ਫਿਰੋਜ਼ਪੁਰ, 11 ਨਵੰਬਰ (ਬੁਲੰਦ ਆਵਾਜ ਬਿਊਰੋ) – ਸੰਯੁਕਤ ਕਿਸਾਨ ਮੋਰਚੇ ਨੇ ਅੱਜ ਫਿਰੋਜ਼ਪੁਰ ਵਿਚ ਵਾਪਰੀ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਇਸ ਦੀ ਤੁਲਣਾ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਗੱਡੀਆਂ ਹੇਠਾਂ ਦਰੜਨ ਨਾਲ ਕੀਤੀ ਹੈ। ਮੋਰਚੇ ਨੇ ਕਿਹਾ ਹੈ ਕਿ ਲਖੀਮਪੁਰ ਖੀਰੀ ਵਾਂਗ ਫਿਰੋਜ਼ਪੁਰ ਵਿੱਚ ਅਕਾਲੀ ਆਗੂਆਂ ਨੇ ਕਿਸਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਵਾਹਨਾਂ ਨਾਲ ਪੰਜ ਕਿਸਾਨਾਂ ਨੂੰ ਕੁਚਲ ਦਿੱਤਾ। ਮੋਰਚੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਜੋ ਇੱਥੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ, ਨੂੰ ਸਵਾਲ ਪੁੱਛਣ ਲਈ ਕਿਸਾਨ ਮੌਕੇ ‘ਤੇ ਇਕੱਠੇ ਹੋਏ ਸਨ। ਬੀਬੀ ਬਾਦਲ ਨੇ ਕਿਸਾਨਾਂ ਨੂੰ ਪ੍ਰੋਗਰਾਮ ਹੋਣ ਦੇਣ ਲਈ ਕਿਹਾ ਅਤੇ ਬਾਅਦ ਵਿੱਚ ਮਿਲਣ ਦਾ ਵਾਅਦਾ ਕੀਤਾ।
ਹਾਲਾਂਕਿ ਬਾਅਦ ਵਿੱਚ ਜਦੋਂ ਕਿਸਾਨਾਂ ਨੇ ਅਕਾਲੀ ਆਗੂਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਇਨਕਾਰ ਕਰ ਦਿੱਤਾ ਗਿਆ ਅਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੋਨੀ ਮਾਨ ਨੇ ਉਨ੍ਹਾਂ ਨੂੰ ਗੱਡੀ ਨਾਲ ਦਰੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਹਰਨੇਕ ਸਿੰਘ ਮਹਿਮਾ ਨੂੰ ਇੱਕ ਕਿਲੋਮੀਟਰ ਤੋਂ ਵੱਧ ਦੂਰ ਤੱਕ ਵਾਹਨ ਨੇ ਘਸੀਟਿਆ। ਅਕਾਲੀ ਆਗੂਆਂ ਨੇ ਕਿਸਾਨਾਂ ‘ਤੇ ਗੋਲੀਆਂ ਵੀ ਚਲਾਈਆਂ। ਕਤਲ ਦੀ ਕੋਸ਼ਿਸ਼ ਲਈ ਅਕਾਲੀ ਆਗੂਆਂ ਖ਼ਿਲਾਫ਼ ਐਫਆਈਆਰ ਦੀ ਮੰਗ ਕਰਦਾ ਹੈ। ਭਲਕੇ ਫਿਰੋਜ਼ਪੁਰ ਡੀਸੀ ਦਫਤਰ ਤੋਂ ਇਸ ਘਟਨਾ ਦੇ ਇਨਸਾਫ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕੱਢਿਆ ਜਾਵੇਗਾ।