More

  ਭਾਰਤ ਦੇ ਨੌਜਵਾਨਾਂ ਦੇ ਮਨਾਂ ’ਚ ਕੌਣ ਬੀਜ ਰਿਹੈ ਨਫ਼ਰਤਾਂ ਦੇ ਬੀਜ

  ਲਲਕਾਰ

  ਪਿਛਲੇ ਦਿਨੀਂ ਗਾਜ਼ੀਆਬਾਦ ਯੂਪੀ ਦੇ ਲੋਨੀ ਇਲਾਕੇ ਵਿੱਚ ਚਾਰ ਨੌਜਵਾਨਾਂ ਨੇ 72 ਸਾਲਾਂ ਦੇ ਬਜ਼ੁਰਗ ਅਬਦੁਲ ਸਮਦ ਸੈਫੀ ਨੂੰ ਘੇਰ ਲਿਆ। ਉਸ ਨਾਲ਼ ਕੁੱਟ-ਮਾਰ ਕਰਨ ਤੋਂ ਬਾਅਦ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਨੂੰ ਮਜ਼ਬੂਰ ਕੀਤਾ। ਉਸ ਨਾਲ਼ ਬਦਸਲੂਕੀ ਕਰਦੇ ਹੋਏ ਉਸਦੀ ਦਾੜੀ ਕੱਟ ਦਿੱਤੀ। ਇਸ ਘਟਨਾ ਤੋਂ ਬਾਅਦ ਹਾਅ ਦਾ ਨਾਅਰਾ ਮਾਰਨ ਵਾਲ਼ੀਆਂ ਅਵਾਜਾਂ ਦੀ ਸੰਘੀ ਘੁੱਟਣ ਲਈ ਟਵਿੱਟਰ ’ਤੇ ਲਿਖਣ ਵਾਲ਼ਿਆਂ, ਖਬਰਾਂ ਵਾਲ਼ੀ ਵੈਬਸਾਈਟ ‘ਦਾ ਵਾਇਰ’ ਦੇ ਪੱਤਰਕਾਰਾਂ, ਸਪਾ ਦੇ ਇੱਕ ਲੀਡਰ ਆਦਿ ਖਿਲਾਫ ਪੁਲਿਸ ਪਰਚੇ ਦਰਜ ਕੀਤੇ ਗਏ। ਇਹਨਾਂ ਵਿੱਚ ਪੱਤਰਕਾਰ ਮੁਹੰਮਦ ਜੁਬੇਰ, ਰਾਣਾ ਅਯੂਬ, ਲੇਖਕ ਸਬਾ ਨਕਵੀ ਤੋਂ ਇਲਾਵਾ ਕਾਂਗਰਸ ਦੇ ਲੀਡਰਾਂ ਸਲਮਾਨ ਨਿਜਾਮੀ, ਮਸ਼ਕੂਰ ਉਸਮਾਨੀ ਅਤੇ ਸ਼ਬਾ ਮੁਹੰਮਦ ਦਾ ਨਾਮ ਹੈ। ਇਹਨਾਂ ਉੱਪਰ ਦੋਸ਼ ਲਗਾਇਆ ਗਿਆ ਹੈ ਕਿ ਇਹਨਾਂ ਨੇ ਮੁਸਲਮਾਨ ਬਜੁਰਗ ਵਾਲ਼ੀ ਘਟਨਾ ਬਾਰੇ ਸੋਸ਼ਲ ਮੀਡੀਆ ਉੱਪਰ ਲਿਖ ਕੇ ਅਤੇ ਵੀਡੀਓ ਪਾ ਕੇ ਸਮਾਜਕ ਕਲੇਸ਼ ਪਾਉਣ ਅਤੇ ਭਰਮ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਸੰਵਿਧਾਨ ਦੀਆਂ ਧਾਰਾਵਾਂ ਭਾਰਤੀ ਸਜਾ ਕੋਡ ਦੀ ਧਾਰਾ 153 ਏ, (ਧਰਮ, ਵਰਗ ਦੇ ਅਧਾਰ ’ਤੇ ਸਮੂਹ ਵਿੱਚ ਕਲੇਸ਼ ਵਧਾਉਣ), 295 ਏ ( ਜਾਣ-ਬੁੱਝ ਕੇ ਕਿਸੇ ਦੂਜੇ ਧਰਮ ਜਾਂ ਸਮੂਹ ਦੀਆਂ ਮਾਨਤਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼), 504 (ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ਼ ਜਾਣ ਬੁੱਝ ਕੇ ਕੀਤੀ ਗਈ ਬੇਪੱਤੀ) ਅਤੇ 505 ( ਸ਼ਰਾਰਤ ਕਰਨਾ) ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਜਦਕਿ ਅਸਲ ਦੋਸ਼ੀਆਂ ਜਿਨ੍ਹਾਂ ਨੇ 72 ਸਾਲਾ ਬਜੁਰਗ ਨਾਲ਼ ਇਹ ਘਟੀਆ ਕਰਤੂਤ ਕੀਤੀ ਉਹਨਾਂ ਨੂੰ ਜਮਾਨਤ ਦੇ ਦਿੱਤੀ ਗਈ ਹੈ।

  ਇਹ ਕੋਈ ਕੱਲੀ ਕਾਰੀ ਘਟਨਾ ਨਹੀਂ ਹੈ। ਦੇਖਿਆ ਜਾਵੇ ਤਾਂ ਇਹਨਾਂ ਘਟਨਾਵਾਂ ਦੀ ਇੱਕ ਲੰਬੀ ਲੜੀ ਚਲਦੀ ਆ ਰਹੀ ਹੈ ਜਿਸ ਵਿੱਚ ਇੱਕ ਕੜੀ ਇਸ ਘਟਨਾ ਦੀ ਵੀ ਜੁੜ ਗਈ ਹੈ। ਯੂਪੀ ’ਚ ਦਾਦਰੀ ਦਾ ਮੁਹੰਮਦ ਅਖਲਾਕ, ਸ਼੍ਰੀਨਗਰ ’ਚ ਜਾਹਿਦ ਰਸੂਲ ਭੱਟ, ਝਾਰਖੰਡ ’ਚ ਫਾਹੇ ਟੰਗੇ ਗਏ ਪਿਓ-ਪੁੱਤ, ਰਾਜਸਥਾਨ ’ਚ ਪਹਿਲੂ ਖਾਨ, ਹਰਿਆਣੇ ਦਾ ਜੁਨੈਦ, ਹਾਪੁੜ ’ਚ ਕਾਸਿਮ ਤੇ ਹੁਣ ਅਲਵਰ ਦੇ ਰਕਬਰ ਆਦਿ ਪਹਿਲਾਂ ਹੀ ਅਜਿਹੇ ਹਮਲਿਆਂ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਇਹ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਅਜਿਹੀਆਂ ਘਟਨਾਵਾਂ ਦੇ ਕਾਰਨ ਘੋਖਣ ਤੋਂ ਪਹਿਲਾਂ ਕੁੱਝ ਤੱਥਾਂ ’ਤੇ ਨਿਗਾਹ ਮਾਰਨੀ ਜਰੂਰੀ ਹੈ ਜੋ ਇਹਨਾਂ ਘਟਨਾਵਾਂ ਦੀਆਂ ਤੰਦਾ ਸੁਲਝਾਉਣ ਵਿੱਚ ਸਾਡੀ ਮਦਦ ਕਰਨਗੇ। 2010 ਤੋਂ ਲੈ ਕੇ 2018 ਤੱਕ ਗਾਂ ਦੇ ਨਾਂ ’ਤੇ ਹੋਏ ਹਮਲਿਆਂ ਦੇ 85 ਮਾਮਲੇ ਦਰਜ ਹੋਏ ਸਨ। ਇਹਨਾਂ ਵਿੱਚੋਂ 98 ਫੀਸਦੀ ਘਟਨਾਵਾਂ 2014 ਤੋਂ ਬਾਅਦ ਹੋਈਆਂ। ਇਸਤੋਂ ਪਹਿਲਾਂ 2012 ਅਤੇ 2013 ਵਿੱਚ ਅਜਿਹੀ ਇੱਕ-ਇੱਕ ਘਟਨਾ ਹੋਈ ਸੀ। ਇਹਨਾਂ ਹਮਲਿਆਂ ਦਾ ਸ਼ਿਕਾਰ ਜ਼ਿਆਦਾਤਰ ਮੁਸਲਮਾਨ ਸਨ। ਇਹਨਾਂ ਹਮਲਿਆਂ ਦੌਰਾਨ ਹੋਈਆਂ ਕੁੱਲ ਮੌਤਾਂ ਵਿੱਚੋਂ 88 ਫੀਸਦੀ ਮੁਸਲਮਾਨ ਸਨ। ਗ੍ਰਹਿ ਵਿਭਾਗ ਦੇ ਅੰਕੜਿਆਂ ਮੁਤਾਬਕ 2014 ਤੋਂ 3 ਮਾਰਚ 2018 ਤੱਕ 45 ਲੋਕ ਹਜੂਮੀ ਕਤਲਾਂ ਵਿੱਚ ਮਾਰੇ ਗਏ ਸਨ। ਇਹ ਤੱਥ ਹਨ ਜੋ ਦੱਸਦੇ ਹਨ ਕਿ 2014 ਤੋਂ ਬਾਅਦ ਇਹ ਘਟਨਾਵਾਂ ਤੇਜੀ ਨਾਲ਼ ਵਧ ਗਈਆਂ। ਇਸਦਾ ਇੱਕੋ-ਇੱਕ ਕਾਰਨ ਸੀ ਰਾਸ਼ਟਰੀ ਸਵੈ ਸੇਵਕ ਸੰਘ ਦੀ ਸਿਆਸੀ ਪਾਰਟੀ ਭਾਜਪਾ ਦਾ ਸੱਤ੍ਹਾ ’ਚ ਆਉਣਾ। ਭਾਜਪਾ ਜੋ ਰਾਸ਼ਟਰੀ ਸਵੈਸੇਵਕ ਸੰਘ ਦੀ ਸੋਚ ਨੂੰ ਪ੍ਰਣਾਈ ਹੋਈ ਸਿਆਸੀ ਪਾਰਟੀ ਹੈ, ਆਪਣੀ ਹੋਂਦ ਵੇਲੇ ਤੋਂ ਹੀ ਘੱਟ-ਗਿਣਤੀਆਂ, ਦਲਿਤਾਂ ਅਤੇ ਔਰਤ ਵਿਰੋਧੀ ਵਿਚਾਰਧਾਰਾ ਨੂੰ ਪ੍ਰਣਾਈ ਹੋਈ ਹੈ। ਆਪਣੇ ਕਾਰਜਕਾਲ ਦੌਰਾਨ ਧਾਰਾ 370 ਨੂੰ ਮਨਸੂਖ ਕਰਨਾ, ਨਾਗਰਿਕਤਾ ਸੋਧ ਬਿੱਲ, ਕੌਮੀ ਨਾਗਰਿਕਤਾ ਰਜਿਸਟਰ ਅਤੇ ਕੌਮੀ ਅਬਾਦੀ ਰਜਿਸਟਰ ਲਾਗੂ ਕਰਨਾ, ਫਰਵਰੀ 2020 ਰਾਜਧਾਨੀ ਦਿੱਲੀ ਵਿੱਚ ਮੁਸਲਿਮ ਅਬਾਦੀ ਵਿਰੁੱਧ ਹਿੰਸਾ, ਪਿਛਲੇ ਦਿਨੀਂ ਕਰੋਨਾ-ਜਿਹਾਦ ਦੇ ਨਾਮ ’ਤੇ ਮੁਸਲਮਾਨ ਭਾਈਚਾਰੇ ਖਿਲਾਫ ਸਮਾਜ ਵਿੱਚ ਨਫ਼ਰਤ ਫੈਲਾਉਣਾ, ਤਿੰਨ ਤਲਾਕ, ਇੱਕੋ ਸਿਵਲ ਕੋਡ, ਘਰ ਵਾਪਸੀ, ਗਊ ਰੱਖਿਆ ਅਤੇ ਲਵ ਜਿਹਾਦ ਵਰਗੇ ਮੁੱਦੇ ਆਦਿ ਇਸਦੇ ਮੁਸਲਿਮ ਵਿਰੋਧੀ ਏਜੰਡੇ ਦੀਆਂ ਉਦਾਹਰਨਾਂ ਹਨ। ‘ਲਲਕਾਰ’ ਦੇ ਪਿਛਲੇ ਅੰਕਾਂ ਵਿੱਚ ਵੱਖੋ-ਵੱਖਰੀਆਂ ਘਟਨਾਵਾਂ ਅਤੇ ਤੱਥਾਂ ਦੇ ਅਧਾਰ ਉੱਪਰ ਭਾਜਪਾ ਦੇ ਕਾਰਨਾਮਿਆਂ ਬਾਰੇ ਕਈ ਲੇਖ ਮਿਲ਼ ਜਾਣਗੇ।

  ਜੇਕਰ ਅਸੀਂ ਇਹਨਾਂ ਘਟਨਾਵਾਂ ਦੇ ਕਾਰਨ ਲੱਭਣੇ ਚਾਹੀਏ ਤਾਂ ਇਹ ਕੰਮ ਕੋਈ ਬਹੁਤਾ ਔਖਾ ਨਹੀਂ, ਬਸ ਸਾਨੂੰ ਆਪਣੀਆਂ ਅੱਖਾਂ ਖੋਲ੍ਹ ਕੇ ਚਾਰੇ ਪਾਸੇ ਨਜ਼ਰ ਦੌੜਾਉਣੀ ਪਵੇਗੀ ਅਤੇ ਦਿਮਾਗ ’ਤੇ ਥੋੜਾ ਜਿਹਾ ਜੋਰ ਪਾਉਣਾ ਪਵੇਗਾ। ਸਾਡੇ ਦੇਸ਼ ਦੀਆਂ ਹਾਲਤਾਂ ਵੱਲ ਨਿਗਾਹ ਮਾਰੀਏ ਤਾਂ ਅਸੀਂ ਦੇਖਦੇ ਹਾਂ ਕਿ ਆਮ ਲੋਕਾਈ ਦੀ ਹਾਲਤ ਦਿਨੋਂ-ਦਿਨ ਨਿੱਘਰਦੀ ਜਾ ਰਹੀ ਹੈ। ਲੋਕਾਂ ਨੂੰ ਅੰਨ੍ਹੇਵਾਹ ਮਹਿੰਗਾਈ ਅਤੇ ਟੈਕਸਾਂ ਦਾ ਬੋਝ ਲੱਦ ਕੇ ਕੰਗਾਲ ਕੀਤਾ ਜਾ ਰਿਹਾ ਹੈ। ਨੌਜਵਾਨ ਪੀੜੀ ਕੋਲ਼ ਰੁਜ਼ਗਾਰ ਨਹੀਂ ਹੈ। ਸਰਮਾਏਦਾਰਾਂ ਨੂੰ ਸੰਕਟ ਵਿੱਚੋਂ ਕੱਢਣ ਲਈ ਸਰਕਾਰ ਹਰ ਹੀਲਾ ਵਰਤ ਰਹੀ ਹੈ। ਲੋਕਾਂ ਦਾ ਪੈਸਾ ਸਰਮਾਏਦਾਰਾਂ ਦੀਆਂ ਗੋਗੜਾਂ ਵਿੱਚ ਤੁੰਨਿਆ ਜਾ ਰਿਹਾ ਹੈ ਅਤੇ ਲਗਾਤਾਰ ਵਧਦੇ ਅਮੀਰੀ ਗਰੀਬੀ ਦੇ ਪਾੜੇ, ਮਹਿੰਗਾਈ, ਬੇਰੁਜ਼ਗਾਰੀ ਤੋਂ ਤੰਗ ਆਏ ਲੋਕਾਂ ਲਈ ਸਰਕਾਰ ਕੋਲ਼ ਕੋਈ ਬਦਲਵਾਂ ਪ੍ਰਬੰਧ ਨਹੀਂ। ਸਰਕਾਰ ਦਾ ਕੰਮ ਬਸ ਇਹਨਾਂ ਲੋਕਾਂ ਦੇ ਗੁੱਸੇ ਨੂੰ ਆਪਣੇ ਅਤੇ ਆਪਣੇ ਆਕਾ ਸਰਮਾਏਦਾਰਾਂ ਵੱਲ ਸੇਧਤ ਹੋਣ ਤੋਂ ਰੋਕਣਾ ਹੈ। ਇਸੇ ਲਈ ਸਰਕਾਰ ਨੂੰ ਨਕਲੀ ਦੁਸ਼ਮਣ ਖੜੇ੍ਹ ਕਰਨੇ ਪੈਂਦੇ ਹਨ। ਇਹ ਨਕਲੀ ਦੁਸ਼ਮਣ ਸਰਕਾਰ ਅਤੇ ਸਰਮਾਏਦਾਰ ਜਮਾਤ ਦੀ ਢਾਲ਼ ਹਨ ਜੋ ਇਸਨੂੰ ਲੋਕ ਰੋਹ ਤੋਂ ਬਚਾ ਲੈਂਦੇ ਹਨ ਅਤੇ ਲੋਕਾਂ ਦਾ ਗੁੱਸਾ ਆਪਣੇ ’ਤੇ ਲੈਂਦੇ ਹਨ। ਸਰਕਾਰ ਕਦੇ ਧਰਮ, ਕਦੇ ਜਾਤ, ਕਦੇ ਦੂਜੇ ਦੇਸ਼ ਅਤੇ ਕਦੇ ਕਰੋਨਾ ਵਰਗੀ ਬਿਮਾਰੀ ਨੂੰ ਨਕਲੀ ਦੁਸ਼ਮਣ ਬਣਾ ਕੇ ਲੋਕਾਂ ਸਾਹਮਣੇ ਖੜ੍ਹਾ ਕਰ ਦਿੰਦੀ ਹੈ ਅਤੇ ਇਸੇ ਤਰ੍ਹਾਂ ਉਸਦੇ ਸਾਰੇ ਮਨਸ਼ੇ ਪੂਰੇ ਹੋ ਜਾਂਦੇ ਹਨ।

  ਇਹਨਾਂ ਨਕਲੀ ਦੁਸ਼ਮਣਾਂ ਖਿਲਾਫ ਪ੍ਰਚਾਰ ਕਰਨ ਦਾ ਕੰਮ ਅੱਜ ਭਾਰਤ ਦਾ ਮੁੱਖ-ਧਾਰਾ ਮੀਡੀਆ ਵੱਡੇ ਪੱਧਰ ’ਤੇ ਕਰ ਰਿਹਾ ਹੈ। ਹਰ ਸਾਲ ਸਰਮਾਏਦਾਰਾਂ ਤੋਂ 20 ਹਜ਼ਾਰ ਕਰੋੜ ਰੁਪਇਆ ਲੈਣ ਵਾਲ਼ਾ ਇਹ ਮੁੱਖ-ਧਾਰਾ ਮੀਡੀਆ ਉਹੀ ਬੋਲਦਾ ਹੈ ਜੋ ਇਸਨੂੰ ਤੋਤੇ ਵਾਂਗ ਰਟਾਇਆ ਜਾਂਦਾ ਹੈ। ਨਫ਼ਰਤ ਫੈਲਾਉਣਾ, ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਖਿਲਾਫ ਲੋਕਾਂ ਦੀ ਸੋਚ ਬਣਾਉਣਾ, ਸੱਚਾਈ ਨੂੰ ਬੜੀ ਚਤੁਰਾਈ ਨਾਲ਼ ਲਕੋ ਲੈਣਾ, ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਲੋਕਾਂ ਦੇ ਹੱਕ ਵਿੱਚ ਖੜਣ ਵਾਲ਼ਿਆਂ ਖਿਲਾਫ ਜਹਿਰ ਉਗਲਣਾ, ਉਹਨਾਂ ਨੂੰ ਦੇਸ਼ ਧ੍ਰੋਹੀ ਤੱਕ ਐਲਾਨ ਦੇਣਾ ਇਸ ਮੀਡੀਆ ਦਾ ਕੰਮ ਹੈ। ਇਹ ਕਦੇ ਵੀ ਲੋਕਾਂ ਦੇ ਮੁੱਦੇ ਜਿਵੇਂ ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਗਰੀਬੀ, ਸਿੱਖਿਆ ਅਤੇ ਸਿਹਤ ਬਾਰੇ ਨਹੀਂ ਬੋਲਦੇ ਅਤੇ ਜੇ ਬੋਲਦੇ ਵੀ ਹਨ ਤਾਂ ਇਸਦਾ ਕਾਰਨ ਘੱਟ ਗਿਣਤੀਆਂ ਨੂੰ ਹੀ ਦੱਸਦੇ ਹਨ। ਇਸ ਤੋਂ ਬਿਨ੍ਹਾਂ ਆਰ.ਐਸ.ਐਸ ਵੱਡੇ ਪੱਧਰ ’ਤੇ ਆਪਣੀਆਂ ਸੰਸਥਾਵਾਂ ਰਾਹੀਂ ਨਫ਼ਰਤ ਦੇ ਬੀਜ ਬੋ ਰਹੀ ਹੈ। ਇੰਟਰਨੈੱਟ ’ਤੇ ਇਹਨਾਂ ਦੇ ਸਰਗਰਮ ਟੋਲਿਆਂ ਰਾਹੀਂ ਰੋਜ਼ਾਨਾਂ ਲੋਕਾਂ ਨੂੰ ਨਫ਼ਰਤ ਭਰੇ ਸੁਨੇਹੇ, ਵੀਡੀਓ ਭੇਜੇ ਜਾਂਦੇ ਹਨ ਤਾਂ ਜੋ ਉਹਨਾਂ ਦੇ ਮਨਾਂ ਵਿੱਚ ਘਰੇ ਬੈਠੇ ਬਿਠਾਏ ਹੀ ਦੂਜੇ ਧਰਮਾਂ ਖਾਸ ਕਰ ਮੁਸਲਮਾਨਾਂ ਖਿਲਾਫ ਨਫ਼ਰਤ ਭਰੀ ਜਾ ਸਕੇ ਅਤੇ ਹਰ ਵਿਅਕਤੀ ਆਪਣੀਆਂ ਸਾਰੀਆਂ ਪ੍ਰੇਸ਼ਾਨੀਆਂ ਦਾ ਕਾਰਨ ਕਿਸੇ ਦੂਜੇ ਧਰਮ-ਜਾਤ ਦੇ ਮਨੁੱਖ ਨੂੰ ਹੀ ਸਮਝੇ ਅਤੇ ਅਸਲੀ ਦੁਸ਼ਮਣ ਵੱਲ ਉਸਦਾ ਕੋਈ ਧਿਆਨ ਹੀ ਨਾ ਜਾਵੇ। ਅਜਿਹੇ ਸਮੇਂ ਜੇਕਰ ਕੁੱਝ ਪੱਤਰਕਾਰ, ਬੁੱਧੀਜੀਵੀ ਜਾਂ ਅਫਸਰ ਅੱਗੇ ਆ ਕੇ ਲੋਕਾਂ ਨੂੰ ਸੱਚਾਈ ਦੱਸਣ ਦੀ ਕੋਸ਼ਿਸ਼ ਵੀ ਕਰਦੇ ਹਨ ਤਾਂ ਉਹਨਾਂ ਖਿਲਾਫ ਝੂਠੇ ਕੇਸ ਦਰਜ ਹੁੰਦੇ ਹਨ, ਜੇਲ੍ਹੀਂ ਡੱਕਿਆ ਜਾਂਦਾ ਹੈ ਅਤੇ ਕਈ ਵਾਰ ਕਤਲ ਵੀ ਕਰ ਦਿੱਤਾ ਜਾਂਦਾ ਹੈ। ਇਸ ਪ੍ਰਚਾਰ-ਤੰਤਰ ਦਾ ਨਿਸ਼ਾਨਾਂ ਸਮਾਜ ਦੇ ਨਿਰਾਸ਼ ਨੌਜਵਾਨ ਬਣਦੇ ਹਨ ਜੋ ਜਨੂਨੀ ਭੀੜ ਬਣ ਕੇ ਦੂਜੇ ਧਰਮਾਂ, ਜਾਤਾਂ ਦੇ ਲੋਕਾਂ ’ਤੇ ਬੇਰਹਿਮੀ ਨਾਲ਼ ਹਮਲੇ ਕਰ ਦਿੰਦੇ ਹਨ ਅਤੇ ਆਪਣੀਆਂ ਸਮੱਸਿਆਵਾਂ ਦਾ ਕਾਰਨ ਮੰਨ ਕੇ ਉਹਨਾਂ ਨੂੰ ਖਤਮ ਕਰ ਦੇਣਾ ਚਹੁੰਦੇ ਹਨ। ਹਰੀ ਸ਼ੰਕਰ ਪਰਸਾਈ ਦੇ ਲਿਖੇ ਲੇਖ ਦੀਆਂ ਇਹ ਸਤਰਾਂ ਬਿਲਕੁਲ ਦਰੁਸਤ ਹਨ, “ਦਿਸ਼ਾਹੀਣ, ਬੇਕਾਰ, ਨਿਰਾਸ਼, ਨਕਾਰਵਾਦੀ, ਖਾਤਮੇਵਾਦੀ ਬੇਰੁਜ਼ਗਾਰ ਨੌਜਵਾਨਾਂ ਦੀ ਇਹ ਭੀੜ ਖਤਰਨਾਕ ਹੁੰਦੀ ਹੈ।

  ਇਸਦੀ ਵਰਤੋਂ ਲਾਲਸੀ ਖਤਰਨਾਕ ਵਿਚਾਰਧਾਰਾ ਵਾਲ਼ੇ ਵਿਅਕਤੀ ਅਤੇ ਸਮੂਹ ਕਰ ਸਕਦੇ ਹਨ। ਇਸ ਭੀੜ ਦੀ ਵਰਤੋਂ ਨੈਪੋਲਿਅਨ, ਹਿਟਲਰ ਅਤੇ ਮੁਸੋਲਿਨੀ ਨੇ ਕੀਤੀ ਸੀ। ਇਹ ਭੀੜ ਧਾਰਮਿਕ ਜਨੂੰਨੀਆਂ ਦੇ ਪਿੱਛੇ ਲੱਗ ਜਾਂਦੀ ਹੈ। ਇਹ ਭੀੜ ਕਿਸੇ ਵੀ ਅਜਿਹੀ ਜਥੇਬੰਦੀ ਨਾਲ਼ ਰਲ਼ ਸਕਦੀ ਹੈ ਜਿਹੜਾ ਉਹਨਾਂ ਵਿੱਚ ਜਨੂੰਨ ਅਤੇ ਤਣਾਅ ਪੈਦਾ ਕਰ ਦੇਵੇ। ਫਿਰ ਇਸ ਭੀੜ ਤੋਂ ਤਬਾਹਕੁੰਨ ਕੰਮ ਕਰਵਾਏ ਜਾ ਸਕਦੇ ਹਨ। ਇਹ ਭੀੜ ਫਾਸੀਵਾਦੀਆਂ ਦਾ ਹਥਿਆਰ ਬਣ ਸਕਦੀ ਹੈ। ਸਾਡੇ ਦੇਸ਼ ਵਿੱਚ ਇਹ ਭੀੜ ਵਧ ਰਹੀ ਹੈ, ਇਸਦਾ ਇਸਤੇਮਾਲ ਵੀ ਹੋ ਰਿਹਾ ਹੈ। ਆਉਣ ਵਾਲ਼ੇ ਸਮੇਂ ਵਿੱਚ ਇਸ ਭੀੜ ਦੀ ਵਰਤੋਂ ਸਾਰੀਆਂ ਕੌਮੀ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਖਾਤਮੇ ਲਈ, ਜਮਹੂਰੀਅਤ ਦੀ ਤਬਾਹੀ ਲਈ ਕੀਤਾ ਜਾ ਸਕਦਾ ਹੈ।” ਅਜਿਹਾ ਸਾਡੇ ਦੇਸ਼ ਵਿੱਚ ਅੱਜਕੱਲ ਆਮ ਹੈ। ਨੌਜਵਾਨ ਪੀੜੀ ਨੂੰ ਗੁੰਮਰਾਹ ਕਰਕੇ ਵਰਤਿਆ ਜਾ ਰਿਹਾ ਹੈ। ਜਦੋਂ ਤੱਕ ਇਹ ਨੌਜਵਾਨ ਆਪਣੇ ਅਸਲੀ ਦੁਸ਼ਮਣ ਨੂੰ ਪਹਿਚਾਣ ਨਹੀਂ ਲੈਂਦੇ ਇਹ ਘਟਨਾਵਾਂ ਉਦੋਂ ਤੱਕ ਨਹੀਂ ਰੁਕਣੀਆਂ। ਲੋੜ ਹੈ ਇਹਨਾਂ ਕੁਰਾਹੇ ਪਏ ਨੌਜਵਾਨਾਂ ਨੂੰ ਸਹੀ ਰਾਹ ਦਿਖਾਉਣ ਦੀ ਤਾਂ ਕਿ ਇਹ ਆਪਣੀ ਇਸ ਦਸ਼ਾ ਦੇ ਅਸਲ ਕਾਰਨ ਸਮਝ ਸਕਣ ਅਤੇ ਆਪਣੇ ਅਸਲ ਦੁਸ਼ਮਣ ਪਛਾਣ ਕੇ ਉਹਨਾਂ ਖਿਲਾਫ ਸੰਗਰਾਮ ਵਿੱਢਣ।

  •ਬਲਜੀਤ ਕੌਰ

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img