ਬਰਗਾੜੀ ’ਚ ਮੋਰਚਾ ਲਾਉਣ ਲਗੇ ਮਾਨ ਸਣੇ 40 ਸਿੰਘਾਂ ਨੂੰ ਹਿਰਾਸਤ ’ਚ ਲਿਆ

117

ਫਰੀਦਕੋਟ, 4 ਜੁਲਾਈ (ਬੁਲੰਦ ਆਵਾਜ ਬਿਊਰੋ) – ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੰਥਕ ਧਿਰਾਂ ਦੇ ਬਰਗਾੜੀ ਵਿੱਚ ਲੱਗਣ ਵਾਲੇ ਇਨਸਾਫ਼ ਮੋਰਚੇ ਨੂੰ ਜ਼ਿਲ੍ਹਾ ਪੁਲੀਸ ਨੇ ਹਾਲ ਦੀ ਘੜੀ ਰੋਕ ਦਿੱਤਾ ਹੈ। ਦੁਪਹਿਰ ਕਰੀਬ 1 ਵਜੇ ਬਰਗਾੜੀ ਪਿੰਡ ਵਿੱਚ ਮੋਰਚਾ ਸ਼ੁਰੂ ਹੋ ਗਿਆ ਸੀ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਮੁਖੀ ਸਿਮਰਨਜੀਤ ਸਿੰਘ ਮਾਨ ਆਪਣੇ ਕਰੀਬ 200 ਸਾਥੀਆਂ ਨਾਲ ਉਥੇ ਪੁੱਜੇ। ਆਪਣੇ ਸੰਬੋਧਨ ਦੌਰਾਨ ਜਦੋਂ ਉਹ ਪੱਕੇ ਮੋਰਚੇ ਦਾ ਐਲਾਨ ਕਰਨ ਲੱਗੇ ਤਾਂ ਪੁਲੀਸ ਨੇ ਸਿਮਰਨਜੀਤ ਸਿੰਘ ਮਾਨ ਅਤੇ ਭਾਈ ਕਾਹਨ ਸਿੰਘ ਸਮੇਤ 40 ਸਿੱਖ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਨੂੰ ਸੈਨਿਕ ਰੈਸਟ ਹਾਊਸ ਵਿੱਚ ਰੱਖਿਆ ਗਿਆ। ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਦੋ ਦਰਜਨ ਤੋਂ ਵੱਧ ਸਾਥੀਆਂ ਖ਼ਿਲਾਫ਼ ਬਾਜਾਖਾਨਾ ਪੁਲੀਸ ਨੇ ਧਾਰਾ 188 (ਪਾਬੰਦੀ ਦੇ ਹੁਕਮਾਂ ਦੀ ਉਲੰਘਣਾ) ਤਹਿਤ ਪਰਚਾ ਦਰਜ ਕੀਤਾ ਹੈ।

Italian Trulli

ਹਿਰਾਸਤ ’ਚ ਲਏ ਗਏ ਸਾਰੇ ਵਿਅਕਤੀਆਂ ਨੂੰ ਪੁਲੀਸ ਨੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਸਿਮਰਨਜੀਤ ਸਿੰਘ ਮਾਨ ਨੇ ਦੋਸ਼ ਲਾਇਆ ਕਿ ਬੇਅਦਬੀ ਅਤੇ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਵਿੱਚ ਬਾਦਲ ਪਰਿਵਾਰ ਅਤੇ ਸੁਮੇਧ ਸੈਣੀ ਦਾ ਹੱਥ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿੱਖਾਂ ਨੂੰ ਆਪਣੇ ਹੀ ਸੂਬੇ ਵਿੱਚ ਇਨਸਾਫ਼ ਨਹੀਂ ਮਿਲ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਹਰ ਹਾਲ ਵਿੱਚ ਸਜ਼ਾ ਦਿਵਾਈ ਜਾਵੇਗੀ। ਮੋਰਚੇ ਵਿੱਚ ਭਾਈ ਧਿਆਨ ਸਿੰਘ ਮੰਡ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਸ਼ਾਮਲ ਹੋਣ ਦੀ ਚਰਚਾ ਸੀ ਪਰੰਤੂ ਉਹ ਨਹੀਂ ਪੁੱਜੇ। ਦੱਸਣਯੋਗ ਹੈ ਕਿ ਪੰਥਕ ਧਿਰਾਂ ਨੇ ਐਲਾਨ ਕੀਤਾ ਸੀ ਕਿ ਜੇਕਰ 30 ਜੂਨ ਤੱਕ ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਨਹੀਂ ਸੁੱਟਿਆ ਜਾਂਦਾ ਤਾਂ ਉਹ ਇਨਸਾਫ਼ ਲੈਣ ਲਈ ਪਿੰਡ ਬਰਗਾੜੀ ਵਿੱਚ ਪੱਕਾ ਮੋਰਚਾ ਸ਼ੁਰੂ ਕਰ ਦੇਣਗੇ।