ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਹਿਕਮੇ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਫਰਵਰੀ ਮਹੀਨੇ ਦੌਰਾਨ ਪਿਛਲੇ 57 ਸਾਲਾਂ ਦਾ ਗਰਮੀ ਦਾ ਰਿਕਾਰਡ ਟੁੱਟ ਗਿਆ ਹੈ। ਪੀ. ਏ. ਯੂ. ਮੌਸਮ ਮਹਿਕਮੇ ਦੀ ਇੰਚਾਰਜ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ 1973 ‘ਚ ਫਰਵਰੀ ਮਹੀਨੇ ‘ਚ ਵੱਧ ਤੋਂ ਵੱਧ ਤਾਪਮਾਨ 29.5 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਇਸ ਸਾਲ ਇਹ 30 ਡਿਗਰੀ ਸੈਲਸੀਅਸ ਨੂੰ ਪਾਰ ਕਰਦੇ ਹੋਏ 30.2 ਡਿਗਰੀ ਸੈਲਸੀਅਸ ‘ਤੇ ਪੁੱਜ ਚੁੱਕਾ ਹੈ।
ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਫਰਵਰੀ ਮਹੀਨੇ ‘ਚ ਆਮ ਤੌਰ ‘ਤੇ ਤਾਪਮਾਨ ਲਗਭਗ 22 ਡਿਗਰੀ ਦੇ ਨੇੜੇ ਰਹਿੰਦਾ ਹੈ ਪਰ ਬੀਤੇ ਦਿਨਾਂ ‘ਚ ਇਹ ਤਾਪਮਾਨ 30 ਡਿਗਰੀ ਦੇ ਨੇੜੇ ਪਹੁੰਚ ਗਿਆ ਸੀ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਕਾਂ ਨੂੰ ਗਰਮੀ ਵੱਧ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਬੀਤੇ ਦਿਨਾਂ ਦੌਰਾਨ ਮੌਸਮ ‘ਚ ਵੱਡਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ।
ਡਾ. ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਆਈ. ਐਮ. ਡੀ. ਵੱਲੋਂ ਜੋ ਉਨ੍ਹਾਂ ਨੂੰ ਫਾਰਕਾਸਟ ਮਿਲੀ ਹੈ, ਉਸ ਦੇ ਮੁਤਾਬਕ ਪੰਜਾਬ ਦੇ ਕੰਢੀ ਇਲਾਕਿਆਂ ‘ਚ ਵੈਸਟਰਨ ਡਿਸਟਰਬੈਂਸ ਦਾ ਪ੍ਰਭਾਵ ਵੇਖਣ ਨੂੰ ਮਿਲ ਸਕਦਾ ਹੈ, ਜਿਸ ਨਾਲ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਬੀਤੇ 2-3 ਦਿਨ ਜੋ ਲਗਾਤਾਰ ਗਰਮੀ ਵਧੀ ਹੈ, ਇਸ ਮੀਂਹ ਨਾਲ ਉਸ ‘ਚ ਥੋੜ੍ਹਾ ਜਿਹਾ ਪ੍ਰਭਾਵ ਵੇਖਣ ਨੂੰ ਮਿਲੇਗਾ ਅਤੇ ਪਾਰਾ ਘਟੇਗਾ ਪਰ ਇਸ ਤੋਂ ਬਾਅਦ ਮੁੜ ਤੋਂ ਮੌਸਮ ਆਮ ਵਰਗਾ ਹੋ ਜਾਵੇਗਾ।