ਬਸਪਾ ਦੀ ਭਵਿੱਖਬਾਣੀ ਅਨੁਸਾਰ ਸਿੱਧੂ ਕਾਂਗਰਸ ਦਾ ‘ਗੱਠਾ ਪਟਾਕਾ’ ਜਿਹੜਾ ਕਾਂਗਰਸ ਦੇ ਪੰਜੇ ਵਿੱਚ ਫੱਟ ਗਿਆ – ਜਸਵੀਰ ਸਿੰਘ ਗੜ੍ਹੀ

ਬਸਪਾ ਦੀ ਭਵਿੱਖਬਾਣੀ ਅਨੁਸਾਰ ਸਿੱਧੂ ਕਾਂਗਰਸ ਦਾ ‘ਗੱਠਾ ਪਟਾਕਾ’ ਜਿਹੜਾ ਕਾਂਗਰਸ ਦੇ ਪੰਜੇ ਵਿੱਚ ਫੱਟ ਗਿਆ – ਜਸਵੀਰ ਸਿੰਘ ਗੜ੍ਹੀ

ਪੁੱਠੀ ਗ੍ਰਹਿ ਚਾਲ ਅਤੇ ਅਪਸ਼ਗੁਨ ਕਾਂਗਰਸ ਦੇ ਪਾਪਾਂ ਦਾ ਫ਼ਲ

ਅੰਮ੍ਰਿਤਸਰ, 29 ਸਤੰਬਰ (ਗਗਨ) – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਅਸਤੀਫੇ ਤੇ ਬੋਲਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਸ: ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਦੋ ਮਹੀਨੇ ਪਹਿਲਾਂ ਹੀ ਆਪਣੇ ਬਿਆਨਾਂ ਰਾਹੀਂ ਇਸ ਗੱਲ ਦੀ ਭਵਿੱਖਵਾਣੀ ਕਰ ਚੁੱਕੇ ਹਨ ਕਿ ਨਵਜੋਤ ਸਿੱਧੂ ਕਾਂਗਰਸ ਦਾ ਉਹ ‘ਗੱਠਾ ਪਟਾਕਾ’ ਨਿਕਲੇਗਾ ਜਿਹੜਾ ਬੱਚਿਆਂ ਦੇ ਹੱਥ ਵਿੱਚ ਹੀ ਚੱਲ ਜਾਂਦਾ ਹੈ ਜਿਸਨੇ ਕਾਂਗਰਸ ਦਾ ਹੀ ਨੁਕਸਾਨ ਕਰਨਾ ਹੈ, ਜੋਕਿ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਅੱਜ ਸਿੱਧੂ ਦਾ ਅਸਤੀਫ਼ਾ ਸਿੱਧ ਕਰ ਰਿਹਾ ਹੈ ਕਿ ਗੱਠਾ ਪਟਾਕਾ ਕਾਂਗਰਸ ਦੇ ਪੰਜੇ ਵਿੱਚ ਚੱਲ ਚੁੱਕਾ ਹੈ। ਸ. ਗੜ੍ਹੀ ਨੇ ਕਿਹਾ ਕਿ ਅਸੀ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਕਾਂਗਰਸ ਨੂੰ ਨਵਜੋਤ ਸਿੱਧੂ ਵਰਗਾ ਮਿੱਕੀ-ਮਾਊਸ ਪ੍ਰਧਾਨ ਮਿਲਣਾ, ਖੁਦ ਕਾਂਗਰਸ ਦੇ ਹੀ ਪਾਪਾਂ ਦਾ ਨਤੀਜਾ ਹੈ ਕਿਉਂਕਿ ਕਾਂਗਰਸ ਨੇ ਸਾਰੇ ਹੀ ਵਰਗਾਂ ਨੂੰ ਰੋਲਕੇ ਰੱਖਿਆ ਅਤੇ ਹੁਣ ਕੁਦਰਤ ਕਾਂਗਰਸ ਨੂੰ ਰੋਲ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦੇ ਹਾਲ ਇਸ ਗੱਲ ਤੋਂ ਹੀ ਦੇਖੇ ਜਾ ਸਕਦੇ ਹਨ ਕਿ ਮੌਜੂਦਾ ਪ੍ਰਧਾਨ ਅਸਤੀਫਾ ਦੇ ਚੁੱਕਾ ਹੈ ਅਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਕਿਸਾਨ ਵਿਰੋਧੀ ਪਾਰਟੀ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਨੂੰ ਮਿਲਣ ਦਿੱਲੀ ਨੂੰ ਤੁਰਿਆ ਹੋਇਆ ਹੈ।

ਸ: ਗੜ੍ਹੀ ਨੇ ਕਿਹਾ ਕਿ ਕਾਂਗਰਸ ਅੱਪਸ਼ਗਨਾਂ ਦੀ ਸਰਕਾਰ ਹੈ ਅਤੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਅਤੇ ਇਸ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਜਦੋਂ ਦਾ ਮੁੱਖ ਮੰਤਰੀ ਨੂੰ ਉਤਾਰਿਆ ਅੱਪਸ਼ਗਨ ਹੀ ਹੋ ਰਹੇ ਹਨ, ਜਿਨ੍ਹਾਂ ਵਿੱਚ ਪਹਿਲਾ ਅੱਪਸ਼ਗਨ ਜਾਖੜ ਤੇ ਪਿਆ, ਦੂਜਾ ਰੰਧਾਵੇ ਤੇ ਪਿਆ ਅਤੇ ਜੇ ਤੀਜੇ ਤੇ ਅੱਪਸ਼ਗਨ ਨਹੀਂ ਹੋਇਆ ਤਾਂ ਉਸੇ ਦਿਨ ਤੋਂ ਕਾਂਗਰਸ ਦੀ ਗ੍ਰਹਿ ਚਾਲ ਹੀ ਪੁੱਠੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਨਵਾਂ ਮੁੱਖ ਮੰਤਰੀ ਬਣਿਆ ਉਸ ਦਿਨ ਤੋਂ ਰੋਜ਼ ਵਿਵਾਦ ਹੋ ਰਹੇ ਹਨ। ਜਿਸ ਤਹਿਤ ਕਦੀ ਕਾਂਗਰਸ ਨੂੰ ਡੀਜੀਪੀ ਨਹੀਂ ਲੱਭਦਾ, ਕਦੀ ਮੁੱਖ ਸਕੱਤਰ ਨਹੀਂ ਮਿਲਿਆ, ਅੱਜ ਪੰਜਵੇਂ ਦਿਨ ਤਿੰਨ ਘਰ ਦੇਖਣ ਤੋਂ ਬਾਅਦ ਅਟਾਰਨੀ ਜਰਨਲ ਪ੍ਰਵਾਨ ਚੜਿਆ। ਬੀਤੇ ਦਿਨੀਂ ਚਾਰ ਘੰਟੇ ਕੈਬਨਿਟ ਦੀ ਮੀਟਿੰਗ ਚੱਲੀ ਪਰ ਨਤੀਜਾ ਕੋਈ ਨਹੀਂ। ਉਨ੍ਹਾਂ ਕਿਹਾ ਕਿ ਅੱਜ ਮੰਤਰੀ ਮੰਡਲ ਬਣਾਇਆ ਤੇ ਅੱਜ ਵੀ ਅੱਪਸ਼ਗਨ ਹੋ ਗਿਆ ਜਦਕਿ ਇਸ ਤੋਂ ਪਹਿਲਾਂ ਪਰਸੋਂ ਬਣਾਏ ਮੰਤਰੀ ਮੰਡਲ ਮੌਕੇ ਵੀ ਕਾਂਗੜ ਤੇ ਬਲਵੀਰ ਸਿਧੂ ਨੇ ਅੱਪਸ਼ਗਨ ਕੀਤਾ। ਸ. ਗੜ੍ਹੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਅੱਪਸ਼ਗਨਾਂ ਵਿੱਚ ਤੇ ਪੁੱਠੇ ਗ੍ਰਹਿ ਚਾਲਾਂ ਨਾਲ ਘਿਰੀ ਹੋਈ ਸਰਕਾਰ ਹੈ। ਇਹ ਅਪਸ਼ਾਗੁਨ ਕਾਂਗਰਸ ਦੇ ਆਜ਼ਾਦੀ ਦੇ 74 ਸਾਲਾਂ ਦੇ ਪਾਪਾਂ ਦਾ ਫਲ ਹੈ ਕਿਉਂਕਿ ਕਾਂਗਰਸ ਨੇ ਪੰਜਾਬ ਦੇ ਦਲਿਤ, ਪਿੱਛੜੇ ਅਤੇ ਘੱਟ ਗਿਣਤੀ ਵਰਗਾਂ ਨੂੰ ਰੋਲ ਕੇ ਰੱਖਿਆ ਅਤੇ ਅੱਜ ਕੁਦਰਤ ਕਾਂਗਰਸ ਨੂੰ ਰੋਲ ਰਹੀ ਹੈ।

Bulandh-Awaaz

Website: