ਸ੍ਰੀ ਅੰਮ੍ਰਿਤਸਰ ਸਾਹਿਬ 19 ਮਈ (ਰਛਪਾਲ ਸਿੰਘ , ਇੰਦ੍ਰਜੀਤ ਉਦਾਸੀਨ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਕੁਝ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ‘ਚ ਬਿਨਾਂ ਐਗਜ਼ੈਕਟਿਵ ਤੋਂ ਅਤੇ ਬਿਨਾਂ ਇਸ਼ਤਿਹਾਰ ਦਿੱਤੇ ਹੀ ਸਿੱਧੀ ਭਰਤੀ ਕਰਨ ਅਤੇ ਸੰਗਤ ਨੂੰ ਗੁਮਰਾਹ ਕਰਨ ਦੇ ਦੋਸ਼ ਲਾਉਂਦਿਆਂ ਰੋਸ ਵਜੋਂ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਅਤੇ ਅੰਤ੍ਰਿੰਗ ਮੈਂਬਰ ਸੰਤ ਚਰਨਜੀਤ ਸਿੰਘ ਜੱਸੋਵਾਲ ਨੇ ਬੇਨਿਯਮੀਆਂ ਤਹਿਤ ਦੋ ਦਰਜਨ ਤੋਂ ਵੱਧ ਕੀਤੀ ਭਰਤੀ ਤੇ ਬੀਬੀ ਜਗੀਰ ਕੌਰ ਖ਼ਿਲਾਫ਼ ਗੰਭੀਰ ਦੋਸ਼ ਲਗਾਏ ਹਨ ਜਿਸ ਦੀ ਬਿਨਾਂ ਦੇਰੀ ਉੱਚ ਪੱਧਰੀ ਨਿਰਪੱਖ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਬੰਦੀ ਅਮਰ ਖ਼ਾਲਸਾ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਭਾਈ ਅਵਤਾਰ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਆਪਦੇ ਭਾਣਜੇ ਬਲਰਾਜ ਸਿੰਘ ਪੁੱਤਰ ਹਰਦੀਪ ਸਿੰਘ ਜਿਸ ਨੂੰ ਦੋ ਮਹੀਨੇ ਪਹਿਲਾਂ ਜੋੜੀ ’ਤੇ ਸਹਾਇਕ ਅਤੇ ਫਿਰ ਇਕ ਮਹੀਨੇ ਬਾਅਦ ਹੀ ਗੁ: ਸੁਖਚੈਆਣਾ ਸਾਹਿਬ ਫਗਵਾੜਾ ਵਿਖੇ ਹੈੱਡ ਰਾਗੀ ਵਜੋਂ ਪਦ ਉੱਨਤ ਕਰਨ ਅਤੇ ਆਪ ਦੇ ਇਕ ਨਜ਼ਦੀਕੀ ਅਧਿਕਾਰੀ ਦੇ ਭਤੀਜੇ ਜਗਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਲਤੀਫਪੁਰ ਨੂੰ ਸ਼੍ਰੋਮਣੀ ਕਮੇਟੀ ’ਚ ਸਿੱਧਾ ਸੁਪਰਵਾਈਜ਼ਰ ਦੀ ਅਹਿਮ ਅਸਾਮੀ ’ਤੇ ਹਾਲ ਹੀ ’ਚ ਭਰਤੀ ਕਰਨਾ ਸੰਗਤ ਨਾਲ ਬਹੁਤ ਵੱਡਾ ਧੋਖਾ ਹੈ।
ਉਨ੍ਹਾਂ ਕਿਹਾ ਕਿ ਸੁਪਰਵਾਈਜ਼ਰ ਵਰਗੀ ਅਹਿਮ ਅਸਾਮੀ ਲਈ ਸਿੱਧੀ ਭਰਤੀ ਕਰਨਾ ਨਿਯਮਾਂ ਅਨੁਸਾਰ ਪ੍ਰਧਾਨਗੀ ਅਹੁਦੇ ਦੀ ਦੁਰਵਰਤੋਂ ਹੈ ਕਿਉਂਕਿ ਜਿੱਥੇ ਕਈ ਸਾਲਾਂ ਤੋਂ ਲੋਕਾਂ, ਬੇਰੁਜ਼ਗਾਰ ਨੌਜਵਾਨਾਂ ਨੇ ਮੁਲਾਜ਼ਮ ਭਰਤੀ ਹੋਣ ਲਈ ਅਤੇ ਕਈ ਮੁਲਾਜ਼ਮਾ ਪਦ ਉੱਨਤੀ ਲਈ ਜਿਨ੍ਹਾਂ ਦਾ ਸਮੇਂ ਤੋਂ ਵੀ ਡੇਢ, ਦੋ ਸਾਲ ਸਮਾਂ ਉੱਪਰ ਹੋ ਚੁੱਕਾ ਹੈ ਤਰਲੇ ਲੈ ਰਹੇ ਹੋਣ ਉਨ੍ਹਾਂ ਦੀਆਂ ਪਦ ਉਨਤ ਹੋਣ ਲਈ ਅਰਜ਼ੀਆਂ ਫਾਈਲਾਂ ਵਿੱਚ ਹੀ ਦੱਬੀਆਂ ਰਹਿ ਜਾਣ ਤੇ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੋਵੇ, ਉੱਥੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਆਪਦੇ ਅਤੇ ਆਪਣੇ ਨਜ਼ਦੀਕੀਆਂ ਦੇ ਰਿਸ਼ਤੇਦਾਰਾਂ ਨੂੰ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਸਿੱਧੀ ਭਰਤੀ ਕਰ ਲਾਭ ਪਹੁੰਚਾਉਣਾ ਕੀ ਨਿਯਮਾਂ ਦੇ ਉਲਟ ਨਹੀਂ। ਭਾਈ ਖਾਲਸਾ ਨੇ ਕਿਹਾ ਕਿ ਅਜਿਹੀ ਗਲਤ ਪਹੁੰਚ ਨਾਲ ਉਹ ਸ਼੍ਰੋਮਣੀ ਕਮੇਟੀ ਵਰਗੀ ਮਹਾਨ ਪੰਥਕ ਸੰਸਥਾ ਨੂੰ ਠੇਸ ਪਹੁੰਚਾ ਰਹੇ ਹਨ ਅਤੇ ਸਿੱਖ ਕੌਮ ਅੰਦਰ ਦੁਬਿਧਾ ਵੀ ਪੈਦਾ ਕਰ ਰਹੇ ਹਨ ।
ਜਿੱਥੇ ਸਿੱਖ ਸੰਸਥਾਵਾਂ ’ਚ ਕਿਸੇ ਵੀ ਕਿਸਮ ਦੀ ਬੇਨਿਯਮੀ ਨੂੰ ਸੰਗਤ ਬਰਦਾਸ਼ਤ ਨਹੀਂ ਕਰੇਗੀ। ਭਾਈ ਖ਼ਾਲਸਾ ਨੇ ਯਾਦ ਦਵਾਇਆ ਕਿ ਬੀਤੇ ਇਸ ਸਮੇਂ ਦੌਰਾਨ 523 ਮੁਲਾਜ਼ਮਾਂ ਦਾ ਮਾਮਲਾ ਅਤੇ ਬਾਅਦ ’ਚ ਵੀ ਕਈ ਅਜਿਹੇ ਮਾਮਲਿਆਂ ਨੇ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਧੁੰਦਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਟਰੱਸਟ ਅਤੇ ਸਿੱਖਿਆ ਅਦਾਰਿਆਂ ’ਚ ਲੋੜ ਅਨੁਸਾਰ ਮੁਲਾਜ਼ਮਾਂ ਦੀ ਤਰਾਂ ਰੱਖਣ ਦੀ ਪ੍ਰਵਾਨਗੀ ਇਸ਼ਤਿਹਾਰ ਦੇਣ ਅਤੇ ਚੋਣ ਮੈਰਿਟ ਦੇ ਅਧਾਰ ’ਤੇ ਹੀ ਹੋਣੀ ਚਾਹੀਦੀ ਹੈ। ਭਾਈ ਖ਼ਾਲਸਾ ਨੇ ਨਿਖੇਧੀ ਕਰਦਿਆਂ ਰੋਸ ਵਜੋਂ ਕਿਹਾ ਕਿ ਜਿਸ ਤਰ੍ਹਾਂ ਸ੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੋਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਧਾਰਮਿਕ ਅਤੇ ਪ੍ਰਬੰਧਕੀ ਦਫ਼ਤਰਾਂ- ਸੰਸਥਾਵਾਂ ’ਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੀ ਥਾਂ ਆਪਣੀ ਤਸਵੀਰ ਲਗਾਉਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਅਤਿ ਨਿੰਦਣਯੋਗ ਹੈ ਕਿਉਂਕਿ ਜੇਕਰ ਐਸੀ ਮਹਾਨ ਸੰਸਥਾ ਦੇ ਪ੍ਰਧਾਨ ਹੀ ਇਹ ਕੰਮ ਕਰਨਗੇ ਤਾਂ ਦੂਸਰਿਆਂ ਨੂੰ ਕਿਵੇਂ ਰੋਕ ਸਕਾਂਗੇ ਅਤੇ ਕੀ ਸਿਹਤ ਦੇ ਸਕਾਂਗੇ । ਇਸ ਲਈ ਬੀਬੀ ਜਗੀਰ ਕੌਰ ਨੂੰ ਬਿਨਾਂ ਦੇਰੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਲਾਂਭੇ ਹੋ ਜਾਣਾ ਚਾਹੀਦਾ ਹੈ ਤਾਂ ਕਿ ਇਸ ਮਹਾਨ ਸੰਸਥਾ ਦੀ ਮਾਣ ਮਰਿਆਦਾ ਬਰਕਰਾਰ ਰਹਿ ਸਕੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੰਤ ਬਾਬਾ ਪਰਮਜੀਤ ਸਿੰਘ ਜੀ ਮੂਲੇਚੱਕ, ਭਾਈ ਬਲਰਾਮ ਸਿੰਘ ਸ਼ੇਰਗਿੱਲ, ਜਨਰਲ ਸਕੱਤਰ ਭਾਈ ਹਰਜਿੰਦਰ ਸਿੰਘ ਰਾਜਾ, ਭਾਈ ਜਰਨੈਲ ਸਿੰਘ ਹਰੀਪੁਰਾ,ਸ਼ੰਕਰ ਸਿੰਘ ਜਗਜੀਤ ਸਿੰਘ ਗੁਲਾਲੀਪੁਰ,ਭਾਈ ਅਮਰੀਕ ਸਿੰਘ ਇਬਨ, ਭਾਈ ਸਤਨਾਮ ਸਿੰਘ,ਭਾਈ ਰਣਜੀਤ ਸਿੰਘ ਰਾਣਾ ਆਦਿ ਹਾਜ਼ਰ ਸਨ