More

  ਭਾਰਤ ਦੀ ਗੁਪਤ ‘ਤਿੱਬਤੀ ਫੌਜ’

  ਲੱਦਾਖ ਅਤੇ ਤਿੱਬਤ ਦੇ ਇਲਾਕਿਆਂ ਵਿਚ ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਫੌਜੀ ਟਕਰਾਅ ਨੇ 29-30 ਅਗਸਤ ਦੀ ਰਾਤ ਨੂੰ ਇਕ ਵਾਰ ਫੇਰ ਹਿੰਸਕ ਰੂਪ ਲੈ ਲਿਆ ਸੀ ਜਿਸ ਵਿਚ ਇਕ ਭਾਰਤੀ ਫੌਜੀ ਦੀ ਮੌਤ ਹੋ ਗਈ ਸੀ। ਇਸ ਮੌਤ ਨੇ ਭਾਰਤੀ ਫੌਜ ਦੀ ਇਕ ਅਹਿਮ ਖੂਫੀਆ ਇਕਾਈ ਤੋਂ ਪਰਦੇ ਚੁੱਕੇ ਹਨ। ਭਾਵੇਂ ਕਿ ਭਾਰਤੀ ਫੌਜ ਅਧਿਕਾਰਤ ਤੌਰ ‘ਤੇ ਕਿਸੇ ਫੌਜੀ ਦੀ ਮੌਤ ਬਾਰੇ ਚੁੱਪ ਸੀ ਪਰ ਤਿੱਬਤ ਦੀ ਜਲਾਵਤਨ ਸਰਕਾਰ ਦੀ ਮੈਂਬਰ ਲ੍ਹਾਗਿਆਰੀ ਨਾਮਦੋਲ ਨੇ 1 ਸਤੰਬਰ ਵਾਲੇ ਦਿਨ ਆਪਣੇ ਟਵਿਟਰ ਖਾਤੇ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਕਿ ਲੱਦਾਖ ਵਿਚ ਚੀਨੀ ਫੌਜ ਨਾਲ ਲੜਦਿਆਂ ਤਿੱਬਤੀ ਸ਼ਰਨਾਰਥੀਆਂ ਦੀ ਭਾਰਤੀ ਫੌਜ ਵਿਚਲੀ ਰੈਜੀਮੈਂਟ ਦਾ ਇਕ ਜਵਾਨ ਮਾਰਿਆ ਗਿਆ ਹੈ।

  31 ਅਗਸਤ ਨੂੰ ਭਾਰਤੀ ਫੌਜ ਦੇ ਸਾਬਕਾ ਲੈਫਟੀਨੇਂਟ ਜਨਰਲ ਕੇਜੇ ਸਿੰਘ ਨੇ ਟਵੀਟ ਕੀਤਾ ਸੀ ਕਿ ਲੱਦਾਖ ਵਿਚ ਪੇਂਗੌਂਗ ਝੀਲ ਦੇ ਦੱਖਣੀ ਇਲਾਕੇ ‘ਚ ਭਾਰਤੀ ਤਨਖਾਹਦਾਰ ਤਿੱਬਤੀ ਫੌਜੀ ਚੀਨ ਦੀ ਫੌਜ ਨਾਲ ਲੜ ਰਹੇ ਹਨ। ਉਹਨਾਂ ਲਿਖਿਆ ਸੀ ਕਿ ਤਿੱਬਤੀਆਂ ਦੀ ਇਕ ਗੁਪਤ ਫੌਜ ਭਾਰਤ ਨੇ 14 ਨਵੰਬਰ 1962 ਨੂੰ ਬਣਾਈ ਸੀ।

  ਤਿੱਬਤੀ ਕਿਵੇਂ ਬਣੇ ਭਾਰਤ ਦੇ ਤਨਖਾਹਦਾਰ ਫੌਜੀ?
  ਤਿੱਬਤ ਵਿਚ ਚੀਨ ਦੇ ਕਬਜ਼ੇ ਖਿਲਾਫ 1956 ਤੋਂ ਗੁਰੀਲਾ ਹਥਿਆਰਬੰਦ ਜੰਗ ਚੱਲ ਰਹੀ ਹੈ। ਚੀਨ ਨੇ ਆਪਣੀ ਫੌਜੀ ਤਾਕਤ ਨਾਲ ਇਸ ਨੂੰ ਤਿੱਬਤ ਵਿਚੋਂ ਲਗਭਗ ਖਤਮ ਕਰ ਦਿੱਤਾ ਹੈ। 1959 ਤੋਂ ਬਾਅਦ ਵੱਡੀ ਗਿਣਤੀ ‘ਚ ਤਿੱਬਤੀ ਲੋਕਾਂ ਨੂੰ ਭਾਰਤ ਸਰਕਾਰ ਨੇ ਰਾਜਸੀ ਸ਼ਰਨ ਦਿੱਤੀ। ਚੀਨ ਨਾਲ ਭਾਰਤ ਦੇ ਸਰਹੱਦੀ ਟਕਰਾਅ ਦੇ ਚਲਦਿਆਂ ਭਾਰਤ ਸਰਕਾਰ ਨੇ ਤਿੱਬਤੀਆਂ ਦੀਆਂ ਚੀਨ ਵਿਰੋਧੀ ਭਾਵਨਾਵਾਂ ਨੂੰ ਆਪਣੇ ਰਾਜਸੀ ਹਿੱਤਾਂ ਲਈ ਵਰਤਣ ਦਾ ਪ੍ਰਬੰਧ ਕਰਦਿਆਂ ਤਿੱਬਤੀ ਸ਼ਰਨਾਰਥੀਆਂ ਦੀ ਇਕ ਫੌਜੀ ਯੂਨਿਟ ਤਿਆਰ ਕੀਤੀ। ਕੁੱਝ ਰਿਪੋਰਟਾਂ ਦਸਦੀਆਂ ਹਨ ਕਿ 1962 ਵਿਚ ਭਾਰਤ ਦੀ ਖੂਫੀਆ ਅਜੈਂਸੀ ਆਈ.ਬੀ ਅਤੇ ਅਮਰੀਕਾ ਦੀ ਖੂਫੀਆ ਅਜੈਂਸੀ ਸੀਆਈਏ ਨੇ ਸਾਂਝੇ ਤੌਰ ‘ਤੇ ਇਸ ਫੌਜੀ ਯੂਨਿਟ ਨੂੰ ਖੜ੍ਹਾ ਕੀਤਾ।

  ਭਾਰਤ ਦਾ ਚੀਨ ਨਾਲ ਟਕਰਾਅ ਉੱਚੇ ਬਰਫੀਲੇ ਪਹਾੜੀ ਇਲਾਕਿਆਂ ਵਿਚ ਹੈ ਜੋ ਤਿੱਬਤ ਦੇ ਨਾਲ ਲਗਦੇ ਹਨ। ਇਹਨਾਂ ਇਲਾਕਿਆਂ ਵਿਚ ਭਾਰਤ ਦੀ ਬਹੁਤੀ ਫੌਜ ਲੜਨ ਦੇ ਸਮਰੱਥ ਨਹੀਂ ਹੈ, ਜਦਕਿ ਤਿੱਬਤੀ ਫੌਜੀ ਜਨਮ ਤੋਂ ਹੀ ਇਹਨਾਂ ਇਲਾਕਿਆਂ ਦੇ ਕੁਦਰਤੀ ਮਾਹੌਲ ਮੁਤਾਬਕ ਢਲੇ ਹੁੰਦੇ ਹਨ। ਦੂਜਾ ਭਾਰਤ ਲਈ ਇਹ ਯੂਨਿਟ ਚੀਨੀ ਫੌਜ ਦੀ ਜਾਸੂਸੀ ਕਰਨ ਲਈ ਅਹਿਮ ਕੰਮ ਕਰਦੀ ਹੈ। ਇਸ ਵਿਚ ਤਿੱਬਤੀ ਮਰਦਾਂ ਦੇ ਨਾਲ-ਨਾਲ ਔਰਤਾਂ ਨੂੰ ਵੀ ਭਰਤੀ ਕੀਤਾ ਜਾਂਦਾ ਹੈ।

  ਇਸ ਫੌਜ ਨੂੰ ਸਪੈਸ਼ਲ ਫਰਾਂਟੀਅਰ ਫੋਰਸ ਦਾ ਨਾਂ ਦਿੱਤਾ ਗਿਆ ਹੈ ਅਤੇ ਇਸ ਦੀਆਂ ਬਟਾਲੀਅਨਾਂ ਨੂੰ ਵਿਕਾਸ ਬਟਾਲੀਅਨ ਨਾਂ ਦਿੱਤਾ ਗਿਆ ਹੈ। ਇਸ ਯੂਨਿਟ ਦਾ ਸਿੱਧਾ ਪ੍ਰਬੰਧ ਭਾਰਤ ਦੇ ਪ੍ਰਧਾਨ ਮੰਤਰੀ ਦਫਤਰ ਤੋਂ ਹੁੰਦਾ ਹੈ ਜਿੱਥੇ ਭਾਰਤੀ ਫੌਜ ਦਾ ਮੇਜਰ ਜਨਰਲ ਰੈਂਕ ਦਾ ਅਫਸਰ ਇਸ ਦੀ ਕਮਾਂਡ ਕਰਦਾ ਹੈ। ਇਸ ਦਾ ਪ੍ਰਬੰਧ ਸਿੱਧਾ ਭਾਰਤ ਦੀ ਖੂਫੀਆ ਅਜੈਂਸੀ ਰਾਅ ਨਾਲ ਜੁੜਦਾ ਹੈ।

  ਬੰਗਲਾਦੇਸ਼ ਜੰਗ ਅਤੇ ਦਰਬਾਰ ਸਾਹਿਬ ਦੇ ਹਮਲੇ ਵਿਚ ਵੀ ਸ਼ਾਮਲ ਰਹੀ ਇਹ ਯੂਨਿਟ
  ਭਾਰਤੀ ਫੌਜ ਦੀ ਇਹ ਤਿੱਬਤੀ ਯੂਨਿਟ 1984 ‘ਚ ਪੰਜਾਬ ਵਿਚ ਦਰਬਾਰ ਸਾਹਿਬ ਸਮੇਤ ਅਨੇਕਾਂ ਗੁਰਦੁਆਰਾ ਸਾਹਿਬਾਨ ‘ਤੇ ਹੋਏ ਹਮਲੇ ਵਿਚ ਵੀ ਸ਼ਾਮਲ ਸੀ। ਇਸ ਯੂਨਿਟ ਨੇ 1971 ਦੀ ਬੰਗਲਾਦੇਸ਼ ਬਣਨ ਦੀ ਲੜਾਈ ਅਤੇ 1999 ਦੀ ਕਾਰਗਿਲ ਜੰਗ ਵਿਚ ਵੀ ਆਪਣਾ ਹਿੱਸਾ ਪਾਇਆ। ਇਹ ਗੁਪਤ ਯੂਨਿਟ ਭਾਰਤ ਦੇ ਅੰਦਰ ਵੀ ਫੌਜ ਦੇ ਕਈ ਆਪਰੇਸ਼ਨਾਂ ਨੂੰ ਅੰਜ਼ਾਮ ਦਿੰਦੀ ਰਹੀ ਹੈ, ਪਰ ਇਹਨਾਂ ਬਾਰੇ ਸਾਰੀਆਂ ਜਾਣਕਾਰੀਆਂ ਗੁਪਤ ਰੱਖੀਆਂ ਗਈਆਂ ਹਨ।

  ਭਾਰਤ ਲਈ ਬਲੀ ਦੇ ਬੱਕਰੇ ਹਨ ਇਹ ਫੌਜੀ:ਚੀਨੀ ਵਿਚਾਰ
  ਭਾਰਤ ਵੱਲੋਂ ਚੀਨ ਖਿਲਾਫ ਖੜੀ ਕੀਤੀ ਗਈ ਤਿੱਬਤੀਆਂ ਦੀ ਇਸ ਫੌਜ ਦੀਆਂ ਖਬਰਾਂ ਸਾਹਮਣੇ ਆਉਣ ਬਾਅਦ ਚੀਨ ਦੀ ਸਰਕਾਰੀ ਅਵਾਜ਼ ਮੰਨੇ ਜਾਂਦੇ ਅਖਬਾਰ ਗਲੋਬਲ ਟਾਈਮਜ਼ ਨੇ ਆਪਣੀ ਰਿਪੋਰਟ ਵਿਚ ਛਾਪਿਆ ਹੈ ਕਿ ਭਾਰਤ ਇਹਨਾਂ ਤਿੱਬਤੀਆਂ ਨੂੰ ਬਲੀ ਦੇ ਬੱਕਰਿਆਂ ਵਾਂਗ ਵਰਤਦਾ ਹੈ। ਚੀਨੀ ਅਖਬਾਰ ਦੀ ਰਿਪੋਰਟ ਵਿਚ ਇਕ ਚੀਨੀ ਸੁਰੱਖਿਆ ਮਾਹਰ ਦੇ ਹਵਾਲੇ ਨਾਲ ਛਾਪਿਆ ਗਿਆ ਹੈ, “ਮਾਮੂਲੀ ਜਿਹੀ ਝੜਪ ਵਿਚ ਇਕ ਫੌਜੀ ਦੀ ਮੌਤ ਅਤੇ ਇਕ ਦਾ ਜ਼ਖਮੀ ਹੋ ਜਾਣਾ ਦਸਦਾ ਹੈ ਕਿ ਇਸ ਯੂਨਿਟ ਨੂੰ ਕੋਈ ਖਾਸ ਸਿਖਲਾਈ ਨਹੀਂ ਦਿੱਤੀ ਜਾਂਦੀ ਅਤੇ ਇਹਨਾਂ ਨੂੰ ਭਾਰਤੀ ਫੌਜ ਸਿਰਫ ਬਲੀ ਦੇ ਬੱਕਰੇ ਵਾਂਗ ਵਰਤਦੀ ਹੈ।”

  ਤਿੱਬਤੀ ਫੌਜੀਆਂ ਨੂੰ ਭਾਰਤ ਸਨਮਾਨ ਕਿੁੳਂ ਨਹੀਂ ਦੇ ਰਿਹਾ?
  ਭਾਵੇਂ ਕਿ ਇਹ ਤਿੱਬਤੀ ਫੌਜੀ ਭਾਰਤ ਦੇ ਤਨਖਾਹਦਾਰ ਹਨ ਅਤੇ ਭਾਰਤ ਲਈ ਲੜਦਿਆਂ ਕਈਆਂ ਨੇ ਆਪਣੀਆਂ ਜਾਨਾਂ ਵੀ ਗੁਆਈਆਂ ਹਨ ਪਰ ਇਹਨਾਂ ਨੂੰ ਭਾਰਤ ਦੇ ਹੋਰ ਫੌਜੀਆਂ ਵਰਗਾ ਸਨਮਾਨ ਅਤੇ ਸਹੂਲਤਾਂ ਨਹੀਂ ਮਿਲਦੀਆਂ। ਭਾਰਤ ਅਧਿਕਾਰਤ ਤੌਰ ‘ਤੇ ਇਹਨਾਂ ਦੀ ਹੋਂਦ ਤੋਂ ਹੀ ਇਨਕਾਰੀ ਹੈ, ਇਸ ਲਈ ਇਹਨਾਂ ਫੌਜੀਆਂ ਨੂੰ ਅੱਜ ਤਕ ਕੋਈ ਬਹਾਦਰੀ ਸਨਮਾਨ ਨਹੀਂ ਦਿੱਤਾ ਗਿਆ। ਇਹਨਾਂ ਫੌਜੀਆਂ ਦੇ ਪਰਿਵਾਰਾਂ ਨੂੰ ਬਾਕੀ ਫੌਜੀਆਂ ਵਰਗੀਆਂ ਸਹੂਲਤਾਂ ਵੀ ਨਹੀਂ ਦਿੱਤੀਆਂ ਜਾਂਦੀਆਂ। ਇਸ ਵਿਤਕਰੇਬਾਜ਼ੀ ‘ਤੇ ਸਵਾਲ ਚੁੱਕਦਿਆਂ ਤਿੱਬਤ ਦੀ ਜਲਾਵਤਨ ਸਰਕਾਰ ਦੀ ਮੈਂਬਰ ਲ੍ਹਾਗਿਆਰੀ ਨਾਮਦੋਲ ਨੇ ਕਿਹਾ ਕਿ ਤਿੱਬਤੀ ਲੋਕ ਭਾਰਤ ਲਈ ਆਪਣੀਆਂ ਜਾਨਾਂ ਦੇ ਰਹੇ ਹਨ ਪਰ ਉਹਨਾਂ ਨੂੰ ਆਮ ਨਾਗਰਿਕਾਂ ਵੱਲ ਹੱਕ ਨਹੀਂ ਦਿੱਤੇ ਜਾਂਦੇ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਭਾਰਤ ਲਈ ਮਰੇ ਤਿੱਬਤੀ ਫੌਜੀ ਦੀ ਕੁੜੀ ਨੇ ਜੇ ਭਾਰਤ ਵਿਚ ਸਿੱਖਿਆ ਹਾਸਲ ਕਰਨੀ ਹੋਵੇ ਤਾਂ ਉਸਨੂੰ ਵਿਦੇਸ਼ੀਆਂ ਲਈ ਤੈਅ ਵਾਧੂ ਫੀਸ ਭਰਨੀ ਪਵੇਗੀ। ਉਹਨਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਤਿੱਬਤੀਆਂ ਦੀਆਂ ਮੌਤਾਂ ਨੂੰ ਸਨਮਾਨ ਦਿੱਤਾ ਜਾਵੇ ਅਤੇ ਵਿਤਕਰੇਬਾਜ਼ੀ ਖਤਮ ਕੀਤੀ ਜਾਵੇ।

  ਲਲਕਾਰ ਤੋਂ ਧੰਨਵਾਦ ਸਹਿਤ

   

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img