More

    ਫਰਿਜਨੋ ਵਿਖੇ ਰਣਜੀਤ ਗਿੱਲ ਦਾ ਕਾਵਿ ਸੰਗ੍ਰਹਿ ਉਡਾਰੀਆਂ ਅਤੇ ਸਾਧੂ ਸਿੰਘ ਸੰਘਾ ਦਾ ਨਾਵਲ ਤਿੜਕਦੀ ਹਵੇਲੀ ਲੋਕ ਅਰਪਣ

    ਸੈਕਰਾਮੈਂਟੋ, ਕੈਲੀਫੋਰਨੀਆਂ 20 ਜੁਲਾਈ (ਬੁਲੰਦ ਆਵਾਜ ਬਿਊਰੋ) – ਫਰਿਜਨੋ ਦੇ ਨੌਰਥ ਪੁਆਇੰਟ ਈਵੈਂਟ ਸੈਂਟਰ ( ਕਰ੍ਹੀ ਹਾਊਸ ਰੈਸਟੋਰੈਂਟ)ਵਿਖੇ ਸਥਾਨਿਕ ਗਦਰੀ ਬਾਬਿਆਂ ਨੂੰ ਸਮਰਪਿਤ ਸੰਸਥਾ “ਇੰਡੋ- ਯੂ.ਐਸ. ਏ. ਹੈਰੀਟੇਜ਼ ਫਰਿਜਨੋ ਵੱਲੋਂ ਸਾਧੂ ਸਿੰਘ ਸੰਘਾ ਦਾ ਨਾਵਲ “ਤਿੜਕਦੀ ਹਵੇਲੀ” ਅਤੇ ਰਣਜੀਤ ਗਿੱਲ ਦਾ ਪਲੇਠਾ ਕਾਵਿ ਸੰਗ੍ਰਹਿ “ਉਡਾਰੀਆਂ” ਲੋਕ ਅਰਪਣ ਕੀਤੇ ਗਏ। ਇਹ ਸਮਾਗਮ ਉੱਘੇ ਕਾਰੋਬਾਰੀ ਚਰਨਜੀਤ ਸਿੰਘ ਬਾਠ ਵੱਲੋਂ ਸਪਾਂਸਰ ਕੀਤਾ ਗਿਆ। ਇਸ ਮੌਕੇ ਪੰਜਾਬੀ ਸਹਿਤ ਸਭਾ ਕੈਲੀਫੋਰਨੀਆ ਦੇ ਮੈਂਬਰ ਉਚੇਚੇ ਤੌਰ ਤੇ ਸੈਕਰਾਮੈਂਟੋ ਤੋਂ ਪਹੁੰਚੇ ਹੋਏ ਸਨ। ਇਸ ਮੌਕੇ ਮੁੱਖ ਮਹਿਮਾਨ ਡਾਕਟਰ ਪਿਰਥੀਪਾਲ ਸਿੰਘ ਸੋਹੀ ਅਤੇ ਪ੍ਰੋਫੈਸਰ ਹਰਿੰਦਰ ਕੌਰ ਸੋਹੀ ਸਰੀ ਕਨੇਡਾ ਤੋਂ ਘੁੰਡ ਚੁਕਾਈ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਖ਼ਾਸ ਸੱਦੇ ਤੇ ਆਏ ਹੋਏ ਸਨ। ਇਹ ਦੋਵੇਂ ਕਿਤਾਬਾਂ ਲੋਕਲ ਸ਼ਾਇਰਾਂ ,ਸਾਹਿਤਕਾਰਾਂ, ਪੱਤਰਕਾਰਾਂ ਅਤੇ ਰੇਡੀਓ ਹੋਸਟਾਂ ਦੀ ਹਾਜ਼ਰੀ ਵਿੱਚ ਫਰਿਜਨੋ ਦੇ ਪਤਵੰਤਿਆਂ ਵੱਲੋਂ ਲੋਕ ਅਰਪਣ ਕੀਤੀਆ ਗਈਆਂ। ਪ੍ਰੋਗਰਾਮ ਦਾ ਆਗਾਜ਼ ਪੱਤਰਕਾਰ ਨੀਟਾ ਮਾਛੀਕੇ ਨੇ ਸਭਨਾਂ ਨੂੰ ਨਿੱਘੀ ਜੀ ਆਇਆਂ ਆਖਕੇ ਸ਼ਾਇਰਾਨਾਂ ਅੰਦਾਜ਼ ਵਿੱਚ ਕੀਤਾ। ਉਪਰੰਤ ਸਾਧੂ ਸਿੰਘ ਸੰਘਾ ਨੇ ਆਏ ਸੱਜਣਾਂ ਦਾ ਸਵਾਗਤ ਕੀਤਾ ਅਤੇ ਵਾਰੋ ਵਾਰੀ ਪ੍ਰੋ. ਹਰਿੰਦਰ ਕੌਰ ਸੋਹੀ ਅਤੇ ਡਾ. ਪ੍ਰਿਥੀਪਾਲ ਸਿੰਘ ਸੋਹੀ ਨੂੰ ਸਟੇਜ਼ ‘ਤੇ ਆਉਣ ਦਾ ਸੱਦਾ ਦਿੱਤਾ।

    ਇਸ ਮੌਕੇ ਪ੍ਰੋ. ਹਰਿੰਦਰ ਕੌਰ ਸੋਹੀ ਅਤੇ ਡਾ. ਪ੍ਰਿਥੀਪਾਲ ਸੋਹੀ ਨੇ ਦੋਵਾਂ ਕਿਤਾਬਾਂ ਤੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਕਿਹਾ ਕਿ ਸਰਲ ਭਾਸ਼ਾ ਵਿੱਚ ਲਿਖੀਆਂ ਇਹ ਦੋਵੇਂ ਕਿਤਾਬਾਂ ਸਾਨੂੰ ਸਾਰਿਆ ਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਜਦੋ ਅਸੀਂ ਰਣਜੀਤ ਗਿੱਲ ਦੀ ਪੁਸਤਕ ਉਡਾਰੀਆਂ ਪੜ੍ਹਦੇ ਹਾਂ ਤਾਂ ਇੰਝ ਲਗਦਾ ਹੈ ਕਿ ਜਿਵੇਂ ਇਨਕਲਾਬੀ ਰੰਗ ਵਿੱਚ ਰੰਗਿਆ ਰਣਜੀਤ ਗਿੱਲ ਸੰਤਰਾਮ ਉਦਾਸੀ ਤੇ ਅਵਤਾਰ ਪਾਸ਼ ਦੇ ਵਿਚਕਾਰ ਆ ਖੜੋਤਾ ਹੋਵੇ। ਇਸੇ ਤਰੀਕੇ ਸਾਧੂ ਸਿੰਘ ਸੰਘਾ ਦੇ ਨਾਵਲ ਤਿੜਕਦੀ ਹਵੇਲੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹ ਨਾਵਲ 1925 ਤੋ ਲੈਕੇ ਗਰੀਨ ਰੈਵੂਲਲੇਸ਼ਨ ਤੱਕ ਦੀ ਦੋ ਪੀੜ੍ਹੀਆਂ ਦੀ ਕਹਾਣੀ ਹੈ। ਇਸ ਵਿੱਚ ਦਰਸਾਇਆ ਗਿਆ ਹੈ ਕਿ ਰਿਸ਼ਤਿਆਂ ਦੇ ਤਿੜਕਣ ਨਾਲ਼ , ਹਵੇਲੀ ਵੀ ਤਿੜਕਦੀ ਹੈ। ਇਸ ਮੌਕੇ ਇੰਡੋ ਯੂ ਐਸ ਏ ਹੈਰੀਟੇਜ਼ (ਫਰਿਜ਼ਨੋ) ਦੇ ਸਮੂਹ ਮੈਂਬਰਾਂ ਨੇ ਸ਼ਿਰਕਤ ਕੀਤੀ। ਰਣਜੀਤ ਗਿੱਲ ਅਤੇ ਸਾਧੂ ਸਿੰਘ ਸੰਘਾ ਨੇ ਜਸਵਿੰਦਰ ਸਿੰਘ ( ਨਿਊ ਇੰਡੀਆ ਸਵੀਟਸ ਐਂਡ ਸਪਾਈਸਜ਼ ) ਜਗੀਰ ਸਿੰਘ ਗਿੱਲ ( ਗਿੱਲ ਕੈਰੀਅਰ ), ਤੇ ਹਰਮਨ ਬਾਵਾ ਜੀ ਦਾ , ਵਿਸ਼ੇਸ਼ ਪਰਬੰਧਾਂ ਲਈ ਧੰਨਵਾਦ ਕੀਤਾ। ਹੋਰ ਬੋਲਣ ਵਾਲੇ ਬੁਲਾਰਿਆਂ ਵਿੱਚ ,ਹਰਨਾਮ ਸਿੰਘ ਪੰਨੂ ,ਡਾ. ਅਰਜਨ ਸਿੰਘ ਜੋਸ਼ਨ, ਗੁਰਦੀਪ ਸਿੰਘ ਅਣਖੀ, ਹਰਜਿੰਦਰ ਢੇਸੀ ,ਸ਼ਾਇਰ ਹਰਜਿੰਦਰ ਕੰਗ, ਸ਼ਾਇਰ ਦਿਲ ਨਿੱਝਰ, ਮਨਰੀਤ ਕੌਰ (ਪ੍ਰਧਾਨ ਪੰਜਾਬੀ ਸਹਿਤ ਸਭਾ ਕੈਲੀਫੋਰਨੀਆ), ਹਾਕਮ ਸਿੰਘ ਢਿੱਲੋ, ਕਰਮ ਸੰਘਾ , ਅਜੈਬ ਸਿੰਘ ਸੰਘਾ, ਨਾਜ਼ਰ ਸਹੋਤਾ ,ਅਮਰਜੀਤ ਦੌਧਰ , ਜਥੇਦਾਰ ਜੁਗਰਾਜ ਸਿੰਘ ਦੌਧਰ , ਅਰਜਣ ਸਿੰਘ ਜੋਸ਼ਨ,ਬਬਲਾ ਮਲੂਕਾ, ਪਸ਼ੌਰਾ ਸਿੰਘ ਢਿਲੋਂ ,ਦਲਜੀਤ ਰਿਆੜ ,ਗੁਰਜਤਿੰਦਰ ਰੰਧਾਵਾ, ਜਗਸੀਰ ਬਰਾੜ , ਭੋਲਾ ਬਰਾੜ ,ਜਸਪਾਲ ਸਿੰਘ ਬਿਲਾਸਪੁਰ, ਆਦਿ ਦੇ ਨਾਮ ਜਿਕਰਯੋਗ ਹਨ। ਕਿਤਾਬਾਂ ਰਲੀਜ਼ ਕਰਨ ਮਗਰੋਂ ਕਵੀ ਦਰਬਾਰ ਹੋਇਆ। ਕਵੀ ਦਰਬਾਰ ਦੀ ਸਟੇਜ਼ ਸਕੱਤਰਤਾ ਗਾਇਕ ਗੋਗੀ ਸੰਧੂ ਨੇ ਬਾ-ਖ਼ੂਬੀ ਨਿਭਾਈ। ਕਵੀ ਦਰਬਾਰ ਦਾ ਆਗਾਜ਼ ਯਮਲਾ ਜੱਟ ਦੇ ਸ਼ਗਿਰਦ ਰਾਜ ਬਰਾੜ ਨੇ ਖ਼ੂਬਸੂਰਤ ਗੀਤ ਨਾਲ ਕੀਤਾ। ਇਸ ਮੌਕੇ ਜੋਤੀ ਸਿੰਘ, ਦਲਜੀਤ ਕੌਰ, ਕਮਲ ਬੰਗਾ , ਕਾਕਾ ਅਮਨਜੋਤ ਸਿੰਘ, ਬਾਈ ਸੁਰਜੀਤ, ਅਵਤਾਰ ਗਰੇਵਾਲ, ਪੱਪੀ ਭਦੌੜ ਆਦਿ ਗਾਇਕਾਂ ਅਤੇ ਸ਼ਾਇਰਾਂ ਨੇ ਆਪਣੇ ਗੀਤਾਂ ਅਤੇ ਕਵਿਤਾਵਾਂ ਨਾਲ ਖ਼ੂਬ ਰੰਗ ਬੰਨਿਆ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img