ਸ਼੍ਰੋਮਣੀ ਕਮੇਟੀ ਦੇ ਕੁਝ ਮੁਲਾਜ਼ਮਾਂ ਦੀ ਚਰਿੱਤਰਹੀਣਤਾ ਦਾ ਲਗਾਤਾਰ ਸਾਹਮਣੇ ਆਉਣਾ ਸਿੱਖ ਸਮਾਜ ’ਚ ਨਮੋਸ਼ੀ ਅਤੇ ਚਿੰਤਾ ਦਾ ਵਿਸ਼ਾ
ਅੰਮ੍ਰਿਤਸਰ, 21 ਜੂਨ (ਗਗਨ ਅਜੀਤ ਸਿੰਘ) – ਸ਼੍ਰੋਮਣੀ ਕਮੇਟੀ ’ਚ ਚਰਿੱਤਰਹੀਣਤਾ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਾ ਕਰਨ ਅਤੇ ਅਨੈਤਿਕ ਕੁਕਰਮ ਵਿਚ ਫਸੇ ਮੁਲਾਜ਼ਮ ਨੂੰ ਫ਼ੌਰੀ ਤੌਰ ’ਤੇ ਫ਼ਾਰਗ ਕਰਨ ਦੇ ਅੰਤ੍ਰਿੰਗ ਕਮੇਟੀ ਵੱਲੋਂ ਕੀਤੇ ਗਏ ਫ਼ੈਸਲੇ ’ਤੇ ਇਕ ਦਿਨ ਵੀ ਅਮਲ ਨਾ ਕਰਨ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ’ਤੇ ਦੋਸ਼ ਲਾਉਂਦਿਆਂ ਫੈਡਰੇਸ਼ਨ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਇਹ ਬੜੀ ਸ਼ਰਮਨਾਕ ਹੈ ਕਿ ਇਨਸਾਫ਼ ਨਾ ਮਿਲਣ ਕਾਰਨ ਹੁਣ ਸ਼੍ਰੋਮਣੀ ਕਮੇਟੀ ’ਚ ਨੌਕਰੀ ਕਰਦੀ ਅੰਮ੍ਰਿਤਧਾਰੀ ਦਸਤਾਰਧਾਰੀ ਗੁਰਸਿੱਖ ਬੀਬੀ ਪੱਤ ਇਜਤ ਖ਼ਾਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਗੁਹਾਰ ਲਾਣ ਲਈ ਮਜਬੂਰ ਹੋਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ’ਚ ਆ ਰਿਹਾ ਨਿਘਾਰ ਚਿੰਤਾ ਦਾ ਵਿਸ਼ਾ ਹੈ। ਕੁਝ ਮੁਲਾਜ਼ਮਾਂ ਵੱਲੋਂ ਕੀਤੀਆਂ ਜਾਂਦੀਆਂ ਅਸ਼ਲੀਲ ਘਟਨਾਵਾਂ ਦਾ ਲਗਾਤਾਰ ਸਾਹਮਣੇ ਆਉਣਾ ਸਿੱਖ ਸਮਾਜ ’ਚ ਨਮੋਸ਼ੀ ਪੈਦਾ ਕਰ ਰਹੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਚਰਿੱਤਰਹੀਣਤਾ ’ਚ ਲਿਪਟ ਮੁਲਾਜ਼ਮਾਂ ਨੂੰ ਨੌਕਰੀ ਤੋਂ ਤੁਰੰਤ ਫ਼ਾਰਗ ਕਰਨ ਪ੍ਰਤੀ ਹਾਲ ਹੀ ’ਚ 18 ਜੂਨ ਨੂੰ ਪਾਸ ਕੀਤੇ ਗਏ ਮਤੇ ਨੂੰ ਲਾਗੂ ਕਰਨ ’ਚ ਕਿਉਂ ਤੇ ਕਿਸ ਮਜਬੂਰੀ ਤਹਿਤ ਆਨਾਕਾਨੀ ਕਰ ਰਹੀ ਹੈ? ਗੁ: ਗੰਗਸਰ ਸਾਹਿਬ ਜੈਤੋ ਸਮੇਤ ਹੋਰਨਾਂ ਸਥਾਨਾਂ ‘ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਕੀਤੀਆਂ ਜਾਂਦੀਆਂ ਅਸ਼ਲੀਲ ਘਟਨਾਵਾਂ ਦੀ ਚਰਚਾ ਮੱਠੀ ਨਹੀਂ ਪਈ ਕਿ ਹੁਣ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਇਕ ਵਿਭਾਗ ਦੇ ਆਲਾ ਅਧਿਕਾਰੀ ਵੱਲੋਂ ਆਪਣੇ ਮਾਤਹਿਤ ਡਿਊਟੀ ਕਰ ਰਹੀ ਇਕ ਦਸਤਾਰਧਾਰੀ ਇਸਤਰੀ ਕਰਮਚਾਰੀ ਨੂੰ ਕੀਤੇ ਜਾਂਦੇ ਅਸ਼ਲੀਲ ਮੈਸੇਜ ਅਤੇ ਸੈਕਸੁਅਲ ਹਰਾਸਮੈਂਟ ਦੇ ਮਾਮਲੇ ਦਾ ਅਖ਼ਬਾਰਾਂ ਰਾਹੀਂ ਸਾਹਮਣੇ ਆਉਣ ਨਾਲ ਸ਼੍ਰੋਮਣੀ ਕਮੇਟੀ ਦੀ ਛਵੀ ਬੁਰੀ ਤਾਂ ਪ੍ਰਭਾਵਿਤ ਤੇ ਖ਼ਰਾਬ ਹੋ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਇਕ ਇਸਤਰੀ ਪ੍ਰਧਾਨ ਵੱਲੋਂ ਇਕ ਦੂਜੀ ਅੰਮ੍ਰਿਤਧਾਰੀ ਗੁਰਸਿੱਖ ਪੀੜਤ ਇਸਤਰੀ ਨੂੰ ਐਲਾਨ ਦੇ ਮੁਤਾਬਿਕ ਇਨਸਾਫ਼ ਨਾ ਦੇਣਾ ਦੁਖਦਾਇਕ ਹੈ।
ਜਿਸ ਲਈ ਪੀੜਤ ਮਹਿਲਾ ਕਰਮਚਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਗੁਹਾਰ ਲਾਉਣ ਲਈ ਮਜਬੂਰ ਹੈ। ਦੋਸ਼ੀ ਖ਼ਿਲਾਫ਼ ਕੋਈ ਕਾਰਵਾਈ ਨਾ ਕਰ ਕੇ ਕੀ ਬੀਬੀ ਜਗੀਰ ਕੌਰ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ। ਜੇ ਇਹ ਸੱਚ ਹੈ ਤਾਂ ਫਿਰ ਗੁ: ਗੰਗਸਰ ਸਾਹਿਬ ਜੈਤੋ ਵਾਲਾ ਮਾਮਲਾ ਦੱਬਣ ਲਈ ਉੱਥੋਂ ਦੇ ਮੈਨੇਜਰ ਨੂੰ ਬਰਖ਼ਾਸਤ ਕੀਤਾ ਗਿਆ, ਉਹੀ ਤਰਜ਼ ਤੇ ਤਰਕ ਬੀਬੀ ਜਗੀਰ ਕੌਰ ’ਤੇ ਲਾਗੂ ਕਿਉਂ ਨਹੀਂ? ਕੀ ਬੀਬੀ ਜਗੀਰ ਕੌਰ ਵੱਲੋਂ ਸੁਧਾਰ ਪ੍ਰਤੀ ਕੀਤੇ ਜਾਂਦੇ ਐਲਾਨ ਮਹਿਜ਼ ਲੋਕਾਂ ਦੇ ਅੱਖੀਂ ਘਟਾ ਪਾਉਣ ਲਈ ਹੀ ਹੈ? ਜਾਂ ਇਸ ਪਿੱਛੇ ਕੁਝ ਹੋਰ ਕਾਰਨ ਹਨ? ਉਨ੍ਹਾਂ ਅਖ਼ਬਾਰੀ ਰਿਪੋਰਟਾਂ ਦੇ ਹਵਾਲੇ ਨਾਲ ਸਵਾਲ ਕੀਤਾ ਕਿ 18 ਜੂਨ ਨੂੰ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੁਅੱਤਲ ਕੀਤੇ ਗਏ ਉਕਤ ਸੰਬੰਧਿਤ ਅਧਿਕਾਰੀ ਨੂੰ ਤੁਰੰਤ ਹੀ ਕਿਸ ਦੀ ਸਿਫ਼ਾਰਸ਼ ‘ਤੇ ਬਹਾਲ ਕਰ ਦਿੱਤਾ ਗਿਆ ? ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਬਣਾਈ ਰੱਖਣ ਲਈ ਅਨੈਤਿਕ ਕਾਰਵਾਈ ’ਚ ਲਿਪਟ ਲਿਖਤ ਮੁਲਾਜ਼ਮਾਂ ਫ਼ਾਰਗ ਕੀਤੇ ਜਾਣ ਦੇ ਬਣਾਏ ਗਏ ਪੱਕੇ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਪੀੜਤ ਮਹਿਲਾ ਕਰਮਚਾਰੀ ਨੂੰ ਜਲਦ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ ਹੈ।