ਅਰਮਿੰਦਰ ਨੇ ਦੱਸਿਆ ਕਿ ਮਹਿੰਦਰਪਾਲ ਬਿੱਟੂ ਦੀ ਜ਼ਮਾਨਤ ਲਈ ਹਾਈਕੋਰਟ ‘ਚ ਅਰਜ਼ੀ ਵੀ ਲੱਗੀ ਹੋਈ ਸੀ। ਉਸ ਨੇ ਇਹ ਵੀ ਕਿਹਾ ਕਿ ਪੁਲਿਸ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ। ਉਸ ਨੇ ਦੱਸਿਆ ਕਿ ਪਰਿਵਾਰ ਨੇ ਬਿੱਟੂ ਨਾਲ ਇੱਕ ਦਿਨ ਪਹਿਲਾਂ ਹੀ ਮੁਲਾਕਾਤ ਕੀਤੀ ਸੀ।
ਚੰਡੀਗੜ੍ਹ: ਡੇਰਾ ਪ੍ਰੇਮੀ ਤੇ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਮਹਿੰਦਰ ਪਾਲ ਬਿੱਟੂ ਦੇ ਪਰਿਵਾਰ ਨੂੰ ਉਸ ਦੇ ਕਤਲ ਪਿੱਛੇ ਡੂੰਘੀ ਸਾਜ਼ਿਸ਼ ਦਾ ਸ਼ੱਕ ਹੈ। ਬਿੱਟੂ ਦੇ ਪੁੱਤਰ ਅਰਮਿੰਦਰ ਨੇ ਪਿਤਾ ਲਈ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਸ ਦੇ ਪਿਤਾ ‘ਤੇ ਝੂਠੇ ਪਰਚੇ ਦਰਜ ਕੀਤੇ ਗਏ ਤੇ ਸਾਨੂੰ ਫਸਾਇਆ ਗਿਆ। ਇਸ ਲਈ ਪਰਿਵਾਰ ਨੇ ਹਾਲੇ ਤਕ ਅੰਤਿਮ ਸੰਸਕਾਰ ਬਾਰੇ ਕੋਈ ਫੈਸਲਾ ਨਹੀਂ ਲਿਆ।ਅਰਮਿੰਦਰ ਨੇ ਦੱਸਿਆ ਕਿ ਮਹਿੰਦਰਪਾਲ ਬਿੱਟੂ ਦੀ ਜ਼ਮਾਨਤ ਲਈ ਹਾਈਕੋਰਟ ‘ਚ ਅਰਜ਼ੀ ਵੀ ਲੱਗੀ ਹੋਈ ਸੀ। ਉਸ ਨੇ ਇਹ ਵੀ ਕਿਹਾ ਕਿ ਪੁਲਿਸ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ। ਉਸ ਨੇ ਦੱਸਿਆ ਕਿ ਪਰਿਵਾਰ ਨੇ ਬਿੱਟੂ ਨਾਲ ਇੱਕ ਦਿਨ ਪਹਿਲਾਂ ਹੀ ਮੁਲਾਕਾਤ ਕੀਤੀ ਸੀ।ਉਧਰ, ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਬਿੱਟੂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ, ਪਰ ਪਰਿਵਾਰ ਨੇ ਸਸਕਾਰ ਬਾਰੇ ਹਾਲੇ ਕੋਈ ਫੈਸਲਾ ਨਹੀਂ ਲਿਆ। ਸੁਰੱਖਿਆ ਦੇ ਲਿਹਾਜ਼ ਨਾਲ ਜਿੱਥੇ ਪੰਜਾਬ ਵਿੱਚ 10 ਬੀਐਸਐਫ ਤੇ ਦੋ ਆਰਏਐਫ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ, ਉੱਥੇ ਹੀ ਫ਼ਰੀਦਕੋਟ ਪੁਲਿਸ ਛਾਉਣੀ ‘ਚ ਤਬਦੀਲ ਹੋ ਗਿਆ ਜਾਪਦਾ ਹੈ।ਸ਼ਨੀਵਾਰ ਸ਼ਾਮ ਨੂੰ ਨਾਭਾ ਦੀ ਨਵੀਂ ਜੇਲ੍ਹ ਵਿੱਚ ਸਵਾ ਕੁ ਪੰਜ ਵਜੇ ਮਹਿੰਦਰਪਾਲ ਬਿੱਟੂ ‘ਤੇ ਸਾਥੀ ਕੈਦੀਆਂ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਨੇ ਕਾਤਲਾਨਾ ਹਮਲਾ ਕੀਤਾ। ਕੁਝ ਸਮੇਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਰਾਤ ਸਮੇਂ ਹੀ ਪੋਸਟਮਾਰਟਮ ਕਰ ਬਿੱਟੂ ਦੀ ਮ੍ਰਿਤਕ ਦੇਹ ਸਵੇਰੇ ਚਾਰ ਵਜੇ ਕੋਟਕਪੂਰਾ ਭੇਜੀ ਗਈ। ਪਰਿਵਾਰ ਨੇ ਇੱਥੋਂ ਦੇ ਨਾਮ ਚਰਚਾ ਘਰ ਵਿੱਚ ਲਾਸ਼ ਰੱਖੀ ਹੋਈ ਹੈ ਤੇ ਅੰਤਮ ਸੰਸਕਾਰ ਬਾਰੇ ਕੋਈ ਫੈਸਲਾ ਨਹੀਂ ਲਿਆ। ਇੱਥੇ ਵੱਡੀ ਗਿਣਤੀ ਵਿੱਚ ਲੋਕ ਪਹੁੰਚਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਪੁਲਿਸ ਨੇ ਨਾਮ ਚਰਚਾ ਘਰ ‘ਚ ਵੀ ਸੁਰੱਖਿਆ ਵਧਾ ਦਿੱਤੀ ਹੈ।ਜ਼ਿਕਰਯੋਗ ਹੈ ਕਿ ਮਹਿੰਦਰਪਾਲ ਬਿੱਟੂ ਸਾਲ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ‘ਚ ਨਾਮਜ਼ਦ ਸੀ ਤੇ ਜੇਲ੍ਹ ਦੀ ਅਤਿ ਸੁਰੱਖਿਆ ਵਾਲੀ ਥਾਂ ‘ਤੇ ਉਸ ਨੂੰ ਰੱਖਿਆ ਗਿਆ ਸੀ। ਬਿੱਟੂ ਡੇਰਾ ਸਿਰਸਾ ਦਾ ਤਾਕਤਵਰ ਵਿਅਕਤੀ ਸੀ ਤੇ ਡੇਰੇ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਵੀ ਸੀ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਐਲਾਨੇ ਜਾਣ ਸਮੇਂ ਪੰਚਕੁਲਾ ਵਿੱਚ ਹੋਈ ਹਿੰਸਾ ‘ਚ ਵੀ ਬਿੱਟੂ ਦਾ ਨਾਂ ਸ਼ਾਮਲ ਸੀ। ਐਸਆਈਟੀ ਨੇ ਉਸ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਸੀ।