ਨਵੀਂ ਦਿਲੀ, 30 ਜੂਨ (ਬੁਲੰਦ ਆਵਾਜ ਬਿਊਰੋ) – 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਲੇ ਧਨ ਦਾ ਰੌਲਾ ਪਾਉਣ ਵਾਲਾ ਬਾਬਾ ਰਾਮ ਦੇਵ ਮੋਦੀ ਰਾਜ ਵਿਚ ਸਾਹਮਣੇ ਆ ਰਹੇ ਨਵੇਂ ਤੋਂ ਨਵੇਂ ਘੁਟਾਲਿਆਂ ਬਾਰੇ ਖਾਮੋਸ਼ ਹੈ | ਕਿਉਂ? ਆਪਣਾ ਧੰਦਾ ਵਧਾਉਣ ਲਈ ਮੋਦੀ ਸਰਕਾਰ ਤੋਂ ਫਾਇਦੇ ਹੀ ਏਨੇ ਲੈ ਲਏ ਹਨ ਕਿ ਘੁਟਾਲਿਆਂ ਬਾਰੇ ਮੀਡੀਆ ਦੇ ਹਰ ਸਵਾਲ ਨੂੰ ਜਾਂ ਤਾਂ ਟਾਲ ਜਾਂਦਾ ਹੈ ਜਾਂ ਸਰਕਾਰ ਦਾ ਬਚਾਅ ਕਰਦਾ ਹੈ । ਮੋਦੀ ਰਾਜ ਵਿਚ ਉਹ ਕਈ ਰਾਜਾਂ ਵਿਚ ਆਪਣੇ ਆਯੁਰਵੈਦਿਕ ਦਵਾਈਆਂ ਤੇ ਹੋਰ ਉਤਪਾਦਾਂ ਦੇ ਕਾਰਖਾਨੇ ਲਾਉਣ ਲਈ ਜ਼ਮੀਨਾਂ ਹਾਸਲ ਕਰ ਚੁੱਕਾ ਹੈ । ਉਸ ਵੱਲੋਂ ਲਏ ਗਏ ਹੋਰਨਾਂ ਫਾਇਦਿਆਂ ਵਿਚੋਂ ਇਕ ਕੌਮੀ ਅਖਬਾਰ ‘ਦੀ ਇੰਡੀਅਨ ਐੱਕਸਪ੍ਰੈੱਸ’ ਨੇ ਬੀਤੇ ਸੋਮਵਾਰ ਖੁਲਾਸਾ ਕੀਤਾ ਹੈ । ਬਾਬੇ ਦੇ ਪਤੰਜਲੀ ਯੋਗਪੀਠ ਟਰੱਸਟ ਦੀ ਵੈਦਿਕ ਸਿੱਖਿਆ ਬਾਰੇ ਭਾਰਤੀ ਸ਼ਿਕਸ਼ਾ ਬੋਰਡ ਕਾਇਮ ਕਰਨ ਦੀ ਸਕੀਮ ਨੂੰ ਮਨਜ਼ੂਰੀ ਦੇਣ ਲਈ ਸਰਕਾਰ ਨੇ ਏਨੀ ਫੁਰਤੀ ਦਿਖਾਈ, ਜਿੰਨੀ ਪਾਕਿਸਤਾਨ ਉੱਤੇ ਸਰਜੀਕਲ ਸਟਰਾਈਕ ਕਰਨ ਦੀ ਯੋਜਨਾ ਬਣਾਉਣ ਵਿਚ ਵੀ ਨਹੀਂ ਦਿਖਾਈ ਹੋਣੀ | ਉਜੈਨ ਸਥਿਤ ਮਹਾਂਰਿਸ਼ੀ ਸੰਦੀਪਨੀ ਰਾਸ਼ਟਰੀ ਵੇਦ ਵਿਦਿਆ ਪ੍ਰਤਿਸ਼ਠਾਨ (ਐੱਮ ਐੱਸ ਆਰ ਵੀ ਵੀ ਪੀ) ਸਿੱਖਿਆ ਮੰਤਰਾਲੇ ਤਹਿਤ ਇਕ ਖੁਦਮਖਤਾਰ ਸੰਗਠਨ ਹੈ, ਜਿਹੜਾ ਵੇਦ ਵਿਦਿਆ ਨੂੰ ਪ੍ਰੋਤਸਾਹਿਤ ਕਰਨ ਦਾ ਕੰਮ ਕਰਦਾ ਹੈ ।ਜਨਵਰੀ 2019 ਵਿਚ ਉਸ ਨੇ ਆਪਣੀ ਗਵਰਨਿੰਗ ਕੌਂਸਲ ਦੀ ਬੈਠਕ ਵਿਚ ਆਪਣੇ ਵੱਲੋਂ ਭਾਰਤੀ ਸ਼ਿਕਸ਼ਾ ਬੋਰਡ (ਬੀ ਐੱਸ ਬੀ) ਕਾਇਮ ਕਰਨ ਦੀ ਗੱਲ ਕਹੀ ।ਬੈਠਕ ਦੀ ਪ੍ਰਧਾਨਗੀ ਮਨੁੱਖੀ ਵਸੀਲਿਆਂ ਬਾਰੇ ਵਿਕਾਸ ਦੇ ਵੇਲੇ ਦੇ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕੀਤੀ ਸੀ ।ਉਹ ਮੰਤਰੀ ਹੋਣ ਦੇ ਨਾਤੇ ਐੱਮ ਐੱਸ ਆਰ ਵੀ ਵੀ ਪੀ ਦੇ ਮੁਖੀ ਵੀ ਸਨ ।ਉਨ੍ਹਾ ਸਰਕਾਰ ਦੇ ਇਸ ਖੁਦਮੁਖਤਾਰ ਅਦਾਰੇ ਵੱਲੋਂ ਬੋਰਡ ਕਾਇਮ ਕਰਨ ਨੂੰ ਮਨਜ਼ੂਰੀ ਦੇਣ ਦੀ ਥਾਂ ਨਿੱਜੀ ਸਪਾਂਸਰ ਬਾਡੀ ਨਿਯੁਕਤ ਕਰਨ ਦੀ ਗੱਲ ਕਹੀ, ਪਰ ਉਸ ਵੇਲੇ ਐੱਮ ਐੱਸ ਆਰ ਵੀ ਵੀ ਪੀ ਦੇ ਸਕੱਤਰ ਰਹੇ ਵੀ. ਜੱਦੀ ਪਾਲ ਨੇ ਨਿਯਮਾਂ ਦਾ ਹਵਾਲਾ ਦਿੰਦਿਆਂ ਸਿੱਖਿਆ ਮੰਤਰਾਲੇ (ਜੋ ਉਦੋਂ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲੇ ਦਾ ਮੁੱਖ ਅੰਗ ਸੀ) ਨੂੰ ਤਿੰਨ ਵਾਰ ਪੱਤਰ ਲਿਖ ਕੇ ਪਤੰਜਲੀ ਯੋਗਪੀਠ ਟਰੱਸਟ ਵੱਲੋਂ ਬੀ ਐੱਸ ਬੀ ਦੀ ਸਥਾਪਨਾ ਨੂੰ ਮਨਜ਼ੂਰੀ ਦੇਣ ਦਾ ਵਿਰੋਧ ਕੀਤਾ ।ਜੱਦੀ ਪਾਲ ਦਾ ਸਟੈਂਡ ਦੇਖ ਕੇ ਮੰਤਰਾਲੇ ਨੇ ਐੱਮ ਐੱਸ ਆਰ ਵੀ ਵੀ ਪੀ ਦੇ ਇਕ ਹੋਰ ਅਧਿਕਾਰੀ, ਵੇਲੇ ਦੇ ਉਪ-ਪ੍ਰਧਾਨ ਰਵਿੰਦਰ ਅੰਬਾਦਾਸ ਮੁਲੇ ਤੋਂ 9 ਮਾਰਚ ਦੀ ਰਾਤ ਲੋਕ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦੇ ਕੁਝ ਘੰਟੇ ਪਹਿਲਾਂ ਪਤੰਜਲੀ ਟਰੱਸਟ ਦੇ ਬੋਰਡ ਲਈ ਮਨਜ਼ੂਰੀ ਲੈ ਲਈ । ਜਾਵੜੇਕਰ ਤੇ ਪਤੰਜਲੀ ਯੋਗਪੀਠ ਟਰੱਸਟ ਨੇ ਬੋਰਡ ਦੀ ਕਾਇਮੀ ਵਿਚ ਦਿਖਾਈ ਗਈ ਇਸ ਕਾਹਲੀ ਬਾਰੇ 2021 ਵਿਚ ਵੀ ਕੋਈ ਜਵਾਬ ਨਹੀਂ ਦਿੱਤਾ ।
ਸਾਡਾ ਮੰਨਣਾ ਹੈ ਕਿ ਜਿਹੜੀ ਪਾਰਟੀ ਦੇ ਆਗੂ ਖੁਦ ਨੂੰ ਦੁਧ-ਧੋਤੇ ਤੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਕੁਰੱਪਟ ਗਰਦਾਨ ਕਰਕੇ ਸੱਤਾ ਵਿਚ ਆਏ, ਹੁਣ ਉਨ੍ਹਾਂ ਦੇ ਅਸਲ ਚਿਹਰੇ ਸਾਹਮਣੇ ਆਉਣ ਲੱਗ ਪਏ ਹਨ ।ਰਾਮ ਮੰਦਰ ਲਈ ਰਾਮ ਭਗਤਾਂ ਤੋਂ ਜੁਟਾਏ ਚੰਦੇ ਨਾਲ ਜ਼ਮੀਨਾਂ ਖਰੀਦਣ ਵਿਚ ਕਰੋੜਾਂ ਰੁਪਏ ਦੇ ਘਾਲੇਮਾਲੇ ਤਾਂ ਪਿਛਲੇ ਦਿਨਾਂ ਤੋਂ ਲਗਾਤਾਰ ਸਾਹਮਣੇ ਆ ਰਹੇ ਹਨ । ਬਾਬੇ ਵਾਲਾ ਘਾਲਾਮਾਲਾ ਹੋਰ ਜੁੜ ਗਿਆ ਹੈ ।ਰਾਮਦੇਵ ਦਾ ਕਹਿਣਾ ਹੈ ਕਿ ਮੇਰੇ ਵਿਰੋਧੀ ਅਜਿਹੇ ਦੋਸ਼ ਲਗਾ ਰਹੇ ਹਨ।ਜਦ ਕਿ ਸਭ ਕਾਰਜ ਕਨੂੰਨੀ ਢੰਗ ਨਾਲ ਅਸੀਂ ਕਰਦੇ ਹਾਂ।