ਕੁਆਲਾਲੰਪੁਰ, 25 ਮਈ (ਬੁਲੰਦ ਆਵਾਜ ਬਿਊਰੋ) -ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਤੋਂ ਰੇਲ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਇੱਥੇ ਇੱਕ ਸੁਰੰਗ ਵਿਚ ਦੋ ਟਰੇਨਾਂ ਦੀ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿਚ 200 ਤੋਂ ਜ਼ਿਆਦਾ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਜ਼ਖਮੀਆਂ ਵਿਚ 47 ਲੋਕਾਂ ਦੀ ਹਾਲਤ ਬੇਹੱਦ ਗੰਭੀਰ ਹੈ। ਦੱਸਿਆ ਜਾ ਰਿਹਾ ਕਿ ਇਹ 23 ਸਾਲ ਪੁਰਾਣੀ ਮੈਟਰੋ ਪ੍ਰਣਾਲੀ ਦਾ ਸਭ ਤੋਂ ਵੱਡਾ ਹਾਦਸਾ ਹੈ।
ਘਟਨਾ ਨੂੰ ਲੈ ਕੇ ਮਲੇਸ਼ੀਆਈ ਮੰਤਰੀ ਸਿਓਂਗ ਨੇ ਜਾਣਕਾਰੀ ਦਿੱਤੀ ਕਿ ਹਾਦਸਾ ਸਥਾਨਕ ਸਮੇਂ ਅਨੁਸਾਰ ਸੋਮਵਾਰ ਦੀ ਰਾਤ ਕਰੀਬ ਸਾਢੇ ਅੱਠ ਵਜੇ ਹੋਇਆ। ਉਨ੍ਹਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ 213 ਯਾਤਰੀਆਂ ਨੂੰ ਲੈ ਜਾ ਰਹੀ ਟਰੇਨ, ਦੁਨੀਆ ਦੇ ਸਭ ਤੋਂ ਉਚੇ ਟਾਵਰਾਂ ਵਿਚੋਂ ਇੱਕ ਪੈਟਰੋਨਾਸ ਟਾਵਰਸ ਦੇ ਕੋਲ ਇੱਕ ਸੁਰੰਗ ਵਿਚ ਪ੍ਰੀਖਣ ਲਈ ਚਲਾਈ ਗਈ ਖਾਲੀ ਗੱਡੀ ਨਾਲ ਟਕਰਾ ਗਈ।
ਉਨ੍ਹਾਂ ਦੱਸਿਆ ਕਿ ਹਾਦਸੇ ਵਿਚ 166 ਲੋਕਾਂ ਨੂੰ ਹਲਕੀ ਸੱਟਾਂ ਲੱਗੀਆਂ ਹਨ ਜਦ ਕਿ 47 ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ। ਟੱਕਰ ਤੋਂ ਬਾਅਦ ਕੁੱਝ ਯਾਤਰੀ ਅਪਣੀ ਸੀਟਾਂ ਤੋਂ ਬਾਹਰ ਡਿੱਗ ਗਏ। ਉਨ੍ਹਾਂ ਕਿਹਾ ਕਿ ਐਲਆਰਟੀ ਦੇ 23 ਸਾਲਾ ਇਤਿਹਾਸ ਵਿਚ ਇਹ ਇਸ ਤਰ੍ਹਾਂ ਦੀ ਪਹਿਲੀ ਘਟਨਾ ਹੈ ਅਤੇ ਟੱਕਰ ਦੀ ਜਾਂਚ ਲਈ ਇੱਕ ਵਿਸ਼ੇਸ਼ ਪੈਨਲ ਦਾ ਗਠਨ ਕੀਤਾ ਜਾਵੇਗਾ।