ਅੰਮ੍ਰਿਤਸਰ, 17 ਜੂਨ (ਇੰਦ੍ਰਜੀਤ ਉਦਾਸੀਨ) – ਮਹਿਲਾ ਪੁਲਸ ਨੂੰ ਆਪਣੇ ਘਰ ਦੇ ਦਰਵਾਜੇ ਅੱਗੇ ਕਾਰ ਖੜੀ ਕਰਨ ਤੋਂ ਰੋਕਣਾ ਇਕ ਪਰਿਵਾਰ ਨੂੰ ਕਾਫੀ ਮਹਿੰਗਾ ਪਿਆ, ਜਿਸਦੀ ਰੰਜਿਸ਼ ਤਹਿਤ ਗੁਆਂਢ ਵਿਚ ਰਹਿੰਦੇ ਪਿਓ ਪੁੱਤਰ ਨੇ ਆਂਪਣੇ ਹੀ ਗੁਆਂਢੀ ਉਪਰ ਹਮਲਾ ਕਰਕੇ ਉਸਨੂੰ ਜਖਮੀ ਕਰ ਦਿੱਤਾ। ਪੀੜਤ ਪਰਿਵਾਰ ਵਲੋਂ ਪੁਲਸ ਨੂੰ ਦਰਖਾਸਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀ ਕੀਤੀ ਗਈ। ਪੀੜਤ ਗੁਰਮੀਤ ਸਿੰਘ ਪੁੱਤਰ ਸਰਦਾਰ ਸਿੰਘ ਵਾਸੀ ਜਵਾਹਰ ਨਗਰ ਗਲੀ ਨੰਬਰ 6 ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿਚ ਜਗਦੀਸ਼ ਕੁਮਾਰ ਦਾ ਇਕ ਵਿਅਕਤੀ ਰਹਿੰਦਾ ਹੈ, ਜਿਸਦੇ ਘਰ ਉਸਦੀ ਬੇਟੀ ਸਹੇਲੀ ਜੋ ਕਿ ਮਹਿਲਾ ਪੁਲਸ ਵੀ ਹੈ ਅਕਸਰ ਆਉਂਦੀ ਜਾਂਦੀ ਹੈ। ਉਸ ਵਲੋਂ ਹਮੇਸ਼ਾ ਹੀ ਉਨ੍ਹਾਂ ਦੇ ਘਰ ਅੱਗੇ ਕਈ ਕਈ ਦਿਨ ਆਪਣੀ ਕਾਰ ਖੜੀ ਕਰ ਦਿੱਤੀ ਜਾਂਦੀ ਹੈ, ਜਦ ਉਨ੍ਹਾਂ ਨੇ ਉਕਤ ਮਹਿਲਾ ਪੁਲਸ ਨੂੰ ਆਪਣੇ ਘਰ ਦੇ ਅੱਗੇ ਕਾਰ ਖੜੀ ਕਰਨ ਤੋਂ ਰੋਕਿਆ ਤਾਂ ਉਕਤ ਮਹਿਲਾ ਪੁਲਸ ਨੇ ਉਨ੍ਹਾਂ ਦੇ ਬੇਟੇ ਅਮਨਦੀ ਨਾਲ ਬਹਿਸਬਾਜੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਉਕਤ ਮਹਿਲਾ ਪੁਲਸ ਤੇ ਜਗਦੀਸ਼ ਕੁਮਾਰ ਦੇ ਪਰਿਵਾਰ ਨੇ ਉਨ੍ਹਾਂ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ। ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਜਦ ਉਸਦੇ ਪੋਤਰੇ ਗਲੀ ਵਿਚ ਖੇਡ ਰਹੇ ਸਨ ਤਾਂ ਉਹ ਵੀ ਗਲੀ ਵਿਚ ਬੈਠ ਗਿਆ, ਕੁਝ ਦੇਰ ਬਾਅਦ ਜਗਦੀਸ਼ ਕੁਮਾਰ ਤੇ ਉਸਦਾ ਬੇਟਾ ਅੰਕੁਸ਼ ਐਕਟੀਵਾ ਤੇ ਆਏ ਤੇ ਉਸ ਨਾਲ ਬਿਨਾਂ ਵਜ੍ਹਾਂ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਦੋਰਾਨ ਉਸਦੇ ਮਾਮੂਲੀ ਸੱਟਾਂ ਵੀ ਲੱਗੀਆਂ। ਉਨ੍ਹਾਂ ਦੱਸਿਆ ਕਿ ਜਦ ਝਗੜਾ ਵੇਖ ਇਲਾਕਾ ਨਿਵਾਸੀ ਇੱਕਠਾ ਹੋਏ ਤਾਂ ਉਕਤ ਪਿਓ ਪੁੱਤਰ ਘਰ ਅੰਦਰ ਲੁੱਕ ਗਏ। ਇਸ ਸਬੰਧੀ ਉਨ੍ਹਾਂ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ, ਪੁਲਸ ਦੇ ਆਉਣ ਦੇ ਬਾਵਜੂਦ ਵੀ ਉਕਤ ਪਰਿਵਾਰ ਨੇ ਆਪਣਾ ਦਰਵਾਜਾ ਨਹੀ ਖੋਲਿਆ ਤੇ ਪੁਲਸ ਬੇਰੰਗ ਵਾਪਿਸ ਪਰਤ ਗਈ। ਗੁਰਮੀਤ ਸਿੰਘ ਨੇ ਦੱਸਿਆਂ ਕਿ ਜਗਦੀਸ਼ ਕੁਮਾਰ ਨੇ ਪਹਿਲਾਂ ਵੀ ਇਲਾਕੇ ਦੇ ਕਈ ਲੋਕਾਂ ਨਾਲ ਨਜਾਇਜ ਝਗੜਾ ਕੀਤਾ ਹੋਇਆ ਹੈ, ਜਿਸ ਕਾਰਨ ਉਕਤ ਪਰਿਵਾਰ ਤੋਂ ਇਲਾਕੇ ਦੇ ਕਾਫੀ ਲੋਕ ਪਰੇਸ਼ਾਨ ਵੀ ਹਨ, ਪਰ ਪੁਲਸ ਵਲੋਂ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਜਾਂਦੀ ਹੈ। ਉਨ੍ਹਾਂ ਪੁਲਸ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਗਦੀਸ਼ ਕੁਮਾਰ ਤੇ ਉਸਦੇ ਬੇਟੇ ਅੰਕੁਸ਼ ਖਿਲਾਫ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ। ਉਧ੍ਰ ਚੋਂਕੀ ਇੰਚਾਰਜ ਰੂਪ ਲਾਲ ਨੇ ਦੱਸਿਆ ਕਿ ਗੁਰਮੀਤ ਸਿੰਘ ਦੀ ਦਰਖਾਸਤ ਮਿਲ ਚੁੱਕੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਮੁਲਜਮ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।