ਬਾਦਲ ਨੇ ਸਿਹਤ ਠੀਕ ਨਾ ਹੋਣ ਕਾਰਨ ਸਿਟ ਅੱਗੇ ਪੇਸ਼ ਹੋਣ ਲਈ ਮੋਹਲਤ ਮੰਗੀ

17

ਚੰਡੀਗੜ੍ਹ, 16 ਜੂਨ (ਬੁਲੰਦ ਆਵਾਜ ਬਿਊਰੋ) – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿਹਤ ਠੀਕ ਨਾ ਹੋਣ ਕਰ ਕੇ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਅੱਗੇ ਪੇਸ਼ ਹੋਣ ਲਈ ਮੋਹਲਤ ਮੰਗਦਿਆਂ ਇਸ ਸਬੰਧੀ ਨਵੀਂ ਤਰੀਕ ਤੈਅ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਾਕਟਰਾਂ ਨੇ 10 ਦਿਨਾਂ ਲਈ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਤੇ ਜਿਵੇਂ ਹੀ ਸਿਹਤ ਠੀਕ ਹੁੰਦੀ ਹੈ ਤਾਂ ਉਹ ਕਾਨੂੰਨ ਮੁਤਾਬਕ ਆਪਣੀ ਰਿਹਾਇਸ਼ ਫਲੈਟ ਨੰਬਰ 37, ਸੈਕਟਰ-4, ਚੰਡੀਗੜ੍ਹ ਵਿੱਚ ਜਾਂਚ ਵਿਚ ਸ਼ਾਮਲ ਹੋਣ ਲਈ ਖ਼ੁਦ ਹਾਜ਼ਰ ਰਹਿਣਗੇ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਨਿਆਂ ਪਾਲਿਕਾ ਵਿੱਚ ਪੂਰਾ ਭਰੋਸਾ ਹੈ ਤੇ ਵਿਸ਼ੇਸ਼ ਜਾਂਚ ਟੀਮ ਨੂੰ ਮਾਮਲੇ ਦੀ ਜਾਂਚ ਕਰਨ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ। ਬਾਦਲ ਨੇ ਭਰੋਸਾ ਪ੍ਰਗਟਾਇਆ ਕਿ ਨਵੀਂ ਐੱਸਆਈਟੀ ਪਹਿਲੀ ਐੱਸਆਈਟੀ ਦੇ ਉਲਟ ਕਾਨੂੰਨ ਦਾ ਸਨਮਾਨ ਕਰਦੇ ਹੋਏ ਨਿਰਪੱਖ ਜਾਂਚ ਕਰੇਗੀ ਅਤੇ ਸੱਤਾਧਾਰੀ ਪਾਰਟੀ ਦੇ ਸਿਆਸੀ ਦਖ਼ਲ ਅੱਗੇ ਗੋਡੇ ਨਹੀਂ ਟੇਕੇਗੀ, ਕਿਉਂਕਿ ਸਰਕਾਰ ਆਪਣੇ ਸੌੜੇ ਸਿਆਸੀ ਹਿੱਤਾਂ ਵਾਸਤੇ ਕਾਨੂੰਨ ਨੂੰ ਛਿੱਕੇ ਟੰਗ ਰਹੀ ਹੈ। ਪਿਛਲੀ ਸਰਕਾਰ ਵੇਲੇ ਕੋਟਕਪੁਰਾ ਵਿਚ ਵਾਪਰੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐੱਸਆਈਟੀ ਵੱਲੋਂ ਪ੍ਰਾਪਤ ਹੋਏ ਸੰਮਨਾਂ ਦਾ ਦੋ ਸਫ਼ਿਆਂ ਵਿਚ ਜਵਾਬ ਦਿੰਦਿਆਂ ਬਾਦਲ ਨੇ ਕਿਹਾ ਕਿ ਅੱਜ ਤੱਕ ਸਿਆਸੀ ਦਖ਼ਲ ਕਾਰਨ ਜਾਂਚ ਦੀ ਸਾਰੀ ਪ੍ਰਕਿਰਿਆ ਨਾਲ ਮਜ਼ਾਕ ਹੁੰਦਾ ਰਿਹਾ ਹੈ ਅਤੇ ਇਸ ਦਾ ਮਕਸਦ ਸਿਆਸੀ ਬਦਲਾਖੋਰੀ ਸੀ, ਜਿਸ ਕਾਰਨ ਜਾਂਚ ਦੀ ਨਿਰਪੱਖਤਾ ’ਤੇ ਕਿਸੇ ਨੂੰ ਭਰੋਸਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਇਸ ਸਭ ਦੇ ਬਾਵਜੂਦ ਉਹ ਜਾਂਚ ਪ੍ਰਕਿਰਿਆ ਵਿੱਚ ਪੂਰਾ ਸਹਿਯੋਗ ਕਰਨਗੇ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਐੱਸਆਈਟੀ ਤਾਂ ਵਜੂਦ ਵਿੱਚ ਹੀ ਪਿਛਲੀ ਐੱਸਆਈਟੀ ਦੇ ਨੰਗੇ- ਚਿੱਟੇ ਸਿਆਸੀਕਰਨ ਕਾਰਨ ਆਈ ਹੈ। ਬਾਦਲ ਨੇ ਪਿਛਲੀ ਐੱਸਆਈਟੀ ਦੇ ਕਥਿਤ ਸਿਆਸੀ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਸਿਆਸੀ ਵਤੀਰੇ ਕਾਰਨ ਸਾਰੀ ਜਾਂਚ ਪ੍ਰਕਿਰਿਆ ਢਹਿ-ਢੇਰੀ ਹੋ ਗਈ। ਉਨ੍ਹਾਂ ਕਿਹਾ ਕਿ ਪਿਛਲੀ ਐੱਸਆਈਟੀ ਵਿੱਚ ਸਾਰੇ ਸਥਾਪਤ ਨਿਯਮਾਂ ਅਤੇ ਤੌਰ-ਤਰੀਕਿਆਂ ਨੂੰ ਛਿੱਕੇ ਟੰਗ ਕੇ ਇਕ ਅਧਿਕਾਰੀ ਨੇ ਆਪਣੇ-ਆਪ ਹੀ ਸਾਰੀਆਂ ਤਾਕਤਾਂ ਕਬਜ਼ੇ ’ਚ ਕਰ ਲਈਆਂ ਸਨ।

Italian Trulli

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕੇ ਕਨੂੰਨ ਸਭ ਵਾਸਤੇ ਬਰਾਬਰ ਹੈ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂਚ ਟੀਮ ਦਾ ਸਹਿਯੋਗ ਦੇਣਾ ਚਾਹੀਦਾ ਹੈ । ਆਖਰ ਬੇਅਦਬੀ ਦਾ ਇਨਸਾਫ ਮੰਗ ਰਹੇ ਸਿੱਖਾਂ ਉੱਪਰ ਗੋਲੀਆਂ ਡਾਂਗਾਂ ਤੇ ਪਾਣੀ ਦੀਆਂ ਬੁਛਾੜਾਂ ਦਾ ਮੀਂਹ ਵਰ੍ਹਾਉਣ ਦਾ ਕੰਮ ਕਿਸ ਦੇ ਇਸ਼ਾਰੇ ‘ਤੇ ਹੋਇਆ ਸੀ।ਜਥੇਦਾਰ ਦਾਦੂਵਾਲ ਨੇ ਕਿਹਾ ਕਿ ਮਾਇਆਵਤੀ ਨੂੰ ਫੋਨ ‘ਤੇ ਸਿਹਤ ਬਿਲਕੁਲ ਠੀਕ ਹੋਣ ਦਾ ਦਾਅਵਾ ਬਾਦਲ ਕਰ ਰਿਹਾ ਸੀ ਤਾਂ ਅੱਜ ਜਾਂਚ ਦੇ ਨਾਮ ‘ਤੇ ਸਿਹਤ ਖਰਾਬ ਕਿਉਂ ਹੋ ਗਈ ਹੈ। ਜੇਕਰ ਸਾਬਕਾ ਮੁੱਖ ਮੰਤਰੀ ਦੀ ਸਿਹਤ ਨਾਸਾਜ਼ ਹੈ ਤਾਂ ਉਹ 10 ਦਿਨ ਦਾ ਸਮਾਂ ਲੈ ਸਕਦਾ ਹੈ ਪਰ ਜਾਂਚ ਦਾ ਹਿੱਸਾ ਜ਼ਰੂਰ ਬਣਨਾ ਚਾਹੀਦਾ ਹੈ ਕਿਉਂਕਿ ਦੁਨੀਆ ‘ਚ ਵਸਦਾ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਸ਼ਰਧਾ ਰੱਖਣ ਵਾਲਾ ਹਰ ਮਾਈ ਭਾਈ ਬਰਗਾੜੀ, ਬਹਿਬਲ ਤੇ ਕੋਟਕਪੂਰਾ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਦੀਆਂ ਵੇਖਣਾ ਚਾਹੁੰਦਾ ਹੈ।

ਜਥੇਦਾਰ ਦਾਦੂਵਾਲ ਨੇ ਕਿਹਾ ਕੇ ਜੇਕਰ ਪ੍ਰਕਾਸ਼ ਸਿੰਘ ਬਾਦਲ 10 ਦਿਨਾਂ ਤਕ ਜਾਂਚ ਟੀਮ ਅੱਗੇ ਪੇਸ਼ ਹੋ ਕੇ ਸਹਿਯੋਗ ਨਹੀ ਕਰਦਾ ਤਾਂ ਸਿੱਖ ਜਥੇਬੰਦੀਆਂ ਵਲੋਂ ਬਾਦਲ ਪਿੰਡ ਬਾਦਲ ਦੇ ਘਰ ਅੱਗੇ 25 ਜੂਨ ਨੂੰ ਸਵੇਰੇ 11 ਵਜੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਤੇ ਬਰਗਾੜੀ ਬੇਅਦਬੀ, ਬਹਿਬਲ ਕਲਾਂ ਗੋਲੀ ਤੇ ਕਾਂਡ ਕੋਟਕਪੂਰਾ ਕਾਂਡ ਦਾ ਹਿਸਾਬ ਮੰਗਿਆ ਜਾਵੇਗਾ ਕਿ ਬਾਦਲਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਕਿਉਂ ਬਚਾਇਆ? ਇਨਸਾਫ਼ ਮੰਗਦੇ ਸਿੱਖਾਂ ਨੂੰ ਕਿਉਂ ਗੋਲੀਆਂ ਮਾਰੀਆਂ? ਗੰਦੇ ਪਾਣੀ ਦੀਆਂ ਬੁਛਾੜਾਂ ਕਿਉਂ ਮਾਰੀਆਂ?ਪੰਥ ਦੇ ਬੋਧਿਕ ਹਲਕਿਆਂ ਦਾ ਮੰਨਣਾ ਹੈ ਕਿ ਜਾਂਚ ਬਾਦਲ ਦੀ ਥਾਂ ਸਾਬਕਾ ਡੀਜੀਪੀ ਸੈਣੀ ਤੇ ਸੌਦਾ ਸਾਧ ਨੂੰ ਗਿ੍ਫਤਾਰ ਕਰਕੇ ਹੋਣੀ ਚਾਹੀਦੀ ਹੈ।ਪਰ ਸਿਟ ਇਸ ਬਾਰੇ ਚੁਪ ਹੈ।ਬਾਦਲ ਦੀ ਜਾਂਚ ਨਾਲ ਅਗੇ ਕਾਰਵਾਈ ਨਹੀਂ ਤੁਰ ਸਕੇਗੀ। ਪਹਿਲਾਂ ਸੈਣੀ ਤੇ ਸੌਦਾ ਸਾਧ ਦੀ ਜਾਂਚ ਜਰੂਰੀ।