18 C
Amritsar
Friday, March 24, 2023

ਬਰਗਾੜੀ ਤੇ ਬਹਿਬਲ ਕਲਾਂ ਮਾਮਲੇ ਚ” ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਬੂਲੀ ਨਾਕਾਮੀ , ਮੰਗੀ ਮੁਆਫੀ

Must read

 ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਵੱਲੋਂ ਪਿਛਲੇ ਦਿਨੀਂ ਐਲਾਨੇ ਬਰਗਾੜੀ ਅਤੇ ਹੋਰਨਾਂ ਥਾਵਾਂ ‘ਤੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਾਕਾ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਸੰਘਰਸ਼ ਦੇ ਪਹਿਲੇ ਪੜਾਅ ਤਹਿਤ ਅੱਜ 51 ਮੈਂਬਰੀ ਜਥੇ ਵੱਲੋਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਦੇ ਬਾਹਰ ਧਰਨਾ ਲਾਇਆ ਗਿਆ। ਇਕ ਲਿਖਤੀ ਬਿਆਨ ਰਾਹੀਂ ਅਲਾਇੰਸ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਸ. ਸੁਖਦੇਵ ਸਿੰਘ ਫਗਵਾੜਾ ਨੇ ਜਾਣਕਾਰੀ ਦਿੱਤੀ ਕਿ ਅੱਜ ਦੇ ਧਰਨੇ ਦੌਰਾਨ ਸਭ ਤੋਂ ਪਹਿਲਾਂ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੀ ਮੌਜੂਦਗੀ ਵਿੱਚ ਰਬਾਬੀ ਕੀਰਤਨੀਏ ਸਿੰਘਾਂ ਵੱਲੋਂ “ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ” ਅਤੇ “ਕੁਤਾ ਰਾਜ ਬਹਾਲੀਐ ਫਿਰਿ ਚਕੀ ਚਟੈ” ਸ਼ਬਦਾਂ ਦਾ ਗਾਇਨ ਕੀਤਾ ਗਿਆ।

                         ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗਲੀ ਵਿਚ ਹੋ ਰਿਹਾ ਕੀਰਤਨ ਸੁਣਦੇ ਹੋਏ

ਇਸ ਤੋਂ ਬਾਅਦ ਸ. ਸੁਖਦੇਵ ਸਿੰਘ ਫਗਵਾੜਾ ਨੇ ਕੈਬਨਿਟ ਮੰਤਰੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਸ਼ਬਦ ਅੱਜ ਦੇ ਸਮੇਂ ਚ ਤੁਹਾਡੀ ਸਰਕਾਰ ਉੱਤੇ ਪੂਰੀ ਤਰ੍ਹਾਂ ਢੁੱਕਦੇ ਹਨ।ਉਨ੍ਹਾਂ ਸੰਗਤੀ ਰੂਪ ਵਿੱਚ ਜੇਲ੍ਹ ਮੰਤਰੀ ਨੂੰ ਵਾਅਦੇ ਯਾਦ ਕਰਵਾਉਂਦਿਆਂ ਕਿਹਾ ਕਿ ਉਹਨਾਂ ਬਰਗਾੜੀ ਮੋਰਚੇ ਦੀ ਸਮਾਪਤੀ ਅਤੇ ਪਿਛਲੇ ਸਾਲ 28 ਅਗਸਤ 2018 ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਵਿਚਾਰ ਕਰਨ ਲਈ ਸੱਦੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਜਜ਼ਬਾਤੀ ਭਾਸ਼ਣ ਦਿੰਦਿਆਂ ਕਿਹਾ ਸੀ ਕਿ ਉਹ ਸਰਕਾਰ ਵਿੱਚ ਰਹਿੰਦਿਆਂ ਬਹਿਬਲ ਕਲਾਂ ਅਤੇ ਬਰਗਾੜੀ ਦੇ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ਣਗੇ ਅਤੇ ਉਨ੍ਹਾਂ ਦੀ ਰਹਿੰਦੀ ਉਮਰ ਜੇਲ੍ਹਾਂ ਵਿੱਚ ਗੁਜ਼ਰੇਗੀ। ਵਿਸ਼ੇਸ਼ ਸੈਸ਼ਨ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਹੋਇਆ ਸੀ ਕਿ ਬਰਗਾੜੀ ਕੇਸ ਦੀ ਜਾਂਚ ਸੀ.ਬੀ.ਆਈ. ਤੋਂ ਵਾਪਸ ਲਈ ਜਾਵੇਗੀ।ਅਲਾਇੰਸ ਆਗੂ ਨੇ ਮੰਤਰੀ ਤੋਂ ਪੁੱਛਿਆ ਕਿ ਪਿਛਲੇ 16 ਮਹੀਨਿਆਂ ਵਿੱਚ ਜੇਕਰ ਉਹਨਾਂ ਦੀ ਸਰਕਾਰ ਨੇ ਕੋਈ ਇੱਕ ਵੀ ਕਦਮ ਸੀ.ਬੀ.ਆਈ. ਤੋਂ ਕੇਸ ਵਾਪਸ ਲੈਣ ਲਈ ਪੁੱਟਿਆ ਹੈ ਤਾਂ ਦੱਸਣ।

“ਤੁਸੀਂ ਸਦਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਖਿਆ ਸੀ ਕਿ ਬਹਿਬਲ ਕਲਾਂ ਦੇ ਅਸਲ ਦੋਸ਼ੀ ਪ੍ਰਕਾਸ਼ ਸਿੰਘ ਬਾਦਲ ,ਸੁਖਬੀਰ ਬਾਦਲ, ਸੁਮੇਧ ਸੈਣੀ ਅਤੇ ਪਰਮਰਾਜ ਉਮਰਾਨੰਗਲ ਆਦਿ ਹਨ ਪਰ ਇਹ ਲੋਕ ਤੁਹਾਡੀ ਸਰਕਾਰ ਦੀ ਬਣਾਈ ਹੋਈ ਕਿਸੇ ਵੀ ਸਿੱਟ ਦੇ ਜਾਂਚ ਦੇ ਘੇਰੇ ਵਿੱਚ ਵੀ ਕਿਉਂ ਨਹੀਂ ਹਨ?”, ਸੁਖਦੇਵ ਸਿੰਘ ਨੇ ਕਿਹਾ।

“ਤੁਸੀਂ ਕਿਹਾ ਸੀ ਕਿ ਬੇਅਦਬੀਆਂ ਦੇ ਦੋਸ਼ੀ ਮਰਦੇ ਦਮ ਤੱਕ ਜੇਲ੍ਹਾਂ ਵਿੱਚ ਰਹਿਣਗੇ ਪਰ ਰਾਮ ਰਹੀਮ ਵਰਗੇ ਵੱਡੇ ਦੋਸ਼ੀਆਂ ਨੂੰ ਨਾਮਜ਼ਦ ਕਰਨਾ ਤਾਂ ਦੂਰ ,ਫੜੇ ਗਏ ਦੋਸ਼ੀ ਹਾਲਾਂਕਿ ਉਹ ਹੇਠਲੇ ਪੱਧਰ ਦੇ ਹੀ ਸਨ ਕੁਝ ਦਿਨਾਂ ਵਿੱਚ ਹੀ ਜ਼ਮਾਨਤਾਂ ਤੇ ਬਾਹਰ ਕਿਵੇਂ ਆ ਗਏ?”

“ਮੌੜ ਬੰਬ ਧਮਾਕੇ ਦੇ ਸਾਜ਼ਿਸ਼ਕਾਰਾਂ ਦਾ ਪਰਦਾਫਾਸ਼ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਦੋਸ਼ੀਆਂ ਦੀਆਂ ਬਰੂਹਾਂ ਤੱਕ ਪਹੁੰਚਣ ਦੇ ਬਾਵਜੂਦ ਵੀ ਵਾਪਸ ਮੁੜ ਜਾਂਚ ਠੱਪ ਕਰ ਕੇ ਕਿਉਂ ਬੈਠੀ ਹੋਈ ਹੈ?”

ਇਸ ਮੌਕੇ ਸੰਗਤਾਂ ਨੇ ਮੰਤਰੀ ਨੂੰ ਪੁੱਛਿਆ ਕਿ “ਇਕ ਪਾਸੇ ਤੁਸੀਂ ਭਾਈ ਲਛਮਣ ਸਿੰਘ ਧਾਰੋਵਾਲੀ ਦੇ ਵਾਰਸ ਹੋਣ ਦਾ ਦਾਅਵਾ ਕਰਦੇ ਹੋ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਸਹਾਰਦਿਆਂ ਸ਼ਹੀਦੀ ਦੇ ਦਿੱਤੀ ਸੀ, ਦੂਸਰੇ ਪਾਸੇ ਤੁਸੀਂ ਸਰਕਾਰ ਵਿੱਚ ਰਹਿੰਦਿਆਂ ਆਪਣੀ ਹੀ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਂਦਾ ਦੇਖ ਵਜ਼ੀਰੀਆਂ ਮਾਨਣ ਲਈ ਚੁੱਪ ਬੈਠੇ ਹੋਏ ਹਨ”।

ਲਿਖਤੀ ਬਿਆਨ ਵਿਚ ਅਲਾਇੰਸ ਆਗੂਆਂ ਨੇ ਕਿਹਾ ਕਿ ਉਕਤ ਸਵਾਲਾਂ ਦਾ ਜਵਾਬ ਦਿੰਦਿਆਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਨਿਆ ਕਿ ਉਨ੍ਹਾਂ ਦੀ ਸਰਕਾਰ ਦੋਸ਼ੀਆਂ ਨੂੰ ਸਜ਼ਾ ਦਵਾਉਣ ਵਿੱਚ ਨਾ ਕਾਮਯਾਬ ਰਹੀ ਹੈ ਅਤੇ ਇਸ ਲਈ ਉਨ੍ਹਾਂ ਨੇ ਮੁਆਫੀ ਵੀ ਮੰਗੀ। ਮੰਤਰੀ ਨੇ ਕਿਹਾ ਕਿ ਇਨਸਾਫ ਹੋਣ ਵਿੱਚ ਹੋ ਰਹੀ ਦੇਰੀ ਲਈ ਸ਼ਰਮਿੰਦਗੀ ਮਹਿਸੂਸ ਕਰਦਿਆਂ ਕਿਹਾ ਕਿ ਉਹ ਜਲਦ ਮੁੱਖ ਮੰਤਰੀ ਨਾਲ ਮਿਲ ਕੇ ਇਨ੍ਹਾਂ ਕੇਸਾਂ ਵਿੱਚ ਇਨਸਾਫ਼ ਦੇਣ ਵਿੱਚ ਹੋ ਰਹੀ ਦੇਰੀ ਸਬੰਧੀ ਵਿਚਾਰ ਕਰਨਗੇ।

ਜਿਸ ਤੋਂ ਬਾਅਦ ਅਲਾਇੰਸ ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਵੱਲੋਂ ਜੇਲ ਮੰਤਰੀ ਨੂੰ ਉਨ੍ਹਾਂ ਦਾ ਬਰਗਾੜੀ ਮੋਰਚੇ ਵੇਲੇ ਦਿੱਤਾ ਭਾਸ਼ਣ ਮਾਈਕ ਤੇ ਦੁਬਾਰਾ ਸੁਣਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਹਾ ਸੀ ਕਿ “ਜੇ ਉਹ ਦੋਸ਼ੀਆਂ ਨੂੰ ਸਜ਼ਾ ਨਾ ਦਿਵਾ ਪਾਏ ਤਾਂ ਉਨ੍ਹਾਂ ਦਾ ਹਸ਼ਰ ਵੀ ਬਾਦਲਾਂ ਵਰਗਾ ਜਾਂ ਉਸ ਤੋਂ ਵੀ ਮਾੜਾ ਹੋਵੇ” ਅਤੇ ਯਾਦ ਕਰਵਾਇਆ ਗਿਆ ਕਿ ਤੁਸੀਂ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੋਲੇ ਸਨ ਜੇ ਤੁਸੀਂ ਇਨਸਾਫ਼ ਨਾ ਦਿਵਾ ਪਾਏ ਤਾਂ ਅਸੀਂ ਚਾਹਾਂਗੇ ਕਿ ਤੁਹਾਡੇ ਇਹ ਸ਼ਬਦ ਪੂਰੇ ਹੋਣ।

ਅੰਤ ਵਿੱਚ ਜਥੇ ਵਿੱਚ ਸ਼ਾਮਲ ਸੰਗਤਾਂ ਨੇ ਹੱਥ ਵਿੱਚ ਫੜੇ ਪੋਸਟਰ ਜਿਨ੍ਹਾਂ ਵਿੱਚ ਬਰਗਾੜੀ ਤੇ ਬਹਿਬਲ ਕਲਾਂ ਦੇ ਇਨਸਾਫ਼ ਲਈ ਨਾਅਰੇ ਲਿਖੇ ਹੋਏ ਸਨ, ਉਹ ਜੇਲ ਮੰਤਰੀ ਨੂੰ ਸੌਂਪੇ ਅਤੇ ਜੇਲ੍ਹ ਮੰਤਰੀ ਨੇ ਵੀ ਕਿਹਾ ਕਿ ਉਹ ਇਹ ਪੋਸਟਰ ਜਲਦ ਜਾ ਕੇ ਮੁੱਖ ਮੰਤਰੀ ਨੂੰ ਦੇਣਗੇ।

ਇਸ ਜਥੇ ਵਿੱਚ ਆਵਾਜ਼ ਏ ਕੌਮ ਜਥੇਬੰਦੀ ਦੇ ਆਗੂ ਨੋਬਲਜੀਤ ਸਿੰਘ ਹੁਸ਼ਿਆਰਪੁਰ, ਮਨਜੀਤ ਸਿੰਘ ਕਰਤਾਰਪੁਰ ਤੋਂ ਇਲਾਵਾ ਅਲਾਇੰਸ ਨਾਲ ਸਬੰਧਤ ਜਥੇਬੰਦੀਆਂ ਦੇ ਆਗੂ ਗੁਰਸਾਹਿਬ ਸਿੰਘ ਲੁਧਿਆਣਾ, ਹਰਪ੍ਰੀਤ ਸਿੰਘ ਸੋਢੀ, ਸੁਖਜੀਤ ਸਿੰਘ, ਸਿਮਰਨਜੀਤ ਸਿੰਘ, ਗੁਰਮੀਤ ਸਿੰਘ, ਸਰਬਜੋਤ ਸਿੰਘ ਹਰਿਆਣਾ, ਅਮਰਜੀਤ ਸਿੰਘ ਸੁਰ ਸਿੰਘ ਨਵਜੋਧ ਸਿੰਘ ਹਰੀਕੇ, ਮਨਬੀਰ ਸਿੰਘ ਹਰੀਕੇ, ਐਡਵੋਕੇਟ ਸੁਖਵਿੰਦਰ ਸਿੰਘ ਕਰਮਜੀਤ ਸਿੰਘ, ਹਰਪ੍ਰੀਤ ਸਿੰਘ ਲੁਧਿਆਣਾ, ਕਮਲਬੀਰ ਸਿੰਘ, ਕੁਲਦੀਪ ਸਿੰਘ, ਪ੍ਰਭਜੋਤ ਸਿੰਘ, ਇੰਦਰਪ੍ਰੀਤ ਸਿੰਘ, ਕਰਮਜੀਤ ਸਿੰਘ ਆਦਿ ਸਿੰਘ ਹਾਜ਼ਰ ਸਨ।

- Advertisement -spot_img

More articles

- Advertisement -spot_img

Latest article