ਫੌਜ ਦੀ ਵਾਪਸੀ ਤੋਂ ਬਾਅਦ ਵੀ ਅਫਗਾਨਿਸਤਾਨ ’ਚ ਖੁਲ੍ਹਾ ਰਹੇਗਾ ਦੂਤਘਰ – ਅਮਰੀਕਾ

79

ਕਾਬੁਲ, 6 ਜੁਲਾਈ (ਬੁਲੰਦ ਆਵਾਜ ਬਿਊਰੋ) – ਅਮਰੀਕਾ ਨੇ ਸਾਫ ਕਰ ਦਿੱਤਾ ਹੈ ਕਿ ਉਹ ਅਫਗਾਨਿਸਤਾਨ ਵਿਚ ਅਪਣੇ ਦੂਤਘਰ ਨੂੰ ਬੰਦ ਨਹੀਂ ਕਰੇਗਾ। ਅਮਰੀਕਾ ਵਲੋਂ ਇਸ ਦਾ ਐਲਾਨ ਕਰਦੇ ਹੋਏ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਦੂਤਘਰ ਕਾਬੁਲ ਵਿਚ ਖੁਲ੍ਹਾ ਹੈ ਅਤੇ ਅੱਗੇ ਵੀ ਖੁਲ੍ਹਾ ਹੀ ਰਹੇਗਾ। ਆਪ ਨੂੰ ਦੱਸ ਦੇਈਏ ਕਿ ਅਮਰੀਕਾ ਅਫਗਾਨਿਸਤਾਨ ਤੋਂ ਅਪਣੀ ਫੌਜ ਨੂੰ ਵਾਪਸ ਕੱਢਣ ਵਿਚ ਲੱਗਾ ਹੋਇਆ ਹੈ। ਅਗਸਤ ਦੇ ਅੰਤ ਤੱਕ ਉਸ ਦੀ ਫੌਜ ਇੱਥੋਂ ਚਲੀ ਜਾਵੇਗੀ। ਇਸ ਤੋਂ ਬਾਅਦ ਅਫਗਾਨਿਸਤਾਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਉਥੇ ਦੇ ਸੁਰੱਖਿਆ ਬਲਾਂ ਦੀ ਹੋਵੇਗੀ। ਹਾਲਾਂਕਿ ਉਥੇ ਦੀ ਸੁਰੱਖਿਆ ਨੂੰ ਲੈ ਕੇ ਕੌਮਾਂਤਰੀ ਪੱਧਰ ’ਤੇ ਚਿੰਤਾ ਕਈ ਵਾਰ ਜਤਾਈ ਜਾ ਚੁੱਕੀ ਹੈ। ਅਮਰੀਕੀ ਏਜੰਸੀ ਨੇ ਅਪਣੇ ਟਵੀਟ ਵਿਚ ਕਿਹਾ ਕਿ ਰਾਸ਼ਟਰਪਤੀ ਬਾਈਡਲ ਨੇ ਸਾਫ ਕਿਹਾ ਹੈ ਕਿ ਦੂਤਘਰ ਨੂੰ ਬੰਦ ਨਹੀਂ ਕੀਤਾ ਜਾਵੇਗਾ। ਦੂਤਘਰ ਇੱਥੇ ਦੀ ਸਰਕਾਰ ਦੇ ਨਾਲ ਕੰਮ ਕਰਨ ਦੇ ਲਈ ਲਗਾਤਾਰ ਬਣਿਆ ਰਹੇਗਾ।

Italian Trulli

ਦੂਤਘਰ ਵਲੋਂ ਇਹ ਸਫਾਈ ਵਾਲ ਸਟ੍ਰੀਟ ਜਰਨਲ ਵਿਚ ਛਪੀ ਉਸ ਖ਼ਬਰ ਤੋਂ ਬਾਅਦ ਦੇਣੀ ਪਈ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਅਮਰੀਕੀ ਅਧਿਕਾਰੀ ਕਾਬੁਲ ਤੋਂ ਕਿਸੇ ਐਮਰਜੈਂਸੀ ਹਾਲਾਤ ਵਿਚ ਨਿਕਲਣ ਦੇ ਲਈ ਅਤੇ ਦੂਤਘਰ ਨੂੰ ਖਾਲੀ ਕਰਨ ਦੇ ਲਈ ਯੋਜਨਾ ਬਣਾ ਰਹੇ ਹਨ। ਖੀਬਰ ਮੁਤਾਬਕ ਅਮਰੀਕੀ ਅਧਿਕਾਰੀਆਂ ਨੂੰ ਸੁਰੱਖਿਆ ਦਾ ਖ਼ਤਰਾ ਦੱਸਦੇ ਹੋਏ ਇਹ ਖ਼ਬਰ ਦਿੱਤੀ ਗਈ ਸੀ। ਖ਼ਬਰ ਵਿਚ ਅਮਰੀਕੀ ਫੌਜ ਦੀ ਵਾਪਸੀ ਨਾਲ ਇਸ ਨੂੰ ਜੋੜ ਕੇ ਦੇਖਿਆ ਗਿਆ ਸੀ । ਗੌਰਤਲਬ ਹੈ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਦੇ ਐਲਾਨ ਦੇ ਨਾਲ ਹੀ ਤਾਲਿਬਾਨ ਨੇ ਉਥੇ ਅਪਣੇ ਪੈਸਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਤਾਲਿਬਾਨ ਮਈ ਤੋਂ ਹੁਣ ਤੱਕ ਕਈ ਜ਼ਿਲ੍ਹਿਆਂ ਨੂੰ ਅਪਣੇ ਕਬਜ਼ੇ ਵਿਚ ਲੈ ਚੁੱਕਾ ਹੈ। ਯੂਐਨ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਦੀ ਹਕੂਮਤ ਇੱਕ ਵਾਰ ਫੇਰ ਤੋਂ ਇੱਥੇ ਲਾਗੂ ਹੋ ਸਕਦੀ ਹੈ।