More

  ਮਹਾਨ ਸ਼ਹੀਦ ਭਾਈ ਮਹਿੰਗਾ ਸਿੰਘ ਜੀ ਬੱਬਰ ਭਾਈ ਕੁਲਵੰਤ ਸਿੰਘ ਜੀ (ਸ਼ਹੀਦੀ 1 ਜੂਨ 1984 )

  ਪੰਜਾਬ ,2 ਜੂਨ (ਬੁਲੰਦ ਆਵਾਜ ਬਿਊਰੋ) – ਜਦੋਂ ਕਦੇ ਅਣਖਾਂ ਨਾਲ ਜਿਊਣ ਵਾਲੀਆਂ ਕੌਮਾਂ ਉੱਤੇ ਮਨੁੱਖੀ ਲਹੂ ਦੀਆਂ ਭੁੱਖੀਆਂ ਇੱਲਾਂ ਚੜ੍ਹਦੀਆਂ ਹਨ ਤਾਂ ਉਨ੍ਹਾਂ ਕੌਮਾਂ ਵਿਚੋਂ ਹੀ ਕੁਝ ਸ਼ੇਰਾਂ ਵਾਂਗ ਜਿਊਣ ਦੇ ਚਾਹਵਾਨ ਸੂਰਬੀਰ ਯੋਧੇ ਹੱਥਾਂ ਵਿਚ ਹਥਿਆਰ ਫੜ ਕੇ ਇਨ੍ਹਾਂ ਭੂਸਰੀਆਂ ਇੱਲਾਂ ਨੂੰ ਠੱਲ੍ਹਣ ਲਈ ਉੱਠ ਖੜੋਂਦੇ ਹਨ। ਅਜਿਹੀ ਹੀ ਸਿੱਖੀ ਦੇ ਖੁਨ ਦੀ ਪਿਆਸੀ ਇਕ ਇੱਲ ਨਰਕਧਾਰੀ ਲਹਿਰ ਦੇ ਰੂਪ ਵਿਚ 13 ਅਪ੍ਰੈਲ਼ 1978 ਦੀ ਪਵਿੱਤਰ ਧਰਤੀ ਉੱਪਰ ਧੂਤਕੜਾ ਪਾਉਣ ਲਈ ਆਣ ਧਮਕੀ ਤਾਂ ਗੁਰੂ ਨਾਨਕ ਸਾਹਿਬ ਦੇ ਸਿੱਖੀ ਦੇ ਬਾਗ ਵਿਚੋਂ ਦੋ ਟਹਿਕਦੇ ਫੁੱਲਾਂ ਵਰਗੀਆਂ ਜੁਝਾਰੂ ਜਥੇਬੰਦੀਆਂ ਦਮਦਮੀ ਟਕਸਾਲ ਤੇ ਅਖੰਡ ਕੀਰਤਨੀ ਜਥੇ ਵਿਚੋਂ ਉੱਠੇ 13 ਸੂਰਬੀਰਾਂ ਨੇ ਸੰਤ ਜਰਨੈਲ ਸਿੰਘ ਜੀਖ਼ਾਲਸਾ ਦੀ ਲਲਕਾਰ ਅਤੇ ਭਾਈ ਫ਼ੌਜਾ ਸਿੰਘ ਦੀ ਅਗਵਾਈ ਹੇਠ ਨਰਕਧਾਰੀਆਂ ਦੀ ਮੰਡਲੀ ਦੀ ਕੁਫ਼ਰ ਦੀ ਦੁਕਾਨ ਬੰਦ ਕਰਾਉਂਦਿਆ ਹੋਇਆ ਸ਼ਹਾਦਤਾਂ ਪ੍ਰਾਪਤ ਕੀਤੀਆਂ ।ਸਮਾਂ ਆਪਣੀ ਚਾਲੇ ਚੱਲਦਾ ਰਿਹਾ, ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਕੌਮੀ ਖਾੜਕੂ ਲੀਡਰ ਵਜੋਂ ਪੰਥਕ ਸਟੇਜ ਉੱਤੇ ਉਭਰੇ ਅਤੇ ਦੂਜੇ ਪਾਸੇ ਅਖੰਡ ਕੀਰਤਨੀ ਜਥੇ ਵਿਚੋਂ ਹੀ ਭਾਈ ਫ਼ੌਜਾ ਸਿੰਘ ਦੇ ਨਜ਼ਦੀਕੀ ਭੁਝੰਗੀਆਂ ਨੇ ਇਕ ਹੋਰ ਖਾੜਕੂ ਜਥੇਬੰਦੀ ਬੱਬਰ ਖ਼ਾਲਸਾ ਨੂੰ ਗੁਪਤ ਰੂਪ ਵਿਚ ਸੰਗਠਿਤ ਕਰ ਕੇ ਪੰਥ ਦੋਖੀਆਂ ਦੇ ਸਫਾਏ ਦੀ ਮੁਹਿੰਮ ਚਲਾ ਦਿੱਤੀ। ਦਰਿਆਵਾਂ ਦੇ ਵਹਿਣਾਂ ਵਾਂਗ ਠੰਡਾ ਸ਼ੀਤਲ ਵਗਦਾ ਪੰਜਾਬ ਅੱਗ ਲੱਗੇ ਜੰਗਲ ਵਾਂਗ ਭੱਖਣ ਲੱਗ ਪਿਆ।ਅੰਤ 1978 ਤੋਂ 1984 ਨੇ ਆਣ ਦਸਤਕ ਦਿੱਤੀ। ਸਾਰੇ ਪੰਜਾਬ ਨੂੰ ਚੜ੍ਹਦੇ ਜੂਨ ਹੀ ਫ਼ੌਜ ਦੇ ਹਵਾਲੇ ਕਰ ਦਿੱਤਾ ਗਿਆ। ਭੋਲੇ ਪੰਜਾਬੀਆਂ ਦੇ ਅਲੂੰਏ ਪੁੱਤਾਂ ਉੱਪਰ ਬਾਹਮਣੀ ਹਕੂਮਤ ਦੀ ਕਹਿਰਵਾਨ ਹਨੇਰੀ ਝੁੱਲੀ।

  1 ਜੂਨ 1984 ਦਾ ਸੂਰਜ ਪੰਜਾਂ ਦਰਿਆਵਾਂ ਦੀ ਧਰਤੀ ਉੱਤੇ ਸ਼ਹਾਦਤਾਂ ਦਾ ਪੈਗਾਮ ਲੈ ਕੇ ਚੜ੍ਹਿਆ। ਸਵੇਰੇ ਵੱਡੇ ਤੜਕੇ ਹੀ ਬਾਬਾ ਅਟੱਲ ਰਾਏ ਗੁਰਦੁਆਰੇ ਦੀ ਇਮਾਰਤ ‘ਤੇ ਸੀ.ਆਰ.ਪੀ. ਤੇ ਬੀ.ਐਸ.ਐਫ. ਨੇ ਬੱਬਰਾਂ ਦੇ ਮੋਰਚਿਆਂ ਉੱਪਰ ਫਾਇਰਿੰਗ ਕਰ ਕੇ ਸਿੱਧੀ ਲੜਾਈ ਛੇੜ ਦਿੱਤੀ। ਬਾਬਾ ਅਟੱਲ ਦੀ ਇਮਾਰਤ ਵਿਚੋਂ ਬੱਬਰਾਂ ਦੀਆਂ ਰਾਈਫਲਾਂ ਨੇ ਵੀ ਅੱਗ ਉਗਲਣੀ ਸ਼ੁਰੂ ਕਰ ਦਿੱਤੀ। ਸਾਰਾ ਦਿਨ ਭਿਆਨਕ ਗੋਲੀਬਾਰੀ ਹੁੰਦੀ ਰਹੀ।ਅੰਤ ਸ਼ਾਮ ਨੂੰ ਬਾਹਮਣੀ ਹਕੂਮਤ ਦੇ ਪਿਆਦੇ ਪੂਛਾਂ ਨੀਵੀਆਂ ਕਰ ਕੇ ਖੁੱਡਾਂ ਵਿਚ ਜਾ ਚੁੱਪ ਕਰ ਕੇ ਬੈਠ ਗਏ ਅਤੇ ਬੱਬਰਾਂ ਵੱਲੋਂ ਜੁਆਬੀ ਫਾਇਰ ਕਰ ਕੇ ਢੇਰੀ ਕੀਤਿਆਂ ਦੀਆਂ ਕੂਕਾਂ-ਚੀਕਾਂ ਇਤਿਹਾਸ ਦੀ ਕਿਤਾਬ ਦਾ ਸ਼ਿੰਗਾਰ ਬਣ ਗਏ, ਪਰ ਇਸ ਪਹਿਲੇ ਦਿਨ ਦੀ ਫਾਇਰਿੰਗ ਵਿਚ ਬੱਬਰਾਂ ਦਾ ਇਕ ਸਿਰਮੌਰ ਯੋਧਾ ਸ਼ਹੀਦ ਹੋ ਗਿਆ।ਜਿਸ ਨੂੰ ਇਤਿਹਾਸ ਨੇ ਸਾਕਾ ਨੀਲਾ ਤਾਰਾ ਦਾ ਪਹਿਲਾ ਸ਼ਹੀਦ ਹੋਣ ਦਾ ਮਾਣ ਬਖ਼ਸ਼ ਕੇ ਸਦਾ ਲਈ ਅਮਰ ਕਰ ਦਿੱਤਾ। ਇਸ ਸੂਰਬੀਰ ਦਾ ਨਾਂਅ ਭਾਈ ਮਹਿੰਗਾ ਸਿੰਘ ਬੱਬਰ ਕਰ ਕੇ ਸਿੱਖ ਸਿੱਖ ਸਫ਼ਾਂ ਵਿਚ ਮਸ਼ਹੂਰ ਹੈ। ਭਾਈ ਮਹਿੰਗਾ ਸਿੰਘ ਬੱਬਰ ਦੀ ਮ੍ਰਿਤਕ ਦੇਹ ਨੂੰ ਭਾਈ ਮਨਮੋਹਨ ਸਿੰਘ ਫ਼ੌਜੀ ਵਰ੍ਹਦੀਆਂ ਗੋਲੀਆਂ ਵਿਚੋਂ ਸਿਰ ‘ਤੇ ਚੁੱਕ ਕੇ ਗੁਰੂ ਨਾਨਕ ਨਿਵਾਸ ਵਿਚ ਲੈ ਕੇ ਆਇਆ। ਸ਼ਹੀਦ ਹੋਣ ਤੋਂ ਪਹਿਲਾਂ ਯੋਧੇ ਦਾ ਵਾਹਿਗੁਰੂ ਸਿਮਰਨ ਦਾ ਅਭਿਆਸ ਅੱਧਾ ਘੰਟਾ ਚੱਲਦਾ ਰਿਹਾ, ਫਿਰ ਸਰੀਰ ਠੰਢਾ ਹੋ ਗਿਆ। ਭਾਈ ਮਹਿੰਗਾ ਸਿੰਘ ਜੀ ਦਾ ਅਸਲੀ ਨਾਂ ਭਾਈ ਕੁਲਵੰਤ ਸਿੰਘ ਜੀ ਸੀ। ਪਰ ਗੁਪਤ ਵਿਚਰਦਾ ਹੋਣ ਕਰਕੇ ਜਥੇਬੰਦਕ ਨਾਂ ਭਾਈ ਮਹਿੰਗਾ ਸਿੰਘ ਰੱਖਿਆ ਗਿਆ ਸੀ। ਲੰਬੇ ਕੱਦ, ਤਿੱਖੀ ਨੱਕ, ਗੋਰੇ ਨਿਸ਼ੋਹ ਰੰਗ ਦਾ ਇਹ ਨੌਜਵਾਨ ਦਾ ਜਨਮ ਹਰਿਆਣੇ ਦੇ ਸ਼ਹਿਰ ਜਗਾਧਰੀ ਵਿਖੇ ਸ੍ਰ. ਪ੍ਰਤਾਪ ਸਿੰਘ ਦੇ ਘਰ 1957 ਨੂੰ ਹੋਇਆ ।ਜਮਨਾ ਨਗਰ ਆਈ.ਟੀ.ਆਈ. ਵੈਲਡਰ ਟਰੇਡ ਵਿਚ ਕਰਨ ਤੋਂ ਬਾਅਦ ਉਸ ਨੇ ਚੜ੍ਹਦੀ ਵਰੇਸੇ ਭਾਈ ਫ਼ੌਜਾ ਸਿੰਘ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕਿਆ। ਉਹ ਸਦਾ ਪੀਲੇ ਰੰਗ ਦਾ ਦੁਮਾਲਾ ਸਜਾਉਂਦਾ, ਸਫੈਦ ਜਾਂ ਨੀਲੇ ਰੰਗ ਦਾ ਨਿਹੰਗ ਬਾਣਾ ਪਹਿਨਦਾ। ਉਸ ਦੇ ਸੱਜੇ ਹੱਥ ਵਿਚ ਸਰਬ-ਲੋਹ ਦੀ ਮਾਲਾ ਅਤੇ ਮੋਢੇ ਉੱਤੇ 315 ਬੋਰ ਦੀ ਰਾਈਫਲ ਹਮੇਸ਼ਾ ਲਟਕਦੀ ਰਹਿੰਦੀ। ਸਰਬ-ਲੋਹ ਬਿਬੇਕ ਦੇ ਪਹਿਰੇ ਦੇ ਧਾਰਨੀ ਸੂਰਬੀਰ ਦੀ ਰਸਨਾ ਸਦਾ ਵਾਹਿਗੁਰੂ-ਵਾਹਿਗੁਰੂ ਦੇ ਜਾਪ ਵਿਚ ਗੜੂੰਦ ਰਹਿੰਦੀ।ਭਾਈ ਫ਼ੌਜਾ ਸਿੰਘ ਤੇ ਭਾਈ ਰਣਧੀਰ ਸਿੰਘ ਮਹਿਤੇ ਸਾਖਰੇ 13 ਸਿੰਘਾਂ ਦੀ ਸ਼ਹੀਦੀ ਨੇ ਉਸ ਦੇ ਅੰਤਰ-ਆਤਮੇ ਨੂੰ ਝੰਜੋੜ ਕੇ ਰੱਖ ਦਿੱਤਾ। ਉਸ ਨੂੰ ਹਿੰਦੁਸਤਾਨੀ ਧਰਤੀ ਉੱਤੇ ਸਿੱਖ ਕੌਂਮ ਗ਼ੁਲਾਮੀ ਦੀਆਂ ਜੰਜੀਰਾਂ ਵਿਚ ਜਕੜੀ ਨਜ਼ਰ ਆਉਣ ਲੱਗੀ ਅਤੇ ਉਹ ਕੌਮੀ ਆਜ਼ਾਦੀ ਦੇ ਸੰਘਰਸ਼ ਵਿਚ ਨਿਧੜਕ ਸਿਪਾਹੀ ਵੱਜੋਂ ਆਪਣੇ ਸਾਥੀਆਂ ਸਮੇਤ ਵਿਚਰਨ ਲੱਗਾ।

  1978 ਤੋਂ 1980 ਤਕ ਦੋ ਸਾਲ ਉਹ ਅਖੰਡ ਕੀਰਤਨੀ ਜਥੇ ਵੱਲੋਂ ਚੱਲਦੇ ਪ੍ਰਚਾਰ (ਚੱਲਦਾ ਵਹੀਰ) ਵਿਚ ਸ਼ਾਮਲ ਹੋ ਕੇ ਗੁਰਮਤਿ ਦਾ ਪ੍ਰਚਾਰ ਕਰਦਾ ਰਿਹਾ। ਸ਼ਹੀਦ ਭਾਈ ਤਲਵਿੰਦਰ ਸਿੰਘ ਬੱਬਰ ਨੇ ਪ੍ਰਚਾਰ ਕਰਨ ਲਈ ਚੱਲਦੇ ਵਹੀਰ ਨੂੰ ਇਕ ਸੈਕਿੰਡ-ਹੈਂਡ ਯੌਂਗਾ ਲੈ ਕੇ ਦਿੱਤਾ ਹੋਇਆ ਸੀ, ਜਿਹੜਾ ਪਿੰਡਾਂ ਵਿਚ ਜਾਣ ਸਮੇਂ ਅਕਸਰ ਹੀ ਖਰਾਬੀ ਦੇ ਜਾਇਆ ਕਰਦਾ ਸੀ।ਭਾਈ ਮਹਿੰਗਾ ਸਿੰਘ ਨੇ ਯੌਂਗੇ ਦੀ ਸਾਂਭ-ਸੰਭਾਲ ਦਾ ਕੰਮ ਸਾਂਭਿਆ ਹੋਇਆ ਸੀ। ਉਹ ਯੌਂਗੇ ਨੂੰ ਸਾਫ ਕਰਦਾ ਤੇ ਉਸ ਉੱਤੇ ਲੀਰ ਮਾਰਦਾ ਅਤੇ ਲੋੜ ਪੈਣ ‘ਤੇ ਡੀਜ਼ਲ ਵਿਚ ਗਈ ਹਵਾ ਕੱਢਣ ਲਈ ਉਸ ਨੂੰ ਪੰਪ ਕਰਦਾ। ਵਹੀਰ ਵਿਚ ਵਿਚਰਦਿਆਂ ਲੰਗਰ ਦੀ ਸੇਵਾ ਉਹ ਬੜੇ ਚਾਅ ਨਾਲ ਸਾਂਭਦਾ ਸੀ। ਜਿਸ ਕਰ ਕੇ ਆਮ ਸਿੰਘ ਉਸ ਨੂੰ ਵਹੀਰ ਦੀ ਮਾਂ ਕਿਹਾ ਕਰਦੇ ਸਨ।ਹੌਲੀ-ਹੌਲੀ ਉਸ ਦਾ ਨਾਮ ਪ੍ਰਮੁੱਖ ਨਿਰੰਕਾਰੀਆਂ ਦੀ ਸੋਧ-ਸੁਧਾਈ ਦੇ ਕਈ ਕੇਸਾਂ ਵਿਚ ਬੋਲਣ ਲੱਗਾ।ਮਹਿੰਗਾ ਸਿੰਘ ਬੱਬਰ ਜਥੇਬੰਦੀ ਦੇ ਅਹਿਮ ਸਿੰਘਾਂ ਵਿਚ ਗਿਣਿਆ ਜਾਣ ਲੱਗ ਪਿਆ ਸੀ। ਉਸ ਨੇ ਤਨ, ਮਾਨ, ਧਨ ਕੌਂਮ ਨੂਮ ਅਰਪਣ ਕਰ ਦਿੱਤਾ ਹੋਇਆ ਸੀ।ਸਾਕਾ ਨੀਲਾ ਤਾਰਾ ਤੋਂ ਕੁਝ ਸਮਾਂ ਪਹਿਲਾਂ ਉਹ ਅਨੰਦਪੁਰ ਸਾਹਿਬ ਵੱਲ ਯਾਤਰਾ ਕਰਨ ਗਿਆ ਤੇ ਵਾਪਸ ਮੁੜਦੇ ਸਮੇਂ ਕੀਰਤਪੁਰ ਸਾਹਿਬ ਬਾਬਾ ਗੁਰਦਿੱਤਾ ਜੀ ਦੇ ਅਸਥਾਨ ‘ਤੇ ਖਲੋ ਕੇ ਮਹਿੰਗਾ ਸਿੰਘ ਬੱਬਰ ਨੇ ਅਰਦਾਸ ਕੀਤੀ:- “ਹੇ ਸੱਚੇ ਪਾਤਸ਼ਾਹ! ਇਸ ਅਸਥਾਨ ਲਈ ਸਿੱਖ ਸੰਗਤਾਂ ਵਿਚ ਇਹ ਗੱਲ ਮਸ਼ਹੂਰ ਹੈ ਕਿ ਜੋ ਵੀ ਅਰਦਾਸ ਏਥੇ ਕੀਤੀ ਜਾਵੇ, ਜੋ ਵੀ ਮੰਗ ਏਥੋ ਮੰਗੀ ਜਾਵੇ, ਉਹ ਜਰੂਰ ਹੀ ਪੂਰੀ ਹੁੰਦੀ ਹੈ… ਸੁਣਨ ਵਿਚ ਵੀ ਆਉਂਦੈ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ…ਸਤਿਗੁਰੂ! ਮੇਰੀ ਇਹੋ ਮੰਗ ਹੈ ਕਿ ਸੱਚੇ ਪਾਤਸ਼ਾਹ ਸ਼ਹੀਦੀ ਦੀ ਦਾਤ ਬਖ਼ਸ਼ੋ, ਮੇਰਾ ਸਰੀਰ ਪੰਥ ਦੇ ਲੇਖੇ ਲੱਗ ਜਾਵੇ… ਤੇਰੀ ਬਖ਼ਸ਼ੀ ਸਿੱਖੀ ਕੇਸ਼ਾਂ-ਸੁਆਸਾਂ ਸੰਗ ਨਿਭ ਜਾਵੇ ।

  ਅੰਤ ਭਾਈ ਮਹਿੰਗਾ ਸਿੰਘ ਬੱਬਰ ਆਪਣੀ ਕੀਤੀ ਅਰਦਾਸ ਨੂੰ ਤੋੜ-ਨਿਭਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਦੇ ਮਨ ਦੀ ਰੀਝ ਪੂਰੀ ਕਰ ਦਿੱਤੀ ਅਤੇ ਉਹ ਸਾਕਾ ਨੀਲਾ ਤਾਰਾ ਦਾ ਪਹਿਲਾ ਸ਼ਹੀਦ ਹੋ ਨਿਬੜਿਆ। ਭਾਈ ਮਹਿੰਗਾ ਸਿੰਘ ਬੱਬਰ ਦਾ ਸਸਕਾਰ ਮੰਜੀ ਸਾਹਿਬ ਦੇ ਹਾਲ ਦੇ ਸਾਹਮਣੇ ਕੀਤਾ ਗਿਆ। ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਅਕਾਲ ਤਖਤ ਸਾਹਿਬ ਤੋਂ ਉਚੇਚਾ ਚੱਲ ਕੇ ਆਪਣੇ ਸਿੰਘਾਂ ਸਮੇਤ ਸ਼ਹੀਦ ਦੇ ਅੰਤਿਮ ਸਸਕਾਰ ‘ਤੇ ਪਹੁੰਚੇ ਅਤੇ ਇਕ ਦੁਸ਼ਾਲਾ ਸ਼ਹੀਦ ਦੇ ਸਰੀਰ ‘ਤੇ ਆਪਣੀ ਹੱਥੀਂ ਪਾਇਆ। ਸਾਰੇ ਦਾ ਸਾਰਾ ਪੰਥ ਢੱਕੋ-ਢੱਕੀ ਉਸ ਦੇ ਅੰਤਿਮ ਸਸਕਾਰ ‘ਤੇ ਜੁੜ ਗਿਆ। ਸ਼ਹੀਦ ਦੀ ਅੰਤਿਮ ਅਰਦਾਸ ਵਿਚ ਸ਼੍ਰੋਮਣੀ ਅਕਾਲੀ ਦਲ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ ਅਤੇ ਸ਼੍ਰੋਮਣੀ ਕਮੇਟੀ ਦੀਆਂ ਅਹਿਮ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਭਾਈ ਮਹਿੰਗਾ ਸਿੰਘ ਬੱਬਰ ਦੀ ਸ਼ਹੀਦੀ ਸਾਕਾ ਨੀਲਾ ਤਾਰਾ ਦੀ ਸ਼ੁਰੂਆਤ ਸੀ।1 ਜੂਨ ਤੋਂ ਬਾਅਦ ਭਾਵੇਂ ਕਿ ਭਾਰਤੀ ਫੋਰਸਾਂ ਵੱਲੋਂ ਗਾਹੇ-ਬਗਾਹੇ ਸੰਗਤ ਉੱਤੇ ਗੋਲੀਬਾਰੀ ਹੁੰਦੀ ਰਹੀ ਪਰ ਜਰਨਲ ਸੁਬੇਗ ਸਿੰਘ ਦੇ ਆਰਡਰ ‘ਤੇ ਸਿੰਘਾਂ ਨੇ ਫਾਇਰਿੰਗ ਨਹੀਂ ਕੀਤੀ। 1 ਤੇ 3 ਜੂਨ ਦੇ ਦਿਨ ਤਨਾਅ-ਭਰਪੂਰ ਹੀ ਰਹੇ।4 ਜੂਨ ਸਵੇਰੇ ਚਾਰ ਕੁ ਵਜਦੇ ਨੂੰ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਵਿਹੜੇ ਵਿਚ ਫ਼ੌਜਾਂ ਵੱਲੋਂ ਦਾਗਿਆ ਇਕ ਗੋਲਾ ਡਿੱਗਿਆ ਤਾਂ ਸਿੰਘਾਂ ਨੇ ਫਾਇਰ ਖੋਲ੍ਹ ਦਿੱਤੇ। ‘ਅਕਾਲ-ਅਕਾਲ’ ਦੇ ਆਕਾਸ਼ ਗੁੰਜਾਊ ਨਾਅਰੇ ਅਸਮਾਨ ਨੂੰ ਛੂੰਹਣ ਲੱਗੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਾਨਸ਼ੀਨ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਨੂੰ ਸਮਰਪਿਤ ਹੋ ਕੇ ਜਾਨਾਂ ਹੀਲ ਕੇ ਲੜੇ। ਬੱਬਰਾਂ ਨੇ ਵੀ ਬਾਬਾ ਅਟੱਲ ਰਾਏ, ਗੁਰੂ ਨਾਨਕ ਨਿਵਾਸ ਦੀਆਂ ਇਮਾਰਤਾਂ ਵਿਚੋਂ ਭਾਰਤੀ ਫ਼ੌਜਾਂ ਦੇ ਹਮਲੇ ਦਾ ਬਣਦਾ ਜਵਾਬ ਦਿੱਤਾ। ਗੁਰੂ ਨਾਨਕ ਨਿਵਾਸ ਦੇ ਮਗਰ ਵਗਦਾ ਨਾਲਾ ਫੌਜੀਆਂਂ ਦੀਆਂ ਲਾਸ਼ਾਂ ਨਾ ਤੁੜਿਆ ਗਿਆ।

  ਜਦੋਂ ਬੱਬਰਾਂ ਕੋਲੋਂ ਅਸਲਾ ਖ਼ਤਮ ਹੋ ਗਿਆ ਅਤੇ ਦਰਬਾਰ ਸਾਹਿਬ ਦੀਆਂ ਪਰਕਰਮਾਂ ਵਿਚ ਟੈਂਕ ਦਾਖਲ ਹੋ ਗਏ ਤੇ ਉਨ੍ਹਾਂ ਦੀਆਂ ਸਰਚ-ਲਾਈਟਾਂ ਦੀ ਰੌਸ਼ਨੀ ਸਿੰਘਾਂ ਦੀਆਂ ਅੱਖਾਂ ਚੁੰਧਿਆਉਣ ਲੱਗੀ ਤਾਂ ਉਨ੍ਹਾਂ ਨੇ ਸਿੰਘਾਂ ਦਰਮਿਆਨ ਗੁਰਮਤਾ ਕਰ ਕੇ ਸੰਘਰਸ਼ ਅਗਾਂਹ ਤੋਰਨ ਖਾਤਰ ਮੋਰਚੇ ਛੱਡਣ ਦਾ ਫੈਸਲਾ ਕਰ ਦਿੱਤਾ ਅਤੇ ਬਾਗ ਵਾਲੀ ਗਲੀ ਰਾਹੀਂ 19ਵੀਂ ਸਦੀ ਦੇ ਸਿੰਘਾਂ ਵਾਂਗ ਗੁਰੀਲਾ ਤਕਨੀਕ ਅਪਨਾਉਂਦੇ ਹੋਏ ਹਰਨ ਹੋ ਗਏ। ਜਿੱਥੇ ਸ਼ਾਹਦਤਾਂ ਪਾਉਣ ਵਿਚ ਖਾੜਕੂ ਸਿੰਘਾਂ ਨੇ ਦਲੇਰੀ ਦਿਖਾਈ, ਉੱਤੇ ਆਮ ਸੰਗਤ ਵਿਚ ਗਏ ਕਈ ਗੁਰਮੁਖ ਪਿਆਰਿਆਂ ਨੇ ਵੀ ਦਰਬਾਰ ਸਾਹਿਬ ਅੰਦਰ ਕੀਰਤਨ ਦੀ ਮਰਿਯਾਦਾ ਕਾਇਮ ਰੱਖਣ ਲਈ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ। ਜਿਨ੍ਹਾਂ ਵਿਚ ਕੀਰਤਨੀ ਸੂਰਮੇ-ਸਿੰਘ ਭਾਈ ਅਮਰੀਕ ਸਿੰਘ ਦਾ ਜਥਾ ਕੀਰਤਨ ਕਰ ਕੇ ਵਾਪਸ ਮੁੜਦਾ ਹੋਇਆ ਇਲਾਇਚੀ ਬੇਰੀ ਕੋਲ ਭਾਰਤੀ ਫ਼ੌਜਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ।6 ਜੂਨ ਦੀ ਸਵੇਰ ਦਰਬਾਰ ਸਾਹਿਬ ਅੰਦਰ ਕੋਈ ਕੀਰਤਨੀਆ ਨਾ ਜਾ ਸਕਿਆ ਤਾਂ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਕੀਰਤਨੀਏ ਭਾਈ ਗੁਰਦਿਆਲ ਸਿੰਘ ਹੋਰਾਂ ਨੇ ਕੀਰਤਨ-ਹਾਜ਼ਰੀਆਂ ਭਰੀਆਂ। ਉਨ੍ਹਾਂ ਦੇ ਇਕ ਹੋਰ ਸਾਥੀ ਭਾਈ ਅਵਤਾਰ ਸਿੰਘ ਪਾਰੋਵਾਲ 6 ਜੂਨ ਨੂੰ ਸਵੇਰੇ ਕੀਰਤਨ-ਹਾਜ਼ਰੀਆਂ ਭਰਦੇ ਹੋਏ ਗੋਲੀ ਲੱਗਣ ਕਰ ਕੇ ਦਰਬਾਰ ਸਾਹਿਬ ਅੰਦਰ ਹੀ ਜਾਮ-ਏ-ਸ਼ਹਾਦਤ ਪੀ ਗਏ।ਇਸੇ ਤਰ੍ਹਾਂ ਸ਼ਹੀਦ ਭਾਈ ਫੌਜਾ ਸਿੰਘ ਦੀ ਸਿੰਘਣੀ ਦੀ ਭੈਣ ਪਰਮਜੀਤ ਕੌਰ ਲਾਡੀ, ਬਾਬਾ ਸਵਾਇਆ ਸਿੰਘ ਜੀ ਦੀ ਛਬੀਲ ਕੋਲ ਸ਼ਹਾਦਤ ਪ੍ਰਾਪਤ ਗਈ। ਬੀਬੀ ਲਾਡੀ ਵੀ ਗੁਰੂ-ਪ੍ਰੇਮ ਵਿਚ ਭਿੱਜੀ ਹੋਈ ਰੂਹ ਸੀ। ਬੀਬੀ ਦਾ ਪਤੀ ਹਰਬੰਸ ਸਿੰਘ ਵਿਆਹ ਤੋਂ ਪਹਿਲਾਂ ਅੰਮ੍ਰਿਤਧਾਰੀ ਨਹੀਂ ਸੀ, ਸਗੋਂ ਬੀਬੀ ਜੀ ਦੀ ਸੰਗਤ ਕਰ ਕੇ ਉਸ ਦਾ ਜੀਵਨ ਬਦਲ ਗਿਆ ਸੀ। ਬੀਬੀ ਪਰਮਜੀਤ ਕੌਰ ਬੀ.ਏ. ਪਾਸ ਸੀ ਤੇ ਉਸ ਨੇ ਬਾਬਾ ਬੁੱਢਾ ਜੀ ਦੀ ਬੇਰੀ ਪਾਸ ਇਕ ਨਿੱਜੀ ਲਾਇਬ੍ਰੇਰੀ ਬਣਾਈ ਹੋਈ ਸੀ, ਜਿੱਥੋਂ ਸੰਗਤਾਂ ਪੜ੍ਹਨ ਲਈ ਗੁਰਮਤਿ ਲਿਟਰੇਚਰ ਫਰੀ ਪ੍ਰਾਪਤ ਕਰਦੀਆਂ ਸਨ।ਭਾਈ ਫ਼ੌਜਾ ਸਿੰਘ ਉਸ ਨੂੰ ‘ਸ਼ਹੀਦ-ਰੂਹ’ ਕਿਹਾ ਕਰਦੇ ਸਨ। ਬੀਬੀ ਵਿਚ ਸਿੱਖੀ ਪ੍ਰਚਾਰ ਦੀ ਬੜੀ ਲਗਨ ਸੀ। ਉਹ ਘਰੇਲੂ ਕੰਮਾਂ-ਕਾਰਾਂ ਨੂੰ ਜਲਦੀ ਨਿਬੇੜ ਕੇ ਹਰ ਰੋਜ ਬਾਬਾ ਅਟੱਲ ਰਾਏ ਵਿਖੇ ਨਿੱਕੇ-ਨਿੱਕੇ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਲਗਾਇਆ ਕਰਦੀ ਸੀ। ਬੀਬੀ ਦੀ ਸੰਗਤ ਨਾਲ ਕਈ ਭੁਝੰਗੀ ਅੰਮ੍ਰਿਤਧਾਰੀ ਹੋਏ।

  4 ਜੂਨ ਨੂੰ ਬੀਬੀ ਪਰਮਜੀਤ ਕੌਰ ਆਪਣੀ ਇਕ ਹੋਰ ਸਾਥਣ ਇੰਦਰਜੀਤ ਕੌਰ ਨਾਲ ਦਰਬਾਰ ਸਾਹਿਬ ਆਈ ਤੇ 6 ਜੂਨ ਸਵੇਰ ਤਕ ਬਾਲਟੀ ਵਿਚ ਪਾਣੀ ਭਰ ਕੇ ਹੱਥ ਵਿਚ ਬਾਟਾ ਫੜ ਕੇ ਮੋਰਚਿਆਂ ਉੱਪਰ ਲੜਨ ਵਾਲੇ ਸਿੰਘਾਂ ਨੂੰ ਪਾਣੀ ਪਿਆਉਣ ਦੀ ਸੇਵਾ ਕਰਦੀ ਰਹੀ। ਬੀਬੀ ਅਮਰਜੀਤ ਕੌਰ (ਸੁਪਤਨੀ ਫ਼ੌਜਾ ਸਿੰਘ) ਨੂੰ ਲੈਣ ਵਾਸਤੇ ਸਰਾਂ ਵਾਲੇ ਪਾਸੇ ਤੋਂ ਇਕ ਸਿੰਘ ਆਇਆ ਤਾਂ ਉਹਨਾਂ ਨੇ ਬੀਬੀ ਪਰਮਜੀਤ ਕੌਰ ਨੂੰ ਨਾਲ ਜਾਣ ਨੂੰ ਕਿਹਾ, ਪਰ ਪਰਮਜੀਤ ਕੌਰ ਨੇ ਵਾਰ-ਵਾਰ ਕਹਿਣ ‘ਤੇ ਵੀ ਜਾਣ ਤੋਂ ਮਨਾ ਤੋਂ ਕਰ ਦਿੱਤਾ ਅਤੇ ਕਿਹਾ ਕਿ ਜਿਹੜਾ ਅੱਜ ਇਥੇ ਸ਼ਹੀਦ ਹੋਵੇਗਾ, ਉਹ ਸਿੱਧਾ ਹੋਵੇਗਾ, ਉਹ ਸਿੱਧਾ ਗੁਰੂ ਗੋਬਿੰਦ ਸਿੰਘ ਦੀ ਗੋਦ ਵਿਚ ਜਾਵੇਗਾ।ਸਿੰਘਾਂ ਦੀ ਸੇਵਾ ਕਰਦੀ ਹੋਈ, ਜਦੋਂ ਉਹ ਪਾਣੀ ਵਰਤਾ ਰਹੀ ਸੀ ਤਾਂ ਫ਼ੌਜੀਆਂ ਨੇ ਉਸ ਉੱਪਰ ਗਰਨੇਡ ਸੁੱਟਿਆ ਤੇ ਉਹ ਸ਼ਹੀਦੀ ਪ੍ਰਾਪਤ ਕਰ ਗਈ। ਉਸ ਦੀ ਸਾਥਣ ਬੀਬੀ ਇੰਦਰਜੀਤ ਕੌਰ ਸਖ਼ਤ ਜ਼ਖ਼ਮੀ ਹੋ ਗਈ ਅਤੇ ਆਪਣੀ ਇਕ ਅੱਖ ਗਵਾ ਬੈਠੀ। ਬਾਅਦ ਵਿਚ ਬੀਬੀ ਇੰਦਰਜੀਤ ਕੌਰ ਨੂੰ ਜੋਧਪੁਰ ਜੇਲ੍ਹ ਵੀ ਜਾਣਾ ਪਿਆ।                      (ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼)

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img