More

  ਭਾਰਤੀ ਹਾਕਮ ਜਮਾਤਾਂ ਦੀ ਵਿਚਾਰਧਾਰਾ ਨੂੰ ਪ੍ਰਣਾਈ ਵੈਬ ਸੀਰੀਜ਼ ‘ਦਿ ਫੈਮਲੀ ਮੈਨ’

  ‘ਦਿ ਫੈਮਲੀ ਮੈਨ’ ਐਮੇਜ਼ਾਨ ਪ੍ਰਾਈਮ ਦੀ ਸਭ ਤੋਂ ਵੱਧ ਦੇਖੀਆਂ ਜਾਣ ਵਾਲ਼ੀਆਂ ਵੈੱਬ ਸੀਰੀਜ਼ ਵਿੱਚ ਸ਼ਾਮਲ ਹੈ। ‘ਦਿ ਫੈਮਲੀ ਮੈਨ’ ਦਾ ਪਹਿਲਾ ਸੀਜ਼ਨ 2019 ਵਿੱਚ ਰਿਲੀਜ਼ ਹੋਇਆ ਸੀ। ਇਸ ਦੀ ਸਫਲਤਾ ਤੋਂ ਉਤਸ਼ਾਹਿਤ ਹੋਏ ਇਸ ਦੇ ਫ਼ਿਲਮਕਾਰਾਂ ਨੇ ਦੂਜੇ ਸੀਜ਼ਨ ਦੇ ਫ਼ਿਲਮਾਂਕਣ ਦੌਰਾਨ ਹੀ ਇਸ ਦੇ ਤੀਜੇ ਸੀਜ਼ਨ ਨੂੰ ਬਣਾਉਣ ਬਾਰੇ ਐਲਾਨ ਕਰ ਦਿੱਤਾ ਸੀ। ਦੂਜਾ ਸੀਜ਼ਨ ਪਿੱਛੇ ਜਿਹੇ ਹੀ ਜੂਨ 2021 ਨੂੰ ਰਲੀਜ਼ ਹੋਇਆ ਹੈ। ‘ਦਿ ਫੈਮਲੀ ਮੈਨ’ ਦਾ ਨਿਰਦੇਸ਼ਨ ਰਾਜ ਨਿਧੀਮੋਰੂ ਅਤੇ ਕਿ੍ਰਸ਼ਨਾ ਡੀ.ਕੇ. ਦੀ ਜੋੜੀ ਨੇ ਕੀਤਾ ਹੈ ਅਤੇ ਦੂਜੇ ਸੀਜ਼ਨ ਵਿੱਚ ਇਸ ਦੇ ਲੇਖਣ ਨਾਲ਼ ਜੁੜਿਆ ਸੁਪਰਣ ਵਰਮਾ ਵੀ ਨਿਰਦੇਸ਼ਕਾਂ ਵਿੱਚ ਸ਼ਾਮਲ ਹੋ ਗਿਆ ‘ਦਿ ਫੈਮਲੀ ਮੈ’’ ਦੇਸ਼ ਸੇਵਾ ਅਤੇ ਪਰਿਵਾਰ ਵਿਚਲੇ ਦਵੰਦ ਨਾਲ਼ ਜੂਝ ਰਹੇ ‘‘ਘਰੇਲੂ ਆਦਮੀ’’ ਦੀ ਕਹਾਣੀ ਹੈ। ਇਸ ਦੇ ਪਹਿਲੇ ਸੀਜ਼ਨ ਤੋਂ ਇਹ ਪ੍ਰਭਾਵ ਜਾਂਦਾ ਸੀ ਕਿ ਇਹ ਸੀਰੀਜ਼ ਭਾਰਤ ਨੂੰ ਦਰਪੇਸ਼ “ਇਸਲਾਮੀ ਅੱਤਵਾਦ” ਦੀ ਚੁਣੌਤੀ ਤੱਕ ਹੀ ਸੀਮਤ ਰਹੇਗੀ। ਪਰ ਦੂਜੇ ਸੀਜ਼ਨ ਵਿੱਚ ਫ਼ਿਲਮਕਾਰਾਂ ਨੇ ਈਲਮ ਤਾਮਿਲ ਨੂੰ ਮੁੱਦਾ ਬਣਾ ਕੇ ਆਪਣਾ ਇਰਾਦਾ ਜਾਹਰ ਕਰ ਦਿੱਤਾ ਕਿ ਆਉਣ ਵਾਲ਼ੇ ਸੀਜ਼ਨਾਂ ਵਿੱਚ ਉਹ ਹੋਰਨਾਂ “ਚੁਣੌਤੀਆਂ” ਨੂੰ ਵੀ ਪੇਸ਼ ਕਰਨਗੇ ਜਿਹੜੀਆਂ “ਭਾਰਤ ਦੀ ਏਕਤਾ ਅਤੇ ਅਖੰਡਤਾ” ਨੂੰ ਦਰਪੇਸ਼ ਹਨ ਅਤੇ ਜਿਨਾਂ ਨੂੰ ਤਕਨੀਕੀ ਭਾਸ਼ਾ ਵਿੱਚ ‘ਫਾਲਟ ਲਾਈਨਾਂ’ ਕਿਹਾ ਜਾਂਦਾ ਹੈ।

  ‘‘ਦਿ ਫੈਮਲੀ ਮੈਨ’’ ਦਾ ਕੇਂਦਰੀ ਪਾਤਰ ਸ਼੍ਰੀਕਾਂਤ ਤਿਵਾੜੀ ਕੌਮੀ ਪੜਤਾਲ ਏਜੰਸੀ (ਐੱਨ.ਆਈ.ਏ.) ਦੀ ਇੱਕ ਸ਼ਾਖਾ ਥ੍ਰੈਟ ਅਨੈਲਸਿਜ਼ ਐਂਡ ਸਰਵੇਲੈਂਸ ਸੈਲ (ਟੀ.ਏ.ਐੱਸ.ਸੀ) ਵਿੱਚ ਅਫ਼ਸਰ ਹੈ। ਮੱਧਵਰਗ ਨਾਲ਼ ਸਬੰਧਤ ਸ਼੍ਰੀਕਾਂਤ ਤਿਵਾੜੀ ਉਰਫ਼ ਕਬੀਲਦਾਰ ਹੈ। ਘਰ ਵਿੱਚ ਸ਼੍ਰੀਕਾਂਤ ਤਿਵਾੜੀ ਦੀ ਤਾਮਿਲ ਪਤਨੀ ਸੁਚਿੱਤਰਾ ਆਇਅਰ ਤੋਂ ਇਲਾਵਾ ਵੱਡੀ ਬੇਟੀ ਧਿ੍ਰਤੀ ਤਿਵਾੜੀ ਅਤੇ ਛੋਟਾ ਬੇਟਾ ਅਰਥਵ ਤਿਵਾੜੀ ਹੈ। ਆਪਣੀ ਨੌਕਰੀ ਦੀਆਂ ਲੋੜਾਂ ਕਾਰਨ ਉਹ ਆਪਣੇ ਪਰਿਵਾਰ ਵੱਲ ਲੋੜੀਂਦਾ ਧਿਆਨ ਨਹੀਂ ਦੇ ਪਾਉਂਦਾ। ਆਮ ਮੱਧਵਰਗੀ ਪਰਿਵਾਰ ਦੀ ਤਰ੍ਹਾਂ ਉਸ ਦੇ ਪਰਿਵਾਰ ਦੀਆਂ ਵੀ ਆਪਣੀਆਂ ਸਮੱਸਿਆਵਾਂ ਹਨ। ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਪਰਿਵਾਰ ਦਾ ਸੁਪਨਾ ਹੈ ਕਿ ਮੰਬਈ ਸ਼ਹਿਰ ਵਿੱਚ ਉਨਾਂ ਦਾ ਆਪਣਾ ਘਰ ਹੋਵੇ। ਸ਼੍ਰੀਕਾਂਤ ਦੇ ਪਰਿਵਾਰ ਦੇ ਉਸ ਪ੍ਰਤੀ ਕਈ ਗਿਲੇ ਸ਼ਿਕਵੇ ਹਨ ਕਿ ਉਹ ਪਰਿਵਾਰ ਨੂੰ ਸਮਾਂ ਨਹੀਂ ਦਿੰਦਾ। ਉਸ ਦੇ ਬੱਚੇ ਖਪਤ ਸੱਭਿਆਚਾਰ ਵਿੱਚ ਗ੍ਰਸਤ ਹਨ। ਪਤਨੀ ਸੁਚਿੱਤਰਾ ਕਾਲਿਜ ਅਧਿਆਪਕ ਦੀ ਨੌਕਰੀ ਤੋਂ ਅੱਕੀ ਹੋਈ ਹੈ। ਕੁਝ ਵੱਖਰਾ ਕਰਨ ਲਈ ਉਹ ਆਪਣੇ ਦੋਸਤ ਅਰਵਿੰਦ ਨਾਲ਼ ਕਾਰਪੋਰੇਟ ਦੀ ਨੌਕਰੀ ਕਰ ਲੈਂਦੀ ਹੈ। ਪਰਿਵਾਰ ਨੂੰ ਸੰਤੁਸ਼ਟ ਕਰਨ ਲਈ ਸ਼੍ਰੀਕਾਂਤ ਕਾਰਪੋਰੇਟ ਦੀ ਨੌਕਰੀ ਕਰ ਲੈਂਦਾ ਹੈ ਪਰ ਉੱਥੋਂ ਦਾ ਮਾਹੌਲ ਉਸ ਨੂੰ ਰਾਸ ਨਹੀਂ ਆਉਂਦਾ ਅਤੇ ਕੁਝ ਚਿਰ ਬਾਅਦ ਉਹ ਮੁੜ ਆਪਣੀ ਪਹਿਲੀ ਨੌਕਰੀ ’ਤੇ ਚਲਿਆ ਜਾਂਦਾ ਹੈ।

  ਸ੍ਰੀਕਾਂਤ ਫੀਲਡ ਡਿਊਟੀ ਵਿੱਚ ਤੈਨਾਤ ਹੈ ਅਤੇ ਉਸ ਦੇ ਕੰਮ ਵਿੱਚ ਏਜੰਸੀ ਦੇ ਅਪ੍ਰੇਸ਼ਨਾਂ ਨੂੰ ਨੇਪਰ੍ਹੇ ਚਾੜਨਾ ਹੈ। ਇਸ ਤੱਥ ਨੂੰ ਸ਼੍ਰੀਕਾਂਤ ਤਿਵਾੜੀ ਨੇ ਪਰਿਵਾਰ ਤੋਂ ਛੁਪਾਇਆ ਹੋਇਆ ਹੈ। ਸ਼੍ਰੀਕਾਂਤ ਇੱਕ ਸਮਰਪਿਤ ਅਫ਼ਸਰ ਹੈ। ਆਪਣੇ ਕੰਮ ਦੀ ਸਫ਼ਲਤਾ ਲਈ ਉਹ ਕਨੂੰਨੀ ਹੱਦਾਂ ਅਤੇ ਉੱਪਰਲੇ ਹੁਕਮਾਂ ਤੋਂ ਵੀ ਪਾਰ ਜਾ ਕੇ ਕੰਮ ਕਰਦਾ ਹੈ। ਇਸ ਲਈ ਕਈ ਵਾਰ ਉਸ ਨੂੰ ਅਫ਼ਸਰਾਂ ਦੇ ਤਾਅਨੇ ਵੀ ਸੁਣਨੇ ਪੈਂਦੇ ਹਨ। ਦਫ਼ਤਰ ਵਿੱਚ ਸ਼੍ਰੀਕਾਂਤ ਦੀ ਟੀਮ ਮੈਂਬਰਾਂ ਵਿੱਚ ਉਸ ਦਾ ਅਣਵਿਆਹਿਆ ਦੋਸਤ ਜੇ. ਕੇ. ਹੈ। ਫੋਰਸ-ਵਨ ਨਾਲ਼ ਸਬੰਧਤ ਅਫ਼ਸਰ ਇਮਰਾਨ ਪਾਸ਼ਾ ਵੀ ਉਸ ਦਾ ਦੋਸਤ ਹੈ। ‘ਦਿ ਫੈਮਲੀ ਮੈਨ’ ਦੇ ਪਹਿਲੇ ਸੀਜ਼ਨ ਵਿੱਚ ਪਾਕਿਸਤਾਨ ਦੇ ਸਿਆਸਤਦਾਨ ਅੰਸਾਰੀ ਅਤੇ ਮੇਜਰ ਸਮੀਰ ਸੱਤ੍ਹਾ ’ਤੇ ਕਾਬਜ਼ ਹੋਣ ਲਈ ਭਾਰਤ-ਪਾਕ ਜੰਗ ਕਰਵਾਉਣਾ ਚਾਹੁੰਦੇ ਹਨ। ਇਸ ਮਕਸਦ ਦੀ ਪੂਰਤੀ ਲਈ ਉਹ ਭਾਰਤ ਵਿੱਚ ਭੋਪਾਲ ਗੈਸ ਜਿਹਾ ਕੋਈ ਵੱਡਾ ਕਾਂਡ ਕਰਨਾ ਚਾਹੁੰਦੇ ਹਨ। ਇਸ ਯੋਜਨਾ ਨੂੰ ਅਪ੍ਰੇਸ਼ਨ ਜੁਲਫ਼ਕਾਰ ਦਾ ਸੰਕੇਤਕ ਨਾਂ ਦਿੱਤਾ ਜਾਂਦਾ ਹੈ। ਇਸ ਕੰਮ ਲਈ ਦੋ ਜਿਹਾਦੀਆਂ ਮੂਸਾ ਅਤੇ ਸਾਜਿਦ ਨੂੰ ਤਿਆਰ ਕਰਦੀ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਰਲ਼ ਜਾਂਦੀਆਂ ਹਨ। ਅੰਸਾਰੀ ਪਾਕਿਸਤਾਨ ਸਰਕਾਰ ਨਾਲ਼ ਸੌਦੇਬਾਜ਼ੀ ਕਰ ਲੈਂਦਾ ਹੈ।

  ਸ਼੍ਰੀਕਾਂਤ ਅਤੇ ਐਨ.ਆਈ.ਏ. ਦੀ ਟੀਮ ਇਸ ਅਪ੍ਰੇਸ਼ਨ ਨੂੰ ਅਸਫ਼ਲ ਕਰ ਦਿੰਦੇ ਹਨ। ਪਰ ਮੂਸਾ ਅਤੇ ਸਾਜਿਦ ਮੇਜਰ ਸਮੀਰ ਦੀ ਰਾਖਵੀਂ ਯੋਜਨਾ ਜੁਲਫ਼ਕਾਰ ਭਾਗ 2 ਅੰਸ਼ਕ ਰੂਪ ਨੇਪਰੇ ਚਾੜ੍ਹ ਦਿੰਦੇ ਹਨ। ਮੂਸਾ ਅਤੇ ਸਾਜਿਦ ਦੀ ਆਪਸੀ ਲੜਾਈ ਵਿੱਚ ਮੂਸਾ ਮਾਰਿਆ ਜਾਂਦਾ ਹੈ ਜਦ ਕਿ ਸਾਜਿਦ ਬਚ ਕੇ ਨਿੱਕਲ਼ ਜਾਂਦਾ ਹੈ। ਭਾਰਤ ਸਰਕਾਰ ਦੇਸ਼ ਦੇ ਵਿਆਪਕ ਹਿੱਤਾਂ ਨੂੰ ਦੇਖਦਿਆਂ ਇਸ ਅੱਤਵਾਦੀ ਕਾਰਵਾਈ ਨੂੰ ਸਨਅਤੀ ਹਾਦਸਾ ਗਰਦਾਨ ਦਿੰਦੀ ਹੈ। ਦੂਜੇ ਸੀਜ਼ਨ ਵਿੱਚ ਮੇਜਰ ਸਮੀਰ ਅਤੇ ਈਲਮ ਤਾਮਿਲ ਕਾਰਕੁੰਨ ਮਿਲ਼ ਕੇ ਭਾਰਤ ਅਤੇ ਸ੍ਰੀਲੰਕਾ ਵਿੱਚ ਹੋਣ ਵਾਲ਼ੀ ਦੁਵੱਲੀ ਵਾਰਤਾ ਨੂੰ ਅਸਫ਼ਲ ਕਰਨਾ ਚਾਹੁੰਦੇ ਹਨ। ਇਸ ਕੰਮ ਲਈ ਸਾਜਿਦ ਅਤੇ ਈਲਮ ਕਾਰਕੁਨ ਰਾਜੀ ਨੂੰ ਚੁਣਿਆ ਜਾਂਦਾ ਹੈ। ਵਾਰਤਾ ਦੀ ਥਾਂ ਨੂੰ ਵਿਸਫੋਟਕਾਂ ਨਾਲ਼ ਭਰੇ ਹਵਾਈ ਜਹਾਜ਼ ਨਾਲ਼ ਉਡਾਉਣ ਦੀ ਇਸ ਯੋਜਨਾ ਨੂੰ ਸ਼੍ਰੀਕਾਂਤ ਅਤੇ ਐਨ.ਆਈ.ਏ. ਦੀ ਟੀਮ ਉਨਾਂ ਦੀ ਇਸ ਕੋਸ਼ਿਸ਼ ਨੂੰ ਵੀ ਅਸਫ਼ਲ ਕਰ ਦਿੰਦੀ ਹੈ।

  ਵਿਚਾਰਕ ਪੱਖ ਤੋਂ ਦੇਖਿਆ ਜਾਵੇ ਤਾਂ ‘ਦਿ ਫੈਮਲੀ ਮੈਨ’ ਭਾਰਤੀ ਸੱਤ੍ਹਾਧਾਰੀ ਭਾਜਪਾ-ਸੰਘ ਦੇ ਏਜੰਡੇ ਨੂੰ ਲਾਗੂ ਕਰਨ ਦੀ ਪੈਰਵੀ ਹੀ ਕਰਦੀ ਹੈ। ਇਹ ਇੱਕ ਅਤੀ ਕੇਂਦਰੀਕਿ੍ਰਤ ਫਾਸੀਵਾਦੀ ਰਾਜ ਦੀ ਪੈਰਵੀ ਕਰਦੀ ਹੈ। ਇਸ ਵਿੱਚ ਸਭ ਤੋਂ ਵੱਧ ਮਹੱਤਤਾ ਕੇਂਦਰੀ ਏਜੰਸੀ ਐਨ.ਆਈ.ਏ. ਨੂੰ ਦਿੱਤੀ ਗਈ ਹੈ ਜਿਸ ਅੱਗੇ ਕੇਂਦਰ ਅਤੇ ਸੂਬਿਆਂ ਦੀਆਂ ਬਾਕੀ ਸੰਸਥਾਵਾਂ ਦੋਮ ਦਰਜਾ ਰੱਖਦੀਆਂ ਹਨ। ਬਿਨਾਂ ਸ਼ੱਕ ਇਨ੍ਹਾਂ ਏਜੰਸੀਆਂ ਵਿੱਚ ਮੱਤਭੇਦਾਂ ਨੂੰ ਵੀ ਪੇਸ਼ ਕੀਤਾ ਗਿਆ ਹੈ ਪਰ ਅੰਤਮ ਤੌਰ ’ਤੇ ਐਨ.ਆਈ.ਏ. ਦੀ ਹੀ ਚੱਲਦੀ ਹੈ। ਐਨ.ਆਈ.ਏ. ਦੇ ਮੁਕਾਬਲੇ ਸੂਬਿਆਂ ਦੀਆਂ ਏਜੰਸੀਆਂ ਜਾਂ ਤਾਂ ਉਸ ਦੀਆਂ ਜੂਨੀਅਰ ਸਹਿਯੋਗੀ ਬਣਦੀਆਂ ਹਨ ਅਤੇ ਜਾਂ ਫਿਰ ਇਹ ਉਨਾਂ ਨੂੰ ਦਰੜ ਕੇ ਅੱਗੇ ਵਧ ਜਾਂਦੀ ਹੈ। ਸੀਰੀਜ਼ ਵਿਚਲੀ ਪੇਸ਼ਕਾਰੀ ਰਾਹੀਂ ਇਹ ਦਰਸਾਉਣ ਦਾ ਯਤਨ ਕੀਤਾ ਗਿਆ ਹੈ ਕਿ ਸੂਬਿਆਂ ਦੀਆਂ ਏਜੰਸੀਆਂ ਅੱਤਵਾਦ ਨੂੰ ਰੋਕਣ ਦੇ ਰਾਹ ਵਿੱਚ ਰੁਕਾਵਟ ਹਨ ਤੇ ਤਾਕਤਾਂ ਦਾ ਅੰਨ੍ਹਾ ਕੇਂਦਰੀਕਰਨ ਅਤੀ ਜ਼ਰੂਰੀ ਹੈ।

  ਇਹ ਭਾਰਤ ਦੀ ਹਾਕਮ ਜਮਾਤ ਦੀ ਏਸ ਖਿੱਤੇ ਵਿੱਚ ਖੇਤਰੀ ਤਾਕਤ ਵਜੋਂ ਸਥਾਪਤ ਹੋਣ ਦੀ ਖਾਹਿਸ਼ ਨੂੰ ਵੀ ਜ਼ਾਹਿਰ ਕਰਦੀ ਹੈ। ਦੂਜੇ ਸੀਜ਼ਨ ਵਿੱਚ ‘ਭਾਰਤੀ ਹਿੱਤਾਂ’ ਦੇ ਮੱਦੇਨਜ਼ਰ ਭਾਰਤ ਦੀ ਪ੍ਰਧਾਨ ਮੰਤਰੀ ਬਾਸੂ ਸ੍ਰੀਲੰਕਾ ਦੇ ਰਾਸ਼ਟਰਪਤੀ ਰੂਪਾਤੁੰਗਾ ਦੇ ਕਹਿਣ ’ਤੇ ਜਲਾਵਤਨ ਈਲਮ ਸਰਕਾਰ ਦੇ ਮੰਤਰੀ ਨੂੰ ਗਿ੍ਰਫ਼ਤਾਰ ਕਰਕੇ ਸ੍ਰੀਲੰਕਾ ਨੂੰ ਸੌਂਪਣ ਲਈ ਤਿਆਰ ਹੋ ਜਾਂਦੀ ਹੈ। ਦੂਜੇ ਪਾਸੇ ਸ੍ਰੀਲੰਕਾ ਦੇ ਈਲਮ ਤਾਮਿਲਾਂ ਦੀ ਲਹਿਰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਗਈ। ਈਲਮ ਤਾਮਿਲ ਜਲਾਵਤਨ ਸਰਕਾਰ ਦੇ ਵਿਦੇਸ਼ਾਂ ਵਿੱਚ ਬੈਠੇ ਆਗੂ ਸ਼ਰਾਬ ਪੀਂਦੇ ਅਤੇ ਅੱਯਾਸ਼ੀ ਕਰਦੇ ਹੋਏ ਦਿਖਾਏ ਗਏ ਹਨ ਜਦ ਕਿ ਇਸ ਜਥੇਬੰਦੀ ਦੇ ਮੈਂਬਰਾਂ ’ਤੇ ਸ਼ਰਾਬ ਅਤੇ ਸਿਗਰਟ ਪੀਣ ’ਤੇ ਪਾਬੰਦੀ ਸੀ। ਖਾੜਕੂ ਰਾਜੀ ਤੋਂ ਪੁੱਛਗਿੱਛ ਦੌਰਾਨ ਸ਼੍ਰੀਕਾਂਤ ਆਪਣੀ ਸਾਥੀ ਅਫ਼ਸਰ ਨੂੰ ਕਹਿੰਦਾ ਹੈ ਕਿ ਇਨਾਂ ਦੇ ਆਗੂ ਵਿਦੇਸ਼ਾਂ ਵਿੱਚ ਬੈਠ ਕੇ ਐਸ਼ ਕਰਦੇ ਹਨ ਪਰ ਇਹੋ ਜਿਹੇ ਮਾਸੂਮਾਂ ਦੀ ਬੁੱਧ ਭਿ੍ਰਸ਼ਟ ਕਰਕੇ ਬਲੀ ਦਾ ਬੱਕਰਾ ਬਣਾਉਂਦੇ ਹਨ। ਇਹ ਗੱਲ ਤੱਥਾਂ ਨਾਲ਼ ਮੇਲ਼ ਨਹੀਂ ਖਾਂਦੀ।
  ਇਸ ਤੋਂ ਪਹਿਲਾਂ ਰਾਜੀ ਨੂੰ ਬਲੈਕਮੇਲ ਕਰਦਾ ਫੈਕਟਰੀ ਵਿੱਚ ਉਸ ਦਾ ਇੰਚਾਰਜ ਨੰਦਾ ਕਹਿੰਦਾ ਹੈ ਹੁਣ ਤਾਮਿਲ ਸ਼ਰਨਾਰਥੀਆਂ ਵੱਲ ਤਾਮਿਲਨਾਡੂ ਦੇ ਲੋਕਾਂ ਦਾ ਵਤੀਰਾ ਬਦਲ ਗਿਆ ਹੈ।

  ਜਦ ਕਿ ਤੱਥ ਇਹ ਹੈ ਕਿ ਤਾਮਿਲਨਾਡੂ ਦੀ ਡੀ.ਐਮ.ਕੇ ਸਰਕਾਰ 24 ਮਈ, 2021 ਨੂੰ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਰਾਹੀਂ ‘ਦਿ ਫੈਮਲੀ ਮੈਨ’ ਦੇ ਦੂਜੇ ਸੀਜ਼ਨ ਦੇ ਪ੍ਰਸਾਰਣ ’ਤੇ ਇਸ ਕਾਰਨ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ ਕਿ ਇਹ ਨਾ ਸਿਰਫ਼ ਇਲਮ ਤਾਮਿਲਾਂ ਦੀਆਂ ਭਾਵਨਾਵਾਂ ਨੂੰ ਸਗੋਂ ਤਾਮਿਲ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਵੇਗੀ। ਠੀਕੇ ਇਸੇ ਤਰਾਂ ‘ਦਿ ਫੈਮਲੀ ਮੈਨ’ ਸੂਬਿਆਂ ਦੇ ਲੋਕਾਂ ਦੀਆਂ ਭਾਵਾਨਾਵਾਂ ਨੂੰ ਦਰਕਿਨਾਰ ਕਰਨ ਦੀ ਗੱਲ ਵੀ ਕੀਤੀ ਗਈ ਹੈ। ਇੱਕ ਪਾਤਰ ਸੁਆਲ ਕਰਦਾ ਹੈ ਕਿ ਕੀ ਕੋਈ ਪ੍ਰਧਾਨ ਮੰਤਰੀ ਇੱਕ ਸੂਬੇ ਦੀਆਂ ਵੋਟਾਂ ਨੂੰ ਨਜ਼ਰ-ਅੰਦਾਜ਼ ਕਰ ਸਕਦਾ ਹੈ। ਪਰ ਸੀਰੀਜ਼ ਵਿੱਚ ਇਸ ਦਾ ਜੁਆਬ ਹੀ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਬਾਸੂ ਆਪਣੇ ਆਪ ਨੂੰ ਸਖ਼ਤ ਆਗੂ ਵਜੋਂ ਪੇਸ਼ ਕਰਨ ਲਈ ਲੋਕਾਂ ਦੇ ਵਿਰੋਧ ਦੇ ਬਾਵਜੂਦ ਤਾਮਿਲਨਾਡੂ ਵਿੱਚ ਹੀ ਸਿਖਰ-ਵਾਰਤਾ ਰੱਖਦੀ ਹੈ ਤਾਂ ਕਿ ਲੋਕਾਂ ਨੂੰ ਸੰਦੇਸ਼ ਦਿੱਤਾ ਜਾ ਸਕੇ। ਪ੍ਰਧਾਨ ਮੰਤਰੀ ਦੀ ਸਖ਼ਤ ਆਗੂ ਦੀ ਦਿੱਖ ਨੂੰ ਹੋਰ ਮਜ਼ਬੂਤ ਕਰਨ ਲਈ ਟੈਲੀਵਿਜ਼ਨ ’ਤੇ ਤਾਮਿਲਨਾਡੂ ਦੀਆਂ ਸਿਆਸੀ ਪਾਰਟੀਆਂ ਦੇ ਵਿਰੋਧ ਦੀ ਫੁਟੇਜ਼ ਨੂੰ ਚਲਾਕੀ ਨਾਲ਼ ਵਰਤਿਆ ਗਿਆ ਹੈ।

  ‘ਦਿ ਫੈਮਲੀ ਮੈਨ’ ਸੰਘ-ਭਾਜਪਾ ਦੇ ਦੱਖਣੀ ਸੂਬਿਆਂ ਵਿੱਚ ਜਬਰੀ ਹਿੰਦੀ ਥੋਪਣ ਦੇ ਯਤਨਾਂ ਦੀ ਹਮਾਇਤ ਕਰਦੀ ਹੈ। ਸ਼੍ਰੀਕਾਂਤ ਦੇ ਘਰ ਹੋ ਰਹੀ ਪਾਰਟੀ ਵਿੱਚ ਉਸ ਦੇ ਹਿੰਦੀ ਭਾਸ਼ੀ ਪਿਤਾ ਅਤੇ ਤਾਮਿਲ ਸੱਸ ਦਰਮਿਆਨ ਹਿੰਦੀ ਭਾਸ਼ਾ ਬਨਾਮ ਹੋਰਨਾ ਭਾਸ਼ਾਵਾਂ ਸਬੰਧੀ ਬਹਿਸ ਹੁੰਦੀ ਹੈ। ਸੰਕੇਤਕ ਰੂਪ ਵਿੱਚ ਇਸ ਬਹਿਸ ਦਾ ਅੰਤ ਬਾਅਦ ਵਿੱਚ ਤਾਮਿਲਨਾਡੂ ਦੇ ਇੱਕ ਪੁਲੀਸ ਦਫ਼ਤਰ ਵਿੱਚ ਹੁੰਦਾ ਹੈ ਜਦ ਐਨ.ਆਈ.ਏ. ਦਾ ਇੱਕ ਅਧਿਕਾਰੀ ਮਿਊਜ਼ਿਕ ਸਿਸਟਮ ’ਤੇ ਹਿੰਦੀ ਗੀਤ ਬਜਾਉਂਦਾ ਹੈ। ਉਨਾਂ ਦੀ ਟੀਮ ਵਿੱਚ ਸ਼ਾਮਲ ਤਾਮਿਲਨਾਡੂ ਦਾ ਪੁਲੀਸ ਅਫ਼ਸਰ ਮੁੱਥੂ ਪਾਂਡਿਆ ਇਹ ਗੀਤ ਬਦਲਕੇ ਤਾਮਿਲ ਗੀਤ ਲਾ ਦਿੰਦਾ ਹੈ। ਇਹ ਅਧਿਕਾਰੀ ਆਪਣਾ ਪਿਸਤੌਲ ਬਾਹਰ ਕੱਢ ਲੈਂਦਾ ਹੈ। ਉਨਾਂ ਦਾ ਸਾਥੀ ਮੁੱਥੂ ਨੂੰ ਉਸ ਦੇ ਕਰੈਕ ਹੋਣ ਦਾ ਇਸ਼ਾਰਾ ਕਰਦਾ ਹੈ। ਮੁੱਥੂ ਤਾਮਿਲ ਗੀਤ ਬੰਦ ਕਰਕੇ ਮੁੜ ਹਿੰਦੀ ਗੀਤ ਲਾ ਦਿੰਦਾ ਹੈ।

  ਇਸ ਤੋਂ ਅਗਲਾ ਏਜੰਡਾ ਹੈ ਅਖੌਤੀ ਲਵ-ਜਿਹਾਦ ਦਾ। ਸ਼੍ਰੀਕਾਂਤ ਦੇਸ਼ ਦੀ ਰਾਖੀ ਵਿੱਚ ਰੁੱਝਿਆ ਹੈ। ਉਸ ਦੀ ਪਤਨੀ ਸੁੱਚੀ ਆਪਣੇ ਕਾਰਪੋਰੇਟ ਨੌਕਰੀ ਵਿੱਚ ਰੁਝ ਜਾਂਦੀ ਹੈ। ਪਿੱਛੋਂ ਸਾਜਿਦ ਦਾ ਏਜੰਟ ਸਲਮਾਨ ਹਿੰਦੂ ਨਾਂ ਵਰਤ ਕੇ ਉਨਾਂ ਦੀ ਕੁੜੀ ਧਿ੍ਰਤੀ ਨੂੰ ‘ਲਵ ਜਿਹਾਦ’ ਵਿੱਚ ਫਸਾ ਕੇ ਉਸ ਨੂੰ ਅਗਵਾ ਕਰ ਲੈਂਦਾ ਹੈ। ਜਦ ਸ਼੍ਰੀਕਾਂਤ ਨੂੰ ਇਸ ਦਾ ਪਤਾ ਲੱਗਦਾ ਹੈ ਤਾਂ ਉਹ ਕਹਿੰਦਾ ਹੈ ਕਿ ਉਸ ਨੂੰ ਪਤਾ ਸੀ ਕਿ ਦੇਸ਼ ਸੇਵਾ ਕਰਨ ਬਦਲੇ ਅੱਤਵਾਦੀ ਉਸ ਦੇ ਘਰ ਤੱਕ ਪਹੁੰਚਣਗੇ। ਆਪਣਾ ਦੱਖਣ ਦਾ ਮਿਸ਼ਨ ਛੱਡ ਕੇ ਮੁੰਬਈ ਪਰਤਣਾ ਪੈਂਦਾ ਹੈ। ਜਦ ਸ਼੍ਰੀਕਾਂਤ ਘਰ ਪਹੁੰਚਦਾ ਹੈ ਤਦ ਤੱਕ ਉਸ ਦੀ ਪਤਨੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੁੰਦਾ ਹੈ। ਸ਼੍ਰੀਕਾਂਤ ਛੇਤੀ ਹੀ ਆਪਣੀ ਕੁੜੀ ਨੂੰ ਛੁੜਾ ਲੈਂਦਾ ਹੈ ਅਤੇ ਵਾਪਸ ਆਪਣੇ ਮਿਸ਼ਨ ’ਤੇ ਪਰਤ ਜਾਂਦਾ ਹੈ। ਸੰਘ-ਭਾਜਪਾ ਵੱਲੋਂ ਪ੍ਰਚਾਰੇ ਜਾ ਰਹੇ ਜਿਸ ਲਵ ਜਿਹਾਦ ਦੇ ਪੱਖ ਵਿੱਚ ਕੋਈ ਤੱਥ ਨਹੀਂ ਹੈ ਇਹ ਸੀਰੀਜ ਉਸਨੂੰ ਸੱਚ ਬਣਾ ਕੇ ਪੇਸ਼ ਕਰਦੀ ਹੈ।

  ਸ਼੍ਰੀਕਾਂਤ ਦੀ ਸ਼ਖ਼ਸ਼ੀਅਤ ਦਾ ਇੱਕ ਗੁਣ ਝੂਠ ਬੋਲਣਾ ਹੈ। ਉਹ ਘਰੇਲੂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੀ ਝੂਠ ਬੋਲਦਾ ਹੈ ਅਤੇ ਆਪਣੀ ਪੇਸ਼ੇਵਰ ਸਫ਼ਲਤਾ ਲਈ ਵੀ ਝੂਠ ਬੋਲਦਾ ਹੈ। ਪਹਿਲੇ ਸੀਜ਼ਨ ਦੇ ਸ਼ੁਰੂ ਵਿੱਚ ਹੀ ਉਹ ਖ਼ਤਰਨਾਕ ਅੱਤਵਾਦੀ ਮੂਸੇ ਨੂੰ ਆਪਣੀ ਮਾਂ ਦੀ ਝੂਠੀ ਕਹਾਣੀ ਸੁਣਾ ਕੇ ਸਮਰਪਣ ਕਰਨ ਲਈ ਕਾਇਲ ਕਰ ਲੈਂਦਾ ਹੈ। ਦੂਜੇ ਸੀਜ਼ਨ ਵਿੱਚ ਰਾਜੀ ਦੀ ਪੁੱਛ-ਗਿੱਛ ਕਰਨ ਦੌਰਾਨ ਉਹ ਮੁੰਬਈ ਬੰਬ ਧਮਾਕਿਆਂ ਦੇ ਸਬੰਧ ਵਿੱਚ ਆਪਣੀ ਫਰਜ਼ੀ ਕਹਾਣੀ ਘੜਦਾ ਹੈ। ਇਸ ਦੇ ਮੁਕਾਬਲੇ ਵਿੱਚ ਰਾਜੀ ਸ੍ਰੀਲੰਕਾ ਦੀ ਫੌਜ ਵੱਲੋਂ ਉਸ ਦੇ ਪਰਿਵਾਰ ’ਤੇ ਕੀਤੇ ਗਏ ਜ਼ੁਲਮਾਂ ਬਾਰੇ ਦੱਸਦੀ ਹੈ। ਅੰਤ ਵਿੱਚ ਉਹ ਕਹਿੰਦੀ ਹੈ ਕਿ ਉਸ ਦੀ ਕਹਾਣੀ ਸੱਚੀ ਹੈ। ਭਾਵ ਰਾਜੀ ਸ਼੍ਰੀਕਾਂਤ ਦੀ ਕਹਾਣੀ ਵਿਚਲਾ ਝੂਠ ਫੜ ਲੈਂਦੀ ਹੈ।

  ਸ਼੍ਰੀਕਾਂਤ ਦੀ ਏਜੰਸੀ ਕਰੀਮ ਅਤੇ ਉਸ ਦੇ ਦੋ ਨਿਰਦੋਸ਼ ਸਾਥੀਆਂ ਨੂੰ ਮੁਕਾਬਲੇ ਵਿੱਚ ਮਾਰ ਦਿੰਦੀ ਹੈ। ਸਰਕਾਰੀ ਏਜੰਸੀਆਂ ਇਸ ਗੁਨਾਹ ਨੂੰ ਜਨਤਕ ਤੌਰ ’ਤੇ ਕਬੂਲ ਕਰਨ ਦੀ ਥਾਂ ਸੰਕਟ ਪ੍ਰਬੰਧਨ ਦੇ ਨਾਂ ’ਤੇ ਉਨਾਂ ਨੂੰ ਅਸਲੀ ਅੱਤਵਾਦੀ ਗਰਦਾਨ ਦਿੰਦੀਆਂ ਹਨ ਤੇ ਸ਼੍ਰੀਕਾਂਤ ਮੁਖੀ ਦੇ ਮੂੰਹੋਂ ਇਸਨੂੰ ਜਾਇਜ਼ ਠਹਿਰਾਇਆ ਜਾਂਦਾ ਹੈ। ਏਜੰਸੀ ਦੇ ਅੰਦਰ ਸ਼੍ਰੀਕਾਂਤ ਇਸ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲੈਂਦਾ ਹੈ ਅਤੇ ਨਤੀਜੇ ਵਜੋਂ ਸਜ਼ਾ ਵਜੋਂ ਉਸ ਦੀ ਆਰਜ਼ੀ ਬਦਲੀ ਸ਼੍ਰੀਨਗਰ ਕਰ ਦਿੱਤੀ ਜਾਂਦਾ ਹੈ। ਭਾਵੇਂ ਨਿਰਦੇਸ਼ਕਾਂ ਨੇ ਇਨਾਂ ਤਿੰਨਾਂ ’ਚੋਂ ਇੱਕ ਨੌਜਵਾਨ ਨੂੰ ਪਹਿਲਾਂ ਫਾਇਰ ਕਰਦਾ ਦਿਖਾ ਕੇ ਅਸਿੱਧੇ ਰੂਪ ਵਿੱਚ ਏ.ਟੀ.ਐਸ ਨੂੰ ਬਰੀ ਕੀਤਾ ਗਿਆ ਹੈ। ਪਰ ਫਿਰ ਵੀ ਸ਼੍ਰੀਕਾਂਤ ਇਨਾਂ ਨਿਰਦੋਸ਼ਾਂ ਦੀ ਕਤਲ ਦੇ ਨੈਤਿਕ ਬੋਝ ਥੱਲੇ ਦੱਬਿਆ ਮਹਿਸੂਸ ਕਰਦਾ ਹੈ। ਜਦ ਉਸ ਨੂੰ ਉਸ ਦੇ ਸਾਥੀ ਪਾਸ਼ਾ ਦੀ ਮੌਤ ਦੀ ਖ਼ਬਰ ਮਿਲ਼ਦੀ ਹੈ ਤਾਂ ਉਹ ਆਪਣੀ ਇੰਚਾਰਜ ਸਲੋਨੀ ਕੋਲ਼ ਮਨ ਦਾ ਬੋਝ ਹਲਕਾ ਕਰਦਾ ਹੈ: ‘‘ਮੈਨੇ ਬਹੁਤ ਲੋਗੋ ਕੇ ਸਾਥ ਕਾਮ ਕੀਆ ਹੈ ਸਲੋਨੀ, ਲੇਕਿਨ ਪਾਸ਼ਾ ਜੈਸਾ ਦੂਸਰਾ ਕੋਈ ਮਿਲਾ ਹੀ ਨਹੀਂ। ਡਿਊਟੀ ਕੇ ਇਲਾਵਾ ਵੋ ਕੁਛ ਸੋਚਤਾ ਹੀ ਨਹੀਂ ਥਾ। ਪਹਿਲੇ ਵੋ ਤੀਨ ਬੇਕਸੂਰ ਲੜਕੇ ਮਾਰੇ ਗਏ, ਔਰ ਅਬ ਜਿਹ ਪਾਸ਼ਾ।’’ ਤਾਂ ਸਲੋਨੀ ਇਹ ਕਹਿੰਦਿਆਂ ਸ਼੍ਰੀਕਾਂਤ ਦਾ ਬੋਝ ਹਲਕਾ ਕਰਦੀ ਹੈ ਕਿ ਉਸ ਨੂੰ ਹਰ ਕਾਸੇ ਲਈ ਖ਼ੁਦ ਨੂੰ ਦੋਸ਼ੀ ਨਹੀਂ ਮੰਨਣਾ ਚਾਹੀਦਾ।

  ਇਸੇ ਤਰਾਂ ਦਾ ਦਵੰਦ ਸਲੋਨੀ ਭੱਟ ਦੇ ਮਨ ਵਿੱਚ ਵੀ ਹੈ। ਸਲੋਨੀ ਖ਼ੁਦ ਵੀ ਕਸ਼ਮੀਰ ਨਾਲ਼ ਸਬੰਧ ਰੱਖਦੀ ਹੈ ਅਤੇ ਕਸ਼ਮੀਰ ਦੇ ਲੋਕਾਂ ਨਾਲ਼ ਉਸ ਦੇ ਚੰਗੇ ਸਬੰਧ ਵੀ ਹਨ। ਸ਼੍ਰੀਨਗਰ ਦੇ ਲਾਲ ਚੌਂਕ ਵਿੱਚ ਫੌਜ ਆਮ ਲੋਕਾਂ ਨੂੰ ਰਸਤਾ ਬਦਲ ਕੇ ਜਾਣ ਨੂੰ ਕਹਿ ਰਹੀ ਹੈ।
  ਸ਼੍ਰੀਕਾਂਤ – ‘‘ਮਜ਼ੇ ਹੈਂ ਆਪ ਲੋਗੋਂ ਕੇ। ਸ੍ਰੀਨਗਰ ਮੇਂ ਰਾਜ ਚਲਤਾ ਹੈ ਆਪ ਲੋਗੋਂ ਕਾ। ਕਰਫਿਊ ਲਗਾ ਹੂਆ ਹੈ, ਔਰ ਲੋਗ ਲਾਲ ਚੌਂਕ ਪਰ ਹਮ ਅੱਡੇਬਾਜ਼ੀ ਕਰ ਰਹੇਂ ਹੈਂ!’’
  ਸਲੋਨੀ – ‘‘ਜ਼ਲਮੋਂ ਸਿਤਮ ਕੇ ਨਾਮ ਪਰ …’’
  ਸ਼੍ਰੀਕਾਂਤ- ‘‘ਤੁਮੇਂ ਸੱਚ ਮੇਂ ਐਸਾ ਲਗਤਾ ਹੈ?’’
  ਸਲੋਨੀ – ‘‘ਅਫਸਪਾ ਕੇ ਦਮ ਪਰ ਹਮ ਕੁਸ਼ ਵੀ ਕਰ ਸਕਤੇਂ ਹੈ, ਔਰ ਕਰਤੇ ਭੀ ਹੈਂ। ਨਤੀਜਾ ਉਨਕੀ ਤਰਫ਼ ਸੇ ਏਕ ਅਟੈਕ ਹੋਤਾ ਹੈ ਔਰ ਹਮ ਹਫ਼ਤੋਂ ਤਕ ਕਰਫਿਊ ਲਗਾ ਦੇਤੇਂ ਹੈ ਔਰ ਇੰਟਰਨੈਟ, ਮੋਬਾਈਲ ਸਰਵਿਸਿਜ਼, ਬਿਜ਼ਨਿਸਜ਼, ਸਕੂਲ ਬੰਦ ਕਰ ਦੇਤੇਂ ਹੈਂ। ਉਨਕੋ ਦਬਾਇਆ ਜਾ ਰਹਾ ਹੈ। ਕੀਮਤ ਬੱਚੋਂ ਕੋ ਚੁਕਾਨੀ ਪੜ ਰਹੀ ਹੈ। ਜਹਾਂ ਕੇ ਲੋਕ ਹਮਾਰੇ ਰਹਿਮੋ-ਕਰਮ ਪਰ ਜੀਅ ਰਹੇ ਹੈਂ। ਕਿਸੀ ਕੋ ਖੁੱਲ ਕੇ ਆਜ਼ਾਦੀ ਸੇ ਜੀਨੇ ਨਹੀਂ ਦੇਨਾ ਅਗਰ ਜ਼ੁਲਮ ਨਹੀਂ ਹੈ ਤੋ ਕਿਯਾ ਹੈ? ਇਸ ਗੇਮ ਮੇਂ ਬਹੁਤ ਸਾਰੇ ਖਿਲਾੜੀ ਹੈਂ। … ਔਰ ਪਿਸ ਰਹੇ ਹੈਂ ਹਮੇਸ਼ਾਂ ਕੀ ਤਰਾਂ ਕਸ਼ਮੀਰ ਕੀ ਅਵਾਮ। ਕਭੀ ਕਭੀ ਤੋ ਯਿਹ ਸਮਝ ਮੇਂ ਨਹੀਂ ਆਤਾ ਕਿ ਇਸ ਲੜਾਈ ਮੇਂ ਸਹੀ ਕੌਨ ਹੈ ਔਰ ਗ਼ਲਤ ਕੌਨ? ਉਨਾਂ ਦੇ ਨਜ਼ਰੀਏ ਤੋਂ ਦੇਖੀਏ ਤਾਂ ਸਾਡੇ ਅਤੇ ਉਨਾਂ ਵਿੱਚ ਫਰਕ ਹੀ ਕੀ ਹੈ?’’

  ਹੁਣ ਜੇ ਕਸ਼ਮੀਰ ਦੇ ਲੋਕਾਂ ਦੀ ਗੱਲ ਕਰੀਏ ਤਾਂ ਸਲੋਨੀ ਦੁਆਰਾ ਪੇਸ਼ ਕੀਤਾ ਗਈ ਸਮਝ ਕਿ ਕਸ਼ਮੀਰ ਦੇ ਲੋਕ ਦੋ ਪੁੜਾਂ ਵਿੱਚ ਪਿਸ ਰਹੇ ਹਨ। ਭਾਰਤ ਅਤੇ ਪਾਕਿਸਤਾਨ ਬਾਰੇ ਤਾਂ ਸਹੀ ਹੈ ਪਰ ਜੇ ਭਾਰਤ ਅਤੇ ਕਸ਼ਮੀਰ ਦੀ ਕੌਮੀ ਜੰਗ ਦੇ ਸਬੰਧ ਵਿੱਚ ਇਹ ਗੱਲ ਦਰੁਸਤ ਨਹੀਂ ਹੈ। ਖੈਰ! ਸਲੋਨੀ ਦੀ ਦੁਵਿਧਾ ਨੂੰ ਸ਼੍ਰੀਕਾਂਤ ਇਹ ਕਹਿ ਦੇ ਬਾਹਰ ਲਿਆਉਂਦਾ ਹੈ ਕਿ ‘‘ਬਹੁਤ ਸਾਰੀ ਜ਼ਿੰਦਗੀਆਂ ਜੁੜੀ ਹੂਈ ਹੈ ਹਮ ਸੇ, ਦੇਸ਼ ਕਾ ਫਿਊਚਰ ਜੁੜਾ ਹੂਆ ਹੈ।’’ ਇਸ ਤਰਾਂ ‘ਦਿ ਫੈਮਲੀ ਮੈਨ’ ਦੇਸ਼ ਦੇ ਭਵਿੱਖ ਦੇ ਓਹਲੇ ਜ਼ੁਲਮ ਨੂੰ ਵੀ ਜਾਇਜ਼ ਠਹਿਰਾਉਂਦੀ ਹੈ। ਕੁੱਲ ਮਿਲ਼ਾ ਕੇ ‘ਦਿ ਫੈਮਲੀ ਮੈਨ’ ਵਿੱਚ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਚੱਲੀਆਂ ਅਤੇ ਚੱਲ ਰਹੀਆਂ ਕੌਮੀ ਅਤੇ ਜਮਾਤੀ ਲੋਕ ਲਹਿਰਾਂ ਦੇ ਅੰਦਰੂਨੀ ਕਾਰਨਾਂ ਦੀ ਪੜਤਾਲ ਕਰਨ ਦੀ ਥਾਂ ਇਨਾਂ ਨੂੰ ਦੁਸ਼ਮਣਾਂ ਦੀਆਂ ਸਾਜ਼ਿਸ਼ਾਂ ਸਮਝਦੀ ਹੈ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖ਼ਤਰਾ ਸਮਝਦੀ ਹੈ। ਪਹਿਲੇ ਸੀਜ਼ਨ ਵਿੱਚ ਮੁਸਲਮ ਅੱਤਵਾਦ, ਦੂਜੇ ਵਿੱਚ ਤਾਮਿਲ ਅੱਤਵਾਦ ਨੂੰ ਪੇਸ਼ ਕੀਤਾ ਗਿਆ ਹੈ ਤੇ ਤੀਜੇ ਸੀਜ਼ਨ ਵਿੱਚ ਨਾਗਾਲੈਂਡ ਦੇ ਕੌਮੀ ਸੰਘਰਸ਼ ਨੂੰ ਭੰਡਣ ਦਾ ਇਸ਼ਾਰਾ ਕਰ ਦਿੱਤਾ ਗਿਆ ਹੈ। ਇਮਰਾਨ ਪਾਸ਼ਾ ਜਿਹਾ ਮੁਸਲਿਮ ਕਿਰਦਾਰ ਸਲਮਾਨਾਂ, ਸਮੀਰਾਂ, ਬਿਲਾਲਾਂ, ਮੂਸਿਆਂ, ਸਾਜਿਦਾਂ ਜਿਹੇ ਕਿਰਦਾਰਾਂ ਦੀ ਭੀੜ ਵਿੱਚ ਰੁਲ਼ ਜਾਂਦਾ ਹੈ। ਇਹ ਹਾਲ ਮੁੱਥੂ ਪਾਂਡਿਆਂ ਦੇ ਤਾਮਿਲ ਕਿਰਦਾਰ ਦਾ ਹੁੰਦਾ ਹੈ। ਬਿਨਾਂ ਸ਼ੱਕ ਸੰਤੁਲਨ ਦੇ ਨਾਂ ’ਤੇ ਇਨਾਂ ਲਹਿਰਾਂ ਪਿਛਲੇ ਕਾਰਨਾਂ ਅਤੇ ਲੋਕਾਂ ਉੱਤੇ ਕੀਤੇ ਕਸ਼ਮੀਰ, 2002 ਦੇ ਗੁਜਰਾਤ ਕਤਲੇਆਮ ਅਤੇ ਸ਼੍ਰੀਲੰਕਾਂ ਵਿੱਚ ਤਾਮਿਲਾਂ ’ਤੇ ਕੀਤੇ ਜ਼ੁਲਮਾਂ ਦਾ ਜਿਕਰ ਵੀ ਕੀਤਾ ਗਿਆ ਹੈ। ਪਰ ਜ਼ਿਆਦਾਤਰ ਜ਼ਿਕਰ ਕਿਸ਼ਤ ਦੀ ਸ਼ੁਰੂਆਤ ਵਿੱਚ ਹੀ ਹੁੰਦਾ ਹੈ ਅਤੇ ਇਹ ਚਲਾਵਾਂ ਜਿਹਾ ਹੀ ਕੀਤਾ ਗਿਆ ਹੈ। ਦਰਸ਼ਕਾਂ ਦੇ ਦਿਮਾਗ ਵਿੱਚ ਸੱਤ੍ਹਾਧਾਰੀ ਸੰਘ-ਭਾਜਪਾ ਦਾ ਪ੍ਰਵਚਨ ਹੀ ਭਾਰੂ ਪੱਖ ਰਹਿੰਦਾ ਹੈ।

  •ਕੁਲਵਿੰਦਰ      (ਧੰਨਵਾਦ ਸਹਿਤ ਲਲਕਾਰ ਮੈਗਜ਼ੀਨ)

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img