22 C
Amritsar
Thursday, March 23, 2023

ਮਹਾਨ ਸ਼ਹੀਦ ਬੱਬਰ ਕਰਮ ਸਿੰਘ ਜੀ (ਦੌਲਤਪੁਰ)

Must read

ਹੁਸਨ ਲੜੋਆ ਬੰਗਾ

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਬੱਬਰ ਲਹਿਰ ਦੁਆਬੇ ਚੋਂ ਪਰਚੰਡ ਹੋ ਕਿ ਪੂਰੇ ਭਾਰਤ ਵਿੱਚ ਇਹ ਲਹਿਰ ਮਿਸਾਲ ਬਣੀ ਤੇ ਇਸ ਲਹਿਰ ਦੇ ਜਿਥੇ ਕਿਸ਼ਨ ਸਿੰਘ ਗੜਗੱਜ ਤੇ ਮਾਸਟਰ ਮੋਤਾ ਸਿੰਘ ਨੂੰ ਸੂਤਰਧਾਰ ਮੰਨਿਆ ਗਿਆ ਉਥੇ ਦੁਆਬੇ ‘ਚ ਇਸ ਬੱਬਰ ਲਹਿਰ ਦੇ ਪੈਰ ਜਮਾਉਣ ਵਿੱਚ ਮਹਾਨ ਸ਼ਹੀਦ ਬੱਬਰ ਕਰਮ ਸਿੰਘ ਜੀ (ਪਹਿਲਾ ਨਾਂ ਨਰੈਣ ਸਿੰਘ) ਦੌਲਤਪੁਰ ਨੂੰ ਮੋਹਰੀ ਮੰਨਿਆਂ ਗਿਆ ਹੈ।

1880 ਵਿੱਚ ਜਨਮੇ ਦੁਆਬੇ ਦੇ ਪਿੰਡ ਦੌਲਤਪੁਰ (ਜੋ ਨਵਾਂ ਸ਼ਹਿਰ ਲਾਗੇ ਹੈ) ਵਿੱਚ ਨੱਥਾ ਸਿੰਘ ਥਾਂਦੀ ਤੇ ਮਾਤਾ ਮਾਈ ਦੁੱਲੀ ਦੇ ਘਰ ਜਨਮੇਂ ਇਸ ਮਹਾਨ ਸਪੂਤ ਸ਼ਹੀਦ ਬੱਬਰ ਕਰਮ ਸਿੰਘ ਨੂੰ ਬਬੇਲੀ ਕਾਂਡ ਦਾ ਮਹਾਂ ਨਾਇਕ ਮੰਨਿਆ ਜਾਂਦਾ ਰਿਹਾ ਹੈ। ਪਹਿਲਾਂ ਤਾਂ ਭਾਈ ਕਰਮ ਸਿੰਘ ਨੇ ਕਰੀਬ ਅੱਠ ਕੁ ਸਾਲ ਫੌਜ ਵਿੱਚ ਨੌਕਰੀ ਕੀਤੀ ਤੇ ਫਿਰ 26 ਸਾਲ ਦੀ ਉਮਰ ਵਿੱਚ ਕਨੇਡਾ ਆ ਗਏ ਤੇ 1907 ਦੇ ਕਰੀਬ ਉਨਾਂ ਨੂੰ ਦੇਸ਼ ਭਗਤੀ ਦੀ ਚੇਟਕ ਇਥੋਂ ਹੀ ਲੱਗੀ।  ਇਥੇ ਹੀ ਇਨਾਂ ਨੇ ਭਾਰਤ ਨੂੰ ਅਜ਼ਾਦ ਕਰਵਾਉਣ ਵਾਲੇ ਦੇਸ਼ ਭਗਤਾਂ ਨਾਲ ਰਾਬਤਾ ਕਾਇਮ ਕੀਤਾ। 1913 ਵਿੱਚ ਉਹ ਗਦਰ ਪਾਰਟੀ ਵਿੱਚ ਸ਼ਾਮਿਲ ਹੋ ਗਏ। 1914 ਵਿੱਚ ਬੱਬਰ ਕਰਮ ਸਿੰਘ ਕਨੇਡਾ ਤੋਂ ਭਾਰਤ ਨੂੰ ਚੱਲ ਪਏ। ਇਸ ਉਪਰੰਤ ਉਨਾਂ ਭਾਰਤ ਨੂੰ ਜਾਂਦੇ ਸਮੇਂ ਆਪਣੀ ਜਮੀਨ ਜਾਇਦਾਦ ਵੀ ਗੁਰਦੁਆਰਾ ਸਾਹਿਬ ਨੂੰ ਦਾਨ ਕਰ ਦਿੱਤੀ ਸੀ। ਅਬਟਸਫੋਰਡ ਗੁਰਦੁਆਰਾ ਸਾਹਿਬ ਅੱਜ ਵੀ ਇਨ੍ਹਾਂ ਬੱਬਰਾਂ ਦੀ ਗਵਾਹੀ ਭਰਦਾ ਹੈ।

ਕਨੇਡਾ ਤੋਂ ਵਾਪਿਸ ਭਾਰਤ ਪਹੁੰਚਦਿਆਂ ਇਨਾਂ ਨੂੰ ਗਿਰਫਤਾਰ ਕਰ ਲਿਆ ਜਾਂਦਾ ਹੈ। ਇੱਥੋਂ ਛੁੱਟਣ ਤੋਂ ਬਾਅਦ ਫਿਰ ਵੀ ਉਨਾਂ ਲਹਿਰ ਦੀਆਂ ਸਰਗਰਮੀਆਂ ਜਾਰੀ ਰੱਖੀਆਂ ਤੇ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਇਨਾਂ ਨੇ ਬਾਕੀ ਬੱਬਰਾਂ ਨਾਲ ਅਮ੍ਰਿਤਪਾਨ ਕੀਤਾ। ਇਸੇ ਦੌਰਾਨ ਹੀ ਇਨਾ ਨੇ ਅਮ੍ਰਿਤਪਾਨ ਤੋਂ ਬਾਦ ਹੀ ਆਪਣਾ ਨਾਂ ਕਰਮ ਸਿੰਘ ਰੱਖਿਆ ਤੇ ਪਹਿਲਾਂ ਇਨਾਂ ਦਾ ਨਾਂ ਨਰੈਣ ਸਿੰਘ ਸੀ।

ਆਪ ਜੀ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਵੀ ਪੂਰੀਆਂ ਸਰਗਰਮੀਆਂ ਨਾਲ ਹਿੱਸਾ ਲਿਆ। ਵੱਖ ਵੱਖ ਸਰਗਰਮੀਆਂ ਅਤੇ ਅੰਗਰੇਜਾਂ ਦੇ ਖਿਲਾਫ ਇਨਾਂ ਨਾਲ ਕਨੇਡਾ ਤੋਂ ਆਏ ਹੋਰ ਬੱਬਰਾਂ ਜਿਨਾਂ ਚ ਬੱਬਰ ਕਰਮ ਸਿੰਘ ਝਿੰਗੜ, ਬੱਬਰ ਭਾਈ ਆਸਾ ਸਿੰਘ ਤੇ ਹੋਰ ਬੱਬਰਾਂ ਨੇ ਇਨਾਂ ਦਾ ਪੂਰਾ ਸਾਥ ਦਿੱਤਾ। ਜਿਥੇ ਬਾਕੀ ਹੋਰ ਬੱਬਰਾਂ ਨੇ ਵੱਖ ਵੱਖ ਇਲਾਕੇ ਸੰਭਾਲ ਲਏ ਸਨ ਉਥੇ ਬੱਬਰ ਕਰਮ ਸਿੰਘ ਨੇ “ਚੱਕਰਵਰਤੀ ਜੱਥਾ” ਬਣਾ ਕੇ ਸਾਰੇ ਨਵਾਂ ਸ਼ਹਿਰ ਇਲਾਕੇ ਦੇ ਪਿੰਡਾਂ ਨੂੰ ਆਪਣੀ ਗੁੱਠ ਚ ਲੈ ਲਿਆ ਤੇ ਅੰਗਰੇਜਾਂ ਖਿਲਾਫ ਰੋਹ ਹੋਰ ਮਘਾ ਦਿੱਤਾ ਤੇ ਦੂਸਰੇ ਪਾਸੇ ਗਾਂਧੀ ਦੀ ਪਾਲਿਸੀ ਦਾ ਵੀ ਵਿਰੋਧ ਕੀਤਾ।

22ਅਗਸਤ 1922 ਨੂੰ ਉਨਾਂ ਨੇ ਇੱਕ ਬੱਬਰਾਂ ਦੀਆਂ ਸਰਗਰਮੀਆਂ ਨੂੰ ਤੇਜ ਕਰਨ ਲਈ ਇੱਕ ਅਖਬਾਰ ਵੀ ਕੱਢੀ ਜਿਸ ਦੇ ਇਹ ਪਹਿਲੇ ਐਡੀਟਰ ਸਨ। ਦੂਸਰੇ ਪਾਸੇ ਆਪਣੇ ਹੀ ਕੁਝ ਲੋਕ ਅੰਗਰੇਜਾਂ ਦੇ ਸੂਹੀਏ ਬਣ ਗਏ ਜਿਨਾਂ ਦਾ ਬਾਅਦ ‘ਚ ਬੱਬਰਾਂ ਵਲੋਂ ਹੀ ਸੋਧਾ ਲਾਇਆ ਗਿਆ। ਅੰਗਰੇਜ ਸਰਕਾਰ ਦੀ ਪੁਲਿਸ ਬੱਬਰ ਕਰਮ ਸਿੰਘ ਦੀ ਰਾਤ ਦਿੱਨ ਭਾਲ ਵਿੱਚ ਸੀ ਆਖਿਰ 31 ਅਗ਼ਸਤ 1923 ਨੂੰ ਮਹਾਨ ਸ਼ਹੀਦ ਬੱਬਰ ਕਰਮ ਸਿੰਘ ਤੇ ਬੱਬਰ ਭਾਈ ਬਿਸ਼ਨ ਸਿੰਘ ਵੀ ਇੱਕ ਵਿਸ਼ਵਾਸ਼ਘਾਤੀ ਸੁਹੀਏ ਅਨੂਪ ਸਿੰਘ ਦੀ ਗਦਾਰੀ ਕਰਕੇ ਪਿੰਡ ਬਬੇਲੀ ਦੇ ਪੈਂਦੇ ਚੋਅ ਚ ਪੁਲੀਸ ਦੇ ਘੇਰੇ ‘ਚ ਆ ਗਏ ਤੇ ਉਥੇ ਹੀ ਪੁਲਿਸ ਨਾਲ ਮੁਕਾਬਲਾ ਕਰਦੇ ਸ਼ਹੀਦ ਹੋ ਗਏ। ਦੁਸਰੇ ਪਾਸੇ ਉਨਾਂ ਦੇ ਵਾਰਿਸ ਸੈਕਰਾਮੈਂਟੋ ਚ ਰਹਿੰਦੇ ਨਰਿੰਦਰ ਸਿੰਘ ਥਾਂਦੀ ਨੇ ਦੁੱਖ ਦਾ ਇਜਹਾਰ ਕਰਦਿਆਂ ਕਿਹਾ ਕਿ ਭਾਵੇ ਅਸੀਂ ਸ਼ਹੀਦ ਬੱਬਰ ਕਰਮ ਸਿੰਘ ਜੀ ਦੀ ਬਰਸੀ ਹਰ ਸਾਲ ਮਨਾਉਂਦੇ ਹਾਂ ਪਰ ਕੁਝ ਸਿਆਸੀ ਲੋਕਾਂ ਨੇ ਇਨਾਂ ਦੀ ਸ਼ਹੀਦੀ ਨੂੰ ਆਪਣੇ ਤੱਕ ਹੀ ਸੀਮਤ ਕਰ ਦਿੱਤਾ ਜੋ ਕਿ ਮੰਦਭਾਗਾ ਹੈ।

ਉਨਾਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸ਼ਹੀਦ ਸਭ ਦੇ ਸਾਂਝੇ ਹਨ ਤੇ ਸਭ ਨੂੰ ਇਨਾਂ ਸਹੀਦਾਂ ਦੀ ਬਰਸੀ ਮਨਾਉਣੀ ਚਾਹੀਦੀ ਹੈ ਸਭ ਨੂੰ ਇਨਾਂ ਦੀ ਬਰਸੀ ‘ਤੇ ਆਉਣਾ ਚਾਹੀਦਾ ਹੈ। ਐਤਕਾਂ ਵੀ ਸ਼ਹੀਦੀ ਬਰਸੀ ਉਨਾਂ ਦੇ ਜੱਦੀ ਪਿੰਡ ਦੋਲਤਪੁਰ ਵਿਖੇ ਮਨਾਈ ਜਾ ਰਹੀ ਹੈ।

ਅੰਮ੍ਰਿਤਸਰ ਟਾਇਮਸ ਤੋਂ ਧੰਨਵਾਦ ਸਹਿਤ

- Advertisement -spot_img

More articles

- Advertisement -spot_img

Latest article