More

  ਪੱਛਮੀ ਸਾਮਰਾਜੀਆਂ ਦਾ ਨਵਾਂ ਗੱਠਜੋੜ ਲੋਕਾਂ ਨੂੰ ਧੱਕੇਗਾ ਇੱਕ ਹੋਰ ਮਾਰੂ ਜੰਗ ਵੱਲ

  ਸਤੰਬਰ ਦੇ ਦੂਜੇ ਹਫ਼ਤੇ ਅਮਰੀਕਾ-ਇੰਗਲੈਂਡ-ਆਸਟਰੇਲੀਆ ਦਰਮਿਆਨ ਫੌਜੀ ਗੱਠਜੋੜ ਦੇ ਐਲਾਨ ਨੇ ਪਰਮਾਣੂ ਤਾਕਤਾਂ ਦਰਮਿਆਨ ਜੰਗੀ ਮਾਹੌਲ ਭੜਕਾ ਦਿੱਤਾ ਹੈ। ਮਹੀਨਿਆਂ-ਬੱਧੀ ਚੱਲੀਆਂ ਗੁਪਤ ਵਾਰਤਾਵਾਂ ਮਗਰੋਂ ਨੇਪਰੇ ਚੜ੍ਹੇ ਇਸ ਸਮਝੌਤੇ ਨੇ ਦੂਜੀ ਸੰਸਾਰ ਜੰਗ ਦੌਰਾਨ ਪ੍ਰਸ਼ਾਂਤ ਮਹਾਂਸਾਗਰ ਵਿੱਚ ਉੱਭਰੇ ਗੱਠਜੋੜ ਨੂੰ ਮੁੜ-ਸੁਰਜੀਤ ਕਰ ਦਿੱਤਾ – ਫਰਕ ਐਨਾ ਹੈ ਕਿ ਇਸ ਵਾਰ ਪੱਛਮੀ ਸਾਮਰਾਜੀਆਂ ਦਾ ਇਹ ਗੱਠਜੋੜ ਜਪਾਨ ਖਿਲਾਫ ਨਹੀਂ ਸਗੋਂ ਚੀਨ ਖਿਲਾਫ ਹੈ। ਇਸ ਸਮਝੌਤੇ ਤਹਿਤ ਅਮਰੀਕਾ ਜਾਂ ਦੋਹੇਂ (ਅਮਰੀਕਾ ਤੇ ਬਰਤਾਨੀਆਂ) ਆਸਟਰੇਲੀਆ ਨੂੰ ਲੰਬੀ ਮਾਰ ਦੀਆਂ ਪਰਮਾਣੂ-ਲੈਸ ਅੱਠ ਪਣਡੁੱਬੀਆਂ ਮੁਹੱਈਆ ਕਰਵਾਉਣਗੇ। ਸਾਮਰਾਜੀਆਂ ਦਾ ਇਸ ਪਿੱਛੇ ਪ੍ਰਤੱਖ ਮਕਸਦ ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਚੀਨ ਦੀਆਂ ਪਣਡੁੱਬੀਆਂ ਤੇ ਜੰਗੀ ਬੇੜਿਆਂ ਨੂੰ ਨਿਸ਼ਾਨੇ ’ਤੇ ਰੱਖਣਾ ਹੈ। ਇਸ ਗੱਠਜੋੜ ਦਾ ਦੂਜਾ ਮਕਸਦ ਉਪਰੋਕਤ ਤਿੰਨ ਸਾਮਰਾਜੀ ਮੁਲਕਾਂ ਦਰਮਿਆਨ ਸਾਈਬਰ ਜੰਗ ਤੇ ਹੋਰ ਤਕਨੀਕੀ ਖੇਤਰਾਂ ਜਿਵੇਂ ਕਿ ਬਣਾਉਟੀ ਚੇਤਨਾ ਤੇ ਕੁਆਂਟਮ ਕੰਪਿਊਟਰ ਤਕਨੀਕ ਦੀ ਸਾਂਝ ਨੂੰ ਪ੍ਰਫੁਲਿਤ ਕਰਨਾ ਹੈ, ਜਿਸ ਵਿੱਚ ਫਿਲਹਾਲ ਚੀਨ ਦਾ ਹੱਥ ਉੱਤੇ ਹੈ। ਬਦਲੇ ਵਿੱਚ ਆਸਟਰੇਲੀਆ ਵੀ ਆਪਣੀਆਂ ਉੱਤਰੀ ਇਲਾਕੇ ਦੀਆਂ ਫੌਜੀ ਸਹੂਲਤਾਂ ਨੂੰ ਅਮਰੀਕਾ ਲਈ ਖੋਲ੍ਹੇਗਾ ਜਿਹੜੀਆਂ ਕਿ ਦੱਖਣ-ਪੂਰਬੀ ਏਸ਼ੀਆ ਦੇ ਮੁਲਕਾਂ ਨਾਲ਼ ਲਗਦੀਆਂ ਹਨ। ਇਸ ਨਾਲ਼ ਦੂਜੀ ਸੰਸਾਰ ਜੰਗ ਮਗਰੋਂ ਮੁੜ ਤੋਂ ਆਸਟਰੇਲੀਆ ਫੌਜੀ ਕਾਰਵਾਈਆਂ ਲਈ ਅਹਿਮ ਅਮਰੀਕੀ ਅੱਡੇ ਵਜੋਂ ਕਾਇਮ ਹੋ ਜਾਵੇਗਾ। ਚੀਨ ਨੇ ਇਸ ਸਮਝੌਤੇ ਨੂੰ ਭੰਡਦਿਆਂ ਇਸ ਨੂੰ “ਖੇਤਰੀ ਅਮਨ ਤੇ ਸਥਿਰਤਾ ਲਈ ਖ਼ਤਰਨਾਕ” ਤੇ “ਜੰਗੀ ਹਥਿਆਰਾਂ ਨੂੰ ਤੇਜ਼ ਕਰਨ” ਵਾਲ਼ਾ ਕਦਮ ਕਿਹਾ ਹੈ। ਅਮਰੀਕਾ ਸਥਿਤ ਚੀਨ ਦੇ ਦੂਤਘਰ ਨੇ ਇਸ ਨੂੰ “ਠੰਡੀ ਜੰਗ ਵਾਲ਼ੀ ਮਾਨਸਿਕਤਾ” ਗਰਦਾਨਿਆ ਹੈ। ਓਧਰ ਦੱਖਣ ਏਸ਼ੀਆਈ ਮੁਲਕਾਂ ਇੰਡੋਨੇਸ਼ੀਆ ਤੇ ਮਲੇਸ਼ੀਆ ਨੇ ਤੇ ਰੂਸ ਨੇ ਵੀ ਇਸ ਸਮਝੌਤੇ ’ਤੇ ਚਿੰਤਾ ਜ਼ਾਹਰ ਕੀਤੀ ਹੈ। ਐਥੋਂ ਤੱਕ ਕਿ ਆਸਟਰੇਲੀਆ ਦਾ ਇਸ ਖਿੱਤੇ ਵਿੱਚ ਪੱਕਾ ਸੰਗੀ ਸਿੰਗਾਪੁਰ ਇਸ ਸਮਝੌਤੇ ਨੂੰ ਲੈ ਕੇ ਚਿੰਤਾ ਵਿੱਚ ਹੈ। ਦੱਖਣ ਏਸ਼ੀਆਈ ਮੁਲਕਾਂ ਦੀ ਨੀਤੀ ਅਮਰੀਕਾ ਤੇ ਚੀਨ ਦੋਹਾਂ ਦੀ ਮੁਕਾਬਲੇਬਾਜ਼ੀ ਤੋਂ ਆਪਣੇ ਲਈ ਫਾਇਦੇਮੰਦ ਸਮਝੌਤੇ ਹਾਸਲ ਕਰਨ ਦੀ ਰਹੀ ਹੈ ਪਰ ਹੁਣ ਉਹਨਾਂ ਨੂੰ ਇਹ ਲਗਦਾ ਹੈ ਕਿ ਇਸ ਖਿੱਤੇ ਵਿੱਚ ਜੰਗੀ ਮਾਹੌਲ ਭੜਕਣ ਨਾਲ਼ ਉਹਨਾਂ ਨੂੰ ਕੋਈ ਇੱਕ ਧਿਰ ਨਾ ਮੱਲਣੀ ਪੈ ਜਾਵੇ। ਤਕਨੀਕ ਦੇ ਮਾਮਲੇ ਵਿੱਚ ਭਾਵੇਂ ਅਮਰੀਕਾ ਚੀਨ ਤੋਂ ਉੱਪਰ ਹੈ ਪਰ ਦੱਖਣ ਪੂਰਬੀ ਏਸ਼ੀਆਈ ਮੁਲਕਾਂ ਨਾਲ਼ ਵਪਾਰ ਦੇ ਮਾਮਲੇ ਵਿੱਚ ਚੀਨ ਅਮਰੀਕਾ ਤੋਂ ਬੇਹੱਦ ਅੱਗੇ ਹੈ। ਇਸ ਲਈ ਅਮਰੀਕਾ ਵਾਸਤੇ ਦੱਖਣ ਪੂਰਬੀ ਏਸ਼ੀਆਈ ਮੁਲਕਾਂ ਨੂੰ ਚੀਨ ਖਿਲਾਫ ਨਾਲ਼ ਲੈਣਾ ਐਨਾ ਸੌਖਾ ਨਹੀਂ ਹੋਵੇਗਾ।

  ਓਧਰ ਬਰਤਾਨੀਆ ਵੱਲ਼ੋਂ ਕੀਤਾ ਇਹ ਸਮਝੌਤਾ ਯੂਰਪੀ ਯੂਨੀਅਨ ਨਾਲ਼ੋਂ ਉਸ ਦੇ ਵੱਖ ਹੋਣ ਤੋਂ ਬਾਅਦ ਕੀਤਾ ਪਹਿਲਾ ਵੱਡਾ ਸਮਝੌਤਾ ਹੈ ਤੇ ਇਸ ਨਾਲ਼ ਯੂਰਪੀ ਸਾਮਰਾਜੀ ਤਾਕਤਾਂ ਦਰਮਿਆਨ ਵੀ ਵਿਰੋਧ ਤਿੱਖੇ ਹੋਣ ਦੀ ਸੰਭਾਵਨਾ ਹੈ। ਸਖਤ ਪ੍ਰਤੀਕਿਰਿਆ ਦਿੰਦੇ ਹੋਏ ਫਰਾਂਸ ਨੇ ਅਮਰੀਕਾ ਤੇ ਆਸਟਰੇਲੀਆ ਵਿੱਚੋਂ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ। ਭਾਵੇਂ ਹਫ਼ਤੇ ਮਗਰੋਂ ਫਰਾਂਸੀਸੀ ਸਦਰ ਨਾਲ਼ ਬਾਈਡਨ ਦੀ ਮੁਲਾਕਾਤ ਪਿੱਛੋਂ ਰਾਜਦੂਤ ਵਾਪਸ ਆਪਣੀ ਡਿਊਟੀ ’ਤੇ ਚਲੇ ਗਏ ਪਰ ਫਰਾਂਸ ਨੇ ਸਖਤ ਸੁਨੇਹਾ ਦੇ ਦਿੱਤਾ ਹੈ। ਫਰਾਂਸ ਨੂੰ ਤਿੰਨ ਸਾਮਰਾਜੀ ਤਾਕਤਾਂ ਦੇ ਸਮਝੌਤੇ ਤੋਂ ਤਕਲੀਫ ਸਿਰਫ ਐਨੀ ਨਹੀਂ ਕਿ ਆਸਟਰੇਲੀਆ ਨੇ ਉਸ ਨਾਲ਼ੋਂ ਪਣਡੁੱਬੀਆਂ ਦਾ 39 ਅਰਬ ਡਾਲਰ ਦਾ ਕਰਾਰ ਤੋੜਕੇ ਅਮਰੀਕਾ ਕੋਲ਼ੋਂ ਇਹ ਪਣਡੁੱਬੀਆਂ ਲੈਣ ਦਾ ਫੈਸਲਾ ਕੀਤਾ ਸਗੋਂ ਉਸ ਨੂੰ ਇਹ ਸੱਲ੍ਹ ਵੀ ਲੱਗਿਆ ਹੈ ਕਿ ਉਹ ਖੁਦ ਨੂੰ ਪ੍ਰਸ਼ਾਂਤ ਮਹਾਂਸਾਗਰ ਵਿੱਚ ਵੱਡੀ ਤਾਕਤ ਵਜੋਂ ਦੇਖਦਾ ਹੈ ਤੇ ਹੁਣ ਉਸ ਨੂੰ ਇਹਨਾਂ ਤਿੰਨ ਤਾਕਤਾਂ ਨੇ ਇੱਕ ਤਰ੍ਹਾਂ ਪਾਸੇ ਕਰ ਦਿੱਤਾ ਹੈ। ਹਿੰਦ-ਪ੍ਰਸ਼ਾਂਤ ਮਹਾਂਸਾਗਰ ਵਿੱਚ ਫਰਾਂਸ ਦੇ ਕਈ ਖਿੱਤੇ, 20 ਲੱਖ ਨਾਗਰਿਕ ਤੇ 7 ਹਜ਼ਾਰ ਫੌਜੀ ਤਾਇਨਾਤ ਹਨ। ਜਿਵੇਂ-ਜਿਵੇਂ ਬਾਈਡਨ ਪ੍ਰਸ਼ਾਸਨ ਚੀਨ ਨਾਲ਼ ਆਪਣੇ ਟਕਰਾਅ ਨੂੰ ਵਧਾਉਂਦਾ ਜਾ ਰਿਹਾ ਹੈ ਉਸ ਨਾਲ਼ ਜਿੱਥੇ ਬਰਤਾਨੀਆ ਤੇ ਆਸਟਰੇਲੀਆ ਰੰਗਮੰਚ ਦੇ ਕੇਂਦਰ ਵਿੱਚ ਆ ਗਏ ਹਨ ਓਥੇ ਹੀ ਸਾਰੀਆਂ ਵੱਡੀਆਂ ਤਾਕਤਾਂ ਨੂੰ ਚੀਨ ਨਾਲ਼ ਜਾਂ ਚੀਨ ਦੇ ਵਿਰੋਧ ਵਿੱਚ ਸਪੱਸ਼ਟ ਕਤਾਰ ਬੰਨ੍ਹਣੀ ਪੈ ਰਹੀ ਹੈ। ਏਸ਼ੀਆ ਵਿੱਚ ਪਹਿਲੋਂ ਹੀ ਅਮਰੀਕਾ ਨੇ ਜਪਾਨ-ਆਸਟਰੇਲੀਆ-ਭਾਰਤ ਨੂੰ ਨਾਲ਼ ਲੈ ਕੇ ਕੁਆਡ ਗੱਠਜੋੜ ਬਣਾਇਆ ਹੋਇਆ ਹੈ ਜਿਸ ਦੀ ਭਾਵੇਂ ਅਜੇ ਤੱਕ ਕੋਈ ਵੱਡੀ ਪ੍ਰਾਪਤੀ ਤਾਂ ਨਹੀਂ ਪਰ ਇਹ ਸਾਰੇ ਤਿਕੜਮ ਅਮਰੀਕੀ ਸਾਮਰਾਜ ਦੀ ਚੀਨ ਨੂੰ ਘੇਰਨ ਦੀ ਕਾਹਲ ਦਰਸਾਉਂਦੇ ਹਨ। ਅਮਰੀਕੀ ਸਾਮਰਾਜ ਦੇ ਚੀਨ ਨਾਲ਼ ਵਧਦੇ ਜੰਗੀ ਟਕਰਾਅ ਪਿੱਛੇ ਅਮਰੀਕਾ ਦੀ ਆਰਥਿਕ ਅਸੁਰੱਖਿਆ ਤੇ ਚੀਨ ਦਾ ਨਵੀਂ ਤਾਕਤ ਵਜੋਂ ਉੱਭਰਨਾ ਹੈ। ਇਸ ਲਈ ਬਾਈਡਨ ਪ੍ਰਸ਼ਾਸਨ ਨੇ ਟਰੰਪ ਸਰਕਾਰ ਦੀਆਂ ਨੀਤੀਆਂ ਨੂੰ ਨਾ ਸਿਰਫ ਜਾਰੀ ਰੱਖਿਆ ਸਗੋਂ ਵਧਾਇਆ ਹੈ। ਵਪਾਰ ਬੰਦਸ਼ਾਂ ਤੋਂ ਲੈ ਕੇ ਚੀਨ ਦੀਆਂ ਕੰਪਨੀਆਂ ’ਤੇ ਰੋਕਾਂ ਲਾਉਣਾ, ਦੱਖਣ ਤੇ ਪੂਰਬੀ ਚੀਨ ਸਾਗਰ ਵਿੱਚ ਭੜਕਾਊ ਫੌਜੀ ਮਸ਼ਕਾਂ ਕਰਨੀਆਂ, ਤਾਈਵਾਨ ਨਾਲ਼ ਸਾਂਝ ਪੱਕੀ ਕਰਨੀ ਆਦਿ। ਖੁਦ ਅਮਰੀਕਾ ਅੰਦਰ ਮਾੜੇ ਹੁੰਦੇ ਹਾਲਾਤਾਂ ਕਰਕੇ ਲੋਕ ਸੰਘਰਸ਼ਾਂ ਦਾ ਨਵਾਂ ਦੌਰ ਉੱਠਿਆ ਹੈ ਜਿਸ ਤੋਂ ਪਰੇਸ਼ਾਨ ਹਾਕਮ ਜਮਾਤ ਦੇਸ਼ ਅੰਦਰਲੇ ਸਮਾਜਿਕ ਤਣਾਅ ਦਾ ਮੁਹਾਣ ਕਿਸੇ ਬਾਹਰੀ “ਦੁਸ਼ਮਣ” ਵੱਲ ਮੋੜਨਾ ਚਾਹੁੰਦੀ ਹੈ।

  ਅਮਰੀਕਾ-ਬਰਤਾਨੀਆ-ਆਸਟਰੇਲੀਆ ਦਰਮਿਆਨ ਇਹ ਸਮਝੌਤਾ ਆਉਣ ਵਾਲ਼ੇ ਸਮੇਂ ਵਿੱਚ ਪਰਮਾਣੂ ਹਥਿਆਰਾਂ ਦੀ ਦੌੜ ਤੇਜ ਕਰੇਗਾ।
  ਆਸਟਰੇਲੀਆ ਇੱਕ ਗੈਰ-ਪਰਮਾਣੂ ਹਥਿਆਰਾਂ ਵਾਲ਼ਾ ਮੁਲਕ ਹੈ। ਅਜਿਹੇ ਮੁਲਕਾਂ ਨੂੰ ਕੌਮਾਂਤਰੀ ਪਰਮਾਣੂ ਊਰਜਾ ਸੰਸਥਾ ਨੂੰ ਆਪਣੇ ਪਰਮਾਣੂ ਊਰਜਾ ਦੇ ਕਾਰਜਾਂ ਬਾਰੇ ਦੱਸਣਾ ਹੁੰਦਾ ਹੈ ਤਾਂ ਜੋ ਕੌਮਾਂਤਰੀ ਮੰਚ ’ਤੇ ਇਹ ਸਾਫ ਰਹੇ ਕਿ ਕੋਈ ਮੁਲਕ ਪਰਮਾਣੂ ਊਰਜਾ ਦੀ ਥਾਂ ਪਰਮਾਣੂ ਹਥਿਆਰ ਤਾਂ ਨਹੀਂ ਬਣਾ ਰਿਹਾ। ਪਰ ਇਹ ਕੌਮਾਂਤਰੀ ਮੰਚ ਵੀ ਅਮਰੀਕੀ ਸਾਮਰਾਜ ਦਾ ਹੱਥਠੋਕਾ ਬਣਿਆ ਹੋਇਆ ਹੈ। ਖੁਦ ਅਮਰੀਕਾ-ਬਰਤਾਨੀਆ-ਫਰਾਂਸ ਜਿਹੇ ਸਾਮਰਾਜੀ ਮੁਲਕਾਂ ਕੋਲ਼ ਅਜਿਹੇ ਅਨੇਕਾਂ ਪਰਮਾਣੂ ਹਥਿਆਰ ਮੌਜੂਦ ਹਨ ਪਰ ਜੇ ਕੋਈ ਵਿਰੋਧੀ ਧੜੇ ਦਾ ਮੁਲਕ ਇਹ ਵਿਕਸਤ ਕਰਨ ਦੀ ਕੋਸ਼ਿਸ਼ ਕਰੇ ਤਾਂ ਤੁਰੰਤ ਉਸ ’ਤੇ ਅਮਰੀਕੀ ਬੰਦਸ਼ਾਂ ਠੋਕ ਦਿੱਤੀਆਂ ਜਾਂਦੀਆਂ ਹਨ। ਇਹ ਵਰਤਾਰਾ ਅਸੀਂ ਇਰਾਨ ਦੇ ਮਾਮਲੇ ਵਿੱਚ ਵੇਖ ਸਕਦੇ ਹਾਂ। ਹੁਣ ਆਸਟਰੇਲੀਆ ਨੂੰ ਪਰਮਾਣੂ ਲੈਸ ਪਣਡੁੱਬੀਆਂ ਦੇਣ ਨਾਲ਼ ਸਾਮਰਾਜੀਆਂ ਦਾ ਇਹ ਦੋਗਲਾਪਨ ਹੋਰ ਨੰਗਾ ਹੋਇਆ ਹੈ। ਭਾਵੇਂ ਇਹ ਪਰਮਾਣੂ ਹਥਿਆਰਾਂ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ ਪਰ ਇਸ ਗੱਲ ਦੀ ਵੀ ਕੋਈ ਗਰੰਟੀ ਨਹੀਂ ਕਿ ਆਸਟਰੇਲੀਆ ਜਾਂ ਇਹੀ ਬਹਾਨਾ ਲੈ ਕੇ ਕੋਈ ਹੋਰ ਮੁਲਕ ਅਜਿਹੇ ਹਥਿਆਰ ਨਹੀਂ ਬਣਾਵੇਗਾ। ਕਹਿਣ ਦਾ ਭਾਵ ਹੈ ਕਿ ਸਾਮਰਾਜੀ ਮੁਲਕ ਹਥਿਆਰਾਂ ਦੀ ਜੰਗ ਤੇਜ ਕਰਕੇ ਮਨੁੱਖਤਾ ਨੂੰ ਇੱਕ ਹੋਰ ਤਬਾਹਕੁੰਨ ਜੰਗ ਵੱਲ ਧੱਕ ਰਹੇ ਹਨ। ਦੂਜੇ ਬੰਨ੍ਹੇ ਚੀਨ ਦਾ ਅਰਥਚਾਰਾ ਵੀ ਸੰਕਟ ਵਿੱਚ ਜਾਣ ਦੇ ਸੰਕੇਤ ਮਿਲ਼ ਰਹੇ ਹਨ। ਇਸ ਦਾ ਰੀਅਲ ਅਸਟੇਟ ਗੁਬਾਰਾ ਕਿਸੇ ਵੇਲ਼ੇ ਵੀ ਫਟ ਸਕਦਾ ਹੈ। ਪੱਛਮੀ ਸਾਮਰਾਜੀਆਂ ਦੇ ਇਸ ਜੰਗੀ ਮਾਹੌਲ ਸਾਹਮਣੇ ਚੀਨ ਦੇ ਹਾਕਮਾਂ ਕੋਲ਼ ਕੋਈ ਬਦਲ ਨਹੀਂ। ਉਹ ਵੀ ਉਸੇ ਸਰਮਾਏਦਾਰਾ ਢਾਂਚਾ ਨੂੰ ਅੱਗੇ ਵਧਾ ਰਹੇ ਹਨ ਜਿਸ ਨੇ ਹੁਣ ਤੱਕ ਸੰਸਾਰ ਭਰ ਵਿੱਚ ਮਨੁੱਖਤਾ ਨੂੰ ਅਨੇਕਾਂ ਮਾਰੂ ਜੰਗਾਂ ਵੱਲ ਧੱਕਿਆ ਹੈ। ਕਿਰਤੀ ਲੋਕਾਂ ਕੋਲ਼ ਇਸ ਜੰਗੀ ਮਾਹੌਲ ਦਾ ਇੱਕੋ ਹੱਲ ਹੈ – ਇਸ ਮੁਨਾਫਾਖੋਰ ਸਰਮਾਏਦਾਰਾ ਢਾਂਚੇ ਦੀ ਥਾਂ ਸਮਾਜਵਾਦੀ ਢਾਂਚਾ ਉਸਾਰਨਾ। ਸਿਰਫ ਇਸ ਰਾਹੀਂ ਹੀ ਸੰਸਾਰ ਵਿਆਪੀ ਅਮਨ ਕਾਇਮ ਕੀਤਾ ਜਾ ਸਕਦਾ ਹੈ।

  (ਧੰਨਵਾਦ ਸਹਿਤ ਲਲਕਾਰ ਮੈਗਜ਼ੀਨ)

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img