ਮੋਹਾਲੀ, 17 ਦਸੰਬਰ (ਬੁਲੰਦ ਆਵਾਜ ਬਿਊਰੋ) – ਡੇਰਾਬੱਸੀ ਥਾਣੇ ਅਧੀਨ ਪੈਂਦੇ ਪਿੰਡ ਜਨੇਤਪੁਰ ਨੇੜੇ ਡੇਰਾਬੱਸੀ ਨੈਸ਼ਨਲ ਹਾਈਵੇ ‘ਤੇ ਚੰਡੀਗੜ੍ਹ ਸਾਈਡ ਤੋਂ ਆ ਰਹੀ ਹਰਿਆਣਾ ਨੰਬਰ ਦੀ ਸਵਿਫਟ ਕਾਰ ਡਿਵਾਈਡਰ ਤੋੜ ਕੇ ਮੁਹਾਲੀ ਵੱਲ ਜਾ ਰਹੀ ਟੈਕਸੀ ਨੰਬਰ ਆਰਟਿਕਾ ਨਾਲ ਟਕਰਾ ਗਈ। ਹਾਦਸੇ ਵਿੱਚ ਆਰਟੀਕਾ ਗੱਡੀ ਵਿੱਚ ਸਵਾਰ ਐਨਆਰਆਈ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਹਸਪਤਾਲ ਵਿੱਚ ਸਵਿਫਟ ਗੱਡੀ ਦੇ ਕੰਡਕਟਰ ਸਾਈਡ ’ਤੇ ਬੈਠੇ ਵਿਅਕਤੀ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।
ਇਹ ਹਾਦਸਾ ਦੁਪਹਿਰ ਕਰੀਬ 1.15 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਡੇਰਾਬੱਸੀ ਪੁਲਿਸ ਨੇ ਇਸ ਮਾਮਲੇ ਵਿੱਚ ਪਰਵਾਸੀ ਭਾਰਤੀ ਦਵਿੰਦਰ ਸਿੰਘ ਧਾਮੀ ਦੇ ਬਿਆਨਾਂ ’ਤੇ ਸਵਿਫਟ ਕਾਰ ਚਾਲਕ ਖ਼ਿਲਾਫ਼ ਆਈਪੀਸੀ ਦੀ ਧਾਰਾ 304ਏ, 279, 337, 338, 427 ਤਹਿਤ ਕੇਸ ਦਰਜ ਕਰ ਲਿਆ ਹੈ। ਹਾਦਸੇ ਵਿੱਚ ਸ਼ਿਕਾਇਤਕਰਤਾ ਦਵਿੰਦਰ ਸਿੰਘ ਧਾਮੀ ਦੀ ਪਤਨੀ ਹਰਜੀਤ ਕੌਰ ਧਾਮੀ (56), ਨੂੰਹ ਸ਼ਰਨਜੀਤ ਕੌਰ ਧਾਮੀ (33) ਅਤੇ ਚਾਰ ਮਹੀਨਿਆਂ ਦੇ ਪੋਤੇ ਅਜੈਬ ਸਿੰਘ ਦੀ ਮੌਤ ਹੋ ਗਈ ਹੈ। ਜਦਕਿ ਇਸੇ ਹਾਦਸੇ ਵਿੱਚ ਸਵਿਫਟ ਕਾਰ ਵਿੱਚ ਸਵਾਰ ਗੌਰਵ ਵਾਸੀ ਵਧਵਾ ਰਾਮ ਕਲੋਨੀ ਪਾਣੀਪਤ (ਹਰਿਆਣਾ) ਦੀ ਵੀ ਮੌਤ ਹੋ ਗਈ। ਦੂਜੇ ਪਾਸੇ ਜ਼ਖਮੀਆਂ ਦੀ ਪਛਾਣ ਦਵਿੰਦਰ ਸਿੰਘ ਧਾਮੀ (57) ਤਿੰਨ ਸਾਲਾ ਪੋਤੀ ਹਰਲੀਵ ਕੌਰ ਆਰਟਿਕਾ ਡਰਾਈਵਰ ਅਮਿਤ ਕੁਮਾਰ ਵਜੋਂ ਹੋਈ ਹੈ। ਜਿਸ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ।