂ ਉਹਨਾਂ ’ਤੇ ਇਹਨਾਂ ਕੰਪਨੀਆਂ ਦਾ ਨਿੱਜੀ ਕਬਜ਼ਾ ਹੋਵੇਗਾ। ਸੰਯੁਕਤ ਰਾਸ਼ਟਰ ਦੇ 1967 ਦੇ ਪੁਲਾੜ ਸਮਝੌਤੇ ਅਨੁਸਾਰ ਕੋਈ ਵੀ ਦੇਸ਼ ਪੁਲਾੜ ਵਿੱਚ ਚੰਨ ਸਮੇਤ ਕਿਸੇ ਵੀ ਅਜਿਹੀ ਚੀਜ਼ ’ਤੇ ਆਪਣੀ ਦਾਵੇਦਾਰੀ ਨਹੀਂ ਠੋਕ ਸਕਦਾ ਹੈ। ਮੰਨ ਲਵੋ ਜੇ ਕੋਈ ਦੇਸ਼ ਚੰਨ ਜਾਂ ਮੰਗਲ ’ਤੇ ਆਪਣੀ ਦਾਵੇਦਾਰੀ ਐਲਾਨਦਾ ਹੈ ਤਾਂ ਸੰਯੁਕਤ ਰਾਸ਼ਟਰ ਅਨੁਸਾਰ ਇਸਨੂੰ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਮੰਨਿਆ ਜਾਵੇਗਾ। ਉਂਝ ਇਹ ਅਖੌਤੀ ਕੌਮਾਂਤਰੀ ਨਿਯਮ ਵੀ ਸੰਸਾਰ ਦੇ ਸਾਮਰਾਜੀ ਲੁਟੇਰਿਆਂ ਦੇ ਲੁੱਟ ਦਾ ਮਾਲ ਵੰਡਣ ਲਈ ਬਣਾਏ ਗਏ ਸਮਝੌਤੇ ਹੀ ਹਨ ਜੋ ਸਮੇਂ ਦੇ ਨਾਲ਼ ਟੁੱਟਦੇ ਬਣਦੇ ਰਹਿੰਦੇ ਹਨ। ਇਸੇ ਤਰ੍ਹਾਂ ਸੰਯੁਕਤ ਰਾਸ਼ਟਰ ਦੇ ਉਪਰੋਕਤ ਸਮਝੌਤੇ ’ਚ ਇੱਕ ਚੋਰ ਮੋਰੀ ਹੈ, ਇਹ ਸਮਝੌਤਾ ਨਿੱਜੀ ਕੰਪਨੀਆਂ ਦੁਆਰਾ ਪੁਲਾੜ ਦੇ ਕੁਦਰਤੀ ਸ੍ਰੋਤਾਂ ’ਤੇ ਕਬਜ਼ੇ ਬਾਰੇ ਚੁੱਪ ਹੈ। ਇਸੇ ਚੋਰ ਮੋਰੀ ਦਾ ਫਾਇਦਾ ਅਮਰੀਕਾ ਵਰਗੀ ਸਾਮਰਾਜੀ ਤਾਕਤ ਦੁਆਰਾ ਚੁੱਕਿਆ ਜਾ ਰਿਹਾ ਹੈ ਜਿਸ ਲਈ ਅਮਰੀਕਾ ਦੀ ਅਲੋਚਨਾ ਵੀ ਹੋ ਰਹੀ ਹੈ। ਇਸੇ ਲਈ ਪੁਲਾੜ ਵਿੱਚ ਆਪਣੀ ਚੌਧਰ ਸਥਾਪਤ ਕਰਨ ਲਈ ਅਮਰੀਕਾ, ਰੂਸ ਤੇ ਚੀਨ ਵਰਗੀਆਂ ਸਾਮਰਾਜੀ ਤਾਕਤਾਂ ਵੀ ਪੁਲਾੜ ਲਈ ਕੁੱਤਾ ਦੌੜ ’ਚ ਸ਼ਾਮਲ ਹੋ ਗਈਆਂ ਹਨ।

  ਧਰਤੀ ਦੇ ਕੁਦਰਤੀ ਸ੍ਰੋਤਾਂ ਤੇਲ, ਗੈਸ, ਕੋਲ਼ਾ, ਖਣਿਜ ਪਦਾਰਥ ਆਦਿ ਦੀ ਅੰਨ੍ਹੇਵਾਹ ਲੁੱਟ ਕਾਰਨ ਅੱਜ ਅਸੀਂ ਵਾਤਾਵਰਣ ਸੰਕਟ ਦੇ ਮੂੰਹ ’ਤੇ ਖੜ੍ਹੇ ਹਾਂ। ਸਰਮਾਏਦਾਰੀ ਢਾਂਚੇ ’ਚ ਮੁੱਠੀਭਰ ਸਰਮਾਏਦਾਰਾਂ ਦੇ ਮੁਨਾਫ਼ੇ ਲਈ ਅੰਨ੍ਹੀ ਦੌੜ ਤੇ ਬੇਲੋੜੀ ਪੈਦਾਵਾਰ ਦਾ ਨਤੀਜਾ ਹੈ ਕਿ ਅੱਜ ਪਾਣੀ ਤੇ ਹਵਾ ਜੋ ਸਾਰੀ ਮਨੁੱਖਤਾ ਦੇ ਸਾਂਝੇ ਹਨ ਵੀ ਧਨਪਸ਼ੂਆਂ ਲਈ ਰਾਖਵੇਂ ਰਹਿ ਗਏ ਹਨ। ਅੱਜ ਵੱਡੀ ਬਹੁ-ਗਿਣਤੀ ਅਬਾਦੀ ਸਰਮਾਏਦਾਰਾਂ ਦੁਆਰਾ ਘੋਲ਼ੀਆਂ ਗਈਆਂ ਹਵਾ ਤੇ ਪਾਣੀ ਵਿਚਲੀਆਂ ਜ਼ਹਿਰਾਂ ਲਈ ਸਰਾਪੀ ਗਈ ਹੈ। ਹੁਣ ਪੁਲਾੜ ਨੂੰ ਲੁੱਟਣ ਲਈ ਸਾਮਰਾਜੀ ਦੇਸ਼ ਤੇ ਵੱਡੇ ਸਰਮਾਏਦਾਰ ਆਪਸ ਕੁੱਤਾ ਦੌੜ ਲਗਾ ਰਹੇ ਹਨ ਤੇ ਇਸ ਮੁਨਾਫੇ ਦੀ ਭੁੱਖ ਲਈ ਮਨੁੱਖਤਾ ਦੇ ਭਵਿੱਖ ਨੂੰ ਦਾਅ ’ਤੇ ਲਾਇਆ ਜਾ ਰਿਹਾ ਹੈ। ਬਿਨ੍ਹਾਂ ਸ਼ੱਕ ਪੁਲਾੜ ਨੂੰ ਵੱਧ ਤੋਂ ਵੱਧ ਜਾਨਣ ਸਮਝਣ ਦਾ ਮਨੁੱਖ ਦਾ ਸਫ਼ਰ ਅੱਗੇ ਵਧਣਾ ਚਾਹੀਦਾ ਹੈ ਪਰ ਇਸਦਾ ਮਕਸਦ ਕੁੱਲ ਮਨੁੱਖਤਾ ਲਈ ਬਿਹਤਰ ਭਵਿੱਖ ਦੀ ਸਿਰਜਣਾ ਹੋਣਾ ਚਾਹੀਦਾ ਹੈ ਨਾ ਕਿ ਮੁੱਠੀਭਰ ਸਰਮਾਏਦਾਰਾਂ ਦਾ ਮੁਨਾਫਾ।

  •ਤਜਿੰਦਰ        (ਧੰਨਵਾਦ ਸਹਿਤ ਲਲਕਾਰ ਮੈਗਜ਼ੀਨ)

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img