ਅੰਮ੍ਰਿਤਸਰ, ( ਰਛਪਾਲ ਸਿੰਘ ) :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ‘ਤੇ ਸਖ਼ਤ ਪ੍ਰਤੀਕਰਮ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਦਾ ਸਾਬਕਾ ਮੁਖੀ ਬੁੱਚੜ ਕੇ.ਪੀ.ਐੱਸ. ਗਿੱਲ ਕੋਈ ਨਾਇਕ ਨਹੀਂ ਬਲਕਿ ਉਹ ਇੱਕ ਜ਼ਾਲਮਖੋਰ ਦਰਿੰਦਾ ਸੀ ਜਿਸਨੇ ਖਾੜਕੂਵਾਦ ਨੂੰ ਖ਼ਤਮ ਕਰਨ ਦੇ ਨਾਂ ਹੇਠ ਹਜ਼ਾਰਾਂ ਨਿਰਦੋਸ਼ੇ ਸਿੱਖ ਕੋਹ-ਕੋਹ ਕੇ ਮਾਰ ਦਿੱਤੇ ਤੇ ਲਵਾਰਿਸ ਕਹਿ ਕੇ ਸਾੜ ਦਿੱਤੇ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗਿੱਲ ਨੇ ਪੰਜਾਬ ‘ਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਤੇ ਹੱਸਦੇ-ਵੱਸਦੇ ਪੰਜਾਬ ਨੂੰ ਸ਼ਮਸ਼ਾਨ ਘਾਟ ‘ਚ ਬਦਲ ਦਿੱਤਾ ਸੀ। ਗਿੱਲ ਦੀ ਅਗਵਾਈ ‘ਚ ਹਕੂਮਤੀ ਦਹਿਸ਼ਤਗਰਦੀ ਨੇ ਪੰਜਾਬ ਦੀਆਂ ਸੈਂਕੜੇ ਨਹਿਰਾਂ ਅਤੇ ਡਰੇਨਾਂ ਦੇ ਪੁਲਾਂ ਨੂੰ ਸਿੱਖ ਨੌਜਵਾਨਾਂ ਦੇ ਖ਼ੂਨ ਨਾਲ਼ ਰੰਗ ਦਿੱਤਾ ਤੇ ਜ਼ੁਲਮਾਂ ਦੀ ਝੁੱਲੀ ਇਸ ਹਨੇਰੀ ਨੇ ਪੰਜਾਬ ਦੀ ਧਰਤੀ ‘ਤੇ ਘਰ-ਘਰ ਸੀਵੇ ਬਾਲ ਦਿੱਤੇ ਸਨ।
ਫ਼ੈਡਰੇਸ਼ਨ ਆਗੂ ਨੇ ਕਿਹਾ ਕਿ ਪੁਲਿਸ ਨੇ ਇੱਕ ਜਾਂ ਦੋ ਨਹੀਂ ਬਲਕਿ ਹਜ਼ਾਰਾਂ ਮਾਂਵਾਂ ਦੇ ਨੌਜਵਾਨ ਪੁੱਤਾਂ ਦੇ ਖ਼ੂਨ ਨਾਲ਼ ਰੱਜ ਕੇ ਹੋਲੀ ਖੇਡੀ। ਕਿਸੇ ਵੀ ਸਿੱਖ ਨੂੰ ਖ਼ਾਕੀ ਵਰਦੀ ਵਾਲ਼ੇ ਜਦੋਂ ਮਰਜੀ ਚੁੱਕ ਕੇ ਲੈ ਜਾਂਦੇ ਤੇ ਬੇਕਿਰਕੀ ਨਾਲ਼ ਹਿਰਾਸਤ ‘ਚ ਤਸੀਹੇ ਦੇ ਕੇ ਮਾਰ ਦਿੰਦੇ ਜਾਂ ਫਿਰ ਕਿਤੇ ਲਿਜਾ ਕੇ ਝੂਠਾ ਮੁਕਾਬਲਾ ਬਣਾ ਦਿੰਦੇ ਸਨ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਮੈਡਲਾਂ, ਫੀਤੀਆਂ ਅਤੇ ਸਰਕਾਰੀ ਤਰੱਕੀਆਂ ਦੇ ਲਾਲਚਾਂ ‘ਚ ਪੁਲਿਸ ਵਾਲ਼ਿਆਂ ਨੂੰ ਬੰਦੇ ਮਾਰਨ ਦਾ ਸਵਾਦ ਪੈ ਗਿਆ ਸੀ ਤੇ ਪੰਜਾਬ ‘ਚ ਸ਼ਾਂਤੀ ਲਿਆਉਣ ਦੇ ਦਮਗਜੇ ਮਾਰ ਕੇ ਬੁੱਚੜ ਕੇ.ਪੀ.ਐੱਸ.ਗਿੱਲ ਨੇ ਮਨੁੱਖੀ ਹੱਕਾਂ ਨੂੰ ਦਰੜ ਸੁੱਟਿਆ ਸੀ ਤੇ ਇੱਕ ਦਹਾਕਾ ਨਿਰਦੋਸ਼ ਸਿੱਖਾਂ ਦਾ ਰੱਜ ਕੇ ਘਾਣ ਕੀਤਾ।
ਉਹਨਾਂ ਕਿਹਾ ਕਿ ਗਿੱਲ ਨੇ ਕੇਂਦਰ ਸਰਕਾਰ ਦੇ ਹਿੰਦੂਤਵੀ ਹੁਕਮਰਾਨਾਂ ਦੀ ਸ਼ਹਿ ‘ਤੇ ਅਬਦਾਲੀ, ਜ਼ਕਰੀਆ ਖਾਂ, ਮੀਰ ਮੰਨੂ, ਫ਼ਰੁਖਸੀਅਰ ਤੇ ਲਖ਼ਪਤ ਰਾਏ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤੀ ਸੀ। ਪੁਲਿਸ ਦੇ ਜਾਲ਼ ‘ਚੋਂ ਆਪਣੇ ਪੁੱਤਰਾਂ, ਭਰਾਵਾਂ ਤੇ ਰਿਸ਼ਤੇਦਾਰਾਂ ਨੂੰ ਛੁਡਾਉਣ ਲਈ ਥਾਣਿਆਂ-ਕਚਹਿਰੀਆਂ ‘ਚ ਸਿੱਖ ਬੀਬੀਆਂ ਖੱਜਲ-ਖੁਆਰ ਹੁੰਦੀਆਂ ਰਹੀਆਂ, ਪਰ ਕਿਤੇ ਵੀ ਸੁਣਵਾਈ ਨਹੀਂ ਸੀ ਹੁੰਦੀ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬੁੱਚੜ ਕੇ.ਪੀ.ਐੱਸ. ਗਿੱਲ ਦੀ ਅਗਵਾਈ ਹੇਠ ਪੰਜਾਬ ਪੁਲਿਸ ਇੱਕ ਕਾਤਲ ਮਸ਼ੀਨ ਬਣ ਚੁੱਕੀ ਸੀ ਤੇ ਇਹਨਾਂ ਦਰਿੰਦਿਆਂ ਨੇ ਹੈਵਾਨੀਅਤ ਦਾ ਖੁੱਲ੍ਹ ਕੇ ਨੰਗਾ ਨਾਚ ਨੱਚਿਆ ਸੀ। ਉਹਨਾਂ ਕਿਹਾ ਕਿ ਇਤਿਹਾਸ ‘ਚ ਗਿੱਲ ਨੂੰ ਸਿਰਫ਼ ‘ਖਲਨਾਇਕ’ ਦੇ ਤੌਰ ‘ਤੇ ਹੀ ਦੁਨੀਆਂ ਵੇਖੇਗੀ ਤੇ ਗਿੱਲ ਨੂੰ ਨਾਇਕ ਦੱਸਣ ਵਾਲੇ ਲੋਕਾਂ ਦੀ ਗਿਣਤੀ ਵੀ ਸਿੱਖ ਕੌਮ ਦੇ ਦੁਸ਼ਮਣਾਂ ਅਤੇ ਗੱਦਾਰਾਂ ‘ਚ ਗਿਣੀ ਜਾਵੇਗੀ।