ਅਸੀੰ ਤੁਹਾਨੂੰ ਪਾਤਸ਼ਾਹ ਦੇ ਹਜੂਰੀ ਸਿੱਖ ਭਾਈ ਬਚਿਤਰ ਸਿੰਘ ਦੇ ਦਰਸ਼ਨ ਤਾਂ ਨਹੀੰ ਕਰਵਾ ਸਕਦੇ ਪਰ ਬਾਬਾ ਜੀ ਦੀ ਨਾਗਣੀ ਦੀ ਕਰਾਮਾਤ ਦਾ ਝਲਕਾਰਾ ਮਾਤਰ ਦਿਖਾ ਸਕਦੇ ਹਾਂ। ਹੇਠਲੀ ਤਸਵੀਰ ਵਿਚ 17ਵੀੰ ਸਦੀ ‘ਚ ਹਾਥੀਆਂ ਨੂੰ ਜੰਗ ਦੇ ਮੈਦਾਨ ‘ਚ ਲਿਜਾਣ ਸਮੇੰ ਪਾਇਆ ਜਾਣ ਵਾਲਾ ਬਖਤਰਬੰਦ ਹੈ। ਇਹ ਪੂਰੇ ਦਾ ਪੂਰਾ ਇੰਗਲੈੰਡ ਦੇ ਇਕ ਅਜਾਇਬਘਰ ‘ਚ ਦਿਖਾਲੇ ਲਈ ਰੱਖਿਆ ਏ। ਸੰਨ 1798 ਤੋਂ 1800 ਦੇ ਦਰਮਿਆਨ ਲੇਡੀ ਕਲਾਈਵ ਜੋ ਕਿ ਮਦਰਾਸ ਦੇ ਰਾਜਪਾਲ ਦੂਜੇ ਲਾਰਡ ਕਲਾਈਵ ਦੀ ਘਰਵਾਲੀ ਸੀ ਨੇ ਇਹ ਬਖਤਰਬੰਦ ਕਿਸੇ ਰਾਜ ਘਰਾਣੇ ਕੋਲੋੰ ਲੈ ਲਿਆ ਤੇ ਫੇਰ ਇੰਗਲੈੰਡ ਲੈ ਗਈ। ਇਸ ਵਿਚ ਮਜਬੂਤ ਫ਼ੌਲਾਦੀ ਲੋਹੇ ਦੀਆ ਪਲੇਟਾਂ ਪਈਆ ਹੋਈਆਂ ਨੇ ਜਿੰਨਾ ਨਾਲ ਹਾਥੀ ਦਾ ਸਾਰਾ ਸਰੀਰ ਢੱਕਿਆ ਜਾਂਦਾ ਸੀ।
ਇਹਦੇ ‘ਚ 5840 ਪਲੇਟਾਂ ਨੇ ਤੇ ਭਾਰ 118 ਕਿੱਲੋ ਹੈ। ਦੋ ਗਵਾਚ ਚੁੱਕੀਆਂ ਪਲੇਟਾਂ ਦੇ ਖਾਂਚੇ ਬਣੇ ਹੋਏ ਨੇ। ਇਹਦੇ ਤੇ ਤਲਵਾਰਾਂ, ਭਾਲੇ, ਨੇਜੇ ਤੇ ਨਿੱਕੀ ਤੋਪ ਟੰਗਣ ਦਾ ਜੁਗਾੜ ਵੀ ਬਣਿਆ ਹੋਇਆ। ਦੋ ਤਲਵਾਰਾਂ ਦੰਦਾਂ ਨਾਲ ਬੰਨੀਆਂ ਜਾਂਦੀਆ ਸੀ। ਇਸ ਤਰਾਂ ਦੇ ਬਖਤਰਬੰਦ ਹਾਥੀ ਮੁਗਲ ਦੌਰ ‘ਚ ਆਮ ਸੀ ਜੋ ਦੁਸਮਣ ਦੀ ਫੌਜ ਨੂੰ ਦਰੜਦੇ ਅੱਗੇ ਤੁਰੇ ਜਾਂਦੇ। ਪਹਾੜ ਦੇ ਹਿੰਦੂ ਰਾਜੇ ਵੀ ਮੁਗਲਾਂ ਦੀ ਸ੍ਰਪਰਸਤੀ ਨਾਲ ਗੁਰੂ ਸਾਹਿਬ ਵਿਰੁੱਧ ਅਜਿਹਾ ਹੀ ਹਾਥੀ ਲੈਕੇ ਚੜੇ ਸਨ। ਪਰ ਭਾਈ ਬਚਿੱਤਰ ਸਿੰਘ ਦੀ ਨਾਗਣੀ ਪਾਤਸ਼ਾਹ ਦੇ ਨਿੱਜੀ ਸ਼ਸਤਰ ਸੰਗ੍ਰਿਹ ਦਾ ਹਿੱਸਾ ਸੀ ਜੋ ਕਿ ਉੱਤਮ ਦਰਜੇ ਦੇ ਫ਼ੌਲਾਦ ਦੀ ਬਣੀ ਸੀ। ਭਾਈ ਬਚਿੱਤਰ ਸਿੰਘ ਗੁਰੂ ਪਾਤਸ਼ਾਹ ਦੀ ਨੂਰਾਨੀ ਅੱਖ ਦਾ ਇਸ਼ਾਰਾ ਸਮਝ ਕੇ ਜੰਗ ਦੇ ਮੈਦਾਨ ਵਿਚ ਉੱਤਰਿਆ ਸੀ। ਉਸ ਦੇ ਗੁਰੂ ਤੇ ਵਿਸ਼ਵਾਸ ਦੇ ਸਾਹਮਣੇ ਹਾਥੀ ਮਹਿਜ ਕੱਟਾ ਤੇ ਫ਼ੌਲਾਦੀ ਬਖਤਰਬੰਦ ਕਾਗਜ ਸਮਾਨ ਸੀ। ਖੈਰ! ਹਾਥੀਆਂ ਦੇ ਬਖਤਰਬੰਦ ਤਾਂ ਅਜਾਇਬਘਰਾਂ ‘ਚ ਸਾਂਭੇ ਜਾ ਸਕਦੇ ਨੇ। ਪਰ ਗੁਰੂ ਤੇ ਭਰੋਸਾ, ਹਿੰਮਤ ਤੇ ਦਲੇਰੀ ਅਜਾਇਬਘਰਾਂ ‘ਚ ਨਹੀਂ, ਸੀਨਿਆਂ ‘ਚ ਸਾਂਭੀ ਜਾਂਦੀ ਏ। ਜੋ ਮਾਵਾਂ-ਦਾਦੀਆਂ ਆਪਣੇ ਬਾਲਾਂ ਨੂੰ ਸਾਖੀਆਂ ਰਾਹੀਂ ਅਗਲੀਆਂ ਪੀੜੀਆਂ ਤੱਕ ਪਹੁੰਚਾਉੰਦੀਆਂ ਨੇ।