ਨਵੀਂ ਦਿੱਲੀ, 25 ਮਈ ਭਾਰਤ ਵਿੱਚ ਜਿਥੇ ਕੋਰੋਨਾ ਦਾ ਪ੍ਰਕੋਪ ਹਾਲੇ ਠਲ੍ਹ ਨਹੀਂ ਰਿਹਾ ਉਥੇ ਹੀ ਬਲੈਕ ਫੰਗਸ ਨੇ ਸਿਹਤ ਪ੍ਰਬੰਧਨ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਇਸ ਤੋਂ ਬਾਅਦ ਹੁਣ ਵ੍ਹਾਈਟ ਅਤੇ ਯੈਲੋ ਫੰਗਸ ਦੀਆਂ ਰਿਪੋਰਟਾਂ ਆ ਰਹੀਆਂ ਹਨ। ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਫੰਗਸ ਦਾ ਸ਼ਿਕਾਰ ਓਹੀ ਲੋਕ ਹੋ ਰਹੇ ਹਨ ਜਿਹੜੇ ਡਾਇਬਟੀਜ਼ ਦੇ ਮਰੀਜ਼ ਹਨ। ਮਹਾਮਾਰੀ ਕਾਨੂੰਨ ‘ਚ ਨੋਟੀਫਾਈ ਹੋਣ ਤੋਂ ਬਾਅਦ ਵੱਖ-ਵੱਖ ਸੂਬਿਆਂ ਨੇ ਮਿਊਕੋਰਮਾਈਕੋਸਿਸ ਅਰਥਾਤ ਬਲੈਕ ਫੰਗਸ ਇਨਫੈਕਸ਼ਨ ਦੇ ਸ਼ਿਕਾਰ ਮਰੀਜ਼ਾਂ ਦੀ ਜਾਣਕਾਰੀ ਕੇਂਦਰ ਸਰਕਾਰ ਨੂੰ ਭੇਜਣੀ ਸ਼ੁਰੂ ਕਰ ਦਿੱਤੀ ਹੈ। ਹਾਲੇ ਤਕ 18 ਸੂਬਿਆਂ ਨੇ ਬਲੈਕ ਫੰਗਸ ਤੋਂ ਇਨਫੈਕਟਿਡ 5,424 ਮਰੀਜ਼ਾਂ ਦੀ ਸੂਚੀ ਕੇਂਦਰੀ ਸਿਹਤ ਮੰਤਰਾਲੇ ਨੂੰ ਭੇਜੀ ਹੈ। ਇਨ੍ਹਾਂ ਵਿਚੋਂ 4,556 ਮਰੀਜ਼ਾਂ ਨੂੰ ਕੋਰੋਨਾ ਤੋਂ ਇਨਫੈਕਟਿਡ ਹੋਣ ਤੋਂ ਬਾਅਦ ਫੰਗਸ ਇਨਫੈਕਸ਼ਨ ਹੋਇਆ ਹੈ।
ਕੋਰੋਨਾ ਨੂੰ ਲੈ ਕੇ ਬਣੀ ਮੰਤਰੀ ਮੰਡਲੀ ਗਰੁੱਪ ਦੀ 27ਵੀਂ ਬੈਠਕ ‘ਚ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਦੇਸ਼ ‘ਚ ਫੰਗਸ ਇਨਫੈਕਸ਼ਨ ਦੇ ਤਾਜ਼ਾ ਹਾਲਾਤ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਦੇ ਸਭ ਤੋਂ ਜ਼ਿਆਦਾ ਮਰੀਜ਼ ਗੁਜਰਾਤ ‘ਚ 2,165 ਤੇ ਮਹਾਰਾਸ਼ਟਰ ‘ਚ 1,188 ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ‘ਚ 663, ਮੱਧ ਪ੍ਰਦੇਸ਼ ‘ਚ 590, ਹਰਿਆਣਾ ‘ਚ 339 ਤੇ ਆਂਧਰ ਪ੍ਰਦੇਸ਼ ‘ਚ 248 ਮਰੀਜ਼ ਵੀ ਹਾਲੇ ਤਕ ਪਾਏ ਜਾ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ ਫੰਗਸ ਇਨਫੈਕਸ਼ਨ ਲਈ ਡਾਇਬਟੀਜ਼ ਨੂੰ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਤੇ ਅੰਕੜਿਆਂ ਨਾਲ ਇਸ ਦੀ ਪੁਸ਼ਟੀ ਵੀ ਹੁੰਦੀ ਹੈ। ਇਸ ਨਾਲ ਇਨਫੈਕਟਿਡ ਹੋਣ ਵਾਲਿਆਂ ‘ਚ 55 ਫ਼ੀਸਦੀ ਡਾਇਬਟੀਜ਼ ਦੇ ਮਰੀਜ਼ ਹਨ। ਉਂਜ ਹਰਸ਼ਵਰਧਨ ਨੇ ਇਹ ਨਹੀਂ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼ ਨਹੀਂ ਹੈ, ਉਹ ਫੰਗਸ ਇਨਫੈਕਸ਼ਨ ਦੇ ਸ਼ਿਕਾਰ ਕਿਵੇਂ ਹੋਏ।