ਅੰਮ੍ਰਿਤਸਰ, 28 ਜੂਨ (ਗਗਨ) – ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ਤੇ ਸਮੂੰਹ ਜੱਥੇਬੰਦੀ ਵੱਲੋਂ ਮੁਲਾਜ਼ਮਾ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਅਤੇ ਰਹਿੰਦੀਆਂ ਮੰਗਾਂ ਦੀ ਪੂਰਤੀ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ, ਪ੍ਰੰਤੂ ਇਹ ਅੰਨੀ ਬੋਲੀ ਪੰਜਾਬ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਯੂਨੀਅਨ ਦੇ ਜਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਸੰਧੂ ਅਤੇ ਜਨਰਲ ਸਕੱਤਰ ਜਗਦੀਸ਼ ਠਾਕੁਰ ਨੇ ਪ੍ਰੈਸ ਮਿਲਣੀ ਦੌਰਾਨ ਦੱਸਿਆ ਕਿ ਸਰਕਾਰ ਦੇ ਇਸ ਅੜੀਅਲ ਵਤੀਰੇ ਕਾਰਨ ਸੂਬਾ ਕਮੇਟੀ ਨੂੰ ਮਿਤੀ 06-06-2021 ਨੂੰ ਵੱਡੇ ਸੰਘਰਸ਼ ਉਲੀਕਣ ਲਈ ਮਜਬੂਰ ਹੋਣਾ ਪਿਆ ਜਿਸ ਵਿੱਚ ਮਿਤੀ 22-06-2021 ਤੋਂ 27-06-2021 ਤੱਕ ਸਮੂਹ ਪੰਜਾਬ ਦੇ ਮਨੀਸਟੀਰੀਅਲ ਕਾਮਿਆਂ ਵੱਲੋਂ ਦਫਤਰਾਂ ਤੋਂ ਵਾਕ ਆਊਟ ਅਤੇ ਕਲਮਛੋੜ ਹੜਤਾਲ ਕੀਤੀ ਗਈ।
ਪ੍ਰੰਤੂ ਸਰਕਾਰ ਵੱਲੋਂ ਫਿਰ ਵੀ ਮੁਲਾਜ਼ਮਾਂ ਦੀ ਕੋਈ ਸਾਰ ਨਹੀਂ ਲਈ ਗਈ, ਸਗੋਂ ਲੰਗੜਾ ਤਨਖਾਹ ਕਮਿਸ਼ਨ ਲਾਗੂ ਕਰ ਦਿੱਤਾ ਗਿਆ ਹੈ,ਜਿਸ ਨੂੰ ਜੱਥੇਬੰਦੀ ਵੱਲੋ ਮੁੱਢ ਤੋਂ ਨਕਾਰਦਿਆਂ ਹੋਇਆਂ ਮਿਤੀ 28-06-2021, 29-06-2021 ਅਤੇ 30-06-2021 ਦੀ ਕਲਮਛੋੜ, ਕੰਮਪਿਊਟਰ ਬੰਦ, ਆਨਲਾਈਨ ਕੰਮ ਬੰਦ ਕਰਨ ਦਾ ਐਲਾਨ ਕਰਦਿਆਂ ਭਰਾਤਾ ਜਥੇਬੰਦੀਆਂ ਦੇ ਜਿਲਾ ਪ੍ਰਧਾਨ/ ਜ਼ਿਲ੍ਹਾ ਜਨਰਲ ਸਕੱਤਰ ਅਤੇ ਜਿਲ੍ਹਾ ਯੂਨਿਟ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਹੁਦੇਦਾਰਾਂ ਨੂੰ ਇਹ ਐਕਸ਼ਨ ਸਖ਼ਤੀ ਨਾਲ ਲਾਗੂ ਕਰਨ ਤੋਂ ਇਲਾਵਾ ਸਮੂੰਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਇਸ ਐਕਸ਼ਨ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।ਇਸ ਤੋਂ ਇਲਾਵਾ ਉਕਤ ਆਗੂਆਂ ਨੇ ਕਿਹਾ ਕਿ ਸੂਬਾ ਕਮੇਟੀ ਵੱਲੋ ਮਿਲੇ ਸੁਨੇਹੇ ਮੁਬਾਰਕ ਜੇਕਰ ਸਰਕਾਰ ਵੱਲੋ ਅਜੇ ਵੀ ਮੁਲਾਜ਼ਮ ਮੰਗਾਂ ਦੀ ਪੂਰਤੀ ਅਤੇ ਤਨਖਾਹ ਕਮਿਸ਼ਨ ਵਿੱਚ ਰਹਿ ਗਈਆਂ ਉਣਤਾਈਆਂ ਨਾ ਦੂਰ ਕੀਤੀਆਂ ਗਈਆਂ ਤਾਂ ਜੱਥੇਬੰਦੀ ਮਿਤੀ 30-06-2021 ਨੂੰ ਸੂਬਾ ਪੱਧਰੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰੇਗੀ ।