ਫ਼ਤਹਿਗੜ੍ਹ ਸਾਹਿਬ, 19 ਅਗਸਤ : “ਸਾਨੂੰ ਅਤਿ ਭਰੋਸੇਯੋਗ ਪਾਰਟੀ ਵਸੀਲਿਆ ਤੋਂ ਜਾਣਕਾਰੀ ਮਿਲੀ ਹੈ ਕਿ ਜੋ ਬੀਤੇ 14 ਅਗਸਤ ਨੂੰ ਮੋਗਾ ਜਿ਼ਲ੍ਹੇ ਦੇ ਪਿੰਡ ਪੱਖੋਵਾਲ ਦੇ ਨੌਜ਼ਵਾਨਾਂ ਨੇ ਮੋਗਾ ਜਿ਼ਲ੍ਹਾ ਕੰਪਲੈਕਸ ਵਿਖੇ ਖ਼ਾਲਸਾਈ ਝੰਡਾ ਝੁਲਾਇਆ ਸੀ, ਉਨ੍ਹਾਂ ਦੀ ਇਕ ਨੌਜ਼ਵਾਨ ਭੈਣ ਬੀਬਾ ਹਰਵਿੰਦਰ ਕੌਰ, ਉਸਦੇ ਛੋਟੇ ਭਰਾ ਅਤੇ 5 ਹੋਰ ਸਿੱਖ ਨੌਜ਼ਵਾਨਾਂ ਨੂੰ ਚੁੱਕ ਕੇ ਮੋਗਾ ਸੀ.ਆਈ.ਏ. ਸਟਾਫ਼ ਵਿਚ ਰੱਖਕੇ ਤਸੱਦਦ ਢਾਹਿਆ ਜਾ ਰਿਹਾ ਹੈ । ਜੋ ਕਿ ਪੁਲਿਸ ਦੀ ਮਨੁੱਖਤਾ ਵਿਰੋਧੀ ਗੈਰ-ਕਾਨੂੰਨੀ ਅਤਿ ਸ਼ਰਮਨਾਕ ਅਮਲ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੰਜ਼ੀਦਾ ਸਖਤ ਨੋਟਿਸ ਲੈਦਾ ਹੋਇਆ ਜਿ਼ਲ੍ਹਾ ਪ੍ਰਸ਼ਾਸ਼ਨ ਮੋਗਾ, ਜਿ਼ਲ੍ਹਾ ਪੁਲਿਸ ਮੋਗਾ ਨੂੰ ਤੁਰੰਤ ਇਸ ਬੇਕਸੂਰ ਬੀਬਾ ਅਤੇ ਸੱਕ ਦੇ ਬਿਨ੍ਹਾਂ ਤੇ ਫੜੇ ਗਏ ਨੌਜ਼ਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਤਸੱਦਦ ਢਾਹੁਣ ਦੀ ਜਿਥੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ, ਉਥੇ ਜਿ਼ਲ੍ਹਾ ਪ੍ਰਸ਼ਾਸ਼ਨ ਮੋਗਾ ਤੇ ਪੰਜਾਬ ਸਰਕਾਰ ਨੂੰ ਖ਼ਬਰਦਾਰ ਕਰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਪੰਜਾਬ ਦੀ ਨੌਜ਼ਵਾਨੀ ਵਿਸ਼ੇਸ਼ ਤੌਰ ਤੇ ਬੀਬੀਆਂ ਨਾਲ ਇਸ ਤਰ੍ਹਾਂ ਦੁਰਵਿਹਾਰ ਕਰਨ ਅਤੇ ਤਸੱਦਦ ਢਾਹੁਣ ਦੇ ਦੁੱਖਦਾਇਕ ਅਮਲਾਂ ਨੂੰ ਬਿਲਕੁਲ ਵੀ ਸਹਿਣ ਨਹੀਂ ਕਰੇਗਾ । ਇਸ ਲਈ ਪ੍ਰਸ਼ਾਸ਼ਨ ਤੇ ਸਰਕਾਰ ਲਈ ਇਹ ਬਿਹਤਰ ਹੋਵੇਗਾ ਕਿ ਇਸ ਬੇਕਸੂਰ ਬੀਬੀ ਅਤੇ ਫੜੇ ਗਏ ਨੌਜ਼ਵਾਨਾਂ ਨੂੰ ਤੁਰੰਤ ਰਿਹਾਅ ਕਰਕੇ ਸਿੱਖ ਕੌਮ ਵਿਚ ਉੱਠ ਰਹੇ ਵੱਡੇ ਰੋਹ ਨੂੰ ਸ਼ਾਂਤ ਕੀਤਾ ਜਾਵੇ, ਵਰਨਾ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਹੁਕਮਰਾਨ ਤੇ ਪ੍ਰਸ਼ਾਸ਼ਨ ਜਿ਼ੰਮੇਵਾਰ ਹੋਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਗਾ ਦੇ ਪਿੰਡ ਪੱਖੋਵਾਲ ਦੀ ਨਿਵਾਸੀ ਬੀਬਾ ਹਰਵਿੰਦਰ ਕੌਰ, ਉਸਦੇ ਭਰਾ ਅਤੇ 5 ਹੋਰ ਨੌਜ਼ਵਾਨਾਂ ਨੂੰ ਸਿੱਖ ਕੌਮ ਉਤੇ ਦਹਿਸਤ ਪਾਉਣ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਦੇ ਅਤਿ ਸ਼ਰਮਨਾਕ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਨੂੰ ਅਜਿਹੀਆ ਕਾਰਵਾਈਆ ਲਈ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਨਾਦਰਸ਼ਾਹ ਅਤੇ ਫਿਰ ਅਹਿਮਦ ਸ਼ਾਹ ਅਬਦਾਲੀ ਇਨ੍ਹਾਂ ਦੀਆਂ ਜ਼ਬਰੀ ਧੀਆਂ-ਭੈਣਾਂ ਉਠਾਕੇ ਲੈ ਜਾਂਦੇ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਖ਼ਾਲਸਾ ਆਪਣੀਆ ਜਾਨਾਂ ਨੂੰ ਜੋਖਮ ਵਿਚ ਪਾ ਕੇ ਉਨ੍ਹਾਂ ਤੋਂ ਛੁਡਵਾਕੇ ਬਾਇੱਜ਼ਤ ਘਰੋ-ਘਰੀ ਪਹੁੰਚਾਉਦੇ ਰਹੇ ਹਨ, ਅੱਜ ਇਹ ਸਾਡੀਆਂ ਧੀਆਂ-ਭੈਣਾਂ ਨੂੰ ਥਾਣਿਆਂ ਤੇ ਤਸੱਦਦ ਕੇਦਰਾਂ ਵਿਚ ਜ਼ਲੀਲ ਕਰਨ ਤਾਂ ਇਨ੍ਹਾਂ ਨੂੰ ਅਜਿਹੀ ਕਾਰਵਾਈ ਦੀ ਸ਼ਰਮ ਆਉਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ‘ਕਾਬਲ ਦੇ ਜੰਮਿਆਂ ਨੂੰ ਨਿੱਤ ਮਹਿਮਾ’ ਦੇ ਅਨੁਸਾਰ ਸਿੱਖ ਕੌਮ ਵੱਡੇ ਤੋਂ ਵੱਡੇ ਕਸਟ ਵਿਚ ਨਾ ਕਦੀ ਘਬਰਾਈ ਹੈ ਅਤੇ ਨਾ ਹੀ ਦੁਸ਼ਮਣ ਦੀ ਸੋਚ ਨੂੰ ਕਦੀ ਸਫ਼ਲ ਹੋਣ ਦਿੱਤਾ ਹੈ । ਉਨ੍ਹਾਂ ਕਿਹਾ ਕਿ ਫਿਰ 1947 ਦੀ ਵੰਡ ਤੋਂ ਪਹਿਲੇ ਗਾਂਧੀ, ਨਹਿਰੂ, ਪਟੇਲ ਹਿੰਦੂ ਆਗੂਆਂ ਨੇ ਸਿੱਖ ਕੌਮ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਆਜ਼ਾਦ ਇੰਡੀਆਂ ਵਿਚ ਉਨ੍ਹਾਂ ਨੂੰ ਉੱਤਰੀ ਭਾਰਤ ਵਿਚ ਇਕ ਆਜ਼ਾਦ ਖਿੱਤਾ ਦਿੱਤਾ ਜਾਵੇਗਾ। ਜਿਥੇ ਸਿੱਖ ਕੌਮ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕੇਗੀ ਅਤੇ ਆਪਣੇ ਧਰਮ ਦੀਆਂ ਰਹੁਰੀਤੀਆ ਅਨੁਸਾਰ ਜਿ਼ੰਦਗੀ ਬਸਰ ਕਰ ਸਕੇਗੀ । ਉਪਰੋਕਤ ਆਗੂਆਂ ਨੇ ਇਸ ਕੀਤੇ ਗਏ ਬਚਨ ਤੋਂ ਮੁੰਨਕਰ ਹੋ ਕੇ ਸਿੱਖ ਕੌਮ ਨਾਲ ਵੱਡਾ ਧੋਖਾ ਕੀਤਾ। ਇੰਡੀਆਂ ਦੇ ਪਹਿਲੇ ਗ੍ਰਹਿ ਵਜ਼ੀਰ ਕੱਟੜਵਾਦੀ ਸੋਚ ਦੇ ਮਾਲਕ ਪਟੇਲ ਨੇ ਸਰਕਾਰੀ ਗੁਪਤ ਫਾਇਲਾਂ ਵਿਚ ਸਿੱਖ ਕੌਮ ਨੂੰ ‘ਜਰਾਇਮ ਪੇਸ਼ਾ’ ਕਰਾਰ ਦੇ ਕੇ ਵੱਡੀਆਂ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨਾਲ ਅਕਿਰਤਘਣਤਾ ਤੇ ਧ੍ਰੋਹ ਕਮਾਇਆ । ਇਹੀ ਵਜਹ ਹੈ ਕਿ ਇੰਡੀਅਨ ਵਿਧਾਨ ਦੀ ਘਾੜਤਾ ਕਮੇਟੀ ਦੇ ਦੋ ਸਿੱਖ ਨੁਮਾਇੰਦਿਆ ਸ. ਭੁਪਿੰਦਰ ਸਿੰਘ ਮਾਨ ਅਤੇ ਸ. ਹੁਕਮ ਸਿੰਘ ਨੇ ਇਸ ਬਣੇ ਵਿਧਾਨ ਤੇ ਦਸਤਖ਼ਤ ਨਹੀਂ ਸਨ ਕੀਤੇ, ਕਿਉਂਕਿ ਇਹ ਵਿਧਾਨ ਸਿੱਖ ਕੌਮ ਨਾਲ ਕੀਤੇ ਬਚਨਾਂ ਨੂੰ ਪੂਰਨ ਨਹੀਂ ਸੀ ਕਰਦਾ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਜਦੋਂ ਮੈਂ ਦੂਸਰੀ ਵਾਰ ਸੰਗਰੂਰ ਤੋਂ ਐਮ.ਪੀ. ਜਿੱਤਕੇ ਪਾਰਲੀਮੈਟ ਵਿਚ ਗਿਆ, ਤਾਂ ਉਸ ਸਮੇਂ ਸ੍ਰੀ ਵਾਜਪਾਈ ਵਜ਼ੀਰ-ਏ-ਆਜ਼ਮ ਸਨ । ਮੈਂ ਆਪਣੀ ਤਕਰੀਰ ਵਿਚ ਸਮੁੱਚੇ ਪਾਰਲੀਮੈਟ ਹਾਊਂਸ ਨੂੰ ਤਿਰੰਗੇ ਝੰਡੇ ਬਾਰੇ ਦੱਸਦੇ ਹੋਏ ਕਿਹਾ ਕਿ ਜੋ ਇਸ ਵਿਚ ਭਗਵਾ ਰੰਗ ਹੈ, ਉਹ ਹਿੰਦੂਆਂ ਦਾ ਹੈ ਅਤੇ ਜੋ ਅਸੋਕ ਚੱਕਰ ਹੈ, ਉਹ ਬੁੱਧ ਧਰਮ ਦਾ ਹੈ । ਜੋ ਚਿੱਟਾ ਰੰਗ ਹੈ, ਉਹ ਜੈਨੀਆਂ ਦਾ ਹੈ ਅਤੇ ਜੋ ਹਰਾ ਰੰਗ ਹੈ, ਉਹ ਮੁਸਲਮਾਨਾਂ ਦਾ ਹੈ । ਇਸ ਤਿਰੰਗੇ ਵਿਚ ਸਾਰੀਆ ਕੌਮਾਂ, ਧਰਮਾਂ ਨੂੰ ਸਨਮਾਨ ਦਿੱਤਾ ਗਿਆ ਹੈ, ਲੇਕਿਨ ਜਿਸ ਸਿੱਖ ਕੌਮ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਦਾਨ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ, ਉਨ੍ਹਾਂ ਦਾ ਇਸ ਤਿਰੰਗੇ ਝੰਡੇ ਵਿਚ ਸਿੱਖ ਕੌਮ ਨੂੰ ਕੋਈ ਸਨਮਾਨ ਨਹੀਂ ਦਿੱਤਾ ਗਿਆ । ਇਸਦਾ ਸਮੁੱਚਾ ਹਾਊਸ ਅਤੇ ਵਜ਼ੀਰ-ਏ-ਆਜ਼ਮ ਜੁਆਬ ਦੇਣ । ਪਰ ਕਿਸੇ ਨੇ ਵੀ ਇਸਦਾ ਜੁਆਬ ਨਹੀਂ ਦਿੱਤਾ । ਬਲਕਿ ਮੇਰੀ ਤਕਰੀਰ ਤੋਂ ਸਭ ਡੌਰਭੌਰ ਹੋ ਗਏ । ਉਨ੍ਹਾਂ ਕਿਹਾ ਕਿ ਅਸੀਂ 74 ਸਾਲਾਂ ਤੋਂ ਤਿਰੰਗੇ ਨੂੰ ਸਲਿਊਟ ਕਰਦੇ ਆ ਰਹੇ ਹਾਂ, ਜੇਕਰ ਸਿੱਖ ਨੌਜ਼ਵਾਨਾਂ ਨੇ ਸਿੱਖ ਕੌਮ ਦੀ ਤਰਜਮਾਨੀ ਕਰਦੇ ਹੋਏ ਇਸ ਵਾਰੀ ਖਾਲਸਾਈ ਝੰਡਾ ਝੁਲਾ ਦਿੱਤਾ ਹੈ, ਤਾਂ ਕੱਟੜਵਾਦੀਆਂ ਦੇ ਢਿੱਡੀ ਪੀੜ੍ਹਾ ਪੈਣੀਆ ਕਿਉਂ ਸੁਰੂ ਹੋ ਗਈਆ ਹਨ ?
ਸ. ਮਾਨ ਨੇ ਭਾਈ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇੰਡੀਆਂ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਵੱਲੋਂ ਰਾਮ ਮੰਦਰ ਦੇ ਨੀਂਹ ਪੱਥਰ ਸਮੇਂ ਤੱਥਾਂ ਤੋਂ ਕੋਹਾ ਦੂਰ ਇਹ ਗੱਲ ਕਹਿਕੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਗੋਬਿੰਦ ਰਮਾਇਣ’ ਲਿਖੀ ਹੈ ਜੋ ਸਮੁੱਚੀ ਸਿੱਖ ਕੌਮ ਦੇ ਮਨ-ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ ਅਤੇ ਕੌਮ ਦੇ ਮਹਾਨ ਵਿਲੱਖਣਤਾ ਅਤੇ ਅਣਖ ਭਰੇ ਇਤਿਹਾਸ ਨੂੰ ਗੰਧਲਾ ਕਰਨ ਦੀ ਅਸਫਲ ਕੋਸਿ਼ਸ਼ ਕੀਤੀ ਹੈ, ਉਸ ਸੰਬੰਧੀ ਅਤੇ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਹਿੰਦੂਤਵ ਹਾਕਮ ਜਮਾਤਾਂ ਨੂੰ ਖੁਸ਼ ਕਰਨ ਲਈ ਅਤੇ ਆਪਣੀ ਜਥੇਦਾਰੀ ਕਾਇਮ ਰੱਖਣ ਲਈ ਸਿੱਖ ਕੌਮ ਨੂੰ ‘ਲਵ-ਕੁਸ’ ਦੀ ਔਲਾਦ ਕਹਿਕੇ ਸਿੱਖ ਕੌਮ ਦੀ ਅਤੇ ਸਿੱਖ ਇਤਿਹਾਸ ਦੀ ਹੇਠੀ ਕੀਤੀ ਹੈ, ਦੇ ਸੰਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਉਪਰੋਕਤ ਦੋਵਾਂ ਪੰਥ ਦੋਖੀਆਂ ਨੂੰ ਪੇਸ਼ ਹੋ ਕੇ ਮੁਆਫ਼ੀ ਮੰਗਣ ਸੰਬੰਧੀ ਹੁਕਮਨਾਮਾ ਜਾਰੀ ਕੀਤਾ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸ ਕੀਤੇ ਗਏ ਪੰਥਕ ਹੁਕਮਾਂ ਦਾ ਜਿਥੇ ਜੋਰਦਾਰ ਸਵਾਗਤ ਕਰਦਾ ਹੈ, ਉਥੇ ਉਪਰੋਕਤ ਦੋਵੇ ਪੰਥ ਦੋਖੀਆਂ ਨੂੰ ਦਿੱਤੀ ਗਈ ਮਿਤੀ ਅਤੇ ਸਮੇਂ ਅਨੁਸਾਰ ਪੇਸ਼ ਹੋ ਕੇ ਆਪਣੀਆ ਭੁੱਲਾਂ ਬਖਸਾਉਣ ਅਤੇ ਪੰਥ ਵਿਚ ਦੁਬਿਧਾ ਖੜ੍ਹੀ ਕਰਨ ਲਈ ਖ਼ਾਲਸਾ ਪੰਥ ਦੇ ਦੋਸ਼ੀ ਹੋਣ ਦੀ ਸੂਰਤ ਵਿਚ ਜਿਥੇ ਪੇਸ਼ ਹੋਣ ਦੀ ਜੋਰਦਾਰ ਗੁਜ਼ਾਰਿਸ ਕਰਦਾ ਹੈ, ਉਥੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕਰਨੀ ਚਾਹਵੇਗਾ ਕਿ ਜੋ ਵੀ ਇਨਸਾਨ ਪੰਥ ਦੀਆਂ ਰਹੁਰੀਤੀਆਂ ਤੋਂ ਉਲਟ ਜਾ ਕੇ ਖ਼ਾਲਸਾ ਪੰਥ ਨੂੰ ਠੇਸ ਪਹੁੰਚਾਉਣ ਦੀ ਕਾਰਵਾਈ ਕਰਦਾ ਹੈ, ਭਾਵੇਕਿ ਉਹ ਕਿੰਨੇ ਵੀ ਉੱਚ ਅਹੁਦੇ ਤੇ ਕਿਉਂ ਨਾ ਬੈਠਾਂ ਹੋਵੇ, ਉਸ ਵਿਰੁੱਧ ਪੰਥਕ ਰਵਾਇਤਾ ਅਨੁਸਾਰ ਸਖਤੀ ਨਾਲ ਕਾਰਵਾਈ ਕਰਨ ਦੀ ਵੀ ਅਪੀਲ ਕਰਦਾ ਹੈ ।